50 ਝੂਠੇ ਮੁਕਾਬਲਿਆਂ ਦਾ ਚਸ਼ਮਦੀਦ ਗਵਾਹ ਹੋਣ ਦਾ ਦਾਅਵਾ – ‘ਕੈਟ’ ਪਿੰਕੀ ਨੇ ‘ਦਬੋਚੇ’ ਕਈ ਸੀਨੀਅਰ ਪੁਲੀਸ ਅਫ਼ਸਰ

* ਅਤਿਵਾਦ ਦੇ ਦੌਰ ’ਚ ਝੂਠੇ ਪੁਲੀਸ ਮੁਕਾਬਲੇ ਹੋਣ ਦਾ ਖੁਲਾਸਾ

* ਪੁਲੀਸ ਅਧਿਕਾਰੀਆਂ ਨੂੰ ਘਬਰਾਹਟ

pinki catਚੰਡੀਗੜ੍ਹ, 5 ਦਸੰਬਰ (ਦਵਿੰਦਰ ਪਾਲ) ਪੰਜਾਬ ਪੁਲੀਸ ਦੇ ਬਰਖ਼ਾਸਤ ਇੰਸਪੈਕਟਰ ਅਤੇ ‘ਪੁਲੀਸ ਕੈਟ’ ਗੁਰਮੀਤ ਸਿੰਘ ਪਿੰਕੀ ਨੇ ਅਤਿਵਾਦ ਦੇ ਦੌਰ ’ਚ ‘ਝੂਠੇ’ ਪੁਲੀਸ ਮੁਕਾਬਲੇ ਹੋਣ ਦਾ ਖੁਲਾਸਾ ਕਰਕੇ ਪੰਜਾਬ ਪੁਲੀਸ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਪਿੰਕੀ ਨੇ ਇੱਕ ਅੰਗਰੇਜ਼ੀ ਰਸਾਲੇ ਨੂੰ ਦਿੱਤੀ ਇੰਟਰਵਿਊ ਬਾਅਦ ਵੀ ਇਨ੍ਹਾਂ ਖੁਲਾਸਿਆਂ ’ਤੇ ਕਾਇਮ ਰਹਿਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਪੁਲੀਸ ਦੇ ‘ਕਾਰਨਾਮਿਆਂ’ ਦਾ ਜ਼ਿਕਰ ਕਿਤਾਬ ਰਾਹੀਂ ਵੀ ਕੀਤਾ ਜਾਵੇਗਾ। ਉਸ ਨੇ ਇੱਕ ਚਰਚਿਤ ਤੇ ਵਿਵਾਦਤ ਡੀਜੀਪੀ ਰੈਂਕ ਦੇ ਸੀਨੀਅਰ ਅਧਿਕਾਰੀ ਸਮੇਤ ਕਈ ਹੋਰਾਂ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ। ਪੁਲੀਸ ਲਈ ਇਨ੍ਹਾਂ ਖੁਲਾਸਿਅਾਂ ਨੂੰ ਕਾਬੂ ਕਰਨਾ ਵੱਡੀ ਚੁਣੌਤੀ ਬਣ ਗਿਆ ਹੈ। ਪਿੰਕੀ ਨੇ ਦਾਅਵਾ ਕੀਤਾ ਹੈ ਕਿ ਉਹ ਪੰਜਾਹ ਪੁਲੀਸ ਮੁਕਾਬਲਿਆਂ ਦਾ ਚਸ਼ਮਦੀਦ ਗਵਾਹ ਹੈ। ਇਨ੍ਹਾਂ 50 ਵਾਰਦਾਤਾਂ ਵਿੱਚ ਤਤਕਾਲੀ ਪੁਲੀਸ ਅਧਿਕਾਰੀਆਂ ਨੇ ਸਰਗਰਮ ਅਤਿਵਾਦੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਕਿਸੇ ਰਿਕਾਰਡ ’ਚ ਲਿਆਉਣ ਦੀ ਥਾਂ ਮੌਤ ਦੇ ਘਾਟ ਉਤਾਰ ਦਿੱਤਾ। ਝੂਠੇ ਮੁਕਾਬਲਿਆਂ ਵਾਲੀ ਸੂਚੀ ਵਿੱਚ ਬੱਬਰ ਖਾਲਸਾ ਦੇ ਤਤਕਾਲੀ ਮੁਖੀ ਸੁਖਦੇਵ ਸਿੰਘ ਬੱਬਰ ਦਾ ਨਾਂ ਵੀ ਸ਼ਾਮਲ ਹੈ, ਜਿਸ ਨੂੰ ਪੰਜਾਬ ਪੁਲੀਸ ਨੇ ਮੁਕਾਬਲੇ ’ਚ ਮਾਰਨ ਦਾ ਦਾਅਵਾ ਕੀਤਾ ਸੀ।
ਇਸ ਬਰਖ਼ਾਸਤ ਇੰਸਪੈਕਟਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਤੇ ਸਾਬਕਾ ਸੰਸਦ ਮੈਂਬਰ ਰਜਿੰਦਰ ਕੌਰ ਬੁਲਾਰਾ ਦੇ ਪਤੀ ਪ੍ਰੋ. ਰਜਿੰਦਰ ਸਿੰਘ ਬੁਲਾਰਾ ਨੂੰ ਵੀ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ ਹੈ। ਗੁਰਮੀਤ ਸਿੰਘ ਪਿੰਕੀ, ਜੋ ਲੰਬਾ ਸਮਾਂ ਲੁਧਿਆਣਾ ਜ਼ਿਲ੍ਹੇ ਵਿੱਚ ਤਾਇਨਾਤ ਰਿਹਾ ਹੈ, ਨੇ ਇਸ ਜ਼ਿਲ੍ਹੇ ’ਚ ਕਥਿਤ ਅਤਿਵਾਦੀਆਂ ਨੂੰ ਸੀਆਈਏ ਸਟਾਫ ਅੰਦਰ ਕਿਸ ਤਰ੍ਹਾਂ ਤਸੀਹੇ ਦੇ ਕੇ ਮਾਰਿਆ ਗਿਆ ਬਾਰੇ ਵਿਸਥਾਰਪੂਰਵਕ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਕਈ ਵਿਅਕਤੀਆਂ ਦੇ ਮੂੰਹ ਵਿੱਚ ਪਹਿਲਾਂ ਸਾਈਨਾਈਡ ਦੇ ਕੈਪਸੂਲ ਤੇ ਕੀਟਨਾਸ਼ਕ ਦਵਾਈਆਂ ਤਕ ਪਾਈਆਂ ਗਈਆਂ ਜਦੋਂ ਫਿਰ ਵੀ ਮੌਤ ਨਾ ਆਈ ਤਾਂ ਗੋਲੀ ਮਾਰ ਦਿੱਤੀ ਗਈ। ਪਿੰਕੀ ਦੇ ਖੁਲਾਸੇ ਦਿਲ ਦਹਿਲਾਉਣ ਵਾਲੇ ਹਨ।
ਇਸ ਵਿਵਾਦਤ ਪੁਲੀਸ ਮੁਲਾਜ਼ਮ ਦੇ ਖੁਲਾਸਿਆਂ ਨੇ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਪੰਜਾਬ ’ਚ ਅਤਿਵਾਦ ਦੇ ਦੌਰ ਸਮੇਂ ਪੁਲੀਸ ਨਾਲ ਸੀਆਰਪੀਐਫ ਵੀ ਤਾਇਨਾਤ ਰਹੀ ਹੈ। ਪਿੰਕੀ ਨੇ ਸੀਆਰੀਐਫ ਦੇ ਅਧਿਕਾਰੀਆਂ ਦੀ ਵੀ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਸ਼ਮੂਲੀਅਤ ਹੋਣ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਝੂਠੇ ਪੁਲੀਸ ਮੁਕਾਬਲਿਆਂ ਸਬੰਧੀ ਭਾਵੇਂ ਕੋਈ ਹਰਕਤ ਨਹੀਂ ਦਿਖਾਈ ਗਈ ਪਰ ਸੂਤਰਾਂ ਮੁਤਾਬਕ ਸਰਕਾਰ ਵੱਲੋਂ ਆਉਂਦੇ ਕੁੱਝ ਦਿਨਾਂ ਤਕ ਇਸ ਸਬੰਧੀ ਜਾਂਚ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ। ਗੁਰਮੀਤ ਸਿੰਘ ਪਿੰਕੀ ਨੂੰ ਲੁਧਿਆਣਾ ’ਚ ਅਵਤਾਰ ਸਿੰਘ ਗੋਲਾ ਨਾਂ ਦੇ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਨ ਦੇ ਦੋਸ਼ਾਂ ਤਹਿਤ ਉਮਰ ਕੈਦ ਦੀ ਸਜ਼ਾ ਹੋਈ ਸੀ। ਜੇਲ੍ਹ ’ਚੋਂ ਰਿਹਾਈ ਬਾਅਦ ਲੁਧਿਆਣਾ ਦੇ ਸਾਬਕਾ ਡੀਆਈਜੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਪਿੰਕੀ ਨੂੰ ਬਹਾਲ ਕਰਨ ਬਾਅਦ ਪੰਜਾਬ ਸਰਕਾਰ ਚੁਫੇਰਿਉਂ ਘਿਰ ਗਈ ਤਾਂ ਪਿੰਕੀ ਨੂੰ ਮੁੜ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਮਹੱਤਵਪੂਰਨ ਤੱਥ ਇਹ ਹੈ ਕਿ ਪਿੰਕੀ ਨੇ ਆਪਣੀ ਬਹਾਲੀ ਲਈ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਅਬੋਹਰ ਦੇ ਇੱਕ ਵਿਅਕਤੀ ਰਾਹੀਂ 50 ਲੱਖ ਰੁਪਏ ਰਿਸ਼ਵਤ ਦੇਣ ਦਾ ਖੁਲਾਸਾ ਵੀ ਕੀਤਾ ਹੈ। ਮੁੜ ਤੋਂ ਬਰਖਾਸਤਗੀ ਬਾਅਦ ਪਿੰਕੀ ਵੱਲੋਂ ਪੁਲੀਸ ਮੁਕਾਬਲਿਆਂ ਦਾ ਖੁਲਾਸਾ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਸਰਕਾਰ ਨੇ ਡੀਜੀਪੀ ਬਿਰਦੀ ਦੀ ਮੁਕਾਬਲਿਅਾਂ ਬਾਰੇ ਰਿਪੋਰਟ ਦੱਬੀ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 2007 ਵਿੱਚ ਕੁੱਝ ਝੂਠੇ ਪੁਲੀਸ ਮੁਕਾਬਲਿਆਂ ਦੀ ਜਾਂਚ ਦੇ ਹੁਕਮ ਦਿੱਤੇ ਸਨ। ਪੰਜਾਬ ਪੁਲੀਸ ਦੇ ਸੇਵਾਮੁਕਤ ਡੀਜੀਪੀ ਜੇਪੀ ਬਿਰਦੀ ਵੱਲੋਂ ਇਸ ਸਬੰਧੀ ਜਾਂਚ ਕੀਤੀ ਗਈ ਸੀ ਪਰ ਸਰਕਾਰ ਨੇ ਇਹ ਰਿਪੋਰਟ ਹੀ ਦੱਬ ਲਈ ਹੈ। ਇਨ੍ਹਾਂ ਮੁਕਾਬਲਿਅਾਂ ਵਿੱਚ ਵੀ ਇੱਕ ਆਈਜੀ ’ਤੇ ਕਈ ਵਿਅਕਤੀਆਂ ਨੂੰ ਮਾਰ ਮੁਕਾਉਣ ਦੇ ਦੋਸ਼ ਲੱਗੇ ਸਨ। ਇਹ ਆਈਜੀ ਅਕਾਲੀ-ਭਾਜਪਾ ਸਰਕਾਰ ਦਾ ਚਹੇਤਾ ਹੈ। ਪੰਜਾਬ ਪੁਲੀਸ ਅੱਜ ਕੱਲ੍ਹ ਵੱਡੇ ਵਿਵਾਦਾਂ ਵਿੱਚ ਘਿਰੀ ਹੋਈ ਹੈ।

468 ad

Submit a Comment

Your email address will not be published. Required fields are marked *