RSS Chief ਮੋਹਨ ਭਾਗਵਤ ਦੀ ‘ਹਿੰਦੂ’ ਵਾਲੀ ਟਿਪਣੀ ‘ਤੇ ਵਿਵਾਦ, ਸ਼ਿਵ ਸੈਨਾ ਵਲੋਂ ਸਮਰਥਨ

mohan bhagwat

ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਦੇ ਉਸ ਬਿਆਨ ‘ਤੇ ਵਿਵਾਦ ਛਿੜ ਗਿਆ ਹੈ ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਭਾਰਤ ‘ਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਕਹੇ ਜਾਣ। ਕਾਂਗਰਸ ਸਮੇਤ ਕਈ ਵਿਰੋਧੀ ਧਿਰਾਂ ਐਨ.ਸੀ.ਪੀ., ਜਨਤਾ ਦਲ (ਯੂ), ਸੀ.ਪੀ.ਆਈ. ਅਤੇ ਬਹੁਜਨ ਸਮਾਜ ਪਾਰਟੀ ਨੇ ਭਾਗਵਤ ਦੇ ਇਸ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ ਜਦਕਿ ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਭਾਗਵਤ ਦੇ ਬਿਆਨ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਭਾਗਵਤ ਨੇ ਉੜੀਸਾ ਦੇ ਕਟਕ ‘ਚ ਇਕ ਪ੍ਰੋਗਰਾਮ ਦੌਰਾਨ ਐਤਵਾਰ ਨੂੰ ਕਿਹਾ ਸੀ ਕਿ ਜੇਕਰ ਇੰਗਲੈਂਡ ‘ਚ ਰਹਿਣ ਵਾਲੇ ਅੰਗਰੇਜ਼ ਹਨ, ਜਰਮਨੀ ‘ਚ ਰਹਿਣ ਵਾਲੇ ਜਰਮਨ ਹਨ ਅਤੇ ਅਮਰੀਕਾ ‘ਚ ਰਹਿਣ ਵਾਲੇ ਅਮਰੀਕੀ ਹਨ ਤਾਂ ਹਿੰਦੂਸਤਾਨ ‘ਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਕਿਉਂ ਨਹੀਂ ਹੋ ਸਕਦੇ। ਇਸ ‘ਤੇ ਬਸਪਾ ਮੁਖੀ ਮਾਇਆਵਤੀ ਨੇ ਕਿਹਾ, ”ਮੈਂ ਸਮਝਦੀ ਹਾਂ ਕਿ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦਾ ਪਤਾ ਨਹੀਂ ਹੈ। ਜੇਕਰ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਹੁੰਦੀ ਤਾਂ ਉਹ ਅਜਿਹਾ ਨਾ ਕਹਿੰਦੇ। ਉਨ੍ਹਾਂ ਨੂੰ ਪਹਿਲਾਂ ਸੰਵਿਧਾਨ ਦਾ ਅਧਿਐਨ ਕਰਨਾ ਚਾਹੀਦਾ ਸੀ ਅਤੇ ਫਿਰ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ ਹੈ।” ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਭੀਮਰਾਉ ਅੰਬੇਦਕਰ ਨੇ ਦੇਸ਼ ‘ਚ ਰਹਿਣ ਵਾਲੇ ਵੱਖੋ-ਵੱਖ ਧਰਮਾਂ ਨੂੰ ਧਿਆਨ ‘ਚ ਰੱਖ ਕੇ ਹੀ ਦੇਸ਼ ਦਾ ਨਾਮ ਹਿੰਦੂਸਤਾਨ ਨਹੀਂ ਰਖਿਆ ਸੀ ਅਤੇ ਧਰਮਨਿਰਪੱਖਤਾ ਦੇ ਅਧਾਰ ‘ਤੇ ਦੇਸ਼ ਦਾ ਸੰਵਿਧਾਨ ਬਣਾਇਆ ਸੀ। ਐਨ.ਸੀ.ਪੀ. ਦੇ ਡੀ.ਪੀ. ਤ੍ਰਿਪਾਠੀ ਨੇ ਕਿਹਾ ਕਿ ਭਾਗਵਤ ਦੀ ਇਹ ਗੱਲ ਠੀਕ ਹੈ ਕਿ ਫ਼ਰਾਂਸ ‘ਚ ਰਹਿਣ ਵਾਲੇ ਫ਼ਰਾਂਸੀਸੀ ਹਨ ਅਤੇ ਇਟਲੀ ‘ਚ ਰਹਿਣ ਵਾਲਾ ਇਤਾਲਵੀ। ਉਸੇ ਤਰ੍ਹਾਂ ਭਾਰਤ ‘ਚ ਰਹਿਣ ਵਾਲੇ ਭਾਰਤੀ ਹਨ। ਪਰ ਫ਼ਰਾਂਸ ਦਾ ਕੋਈ ਵਿਅਕਤੀ ਇਹ ਨਹੀਂ ਕਹੇਗਾ ਕਿ ਉਸ ਦੀ ਪਛਾਣ ਫ਼ਰਾਂਸੀਸੀ ਕੈਥੋਲਿਕ ਹੈ, ਇਸ ਲਈ ਭਾਰਤ ‘ਚ ਰਹਿਣ ਵਾਲਾ ਹਰ ਵਿਅਕਤੀ ਭਾਰਤੀ ਹੈ। ਕਾਂਗਰਸ ਦੇ ਮਧੂਸੂਦਨ ਮਿਸਤਰੀ ਨੇ ਕਿਹਾ ਕਿ ਸੰਵਿਧਾਨ ‘ਚ ਸਾਰੇ ਧਰਮਾਂ ਨੂੰ ਬਰਾਬਰ ਦਾ ਦਰਜਾ ਦਿਤਾ ਗਿਆ ਹੈ। ਵਿਅਕਤੀਗਤ ਤੌਰ ‘ਤੇ ਜੇਕਰ ਉਹ ਹਿੰਦੂ ਧਰਮ ਮੰਨਦੇ ਹਨ ਤਾਂ ਉਨ੍ਹਾਂ ਨੂੰ ਖ਼ੁਦ ਨੂੰ ਹਿੰਦੂ ਕਹਿਣ ‘ਚ ਕੋਈ ਮੁਸ਼ਕਲ ਨਹੀਂ ਹੈ ਪਰ ਦੇਸ਼ ਨੂੰ ਹਿੰਦੂ ਦੇਸ਼ ਨਹੀਂ ਕਿਹਾ ਜਾ ਸਕਦਾ। ਜਦਕਿ ਸ਼ਿਵ ਸੈਨਾ ਦੇ ਸੰਜੇ ਰਾਊਤ ਨੇ ਭਾਗਵਤ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਕਿ ਬਾਲਾ ਸਾਹਿਬ ਠਾਕਰੇ ਨੇ ਸੱਭ ਤੋਂ ਪਹਿਲਾਂ ਇਸ ਮੁੱਦੇ ਨੂੰ ਚੁਕਿਆ ਸੀ। ਹਿੰਦੂ ਸਿਰਫ਼ ਇਕ ਧਰਮ ਨਹੀਂ ਬਲਕਿ ਇਕ ਜੀਵਨ ਸ਼ੈਲੀ ਹੈ। ਉਨ੍ਹਾਂ ਕਿਹਾ ਕਿ ਉਹ ਭਾਗਵਤ ਦੇ ਬਿਆਨ ਦੀ ਪੂਰੀ ਤਰ੍ਹਾਂ ਹਮਾਇਤ ਕਰਦੇ ਹਨ। 

468 ad