27 ਅਗਸਤ ਨੂੰ ਬਰੈਂਪਟਨ ਵਿੱਚ ਹੋਵੇਗਾ ਪੰਜਾਬੀ ਨਾਟਕ ‘ਰਾਂਝੇ ਦਾ ਪੀæਆਰæ ਕਾਰਡ (ਇਸ਼ਕ ਰੀਮਿਕਸ) 


ਬਰੈਂਪਟਨ:- ਨਾਟਕਕਾਰ ਜਸਪਾਲ ਢਿੱਲੋਂ ਦੀ ਟੀਮ ਵੱਲੋਂ 27 ਅਗਸਤ ਨੂੰ ਬਰੈਂਪਟਨ ਵਿੱਚ ਖੇਡੇ ਜਾ ਰਹੇ ਹਾਸਿਆਂ ਨਾਲ਼ ਭਰਪੂਰ ਨਾਟਕ ‘ਰਾਂਝੇ ਦਾ ਪੀæਆਰæ ਕਾਰਡ ਉਰਫ਼ ‘ਇਸ਼ਕ ਰੀਮਿਕਸ’ ਦੀ ਤਿਆਰੀ ਪੂਰੇ ਜ਼ੋਰਾਂ ਨਾਲ਼ ਚੱਲ ਰਹੀ ਹੈ। ਸਾਰੇ ਹੀ ਕਲਾਕਾਰਾਂ ਵੱਲੋਂ ਇਸ ਨਾਟਕ ਦੀ ਸਫ਼ਲਤਾ ਲਈ ਜਿੱੱਥੇ ਪੂਰੀ ਲਗਨ ਨਾਲ਼ ਮਿਹਨਤ ਕੀਤੀ ਜਾ ਰਹੀ ਹੈ ਓਥੇ ਜਸਪਾਲ ਢਿੱਲੋਂ ਦਾ ਕਹਿਣਾ ਹੈ ਕਿ ਇਹ ਨਾਟਕ ਦ੍ਰਸ਼ਕਾਂ ਦਾ ਭਰਪੂਰ ਮਨੋਰੰਜ਼ਨ ਕਰਨ ਵਿੱਚ ਪੂਰਾ ਕਾਮਯਾਬ ਹੋਵੇਗਾ। ਦਵਿੰਦਰ ਗਿੱਲ ਵੱਲੋਂ ਲਿਖੇ ਗਏ ਇਸ ਨਾਟਕ ਵਿੱਚ ਬਹੁਤ ਹੀ ਮਨੋਰੰਜ਼ਕ ਤਰੀਕੇ ਨਾਲ਼ ਹੀਰ-ਰਾਂਝੇ ਦੀ ਪਿਆਰ ਕਹਾਣੀ ਨੂੰ ਅਧੁਨਿਕ ਮਾਹੌਲ ਅਨੁਸਾਰ ਕੈਨੇਡਾ ਦੀ ਇਮੀਗ੍ਰੇਸ਼ਨ ਨਾਲ਼ ਜੋੜ ਕੇ ਪੇਸ਼ ਕੀਤਾ ਗਿਆ ਹੈ। ਬਹੁਤ ਹੀ ਕਲਾਮਈ ਤਰੀਕੇ ਨਾਲ਼ ਮੰਡੀਕਰਨ ਦੇ ਦੌਰ ਵਿੱਚ ਰਿਸ਼ਤਿਆਂ ਵਿਚ ਆਏ ਬਦਲਾਅ ਦੀ ਤਰਜ਼ਮਾਨੀ ਕੀਤੀ ਗਈ ਹੈ। ਇਸ ਨਾਟਕ ਵਿੱਚ ਟਰਾਂਟੋ ਇਲਾਕੇ ਦੇ ਨਾਮਵਰ ਕਲਾਕਾਰ, ਜਿਵੇਂ ਸੁਰਜੀਤ ਢੀਂਡਸਾ, ਲਵਲੀਨ, ਕਮਲ ਸ਼ਰਮਾ, ਜਸਪਾਲ ਢਿੱਲੋਂ, ਕੁਲਦੀਪ ਕੌਰ, ਜੋਗੀ ਸੰਘੇੜਾ, ਮਨਪ੍ਰੀਤ ਦਿਉਲ, ਤਰੁਨ ਵਾਲੀਆ, ਆਦਿ ਆਪਣੀ ਅਦਾਕਾਰੀ ਪੇਸ਼ ਕਰਨਗੇ। ਇਸ ਨਾਟਕ ਦੇ ਗੀਤਾਂ ਦਾ ਸੰਗੀਤ ਕਮਲ ਨਿੱਝਰ ਵੱਲੋਂ ਅਤੇ ਆਵਾਜ਼ ਲਵਲੀਨ ਵੱਲੋਂ ਦਿੱਤੀ ਜਾਵੇਗੀ ਜਦਕਿ ਸੰਗੀਤ ਦੀ ਨਿਰਦੇਸ਼ਨਾ ਰਾਜ ਘੁੰਮਣ ਦੀ ਹੋਵੇਗੀ।
ਇਸ ਤੋਂ ਪਹਿਲਾਂ ਵੀ ਜਸਪਾਲ ਢਿੱਲੋਂ ਨੇ ਜਿੱਥੇ ਲੰਮਾਂ ਸਮਾਂ ਇੰਡੀਆ ਵਿੱਚ ਨਾਟਕ ਦੇ ਖੇਤਰ ਵਿੱਚ ਕੰਮ ਕੀਤਾ ਹੈ ਓਥੇ ਉਹ ਪਿਛਲੇ ਕੁਝ ਦਹਾਕਿਆਂ ਦੌਰਾਨ ਟਰਾਂਟੋ ਵਿੱਚ ਵੀ ‘ਤੂਤਾਂ ਵਾਲ਼ਾ ਖੂਹ’, ‘ਤੈਂ ਕੀ ਦਰਦ ਨਾ ਆਇਆ’, ‘ਮਿਰਚ ਮਸਾਲਾ’, ‘ਹਿੰਦ ਦੀ ਚਾਦਰ’, ਆਦਿ ਨਾਟਕ ਖੇਡ ਚੁੱਕੇ ਹਨ।
ਇਹ ਨਾਟਕ ਦੁਪਹਿਰ 3æ00 ਵਜੇ ਲੈਸਟਰ ਬੀæ ਪੀਅਰਸਨ ਥੀਏਟਰ (150 ਸੈਂਟਰਲ ਪਾਰਕ ਡਰਾਈਵ,ਬਰੈਂਪਟਨ) ਵਿੱਚ ਹੋਵੇਗਾ। ਵਧੇਰੇ ਜਾਣਕਾਰੀ ਲਈ ਜਸਪਾਲ ਢਿੱਲੋਂ ਨੂੰ (905) 799-8088 ਜਾਂ ਰਾਜ ਘੁੰਮਣ ਨੂੰ (647) 457-1320 ‘ਤੇ ਫੋਨ ਕੀਤਾ ਜਾ ਸਕਦਾ ਹੈ।

ਕਬੱਡੀ ਕੈਨੇਡਾ ਕੱਪ 20 ਅਗਸਤ ਨੂੰ – ਪਾਕਿਸਤਾਨ ਦੀ ਟੀਮ ਕਬੱਡੀ ਕੈਨੇਡਾ ਕੱਪ ਵਿੱਚ ਸ਼ਮੂਲੀਅਤ ਕਰੇਗੀ….ਮੇਜਰ ਸਿੰਘ ਨੱਤ

