” ਖਾਲਿਸਤਾਨ ਜਿੰਦਾਬਾਦ ਦੇ ਨਾਹਰਿਆਂ ਨਾਲ ਗੂੰਜਿਆ ਲੰਡਨ ,ਜਥੇਦਾਰ ਮੰਡ ਵਲੋਂ ਅਰੰਭ ਕੀਤੇ ਮੋਰਚੇ ਦੀ ਹਿਮਾਇਤ “

ਲੰਡਨ – ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ  ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਭਾਰੀ ਰੋਸ ਮੁਜਾਹਰਾ ਕੀਤਾ ਗਿਆ । ਹਾਈਡ ਪਾਰਕ ਲੰਡਨ ਵਿਖੇ ਹਜਾਰਾਂ ਦੀ ਤਾਦਾਦ ਵਿੱਚ ਸਵੇਰੇ ਗਿਆਰਾ ਵਜੇ ਸਿੱਖ ਸੰਗਤਾਂ ਵੱਖ ਵੱਖ ਸ਼ਹਿਰਾਂ ਤੋਂ ਕੋਚਾਂ ,ਕਾਰਾਂ ਅਤੇ ਰੇਲ ਗੱਡੀਆਂ ਰਾਹੀਂ ਪੁੱਜਣੀਆਂ ਅਰੰਭ ਹੋ ਗਈਆਂ , ਜਿੱਥੇ ਇੱਕ ਵਜੇ ਤੱਕ ਸਟੇਜ ਲਗਾਈ ਗਈ । ਚਾਰ ਚੁਫੇਰੇ ਕੇਸਰੀ ਅਤੇ ਨੀਲੀਆਂ ਦਸਤਾਰਾਂ ਅਤੇ ਦੁਪੱਟਿਆਂਦਾ ਹੜ੍ਹ ਆਇਆ ਹੋਇਆ ਸੀ । ਜੋ ਕਿ ਖਾਲਸੇ ਦੀ ਚੜਦੀ ਕਲਾ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਦੇ ਵਾਰਸਾਂ ਦੇ ਦ੍ਰਿੜ ਇਰਾਦੇ ਦਾ ਜਲੌਅ ਨਜ਼ਰ ਆ ਰਿਹਾ ਸੀ । ਵੱਖ ਵੱਖ ਗੁਰਦਵਾਰਾ ਸਹਿਬਾਨ ਦੇ ਨੁਮਾਇੰਦਿਆਂ ਨੇ ਸਿੱਖ ਸੰਗਤਾਂ ਸੰਬੋਧਨ ਕਰਦਿਆਂ ,ਖਾਲਿਸਤਾਨ ਦੀ ਪ੍ਰਾਪਤੀ ਤੇ ਜ਼ੋਰ ਦਿਤਾ । ਇੰਗਲੈਂਡ ਭਰ ਦੇ ਵੱਖ ਵੱਖ ਸ਼ਹਿਰਾਂ ਤੋਂ 20 ਹਜ਼ਾਰ ਦੇ ਲੱਗਭਗ ਸਿੱਖ ਸੰਗਤਾਂ ਵਲੋ  ਇਸ ਮੌਕੇ ਹਾਜ਼ਰੀ ਭਰੀ ਗਈ । ਸਿੱਖ ਸੰਗਤਾਂ ਅਤੇ ਜਥੇਬੰਦੀਆਂ ਵਲੋਂ ਭਾਰਤ ਸਰਕਾਰ ਖਿਲਾਫ ਰੋਸ ,ਰੋਹ ਅਤੇ ਵਿਦਰੋਹ ਦੀ ਭਾਵਨਾ ਪ੍ਰਚੰਡ ਕੀਤੀ ਗਈ । ਸਿੱਖ ਨੌਜਵਾਨਾਂ ਦੀ ਵੱਡੀ ਗਿਣਤੀ ਇਸ ਗੱਲ ਦਾ ਪ੍ਰਮਾਣ ਸੀ ਕਿ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਦੀ ਲਹਿਰ ਸਦਾ ਹੀ ਪ੍ਰਚੰਡ ਰਹੇਗੀ ਅਤੇ ਸਰਕਾਰਾਂ ਦਾ ਜ਼ੁਲਮ ਸਿੱਖ ਕੌਮ ਨੂੰ ਦਬਾ ਨਹੀਂ ਸਕੇਗਾ । ਦੁਪਿਹਰ ਦੇ ਇੱਕ ਵਜੇ ਪੰਜ ਸਿੰਘਾਂ ਦੀ ਅਗਵਾਈ ਵਿੱਚ ਰੋਸ ਮਾਰਚ ਬਰਤਾਨੀਆ ਦੀ ਮਹਾਰਾਣੀ ਦੇ ਮਹਿਲਾਂ ਲਾਗਿਉਂ ਗੁਜ਼ਰਦਾ ਹੋਇਆ ,ਖਾਲਿਸਤਾਨ ਜਿੰਦਾਬਾਦ ,ਸੰਤ ਭਿੰਤਰਾਂਵਾਲਿਆਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਵਰਗੇ ਅਕਾਸ਼ ਗੂੰਜਾਊ ਨਾਹਰੇ ਮਾਰਦਾ ਹੋਇਆ ਢਾਈ ਵਜੇ ਟਰੈਫਾਲਗਰ ਸੁਕਏਅਰ ਵਿਖੇ ਪੁੱਜਾ ।

