ਭਾਰਤੀ ਏਜੰਟਾਂ ਨੇ ਟਰੂਡੋ ਫੇਰੀ ਨੂੰ ਬਦਨਾਮ ਕਰਨ ਲਈ ਸਜ਼ਾ ਯਾਫਤਾ ਜਸਪਾਲ ਅਟਵਾਲ ਨੂੰ ਮੋਹਰਾ ਬਣਾ ਕੇ ਵਰਤਿਆ


ਔਟਵਾ (ਪੀ ਡੀ ਬਿਊਰੋ) ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੂੰ ਦਾਗੀ ਕਰਨ ਲਈ ਅਟਵਾਲ ਨਾਮੀ ਵਿਅਕਤੀ ਨੂੰ ਮੋਹਰਾ ਬਣਾ ਕੇ ਵਰਤਣ ਦੀ ਯਜਨਾ ਭਾਰਤੀ ਏਜਟਾਂ ਨੇ ਬਣਾਈ ਸੀ ਜਿਸ ਦਾ ਖੁਲਾਸਾ ਨੈਸ਼ਨਲ ਸਕਿਊਰਟੀ ਸਲਾਹਕਾਰ ਡੈਨੀਅਲ ਜੀਨ ਨੇ ਆਪਣਾ ਨਾਮ ਲੁਕਵਾਂ ਰੱਖਣ ਦੀ ਸ਼ਰਤ ਤੇ ਕਨੇਡੀਅਨ ਮੀਡੀਏ ਨੂੰ ਦੱਸ ਦਿੱਤੀ ਸੀ। ਇਸ ਗੱਲ ਦੀ ਪੁਸ਼æਟੀ ਅੱਜ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਵਲੋਂ ਪੁੱਛੇ ਸੁਆਲ ਦੇ ਜੁਆਬ ਵਿੱਚ, ਕਿ ਨੈਸ਼ਨਲ ਸਕਿਊਰਟੀ ਸਲਾਹਕਾਰ ਡੈਨੀਅਲ ਜੀਨ ਨੇ ਜੋ ਕੁੱਝ ਕਿਹਾ ਹੈ, ਨੂੰ ਸਹੀ ਕਰਾਰ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਅਜਿਹੀ ਪੁਜੀਸ਼ਨ ਤੇ ਤਾਇਨਾਤ ਕੋਈ ਵੀ ਸਰਕਾਰੀ ਵਰਕਰ ਬਿਨ੍ਹਾਂ ਤੱਥਾਂ ਤੋਂ ਕੋਈ ਗੱਲ ਨਹੀਂ ਕਰਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੈਸ਼ਨਲ ਸਕਿਊਰਟੀ ਸਲਾਹਕਾਰ ਨੇ ਜੋ ਕੁੱਝ ਕਿਹਾ ਉਹ ਗਲਤ ਨਹੀਂ ਸੀ। ਇਸ ਦਾ ਭਾਵ ਇਹੀ ਹੋਇਆ ਕਿ ਖਾਲਿਸਤਾਨ ਦਾ ਹਊਆ ਖੜਾ ਕਰਕੇ ਭਾਰਤ ਸਰਕਾਰ ਦੇ ਏਜੰਟਾਂ ਨੇ ਕੈਨੇਡਾ ਦੀ ਧਰਤੀ ਤੇ ਇਹ ਤਾਣਾਬਾਣਾ ਬੁਣ ਕੇ ਇਸ ਸ਼ਰਾਰਤ ਨੂੰ ਅੰਜਾਮ ਦਿੱਤਾ ਹੈ।


ਇਸ ਵਿੱਚ ਭੂਮਿਕਾ ਨਿਭਾਉਣ ਵਾਲੇ ਸਰੀ ਦੇ ਐਮ ਪੀ ਰਣਦੀਪ ਸਿੰਘ ਸਰਾਏ ਨੇ ਅੱਜ ਫੇਰ ਆਪਣੀ ਗੈਰਜ਼ਿੰਮੇਵਾਰਨ ਕਾਰਵਾਈ ਦੀ ਮੁਆਫੀ ਮੰਗਦਿਆਂ ਪੈਸਫਿੱਕ ਕਾਕਸ ਦੀ ਚੇਅਰਮੈਨੀ ਛੱਡ ਦਿੱਤੀ ਹੈ। ਆਉਣ ਵਾਲੇ ਦਿਨੀਂ ਵਿੱਚ ਹੋਰ ਨਿਖਾਰ ਆਵੇਗਾ ਕਿ ਸਰਾਏ ਨੇ ਕਿਸ ਕਾਰਣ ਕਰਕੇ ਇੱਕ ਦਾਗੀ ਬੰਦੇ ਨੂੰ ਸੱਦਾ ਪੱਤਰ ਭਿਜਵਾਇਆ ਤਾਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫੇਰੀ ਬਦਨਾਮ ਹੋ ਸਕੇ। ਅਗਰ ਕੁਤੀ ਚੋਰ ਨਾਲ ਰਲੀ ਨਿਕਲੀ ਤਾਂ ਸਰਾਏ ਨੂੰ ਲਿਬਰਲ ਕਾਕਸ ਚੋਂ ਬਾਹਰ ਕੱਢੇ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਤੋਂ ਇਲਾਵਾ ਇੱਕ ਸਾਬਕਾ ਰਾਜਨੀਤਕ ਵੱਲ ਵੀ ਸ਼ੱਕ ਦੀ ਸੂਈ ਘੁੰਮ ਰਹੀ ਹੈ। ਅਤੇ ਭਾਰਤੀ ਸਫਾਰਤਖਾਨੇ ਦੇ ਕੁੱਝ ਮੈਂਬਰ ਵੀ ਇਸ ਖੁਫੀਆ ਕਾਰਵਾਈ ਵਿੱਚ ਸ਼ਾਮਲ ਹੋ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋਂ ਜੁਲਾਈ ਵਿੱਚ ਭਾਰਤੀ ਕਾਂਸਲੇਟ ਅਤੇ ਭਾਰਤੀ ਖੁਫੀਆਂ ਏਜੰਟਾਂ ਦੀਆਂ ਕਾਰਵਾਈਆਂ ਦੀ ਨਿਸ਼ਾਨਦੇਹੀ ਕਰਦਿਆਂ ਕੈਨੇਡਾ ਸਰਕਾਰ ਨੂੰ ਜਾਣੂ ਕਰਵਾਇਆ ਸੀ। ਗੁਰਦੁਆਰਾ ਸਾਹਿਬਾਨਾਂ ਵਿੱਚ ਇਨ੍ਹਾਂ ਸਰਕਾਰੀ ਦੁੱਮਛੱਲਿਆਂ ਦਾ ਦਾਖਲਾ ਬੰਦ ਕਰਨ ਦੇ ਫੈਸਲੇ ਵੀ ਇਨ੍ਹਾਂ ਖੁਫੀਆਂ ਕਾਰਵਾਈ ਨੂੰ ਰੋਕਣ ਲਈ ਲਏ ਗਏ ਸੀ।
ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿਮਘ ਹੰਸਰਾ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਤਹਿ ਤੱਕ ਪਹੁੰਚਣ ਲਈ ਪ੍ਰਧਾਨ ਮੰਤਰੀ ਵਲੋਂ ਇਸਦੀ ਤੁਰੰਤ ਜਾਂਚ ਕਰਵਾ ਕੇ ਢੁੱਕਵੀਂ ਕਾਰਵਾਈ ਕਰਨੀ ਚਾਹੀਦੀ ਹੈ।

ਵਿਦੇਸ਼ਾਂ ਵਿਚ ਵਧੇ ਸਿੱਖਾਂ ਦੇ ਪ੍ਰਭਾਵ ਦੀ ਬੌਖਲਾਹਟ ਹੈ ਟਰੂਡੋ ਪ੍ਰਤੀ ਭਾਰਤੀ ਸਰਕਾਰ ਦਾ ਮਾੜਾ ਰਵੱਈਆ : ਹਿੰਮਤ ਸਿੰਘ

‘ਸਿੱਖਾਂ ਨਾਲ ਹਮਦਰਦੀ ਰੱਖਣ ਕਰਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਭਾਰਤ ‘ਚ ਹੋਇਆ ਵਿਤਕਰੇ ਭਰਿਆ ਸਨਮਾਨ’