ਟਰਾਂਟੋ (ਪੀ ਡੀ ਬਿਊਰੋ- ਅਗਸਤ 13-2017) ਕਬੱਡੀ ਪੰਜਾਬੀਆਂ ਦੀ ਆਪਣੀ ਖੇਡ ਹੈ। ਇਹ ਪੰਜਾਬੀਆਂ ਦੇ ਸੁਭਾਅ ਅਤੇ ਇਨ੍ਹਾਂ ਦੀਆਂ ਆਦਤਾਂ ਨਾਲ ਮੇਲ ਖਾਂਦੀ ਹੈ। ਕਬੱਡੀ ਖੇਡ ਦਾ ਨਜ਼ਾਰ ਸੰਸਾਰ ਦੀਆਂ ਖੇਡਾਂ ਨਾਲੋਂ ਵੱਖਰਾ ਅਤੇ ਨਿਵੇਕਲ੍ਹਾ ਹੈ। ਕਬੱਡੀ ਖੇਡ ਦਾ ਆਨੰਦ ਮਾਣ ਰਹੇ ਦਰਸ਼ਕ ਵੀ ਅਕਸਰ ਹਰਕਤ ਵਿੱਚ ਆ ਜਾਂਦੇ ਹਨ ਕਿਉਂਕਿ ਜਦੋਂ ਕਬੱਡੀ ਵਿੱਚ ਐਕਸ਼ਨ ਹੁੰਦਾ ਹੈ ਤਾਂ ਉਹ ਦਰਸ਼ਕਾਂ ਵਿੱਚ ਵੀ ਜੋਸ਼ ਭਰ ਦਿੰਦਾ ਹੈ। ਪੰਜਾਬੀ ਸਮਾਜ ਕਬੱਡੀ ਨੂੰ ਅਤਿ ਦਾ ਪਿਆਰ ਕਰਦਾ ਹੈ। ਦਰਅਸਲ, ਕਬੱਡੀ ਪੰਜਾਬੀਆਂ ਦੀ ਪਛਾਣ ਦੀ ਨਿਆਈਂ ਹੈ। ਇਸ ਖੇਡ ਨੂੰ ਪ੍ਰਮੋਟ ਕਰਨ ਦਾ ਭਾਵ ਪੰਜਾਬ ਨੂੰ ਪ੍ਰਮੋਟ ਕਰਨਾ ਹੈ।
ਕਬੱਡੀ ਨਾਲ ਭਾਰਤ ਸਰਕਾਰ ਵਲੋਂ ਮੁੱਢ ਕਦੀਮ ਤੋਂ ਇਸੇ ਕਰਕੇ ਵਿਤਕਰਾ ਕੀਤਾ ਜਾਂਦਾ ਰਿਹਾ ਹੈ ਅਤੇ ਅੱਜ ਵੀ ਕੀਤਾ ਜਾਂਦਾ ਹੈ ਕਿਉਂਕਿ ਕਬੱਡੀ ਦਾ ਅਤੀਤ ਪੰਜਾਬ ਅਤੇ ਪੰਜਾਬੀਆਂ ਦੇ ਜੁੱਸੇ ਨਾਲ ਜੁੜਿਆ ਹੋਇਆ ਹੈ।
ਭਾਵੇਂ ਕਿ ਸਰਕਲ ਕਬੱਡੀ ਨੂੰ ਪਿੱਛੇ ਸੁੱਟ ਕੇ ਭਾਰਤੀ ਸਿਸਟਮ ਨੇ ਤੰਗ ਸੋਚਣੀ ਦਾ ਪ੍ਰਗਟਾਵਾ ਕੀਤਾ ਹੈ ਪਰ ਉਨਟਾਰੀਓ ਦੇ ਪੰਜਾਬੀ ਭਾਈਚਾਰੇ ਖਾਸ ਕਰਕੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਕਬੱਡੀ ਨੂੰ 1991 ਵਿੱਚ ਅੰਤਰਰਾਸ਼ਟਰੀ ਮੰਚ ਤੇ ਲਿਆ ਕੇ ਇਸਦੀ ਪਛਾਣ ਸਥਾਪਤ ਕਰ ਦਿੱਤੀ ਹੈ।
ਅੱਜ ਡਿਕਸੀ ਟਰਾਂਟੋ ਯੂਨਾਈਟਡ ਸਪੋਰਟਸ ਕਲੱਬ ਦੇ ਮੈਂਬਰਾਂ ਵਲੋਂ ਕਬੱਡੀ ਕੈਨੇਡਾ ਕੱਪ ਦਾ ਅਧਿਕਾਰਿਤ ਐਲਾਨ ਕੀਤਾ ਗਿਆ। ਮੂਨਲਾਈਟ ਕੰਨਵੈਂਸ਼ਨ ਸੈਂਟਰ ਵਿਖੇ ਰੱਖੀ ਗਈ ਪ੍ਰੈਸ ਮਿਲਣੀ ਵਿੱਚ ਮੇਜਰ ਸਿੰਘ ਨੱਤ, ਜਸਵਿੰਦਰ ਸਿੰਘ ਸ਼ੋਕਰ, ਗੁਰਜੀਤ ਸਿੰਘ ਸਹੋਤਾ, ਬੰਤ ਸਿੰਘ ਨਿੱਝਰ ਅਤੇ ਉਨਟਾਰੀਓ ਸਪੋਰਟਸ ਫੈਡਰੇਸ਼ਨ ਦੇ ਪ੍ਰਧਾਨ ਜਿੰਦਰ ਸਿੰਘ ਬੁੱਟਰ ਨੇ ਦੱਸਿਆ ਕਿ 27ਵਾਂ ਕਬੱਡੀ ਕੇਨੇਡਾ ਕੱਪ 20 ਅਗਸਤ 2017 ਦਿਨ ਐਤਵਾਰ ਨੂੰ ਬਰੈਂਪਟਨ ਦੇ ਪਾਵਰੇਡ ਸਪੋਰਟਸ ਸੈਂਟਰ ਵਿੱਚ ਹੋਵੇਗਾ। ਇਸ ਵਿੱਚ 7 ਟੀਮਾਂ ਭਾਗ ਲੈਣਗੀਆਂ। ਪਾਕਿਸਤਾਨ ਦੀ ਟੀਮ ਬਾਰੇ ਮੇਜਰ ਸਿੰਘ ਨੱਤ ਨੇ ਲਿਬਰਲ ਸਰਕਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ 99% ਇਹ ਟੀਮ ਕਬੱਡੀ ਕੈਨੇਡਾ ਕੱਪ ਵਿੱਚ ਸ਼ਮੂਲੀਅਤ ਕਰੇਗੀ।


ਇੰਗਲੈਂਡ ਦੀ ਟੀਮ ਬਾਰੇ ਪੁੱਛੇ ਦੁਆਲ ਕਿ ਇਸੇ ਦਿਨ ਇੰਗਲੈਂਡ ਵਿੱਚ ਵੀ ਟੂਰਨਾਮੈਂਟ ਹੋ ਰਿਹਾ ਹੈ ਤਾਂ ਦੱਸਿਆ ਗਿਆ ਕਿ ਇੰਗਲੈਂਡ ਦੀ ਚੰਗੀ ਟੀਮ ਇਥੇ ਪੁੱਜ ਰਹੀ ਹੈ।
