30 ਸਾਲ ਮਗਰੋਂ ਮਿਲਿਆ ਕਿਸੇ ਗੱਠਜੋੜ ਨੂੰ ਸਪੱਸ਼ਟ ਬਹੁਮਤ

majority

ਇਸ ਵਾਰ ਦੀਆਂ ਲੋਕ ਸਭਾ ਚੋਣਾਂ ‘ਚ ਨਵਾਂ ਇਤਿਹਾਸ ਸਿਰਜਿਆ ਗਿਆ ਹੈ ਕਿਉਂਕਿ 30 ਸਾਲਾਂ ਮਗਰੋਂ ਕਿਸੇ ਗੱਠਜੋੜ ਜਾਂ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਿਆ ਹੈ। 1984 ‘ਚ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਰਾਜੀਵ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਿਆ ਸੀ। ਕਾਂਗਰਸ ਨੇ ਉਸ ਵੇਲੇ 414 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ ਅਤੇ ਪਾਰਟੀ ਨੂੰ 49.01 ਫ਼ੀਸਦੀ ਵੋਟਾਂ ਮਿਲੀਆਂ ਸਨ। 1984 ਦੀਆਂ ਚੋਣਾਂ ‘ਚ ਐਨ ਟੀ ਰਾਮਾ ਰਾਓ ਦੀ ਅਗਵਾਈ ਵਾਲੀ ਤੇਲਗੂ ਦੇਸਮ ਪਾਰਟੀ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ ਅਤੇ ਪਾਰਟੀ ਨੇ 30 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਸੀ ਪੀ ਐਮ 1984 ‘ਚ 22 ਸੀਟਾਂ ਜਿੱਤ ਕੇ ਤੀਜੇ ਨੰਬਰ ‘ਤੇ ਰਹੀ ਸੀ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ 7 ਅਤੇ ਜਨਤਾ ਪਾਰਟੀ ਨੇ 10 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਇਹਨਾਂ ਲੋਕ ਸਭਾ ਚੋਣਾਂ ‘ਚ ਰਿਕਾਰਡ ਤੋੜ ਪੋਲਿੰਗ ਹੋਈ ਅਤੇ 2014 ‘ਚ ਹੋਈਆਂ ਚੋਣਾਂ ‘ਚ 66.38 ਫ਼ੀਸਦੀ ਵੋਟਿੰਗ ਹੋਈ। 1984 ‘ਚ ਵੀ 64.1 ਫ਼ੀਸਦੀ ਪੋਲਿੰਗ ਹੋਈ ਸੀ। 2009 ‘ਚ 58.19 ਫ਼ੀਸਦੀ ਪੋਲਿੰਗ ਹੋਈ ਸੀ। 1984 ‘ਚ 506 ਸੀਟਾਂ ਲਈ ਪੋਲਿੰਗ ਹੋਈ ਸੀ, ਜਿਸ ‘ਚੋਂ ਕਾਂਗਰਸ ਨੂੰ 404 ਸੀਟਾਂ ਮਿਲੀਆਂ ਸਨ। ਪੰਜਾਬ ਅਤੇ ਅਸਾਮ ਦੀਆਂ 27 ਸੀਟਾਂ ਲਈ ਬਾਅਦ ‘ਚ ਵੋਟਾਂ ਪੁਆਈਆਂ ਗਈਆਂ ਅਤੇ ਇਹਨਾਂ ‘ਚੋਂ 10 ਸੀਟਾਂ ਕਾਂਗਰਸ ਨੂੰ ਮਿਲੀਆਂ ਅਤੇ ਉਸ ਦੀਆਂ ਕੁਲ ਸੀਟਾਂ 414 ਹੋ ਗਈਆਂ।

468 ad