ਜਿੱਥੇ ਸ਼ਾਮ ਦੇ ਪੰਜ ਵਜੇ ਤੱਕ ਹੱਕ ਸੱਚ ਇਨਸਾਫ ਅਤੇ ਅਜਾਦੀ ਦੇ ਵਿਸ਼ਿਆਂ ਤੇ ਰੈਲੀ ਕੀਤੀ ਗਈ । ਸਟੇਜ ਦੀ ਕਾਰਵਾਈ ਨੌਜਵਾਨ ਭਾਈ ਜਸ ਸਿੰਘ , ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ ਭਾਈ ਕੁਲਦੀਪ ਸਿੰਘ ਚਹੇੜੂ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਚਲਾਈ ਗਈ । ਹਾਈ ਪਾਰਕ ਅਤੇ ਟਰੈਫਾਲਗਰ ਸੁਕਏਅਰ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਨੌਜਵਾਨ ਭਾਈ ਜਗਜੀਤ ਸਿੰਘ ਜੀਤਾ ਸਿੱਖ ਫੈਡਰੇਸ਼ਨ ਦੇ ਆਗੂ ਭਾਈ ਦਵਿੰਦਰਜੀਤ ਸਿੰਘ ,ਭਾਈ ਅਮਰੀਕ ਸਿੰਘ ਗਿੱਲ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਬੈਂਸ ,ਭਾਈ ਰਜਿੰਦਰ ਸਿੰਘ ਚਿੱਟੀ ,ਭਾਈ ਮੰਗਲ ਸਿੰਘ , ਧਰਮਯੁੱਧ ਜਥਾ ਦਮਦਮੀ ਟਕਸਾਲ ਦੇ ਮੁਖੀ ਜਥੇਦਾਰ ਚਰਨ ਸਿੰਘ ,ਭਾਈ ਬਲਵਿੰਦਰ ਸਿੰਘ ਵੁਲਵਰਹੈਂਪਟਨ,ਯੁਨਾਈਟਿਡ ਖਾਲਸਾ ਦਲ ਯੂ,ਕੇ ਦੇ ਭਾਈ ਨਿਰੰਜਨ ਸਿੰਘ ਬਾਸੀ , ਭਾਈ ਮਨਜੀਤ ਸਿੰਘ ਖਾਨੋਵਾਲ ,ਭਾਈ ਬਲਜਿੰਦਰ ਸਿੰਘ ,ਬੀਬੀ ਅਵਨੀਤ ਕੌਰ ,ਖਾਲਿਸਤਾਨ ਕਮਾਂਡੋ ਫੋਰਸ ਦੇ ਪਹਿਲੇ ਮੁਖੀ ਭਾਈ ਮਨਬੀਰ ਸਿੰਘ ਚਹੇੜੂ ਦੀ ਮਾਤਾ ਬੀਬੀ ਸੁਰਜੀਤ ਕੌਰ ,ਭਾਈ ਅਵਤਾਰ ਸਿੰਘ ਖੰਡਾ ਸਪੁੱਤਰ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ , ਭਾਈ ਗੁਰਪ੍ਰੀਤ ਸਿੰਘ ਸਪੁੱਤਰ ਸ਼ਹੀਦ ਭਾਈ ਅਮਰਜੀਤ ਸਿੰਘ ਖੇਮਕਰਨ ,ਭਾਈ ਬੌਬੀ ਸਿੰਘ ,ਦਮਦਮੀ ਟਕਸਾਲ ਦੇ ਮੁਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪੋਤਰੇ ਗਿਆਨੀ ਅਵਤਾਰ ਸਿੰਘ ਬੱਧਨੀ ,ਭਾਈ ਹਰਜੀਤ ਸਿੰਘ ਸਰਪੰਚ ,ਭਾਈ ਇੰਦਰ ਸਿੰਘ ਜੰਮੂ ,ਮੇਜਰ ਸਿੰਘ ਖੱਖ ਆਦਿ ਨੇ ਸੰਬੋਧਨ ਕੀਤਾ ।

ਪ੍ਰੋਗਰਾਮ ਸਮਾਪਤੀ ਤੋਂ ਬਾਅਦ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕੀਤੀ ਗਈ ਵਿਸ਼ੇਸ਼ ਮੀਟਿੰਗ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਵਿਖੇ ਵਿੱਢੇ ਗਏ ਮੋਰਚੇ ਦਾ ਡੱਟ ਕੇ ਸਮਰਥਨ ਕਰਦਿਆਂ ਪੰਜਾਬ ਭਰ ਦੇ ਸਿੱਖਾਂ ਨੂੰ ਉਹਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਤਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ,ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਦੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾ ਸਕਣ ।