ਹੈਰਾਨੀ ਵਾਲੀ ਗੱਲ ਹੈ ਕਿ ਵੈਨਕੂਵਰ ਵਿੱਚ ਦੋ ਫੈਡਰੇਸ਼ਨ ਹੋਣ ਸਦਕਾ ਉਨਟਾਰੀਓ ਦੇ ਕਬੱਡੀ ਕੈਨੇਡਾ ਕੱਪ ਦੇ ਮੇਜ਼ਬਾਨ ਬੀ ਸੀ ਤੋਂ ਦੋ ਟੀਮਾਂ ਸੱਦਣ ਲਈ ਮਜਬੂਰ ਹੋ ਗਏ ਹਨ। ਬੀ ਸੀ ਦੀਆਂ ਦੋਵੇਂ ਫੈਡਰੇਸ਼ਨਾਂ ਨੂੰ ਇੱਕ ਟੀਮ ਬਣਾ ਕੇ ਲਿਆਉਣ ਦਾ ਅਲਟੀਮੇਟਮ ਕਿਉਂ ਨਹੀਂ ਦਿੱਤਾ ਗਿਆ। ਇਸ ਸੁਆਲ ਦੇ ਜੁਆਬ ਵਿੱਚ ਕਿਹਾ ਗਿਆ ਕਿ 19 ਅਗਸਤ ਰਾਤ ਤੱਕ ਬੀ ਸੀ ਦੀ ਦੋ ਤੋਂ ਇੱਕ ਟੀਮ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।
ਇਥੇ ਵਰਨਣਯੋਗ ਹੈ ਕਿ ਸੰਨ 1991 ਵਿੱਚ ਪਹਿਲੇ ਕਬੱਡੀ ਕੈਨੇਡਾ ਕੱਪ ਵਿੱਚ ਕੈਨੇਡਾ ਦੀਆਂ ਦੋ ਟੀਮਾਂ ਇਸ ਕਰਕੇ ਸ਼ਾਮਲ ਕੀਤੀਆਂ ਗਈਆਂ ਸਨ ਕਿ ਇਹ ਮੇਜ਼ਬਾਨ ਮੁਲਕ ਹੈ ਇਸ ਨੂੰ ਇਹ ਲਾਭ ਹੋਣਾ ਚਾਹੀਦਾ ਹੈ। ਜਦਕਿ ਬਾਕੀ ਸਭ ਮੁਲਕਾਂ ਤੋਂ ਸਿਰਫ ਇੱਕ ਟੀਮ ਹੀ ਸ਼ਾਮਲ ਹੁੰਦੀ ਹੈ ਇਸ ਸਾਲ ਸਿਰਫ ਬੀ ਸੀ ਵਿਚੋਂ ਹੀ ਦੋ ਟੀਮਾਂ ਆਉਣਗੀਆਂ ਭਾਵ ਕੈਨੇਡਾ ਈਸਟ ਦੀ ਟੀਮ ਸਮੇਤ ਕੈਨੇਡਾ ਤੋਂ ਤਿੰਨ ਟੀਮਾਂ ਕਬੱਡੀ ਕੈਨੇਡਾ ਕੱਪ ਵਿੱਚ ਹਿੱਸਾ ਲੈਣਗੀਆਂ।
ਪ੍ਰਬੰਧਕਾਂ ਵਲੋਂ ਦੱਸਿਆ ਗਿਆ ਹੈ ਕਿ ਪਾਵਰੇਡ ਸੈਂਟਰ ਦੀ ਸੀਮਤ ਸਮਰੱਥਾ ਹੈ ਇਸ ਕਰਕੇ ਟੂਰਨਾਮੈਂਟ 1-2 ਦਿਨਾਂ ਵਿੱਚ ਸੋਲਡ ਆਊਟ ਹੋਣ ਦੀ ਸੰਭਾਵਨਾ ਹੈ। ਊਨ੍ਹਾਂ ਬੇਨਤੀ ਕੀਤੀ ਕਿ ਦਰਸ਼ਕ ਜਲਦੀ ਤੋਂ ਜਲਦੀ ਟਿਕਟਾਂ ਖਰੀਦ ਲੈਣ।

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਜਨਰਲ ਦੀਆਂ ਕਥਿਤ ਕਾਰਵਾਈਆਂ ਦਾ ਨੋਟਿਸ ਲੈਂਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਸਰਕਾਰੀ ਏਜੰਸੀਆਂ ਤੋਂ ਮੰਗ ਕੀਤੀ ਗਈ ਹੈ ਕਿ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਵਿਕਾਸ ਸਵਰੂਪ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਦਿਨੇਸ਼ ਭਾਟੀਆ ਦੀਆਂ ਹਾਲ ਹੀ ਵਿੱਚ ਜ਼ਾਹਿਰ ਹੋਈਆਂ ਕਾਰਵਾਈਆਂ ਦੀ ਜਾਂਚ ਕਰਦਿਆਂ ਉਕਤ ਡਿਪਲੋਮੈਟਸ ਨੂੰ ਕੈਨੇਡਾ ਚੋਂ ਰੁਖਸਤ ਕੀਤਾ ਜਾਵੇ। ਇਹ ਵਿਚਾਰ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਦਿੱਤੇ।
ਹੰਸਰਾ ਨੇ ਗਲੋਬ ਐਂਡ ਮੇਲ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਐਂਨ ਡੀ ਪੀ ਦੀ ਚੋਣ ਵਿੱਚ ਉਮੀਦਵਾਰ ਸ੍ਰæ ਜਗਮੀਤ ਸਿੰਘ ਦੀ ਚੋਣ ਕੰਪੇਨ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਅਸਿੱਧੀ ਦਖਲਅੰਦਾਜ਼ੀ, ਕੈਨੇਡਾ ਦੇ ਅੰਂਦਰੂਨੀ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਸਮਝੀ ਜਾਣੀ ਚਾਹੀਦੀ ਹੈ। ਜਗਮੀਤ ਸਿੰਘ ਵਲੋਂ ਕੀਤੇ ਇੰਕਸ਼ਾਫ ਦੀ ਪ੍ਰਮਾਣਿਕਤਾ ਹਾਲ ਹੀ ਵਿੱਚ ਹਿੰਦੋਸਤਾਨ ਟਾਈਮਜ਼ ਵਿੱਚ ਛਪੀ ਖਬਰ ਤੋਂ ਮਿਲਦੀ ਹੈ ਜਿਥੇ ਇੱਕ ਕਨੇਡੀਅਨ ਸੰਸਥਾ “ਕੈਨੇਡਾ ਇੰਡੀਆ ਫਾਊਂਡੇਸ਼ਨ” ਦੇ ਚੇਅਰਮੈਨ ਅਜੀਤ ਸੋਮੇਸ਼ਵਰ ਨੇ ਆਪਣੀ ਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਜਿਹੜਾ ਸਿਆਸਤਦਾਨ “ਇੰਡੀਆ” ਵਿਰੋਧੀ ਹੋਵੇਗਾ, ਫਾਉਂਡੇਸ਼ਨ ਉਸਦੇ ਵਿਰੋਧੀ ਉਮੀਦਵਾਰ ਦੀ ਮਾਇਕ ਅਤੇ ਕੈਂਪੇਨ ਸਟਾਫ ਦਾ ਮਦਦ ਕਰੇਗੀ।
ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਕਨੇਡੀਅਨ ਰਾਇਲ ਮਾਂਉਂਟਡ ਪੁਲੀਸ (RCMP) ਕੋਲ ਸ਼ਿਕਾਇਤ ਦਰਜ ਕਰ ਕੇ ਕੈਨੇਡਾ ਇੰਡੀਆ ਫਾਉਂਡੇਸ਼ਨ ਦੇ ਰੋਲ ਅਤੇ ਇਸ ਸੰਸਥਾ ਦੇ ਭਾਰਤ ਸਰਕਾਰ ਨਾਲ ਸਬੰਧਾਂ ਦੀ ਜਾਂਚ ਦੀ ਮੰਗ ਕੀਤੀ ਜਾਵੇਗੀ।
ਪਿਛਲੇ ਦਿਨੀਂ ਬਰੈਂਪਟਨ ਗਾਰਡੀਅਨ ਵਿੱਚ ਛਪੀ ਖਬਰ ਨੇ ਇਹ ਗੱਲ ਉਜਾਗਰ ਕਰ ਦਿੱਤੀ ਸੀ ਕਿ ਬਰੈਂਪਟਨ ਸ਼ਹਿਰ ਦੇ ਕੈਰਾਬਰੈਮ ਵਲੋਂ ਕੀਤੇ ਗਏ ਪੰਜਾਬ ਪਵਿਲੀਅਨ ਵਿੱਚ ਭਾਰਤੀ ਕਾਂਸਲੇਟ ਨੇ ਸਿੱਧਾ ਦਖਲ ਦਿੰਦਿਆਂ ਉਸਨੂੰ ਕੈਂਸਲ ਕਰਵਾਉਣ ਦਾ ਦਬਾਅ ਬਣਾਇਆ ਸੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਨੇਡਾ ਦੀ ਸਕਿਊਰਟੀ ਏਜੰਸੀ “ਸੀਸਸ” ਨੂੰ ਦਿੱਤੀ ਜਾਣਕਾਰੀ ਵਿੱਚ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ “ਵਿਆਨਾ ਕੰਨਵੈਂਸ਼ਨ ਔਨ ਡਿਪਲੋਮੈਟਿਕ ਰੀਲੇਸ਼ਨ” ਦੇ ਆਰਟੀਕਲ 41 ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਕਤ ਕਾਰਵਾਈਆਂ ਇਸਦੀ ਉਲੰਘਣਾ ਕਰਦੀਆਂ ਹਨ ਜਿਸ ਦੇ ਆਧਾਰ ਤੇ ਉਕਤ ਡਿਪਲੋਮੈਟਸ ਨੂੰ ਕੈਨੇਡਾ ਚੋਂ ਕੱਢਿਆ ਜਾਵੇ।
ਸੁਖਮਿੰਦਰ ਸਿੰਘ ਹੰਸਰਾ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੂੰ “ਗਲੋਬਲ ਅਫੇਅਰਜ਼ ਕੈਨੇਡਾ” ਵਲੋਂ ਈਮੇਲ ਰਾਹੀਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ “ਵਿਆਨਾ ਕੰਨਵੈਂਸ਼ਨ ਔਨ ਡਿਪਲੋਮੈਟਿਕ ਰੀਲੇਸ਼ਨ” ਦੇ ਆਰਟੀਕਲ 41 ਅਨੁਸਾਰ ਕਿਸੇ ਵੀ ਦੇਸ਼ ਦਾ ਡਿਪਲੋਮੈਟ Privileges and Immunities ਨੂੰ ਮਾਣਦਿਆਂ ਕਿਸੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ।

ਇੰਡੀਅਨ ਹਾਈ ਕਮਿਸ਼ਨ ਅਤੇ ਕੈਪਟਨ ਅਮਰਿੰਦਰ ਸਿੰਘ ਝੂਠੀ ਕੰਪਲੇਨ ਦਰਜ ਕਰਵਾਉਣ ਲਈ ਕੈਨੇਡਾ ਸਰਕਾਰ ਅਤੇ ਕਨੇਡੀਅਨ ਸਿੱਖ ਭਾਈਚਾਰੇ ਨੂੰ ਮੁਆਫੀ ਮੰਗਣ…..ਹੰਸਰਾ 

ਟਰਾਂਟੋ (ਪੀ ਡੀ ਬਿਊਰੋ – ਜੁਲਾਈ 25- 2017) ਅੱਜ ਪੰਜਾਬ ਦੀਆਂ ਅਖਬਾਰਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੂੰਹ ਚਿੜਾਉਂਦੀਆਂ ਨਜ਼ਰ ਆ ਰਹੀਆਂ ਹਨ ਜਦੋਂ ਇਨ੍ਹਾਂ ਅਖਬਾਰਾਂ ਦੇ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਦਾ ਸੱਚੇ ਹੋਣ ਦਾ ਮਖੌਟਾ ਲੀਰੋ ਲੀਰ ਹੋ ਗਿਆ ਹੈ ਅਤੇ ਇਸਦਾ ਖੋਖਲਾ ਪਣ ਉਜਾਗਰ ਹੋ ਗਿਆ ਹੈ। ਕੈਨੇਡਾ ਦਾ ਉਦਾਰਵਾਦੀ ਸਰਕਾਰੀ ਢਾਂਚਾ ਜਿਸਦਾ ਆਧਾਰ ਲੋਕਤੰਤਰ ਹੈ, ਨੇ ਔਟਵਾ ਸਥਿਤ ਇੰਡੀਅਨ ਹਾਈ ਕਮਿਸ਼ਨ ਦੇ ਤੱਥਹੀਣ ਇਤਰਾਜ਼ ਦੀ ਵੀ ਜਾਂਚ ਪੜਤਾਲ ਕੀਤੀ ਅਤੇ ਕੁੱਝ ਕੁ ਮਹੀਨਿਆਂ ਵਿੱਚ ਭਾਰਤ ਸਰਕਾਰ ਨੂੰ ਸ਼ੀਸ਼ਾ ਵਿਖਾ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਾਨ ਨੂੰ ਕੈਨੇਡਾ ਸਥਿਤ ਕੌਮੀ ਪਰਵਾਨਿਆਂ ਤੋਂ ਕੋਈ ਖਤਰਾ ਨਹੀਂ ਹੈ ਅਤੇ ਨਾਂ ਹੀ ਕੈਪਟਨ ਨੂੰ ਕੋਈ ਧਮਕੀ ਦਿੱਤੀ ਗਈ ਹੈ।
ਔਟਵਾ ਸਥਿਤ ਇੰਡੀਅਨ ਹਾਈ ਕਮਿਸ਼ਨ ਨੂੰ ਕਨੇਡੀਅਨ ਸਰਕਾਰ ਅਤੇ ਕੈਨੇਡਾ ਦੀ ਸਿੱਖ ਕਮਿਊਨਟੀ ਤੋਂ ਇਸ ਗੱਲ ਦੀ ਮੁਆਫੀ ਮੰਗਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਗਲਤ ਇਤਰਾਜ਼ ਉਠਾ ਕੇ ਕਨੇਡੀਅਨ ਸਰਕਾਰ ਅਤੇ ਕਨੇਡੀਅਨ ਸਿੱਖ ਭਾਈਚਾਰੇ ਦੀ ਬਦਖੋਹੀ ਕੀਤੀ ਹੈ, ਇਹ ਵਿਚਾਰ ਸੁਖਮਿੰਦਰ ਸਿੰਘ ਹੰਸਰਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਨੇ ਪੱਤਰਕਾਰਾਂ ਨੂੰ ਦਿੱਤੇ। ਵਰਨਣਯੋਗ ਹੈ ਕਿ ਸਰੀ (ਬੀ ਸੀ) ਵਿਖੇ ਨਗਰ ਕੀਰਤਨ ਦੌਰਾਨ ਕਿਸੇ ਵਿਅਕਤੀ ਨੇ ਕੈਪਟਨ ਦੀਆਂ ਆਪ ਹੁਦਰੀਆਂ ਦਾ ਸਖਤ ਨੋਟਿਸ ਲੈਂਦਿਆਂ ਕੁੱਝ ਸਖਤ ਲੈਕਚਰ ਕੀਤਾ ਸੀ। ਜਿਸ ਨੂੰ ਮੋਦੀ ਸਰਕਾਰ ਅਤੇ ਪਾਖੰਡੀ ਕੈਪਟਨ ਨੇ ਧਮਕੀ ਦਾ ਨਾਮ ਦੇ ਕੇ ਕੈਨੇਡਾ ਸਰਕਾਰ ਕੋਲ ਬੇਹੂਦਾ ਇਤਰਾਜ ਦਰਜ ਕਰਵਾ ਦਿੱਤਾ ਸੀ।
ਸੁਖਮਿੰਦਰ ਸਿੰਘ ਹੰਸਰਾ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਨੇ ਅੱਗੇ ਕਿਹਾ ਕਿ ਕਈ ਵਾਰ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਮੋਦੀ ਸਰਕਾਰ ਦੀ ਅਫਸਰਸ਼ਾਹੀ ਬੇਲਗਾਮ ਹੋ ਚੁੱਕੀ ਹੈ ਜੋ ਸਿੱਖਾਂ ਨੂੰ ਬਦਨਾਮ ਕਰਨ ਲਈ ਐਵੇਂ ਹੀ ਅਵਾ ਤਵਾ ਬਿਆਨ ਦਾਗਦੀ ਰਹਿੰਦੀ ਹੈ। ਹੰਸਰਾ ਨੇ ਕਿਹਾ ਕਿ ਕੈਪਟਨ ਦੀ ਜ਼ੁਬਾਨ ਦਾ ਉਸਦੇ ਦਿਮਾਗ ਨਾਲੋਂ ਕੁਨੈਕਸ਼ਨ ਹੀ ਟੁੱਟ ਗਿਆ ਜਾਪਦਾ ਹੈ।
ਵਰਨਣਯੋਗ ਹੈ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਵਾਗਡੋਰ ਸੰਭਾਲੀ ਹੈ, ਉਹ ਕਿਸੇ ਖਾਸ ਤਾਕਤ ਦੇ ਇਸ਼ਾਰਿਆਂ ਤੇ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਲੋਕਾਂ ਨੂੰ ਭੰਡਣ ਦਾ ਤੋਤਾ ਰੱਟਣ ਕਰ ਰਿਹਾ ਹੈ। ਭਾਰਤ ਦਾ ਸੱਚਾ ਸਬੂਤ ਹੋਣ ਦਾ ਭਰਮ ਭੁਲੇਖਾ ਪਾਲ ਰਿਹਾ ਕੈਪਟਨ ਅਗਰ ਸੱਚਾ ਸੁੱਚਾ ਹੈ ਤਾਂ ਨੈਤਿਕਤਾ ਦਾ ਸਬੂਤ ਦਿੰਦਿਆਂ ਕੈਨੇਡਾ ਸਰਕਾਰ ਅਤੇ ਕੈਨੇਡਾ ਦੇ ਲੋਕਾਂ ਤੋਂ ਮੁਆਫੀ ਮੰਗੇ।

ਬਰਤਾਨੀਆ ਲੇਬਰ ਪਾਰਟੀ ਦੀ ਬੀਬਾ ਪ੍ਰੀਤ ਕੌਰ ਗਿੱਲ ਵੱਲੋਂ ਐਬਜਾਸਟਨ ਸੀਟ ਤੋਂ ਜਿੱਤਕੇ ‘ਹਾਊਂਸ ਆਫ਼ ਕਾਮਨਜ਼’ ਦਾ ਮੁੱਖੀ ਬਣਨਾ ਸਿੱਖ ਕੌਮ ਲਈ ਫਖ਼ਰ ਵਾਲੀ ਗੱਲ : ਮਾਨ

ਚੰਡੀਗੜ੍ਹ, 19 ਜੁਲਾਈ (ਪੀ ਡੀ ਬਿਊਰੋ) “ਬੀਤੇ ਕੁਝ ਦਿਨ ਪਹਿਲੇ ਕੈਨੇਡਾ ਦੀ ਪਹਿਲੀ ਦਸਤਾਰਧਾਰੀ ਗੁਰਸਿੱਖ ਬੀਬੀ ਪਲਵਿੰਦਰ ਕੌਰ ਸ਼ੇਰਗਿੱਲ ਕੈਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਨਿਯੁਕਤ ਹੋਣ ਤੇ ਸੰਸਾਰ ਵਿਚ ਵੱਸ ਰਹੇ ਸਮੁੱਚੀ ਸਿੱਖ ਕੌਮ ਦੀ ਧੌਣ ਫਖ਼ਰ ਨਾਲ ਉੱਚੀ ਹੋਈ ਸੀ । ਉਸੇ ਤਰ੍ਹਾਂ ਬੀਤੇ ਦਿਨ ਬਰਤਾਨੀਆ ਲੇਬਰ ਪਾਰਟੀ ਵੱਲੋਂ ਐਬਜਾਸਟਨ ਸੀਟ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੀ ਬੀਬਾ ਪ੍ਰੀਤ ਕੌਰ ਗਿੱਲ ਵੱਲੋਂ ਬਰਤਾਨੀਆ ਦੀ ਸੰਸਦ ਜਿਸ ਨੂੰ ਹਾਊਂਸ ਆਫ਼ ਕਾਮਨਜ਼ ਆਖਿਆ ਜਾਂਦਾ ਹੈ, ਉਸਦਾ ਇਸ ਬੀਬਾ ਵੱਲੋਂ ਮੁੱਖੀ ਬਣਨ ਉਤੇ ਸਮੁੱਚੀ ਸਿੱਖ ਕੌਮ ਦਾ ਸਮੁੱਚੇ ਸੰਸਾਰ ਵਿਚ ਮਾਣ-ਸਤਿਕਾਰ ਵਿਚ ਜਿਥੇ ਢੇਰ ਸਾਰਾ ਵਾਧਾ ਹੋਇਆ ਹੈ, ਉਥੇ ਇਨ੍ਹਾਂ ਦੋਵਾਂ ਬੀਬੀਆਂ ਵੱਲੋਂ ਬਾਹਰਲੇ ਮੁਲਕਾਂ ਦੇ ਉੱਚ ਅਹੁਦਿਆ ਤੇ ਬਿਰਾਜਮਾਨ ਹੋਣ ਤੇ ਇਹ ਗੱਲ ਵੀ ਪ੍ਰਤੱਖ ਹੋ ਗਈ ਹੈ ਕਿ ਸਿੱਖ ਬੀਬੀਆਂ ਆਪਣੀਆਂ ਰਹੂ-ਰੀਤੀਆਂ ਉਤੇ ਪਹਿਰਾ ਦਿੰਦੀਆਂ ਹੋਈਆ ਦੁਨੀਆਂ ਦੀ ਅਗਵਾਈ ਕਰਨ ਦੀ ਸਮਰੱਥਾਂ ਰੱਖਦੀਆਂ ਹਨ । ਅਸੀਂ ਸਮੁੱਚੀ ਸਿੱਖ ਕੌਮ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਉਪਰੋਕਤ ਦੋਵੇ ਬੀਬੀਆਂ ਕ੍ਰਮਵਾਰ ਕੈਨੇਡਾ ਦੀ ਸੁਪਰੀਮ ਕੋਰਟ ਦਾ ਜੱਜ ਬਣਨ ਅਤੇ ਬੀਬਾ ਪ੍ਰੀਤ ਕੌਰ ਗਿੱਲ ਵੱਲੋਂ ਹਾਊਂਸ ਆਫ਼ ਕਾਮਨਜ਼ ਦੀ ਮੁੱਖੀ ਬਣਨ ਉਤੇ ਜਿਥੇ ਦੋਵਾਂ ਬੀਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਭੇਜਦੇ ਹਾਂ, ਉਥੇ ਸਮੁੱਚੀ ਸਿੱਖ ਕੌਮ ਨੂੰ ਵੀ ਹਾਰਦਿਕ ਵਧਾਈ ਦਿੰਦੇ ਹਾਂ ।”

ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਦੀ ਸੁਪਰੀਮ ਕੋਰਟ ਦੀ ਸਿੱਖ ਬੀਬੀ ਵੱਲੋਂ ਜੱਜ ਬਣਨ ਤੇ ਅਤੇ ਬਰਤਾਨੀਆ ਦੇ ਹਾਊਂਸ ਆਫ਼ ਕਾਮਨਜ਼ ਦੀ ਮੁੱਖੀ ਬਣਨ ਉਤੇ ਔਰਤ ਵਰਗ ਅਤੇ ਸਿੱਖ ਕੌਮ ਨੂੰ ਉਚੇਚੇ ਤੌਰ ਤੇ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਧਰਮ ਵਿਚ ਔਰਤ ਵਰਗ ਨੂੰ ਬਰਾਬਰ ਦਾ ਰੁਤਬਾ ਤੇ ਸਤਿਕਾਰ ਦੇ ਕੇ ਪਹਿਲੇ ਹੀ ਔਰਤ ਵਰਗ ਦੀ ਆਨ-ਸ਼ਾਨ ਨੂੰ ਬਰਕਰਾਰ ਰੱਖਿਆ ਹੈ ਅਤੇ ਸਾਡੇ ਧਰਮ ਵਿਚ ਲੜਕਾ ਅਤੇ ਲੜਕੀ ਵਿਚ ਕੋਈ ਰਤੀਭਰ ਵੀ ਫ਼ਰਕ ਨਹੀਂ ਸਮਝਿਆ ਜਾਂਦਾ ਅਤੇ ਅਜੋਕਾ ਸਮਾਜ ਇਸ ਗੱਲ ਦੀ ਮੰਗ ਕਰਦਾ ਹੈ ਕਿ ਬੇਟੀਆਂ ਨੂੰ ਬੇਟਿਆ ਦੀ ਤਰ੍ਹਾਂ ਹੀ ਪਾਲਣ ਪੋਸ਼ਣ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਮਾਜ ਵਿਚ ਆਜ਼ਾਦਆਨਾ ਤੌਰ ਤੇ ਵਿਚਰਨ ਅਤੇ ਉਨ੍ਹਾਂ ਦੇ ਸਤਿਕਾਰ-ਮਾਣ ਨੂੰ ਕਾਇਮ ਰੱਖਿਆ ਜਾਵੇ । ਉਪਰੋਕਤ ਦੋਵੇ ਬੀਬੀਆਂ ਵੱਲੋਂ ਉੱਚ ਅਹੁਦਿਆ ਉਤੇ ਬਿਰਾਜਮਾਨ ਹੋਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਬੀਬੀਆਂ ਜਾਂ ਔਰਤ ਵਰਗ ਸਮਾਜ ਵਿਚ ਬਰਾਬਰਤਾ ਦਾ ਹੱਕ ਤੇ ਅਧਿਕਾਰ ਰੱਖਦੀਆ ਹਨ । ਇਸੇ ਲਈ ਗੁਰੂ ਸਾਹਿਬਾਨ ਨੇ ਆਪਣੇ ਮੁਖਾਰਬਿੰਦ ਤੋਂ ਇਹ ਪੁਕਾਰਕੇ ‘ਸੋ ਕਿਉ ਮੰਦਾ ਆਖਿਐ, ਜਿਤੁ ਜੰਮੈ ਰਾਜਾਨ’ ਕਹਿਕੇ ਔਰਤ ਵਰਗ ਨੂੰ ਪੂਰਨ ਸਤਿਕਾਰ-ਮਾਣ ਬਖਸਿਆ ਹੈ ।

 

ਸੰਤ ਭਿੰਡਰਾਂਵਾਲਿਆਂ ਅਤੇ ਸਿੱਖ ਕੌਮ ਦੇ ਨਾਇਕਾ ਸੰਬੰਧੀ ਜੋ ਵੀ ਅਪਮਾਨਜ਼ਨਕ ਸ਼ਬਦ ਬੋਲੇਗਾ, ਬਾਹਰਲੇ ਮੁਲਕਾਂ ਵਿਚ ਕੁਮਾਰ ਵਿਸ਼ਵਾਸ ਵਰਗਾ ਹਸ਼ਰ ਹੋਵੇਗਾ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 18 ਜੁਲਾਈ ( PD Bureau ) “ਸਿੱਖ ਕੌਮ ਦਾ ਕਿਸੇ ਵੀ ਫਿਰਕੇ, ਵਰਗ, ਜਾਤ, ਮੁਲਕ ਆਦਿ ਨਾਲ ਕਰਤੀਭਰ ਵੀ ਵੈਰ-ਵਿਰੋਧ ਜਾਂ ਨਫ਼ਰਤ ਨਹੀਂ ਹੈ । ਅਸੀਂ ‘ਮਾਨਸ ਕੀ ਜਾਤਿ, ਸਭੈ ਏਕੋ ਪਹਿਚਾਨਬੋ’ ਦੀ ਮਨੁੱਖਤਾ ਪੱਖੀ ਸੋਚ ਦੇ ਕਾਇਲ ਹਾਂ । ਉਸ ਅਕਾਲ ਪੁਰਖ ਦੀ ਸਭਨਾਂ ਦੀ ਪਦਾਇਸ ਪ੍ਰਵਾਨ ਕਰਦੇ ਹੋਏ ਬਰਾਬਰਤਾ ਦੀ ਸੋਚ ਦੇ ਪੈਰੋਕਾਰ ਹਾਂ । ਸਾਡੀ ਸਿੱਖ ਕੌਮ ਦੇ ਹੀਰੋ, ਨਾਈਕ ਕੌਣ ਹਨ, ਬੀਤੇ ਸਮੇਂ ਵਿਚ ਵੀ ਇਸਦਾ ਫੈਸਲਾ ਸਿੱਖ ਕੌਮ ਹੀ ਕਰਦੀ ਆਈ ਹੈ । ਅਜੋਕੇ ਸਮੇਂ ਵਿਚ ਅਤੇ ਆਉਣ ਵਾਲੇ ਸਮੇਂ ਵਿਚ ਇਹ ਹੀਰੋ ਕੌਣ ਹੋਣਗੇ, ਇਸਦਾ ਫੈਸਲਾ ਵੀ ਸਿੱਖ ਕੌਮ ਕੋਲ ਹੈ । ਜੇਕਰ ਕੋਈ ਹਿੰਦੂ ਆਗੂ ਮੁਤੱਸਵੀ ਨਫ਼ਰਤ ਭਰੀ ਸੋਚ ਅਧੀਨ ਸਾਡੇ ਕੌਮੀ ਨਾਇਕਾਂ ਲਈ ਅਪਮਾਨਜ਼ਨਕ ਸ਼ਬਦਾਂ ਦੀ ਵਰਤੋਂ ਕਰਕੇ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਦਾ ਹੈ, ਇਸ ਲਈ ਨਾ ਤਾਂ ਸਿੱਖ ਕੌਮ ਨੇ ਬੀਤੇ ਸਮੇਂ ਵਿਚ ਬਰਦਾਸਤ ਕੀਤਾ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਅਜਿਹੀ ਕਿਸੇ ਗੱਲ ਨੂੰ ਸਿੱਖ ਕੌਮ ਬਰਦਾਸਤ ਕਰੇਗੀ । ਜੋ ਵੀ ਮੁਤੱਸਵੀ ਸੋਚ ਵਾਲਾ ਕੋਈ ਆਗੂ ਸਿੱਖ ਕੌਮ ਦੇ ਮਨਾਂ ਨੂੰ ਅਜਿਹੀ ਠੇਸ ਪਹੁੰਚਾਉਣ ਵਾਲੀ ਕਾਰਵਾਈ ਕਰੇਗਾ, ਉਸਦਾ ਹਸ਼ਰ ਜਿਵੇ ਅਮਰੀਕਾ ਵਿਚ ਕੁਮਾਰ ਵਿਸ਼ਵਾਸ ਦਾ ਹੋਇਆ ਹੈ, ਉਸੇ ਤਰ੍ਹਾਂ ਉਸਦਾ ਵਿਰੋਧ ਬਾਹਰਲੇ ਮੁਲਕਾਂ ਦੀ ਧਰਤੀ ਵਿਚ ਹੋਵੇਗਾ।”
ਇਹ ਵਿਚਾਰ ਸ਼ ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਵਿਖੇ ਆਪ ਪਾਰਟੀ ਦੇ ਉਸ ਫਿਰਕੂ ਆਗੂ ਸ੍ਰੀ ਕੁਮਾਰ ਵਿਸ਼ਵਾਸ ਜਿਸ ਨੇ ਸਿੱਖ ਕੌਮ ਦੇ ਨਾਈਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਲਈ “ਭਸਮਾਸੁਰ” ਦਾ ਅਪਮਾਨਜ਼ਨਕ ਸ਼ਬਦ ਵਰਤਿਆ ਸੀ, ਅਮਰੀਕਾ ਵਿਖੇ ਉਸਦਾ ਰਮਿੰਦਰਜੀਤ ਸਿੰਘ ਮਿੰਟੂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਜੋਰਦਾਰ ਵਿਰੋਧ ਦਿਖਾਵਾ ਕਰਨ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਸਿੱਖ ਕੌਮ ਦੇ ਨਾਇਕਾਂ ਪ੍ਰਤੀ ਅਜਿਹੀ ਮੰਦਭਾਵਨਾ ਰੱਖਣ ਵਾਲੇ ਆਗੂਆਂ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਜਨਤਕ ਤੌਰ ਤੇ ਅਜਿਹੀ ਨਫ਼ਰਤਭਰੀ ਸੋਚ ਰੱਖਣ ਵਾਲੇ ਫਿਰਕੂ ਆਗੂਆਂ ਨੂੰ ਸੁਚੇਤ ਤੇ ਖ਼ਬਰਦਾਰ ਕਰਦੇ ਹਾਂ ਕਿ ਉਹ ਸਿੱਖ ਕੌਮ ਦੇ ਨਾਇਕਾਂ ਅਤੇ ਹੋਰ ਉੱਚ ਸਖਸ਼ੀਅਤਾਂ ਸੰਬੰਧੀ ਆਪਣੇ ਮਨਾਂ ਵਿਚੋਂ ਮੰਦਭਾਵਨਾ ਭਰੀ ਸੋਚ ਨੂੰ ਕੱਢਕੇ ਸਹਿਜ਼ ਨਾਲ ਵਿਚਰਨ ਤਾਂ ਬਿਹਤਰ ਹੋਵੇਗਾ, ਵਰਨਾ ਸਿੱਖ ਕੌਮ ਆਪਣੀਆਂ ਮਰਿਯਾਦਾਵਾਂ, ਆਪਣੇ ਅਸੂਲਾਂ ਅਤੇ ਰਹੂ-ਰੀਤੀਆਂ ਅਨੁਸਾਰ ਅਜਿਹੇ ਸਿਰਫਿਰਿਆ ਦਾ ਜਮਹੂਰੀਅਤ ਤਰੀਕੇ ਵਿਰੋਧ ਕਰਨ ਦੀਆਂ ਜਿੰਮੇਵਾਰੀਆਂ ਨਿਭਾਉਣ ਤੋਂ ਕਤਈ ਪਿੱਛੇ ਨਹੀਂ ਹਟੇਗੀ । ਅਜਿਹੇ ਮਾਹੌਲ ਦੀ ਬਦੌਲਤ ਜਦੋਂ ਕਿਸੇ ਸਥਾਂਨ ਤੇ ਕੋਈ ਕੁੜੱਤਣ ਪੈਦਾ ਹੁੰਦੀ ਹੈ, ਉਸ ਲਈ ਸਿੱਖ ਕੌਮ ਕਤਈ ਜਿੰਮੇਵਾਰ ਨਹੀਂ ਹੋਵੇਗੀ, ਬਲਕਿ ਅਜਿਹੇ ਮੁਤੱਸਵੀ ਤੇ ਫਿਰਕੂ ਸੋਚ ਰੱਖਣ ਵਾਲੇ ਆਗੂ ਹੀ ਹੋਣਗੇ । ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਅਮਰੀਕਾ ਦੇ ਉਪਰੋਕਤ ਜਿੰਮੇਵਾਰ ਸੱਜਣਾਂ ਵੱਲੋਂ ਨਿਭਾਈ ਗਈ ਇਹ ਕੌਮੀ ਜਿੰਮੇਵਾਰੀ ਇਹ ਵੀ ਪ੍ਰਤੱਖ ਕਰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀਆਂ ਜਿੰਮੇਵਾਰੀਆਂ ਅਤੇ ਫਰਜਾਂ ਪ੍ਰਤੀ ਸੁਚੇਤ ਹੈ । ਜਿਸ ਤੋਂ ਦੁਸ਼ਮਣ ਤਾਕਤਾਂ ਨੂੰ ਵੀ ਖ਼ਬਰਦਾਰੀ ਪ੍ਰਾਪਤ ਹੁੰਦੀ ਹੈ ।