ਨਿਊਯਾਰਕ 21 ਫਰਵਰੀ:- ਅਮਰੀਕਾ ਦੀਆਂ 85 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਕਿਹਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਵਿਤਕਰਾ ਕਰਨਾ ਸਪਸ਼ਟ ਕਰ ਗਿਆ ਹੈ ਕਿ ਭਾਰਤ ਦੀ ਭਾਜਪਾ ਸਰਕਾਰ ਨਹੀਂ ਚਾਹੁੰਦੀ ਕਿ ਸਿੱਖਾਂ ਨਾਲ ਕੋਈ ਵੀ ਮੁਲਕ ਦਾ ਪ੍ਰਧਾਨ ਮੰਤਰੀ ਹਮਦਰਦੀ ਰੱਖੇ, ਕਿਉਂਕਿ ਭਾਰਤੀ ਸਰਕਾਰਾਂ ਨੇ ਸਿੱਖਾਂ ਦੀ ਨਸਲਕੁਸ਼ੀ ਤੱਕ ਕੀਤੀ ਪਰ ਅਜੇ ਤੱਕ ਉਸ ਦਾ ਸਿੱਖਾਂ ਨੂੰ ਇਨਸਾਫ਼ ਤੱਕ ਨਹੀਂ ਮਿਲਿਆ। ਹਿੰਮਤ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿਚ ਸਿੱਖਾਂ ਦੇ ਵਧੇ ਪ੍ਰਭਾਵ ਦਾ ਨਤੀਜਾ ਹੀ ਭਾਰਤੀ ਸਰਕਾਰ ਵੱਲੋਂ ਜਸਟਿਨ ਟਰੂਡੋ ਨਾਲ ਮਾੜਾ ਰਵੱਈਆ ਕੀਤਾ ਹੈ।
ਇਹ ਬਿਆਨ ਜਾਰੀ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਹਿੰਮਤ ਸਿੰਘ, ਤੇ ਹੋਰ ਆਗੂ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਹੈ ਕਿ ਕੈਨੇਡਾ ਆਦਿ ਮੁਲਕਾਂ ਵਿਚ ਸਿੱਖਾਂ ਦੀ ਬਹੁਤ ਜ਼ਿਆਦਾ ਆਬਾਦੀ ਹੈ, ਜਿਸ ਕਰਕੇ ਕੈਨੇਡਾ ਵਿਚ ਭਾਰਤ ਤੋਂ ਕਿਤੇ ਵੱਧ ਸਿੱਖਾਂ ਦੇ ਐਮਪੀਜ਼ ਤੇ ਮੰਤਰੀ ਹਨ, ਇੱਥੇ ਦੇ ਪ੍ਰਧਾਨ ਮੰਤਰੀ ਹਮੇਸ਼ਾ ਸਿੱਖਾਂ ਨਾਲ ਖ਼ਾਸ ਕਰਕੇ ਪੰਜਾਬੀਆਂ ਨਾਲ ਮੋਹ ਦਾ ਰਿਸ਼ਤਾ ਰੱਖਦੇ ਹਨ ਪਰ ਇਹ ਕਦੇ ਵੀ ਭਾਰਤੀ ਸਰਕਾਰਾਂ ਨੂੰ ਗਵਾਰਾ ਨਹੀਂ ਹੋਇਆ, ਭਾਰਤੀ ਸੰਵਿਧਾਨ ਵਿਚ ਇਹ ਕਿਤੇ ਨਹੀਂ ਲਿਖਿਆ ਕਿ ਖ਼ਾਲਿਸਤਾਨ ਦੀ ਵਰਤੋਂ ਕਰਨੀ ਗੈਰ ਕਾਨੂੰਨੀ ਹੈ, ਪਰ ਇੱਥੇ ਜੇਕਰ ਕੋਈ ਖ਼ਾਲਿਸਤਾਨ ਦੀ ਵਰਤੋਂ ਕਰਕੇ ਨਾਅਰਾ ਲਾਉਂਦਾ ਹੈ ਤਾਂ ਉਸ ਨੂੰ ਅੱਤਵਾਦੀ ਕਹਿ ਕੇ ਜੇਲ੍ਹਾਂ ਵਿੱਚ ਡੱਕਿਆ ਜਾਂਦਾ ਹੈ। ਜਦ ਕਿ ਕੈਨੇਡਾ ਵਰਗੇ ਮੁਲਕ ਵਿਚ ਬੋਲਣ ਦੀ ਪੂਰਨ ਆਜ਼ਾਦੀ ਹੈ, ਇਸ ਕਰਕੇ ਭਾਰਤ ਵਿਚ ਘੱਟ ਗਿਣਤੀਆਂ ਖ਼ਾਸ ਕਰਕੇ ਸਿੱਖਾਂ ਨਾਲ ਹੁੰਦੇ ਗੈਰ ਮਨੁੱਖੀ ਵਤੀਰੇ ਦੇ ਵਿਰੁੱਧ ਵਿਦੇਸ਼ਾਂ ਦੀਆਂ ਇਨਸਾਫ਼ ਪਸੰਦ ਸਰਕਾਰਾਂ ਡਟ ਕੇ ਖੜਦੀਆਂ ਹਨ, ਇਸੇ ਤਰ੍ਹਾਂ ਕੈਨੇਡਾ ਦਾ ਹਰੇਕ ਪ੍ਰਧਾਨ ਮੰਤਰੀ ਸਿੱਖਾਂ ਨਾਲ ਹਮਦਰਦੀ ਵੀ ਰੱਖਦਾ ਹੈ ਤੇ ਉਨ੍ਹਾਂ ਦਾ ਪੱਖ ਵੀ ਕਰਦਾ ਹੈ, ਪਰ ਪਿਛਲੇ ਸਮੇਂ ਵਿਚ ਕੈਨੇਡੀਅਨ ਵਿਦੇਸ਼ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਜੋ ਰਵੱਈਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣਾਇਆ ਉਹ ਸਪਸ਼ਟ ਕਰ ਗਿਆ ਕਿ ਇਹ ਲੋਕ ਸਿੱਖਾਂ ਦੇ ਭੇਸ ਵਿਚ ਸਿੱਖ ਵਿਰੋਧੀ ਹਨ, ਜਦ ਕਿ ਸ. ਸੱਜਣ ਨੇ ਕੋਈ ਗੁਨਾਹਗਾਰ ਗੱਲ ਨਹੀਂ ਆਖੀ ਸੀ, ਇੱਥੇ ਅਮਰੀਕਾ ਵਿਚ ਭਾਰਤੀ ਡਿਪਲੋਮੈਟਾਂ ਨੂੰ ਜਨਤਕ ਜਲਸਿਆਂ ਵਿਚ ਬੋਲਣ ਦੀ ਮਨਾਹੀ ਕੀਤੀ ਗਈ ਹੈ, ਨਾਲ ਹੀ ਕਿਸੇ ਵੀ ਧਾਰਮਿਕ ਸਥਾਨ ਤੇ ਆਉਣ ਤੇ ਕੋਈ ਰੋਕ ਨਹੀਂ ਹੈ ਪਰ ਬੋਲਣ ਦੀ ਮਨਾਹੀ ਕੀਤੀ ਗਈ ਹੈ, ਕਿਉਂਕਿ ਭਾਰਤ ਡਿਪਲੋਮੈਟ ਸਿੱਖ ਮਸਲਿਆਂ ਤੇ ਦਖਲਅੰਦਾਜੀ ਕਰਦੇ ਹਨ, ਹਮੇਸ਼ਾ ਹੀ ਕੇਂਦਰ ਦੀਆਂ ਸਰਕਾਰਾਂ ਦੀ ਬੋਲੀ ਬੋਲਦੇ ਹੋਏ ਘੱਟ ਗਿਣਤੀਆਂ ਨੂੰ ਦਬਾ ਕੇ ਰੱਖ ਰਹੇ ਹਨ। ਆਗੂਆਂ ਨੇ ਕਿਹਾ ਕਿ ਭਾਵੇਂ ਬਾਦਲ ਹੋਵੇ ਜਾਂ ਹੁਣ ਅਮਰਿੰਦਰ ਹੋਵੇ ਇਹ ਕੇਂਦਰ ਦੇ ਇਸ਼ਾਰੇ ‘ਤੇ ਪੰਜਾਬ ਨੂੰ ਬਰਬਾਦ ਕਰਨ ਦੇ ਏਜੰਡੇ ਤੇ ਹੀ ਕੰਮ ਕਰਦੇ ਹਨ ਜਦ ਕਿ ਜੇਕਰ ਇਹ ਪੰਜਾਬ ਦੇ ਹਿਤੈਸ਼ੀ ਹੁੰਦੇ ਤਾਂ ਵਿਦੇਸ਼ੀ ਪ੍ਰਧਾਨ ਮੰਤਰੀਆਂ ਨਾਲ ਜਾਂ ਮੰਤਰੀਆਂ ਨਾਲ ਪੰਜਾਬ ਲਈ ਕੋਈ ਵੱਡਾ ਪੈਕੇਜ ਵੀ ਲੈ ਸਕਦੇ ਸਨ। ਸ. ਹਿੰਮਤ ਸਿੰਘ ਨੇ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਪੰਜਾਬ ਦੇ ਸਿੱਖਾਂ ਨੇ ਜਸਟਿਨ ਟਰੂਡੋ ਦਾ ਸਵਾਗਤ ਜ਼ੋਰਦਾਰ ਤਰੀਕੇ ਨਾਲ ਕੀਤਾ ਤੇ ਆਸ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਕੀਤੇ ਵਿਤਕਰੇ ਬਾਰੇ ਪੂਰੀ ਤਰ੍ਹਾਂ ਸਮਝ ਗਏ ਹੋਣਗੇ। ਉਨ੍ਹਾਂ ਕਿਹਾ ਕਿ ਜੋ ਭਾਰਤੀ ਸੱਤਾ ਧਾਰੀ ਲੋਕ ਵਿਦੇਸ਼ੀ ਸੱਤਾਧਾਰੀ ਲੋਕਾਂ ਦਾ ਸਨਮਾਨ ਨਹੀਂ ਕਰਨਗੇ ਉਨ੍ਹਾਂ ਭਾਰਤੀ ਸੱਤਾਧਾਰੀਆਂ ਦਾ ਵਿਦੇਸ਼ਾਂ ਦੀ ਧਰਤੀ ਤੇ ਵੀ ਸਨਮਾਨ ਨਹੀਂ ਹੋਣ ਦਿੱਤਾ ਜਾਵੇਗਾ, ਸਗੋਂ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਆਉਣ ਤੇ ਉਨ੍ਹਾਂ ਨੂੰ ਕਿਸੇ ਵੀ ਸਟੇਜ ਤੇ ਬੋਲਣ ਤੋਂ ਵਾਂਝਾ ਕਰਕੇ ਸਬਕ ਸਿਖਾਇਆ ਜਾਵੇਗਾ।

ਜਾਰੀ ਕਰਤਾ
ਹਿੰਮਤ ਸਿੰਘ, ਕੋਆਰਡੀਨੇਟਰ
ਸਿੱਖ ਕੋਆਰਡੀਨੇਸ਼ਨ ਕਮੇਟੀ(ਯੂਐਸਏ)

ਜਸਟਿਨ ਟਰੂਡੋ ਦੀ ਅੰਮ੍ਰਿਤਸਰ ਆਮਦ ‘ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਦੀ ਕੀਤੀ ਗਈ ਗ੍ਰਿਫ਼ਤਾਰੀ ਸਿੱਖ ਕੌਮ ਨਾਲ ਦੋਹਰੇ ਮਾਪਦੰਡ ਅਪਣਾਉਣ ਵਾਲੇ ਦੁੱਖਦਾਇਕ ਅਮਲ : ਮਾਨ

Prime Minister Justin Trudeau Photo by; Manveer Singh

ਫ਼ਤਹਿਗੜ੍ਹ ਸਾਹਿਬ, 21 ਫਰਵਰੀ ( ) “ਕੈਨੇਡਾ ਦਾ ਮੁਲਕ ਇਕ ਜਮਹੂਰੀਅਤ ਅਤੇ ਅਮਨ ਪਸ਼ੰਦ ਲੀਹਾਂ ਉਤੇ ਪਹਿਰਾ ਦੇਣ ਵਾਲਾ ਮੁਲਕ ਹੈ । ਜਿਥੇ ਵੱਖ-ਵੱਖ ਮੁਲਕਾਂ ਤੇ ਕੌਮਾਂ ਦੇ ਨਿਵਾਸੀ ਵੱਡੀ ਗਿਣਤੀ ਵਿਚ ਜਿੰਦਗੀ ਬਸਰ ਕਰ ਰਹੇ ਹਨ । ਸਿੱਖ ਕੌਮ ਵੀ ਕੈਨੇਡਾ ਵਿਚ ਲੱਖਾਂ ਦੀ ਗਿਣਤੀ ਵਿਚ ਵੱਸੀ ਵੀ ਪਈ ਹੋਈ ਹੈ ਅਤੇ ਉਨ੍ਹਾਂ ਸਿੱਖਾਂ ਦੇ ਕੈਨੇਡਾ ਦੀ ਹਕੂਮਤ ਨਾਲ ਬਹੁਤ ਅੱਛੇ ਅਤੇ ਨਿੱਘੇ ਸੰਬੰਧ ਹਨ । ਕਿਉਂਕਿ ਸਿੱਖਾਂ ਨੇ ਜਿਥੇ ਕੈਨੇਡਾ ਦੇ ਕਾਨੂੰਨ ਅਤੇ ਨਿਯਮਾਂ ਦੀ ਪੂਰੀ ਇਮਾਨਦਾਰੀ ਨਾਲ ਪਾਲਣਾਂ ਕਰਦੇ ਆ ਰਹੇ ਹਨ, ਉਥੇ ਕੈਨੇਡਾ ਦੀ ਤਰੱਕੀ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਦੋਂ ਕੈਨੇਡਾ ਦੇ ਪ੍ਰੀਮੀਅਰ ਸ੍ਰੀ ਜਸਟਿਨ ਟਰੂਡੋ ਪੰਜਾਬ ਦੀ ਪਵਿੱਤਰ ਧਰਤੀ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਉਚੇਚੇ ਤੌਰ ਤੇ ਆਏ ਹਨ ਅਤੇ ਜਿਨ੍ਹਾਂ ਨੇ ਸਿੱਖ ਕੌਮ ਨਾਲ ਆਪਣੇ ਸੰਬੰਧਾਂ ਨੂੰ ਵੀ ਹੋਰ ਮਜ਼ਬੂਤ ਕੀਤਾ ਹੈ, ਉਸ ਸਮੇਂ ਉਨ੍ਹਾਂ ਦੀ ਆਮਦ ਤੇ ਬਿਨ੍ਹਾਂ ਵਜਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਦੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰੀ ਕਰਨ ਦੇ ਅਮਲ ਕੇਵਲ ਕੈਨੇਡਾ ਹਕੂਮਤ ਅਤੇ ਸਿੱਖਾਂ ਦੇ ਡੂੰਘੇ ਰਿਸਤੇ ਵਿਚ ਕੜਵਾਹਟ ਪੈਦਾ ਕਰਨ ਵਾਲੇ ਹੀ ਨਹੀਂ ਹਨ, ਬਲਕਿ ਸਿੱਖ ਕੌਮ ਨੂੰ ਜ਼ਲੀਲ ਕਰਨ ਵਾਲੀ ਵੀ ਦੁੱਖਦਾਇਕ ਕਾਰਵਾਈ ਕੀਤੀ ਗਈ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਇਹ ਮੰਗ ਕਰਦਾ ਹੈ ਕਿ ਜਿਸ ਅਫ਼ਸਰਸ਼ਾਹੀ ਨੇ ਇਹ ਗੈਰ-ਜਮਹੂਰੀਅਤ ਅਤੇ ਗੈਰ-ਕਾਨੂੰਨੀ ਕਾਰਵਾਈ ਕੀਤੀ ਹੈ, ਉਨ੍ਹਾਂ ਵਿਰੁੱਧ ਫੋਰੀ ਕਾਨੂੰਨੀ ਕਾਰਵਾਈ ਕਰਦੇ ਹੋਏ ਸਿੱਖ ਕੌਮ ਨੂੰ ਇਨਸਾਫ਼ ਵੀ ਦਿੱਤਾ ਜਾਵੇ ਅਤੇ ਅੱਗੋ ਲਈ ਅਜਿਹੀਆ ਕਾਰਵਾਈਆ ਬੰਦ ਕਰਨ ਦਾ ਪ੍ਰਬੰਧ ਕੀਤਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸ੍ਰੀ ਜਸਟਿਨ ਟਰੂਡੋ ਦੀ 21 ਫਰਵਰੀ ਦੀ ਆਮਦ ਤੋ ਇਕ ਦਿਨ ਪਹਿਲੇ 20 ਫਰਵਰੀ ਦੀ ਰਾਤ ਨੂੰ ਅੰਮ੍ਰਿਤਸਰ ਦੇ ਪਾਰਟੀ ਨਾਲ ਸੰਬੰਧਤ ਆਗੂਆਂ ਦੇ ਘਰ ਛਾਪੇ ਮਾਰਕੇ ਗ੍ਰਿਫ਼ਤਾਰੀਆਂ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਸੈਂਟਰ ਅਤੇ ਪੰਜਾਬ ਦੇ ਹੁਕਮਰਾਨਾਂ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਸੀਨੀਅਰ ਆਗੂ ਸ. ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ ਸਕੱਤਰ, ਸ. ਅਮਰੀਕ ਸਿੰਘ ਨੰਗਲ ਜਿ਼ਲ੍ਹਾ ਪ੍ਰਧਾਨ ਅੰਮ੍ਰਿਤਸਰ, ਕੁਲਵੰਤ ਸਿੰਘ ਮਜੀਠਾ, ਕੁਲਵੰਤ ਸਿੰਘ ਮਝੈਲ, ਬਲਜਿੰਦਰ ਸਿੰਘ ਢਿੱਲੋਂ, ਸਤਨਾਮ ਸਿੰਘ ਕੋਟਖ਼ਾਲਸਾ ਆਦਿ ਆਗੂਆਂ ਨੂੰ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨ ਤੋਂ ਰੋਕਣ ਹਿੱਤ ਕੀਤੀਆ ਗ੍ਰਿਫ਼ਤਾਰੀਆਂ ਪਾਰਟੀ ਲਈ ਅਸਹਿ ਵੀ ਹਨ ਅਤੇ ਹੁਕਮਰਾਨਾਂ ਦੇ ਮੱਥੇ ‘ਤੇ ਜਮਹੂਰੀਅਤ ਦੇ ਨਿਯਮਾਂ ਦੀਆਂ ਧੱਜੀਆ ਉਡਾਉਣ ਦੀ ਕਾਰਵਾਈ ਹੈ । ਸ. ਮਾਨ ਨੇ ਅਮਨ ਪਸ਼ੰਦ ਢੰਗਾਂ ਦੀ ਵਰਤੋਂ ਕਰਨ ਵਾਲੇ ਅਤੇ ਜਮਹੂਰੀਅਤ ਕਦਰਾ-ਕੀਮਤਾ ਦੀ ਕਦਰ ਕਰਨ ਵਾਲੇ ਉਪਰੋਕਤ ਪਾਰਟੀ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਅਤੇ ਸਿੱਖ ਕੌਮ ਕੋਲੋ ਇਸ ਹੋਈ ਗੁਸਤਾਖੀ ਲਈ ਜਨਤਕ ਤੌਰ ਤੇ ਮੁਆਫ਼ੀ ਮੰਗਣ ਦੀ ਵੀ ਮੰਗ ਕੀਤੀ ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਛੋਟੇ ਸਪੁੱਤਰ ਹੇਡਰੀਅਨ ਟਰੂਡੋ ਖਿੱਚ ਦਾ ਕੇਂਦਰ ਬਣ ਰਹੇ ਹਨ


ਦਿੱਲੀ (ਫਰਵਰੀ 18-2018-ਮਨਵੀਰ ਸਿੰਘ) ਜਿਉਂ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਜਹਾਜ਼ ਦਿੱਲੀ ਲੱਗਿਆਂ ਤੇ 3 ਸਾਲ ਦੀ ਉਮਰ ਦਾ ਹੇਡਰੀਅਨ ਟਰੂਡੋ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਹਨ। ਅਗਰ ਕੋਈ ਪ੍ਰਧਾਨ ਮੰਤਰੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਾ ਹੈ ਤਾਂ ਉਹ ਹੇਡਰੀਅਨ ਫੜ ਕੇ ਫੋਟੋ ਲਈ ਪੋਜ਼ ਬਣਾ ਲੈਂਦਾ ਹੈ। ਭਾਵੇਂ ਕਿ ਜਹਾਜ਼ ਚੋਂ ਉਤਰਨ ਵੇਲੇ ਲਾਲ ਕਾਰਪਿਟ ਵਿਛਾਈ ਗਈ ਸੀ ਅਤੇ ਪ੍ਰਧਾਨ ਮੰਤਰੀ ਦਾ ਸਾਰਾ ਪ੍ਰੀਵਾਰ ਲਾਲ ਕਾਰਪਿਟ ਤੇ ਚੱਲ ਰਿਹਾ ਸੀ, ਪਰ ਜਨਾਬ ਹੇਡਰੀਅਨ ਟਰੂਡੋ ਆਪਣੀ ਮਸਤੀ ਵਿੱਚ ਲਾਲ ਕਾਰਪਿਟ ਤੋਨ ਬਾਹਰ ਮਜਾਜ਼ ਵਿੱਚ ਤੁਰੇ ਫਿਰਦੇ ਨਜ਼ਰ ਆਏ। ਹੇਡਰੀਅਨ ਦੀਆਂ ਇਨ੍ਹਾਂ ਕਲੋਲਾਂ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸੋਫੀਆ ਕਾਫੀ ਖੁਸ਼ ਹਨ।

ਪ੍ਰਧਾਨ ਮੰਤਰੀ ਦੇ ਵਫਦ ਵਿੱਚ ਭਾਰਤ ਦੇ ਦੌਰੇ ਤੇ ਗਏ ਸਿੱਖ ਐਮ ਪੀਜ਼ ਨੇ ਰਕਾਬ ਗੰਜ ਗੁਰਦੁਆਰਾ ਸਾਹਿਬ ਅਤੇ ਵਿਡੋ ਕਾਲਨੀ ਦਾ ਕੀਤਾ ਦੌਰਾ

ਦਿੱਲੀ (ਫਰਵਰੀ 18-2018-ਮਨਵੀਰ ਸਿੰਘ) ਪ੍ਰਧਾਨ ਮੰਤਰੀ ਦੇ ਵਫਦ ਵਿੱਚ ਭਾਰਤ ਦੇ ਦੌਰੇ ਤੇ ਆਏ ਸਿੱਖ ਐਮ ਪੀਜ਼ ਨੇ ਰਕਾਬ ਗੰਜ ਗੁਰਦੁਆਰਾ ਸਾਹਿਬ ਅਤੇ ਵਿਡੋ ਕਾਲਨੀ ਦਾ ਕੀਤਾ ਦੌਰਾ ਹੈ। ਇਸ ਪੱਤਰਕਾਰ ਨਾਲ ਗੱਲ ਕਰਦਿਆਂ ਐਮ ਪੀ ਸੋਨੀਆ ਸਿੱਧੂ, ਐਮ ਪੀ ਰੂਬੀ ਸਹੋਤਾ ਅਤੇ ਐਮ ਪੀ ਰਣਦੀਪ ਸਰਾਏ ਨੇ ਦੱਸਿਆ ਕਿ ਜਿਥੇ ਉਹ ਰਕਾਬ ਗੰਜ ਗੁਰਦੁਆਰਾ ਸਾਹਿਬ ਗਏ ਅਤੇ ਗੁਰੁ ਸਾਹਿਬ ਤੋਂ ਅਸ਼ੀਰਵਾਦ ਲਈ ਉਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਨੇ ਕਨੇਡੀਅਨ ਐਮ ਪੀਜ਼ ਦਾ ਨਿੱਘਾ ਸੁਆਗਤ ਕੀਤਾ।
ਵਿਡੋ ਕਾਲਨੀ ਦਾ ਦੌਰਾ ਕਰਨ ਤੋਂ ਬਾਅਦ ਐਮ ਪੀਜ਼ ਨੇ ਕਿਹਾ ਕਿ ਉਨ੍ਹਾਂ ਨੂੰ ਇਥੇ ਜਾ ਕੇ ਬੜੀ ਚੀਸ ਮਹਿਸੂਸ ਹੋਈ ਕਿ ਕਿਸੇ ਕਾਲਨੀ ਦਾ ਨਾਮ ਵਿਡੋ ਕਾਲਨੀ ਰੱਖਿਆ ਹੋਇਆ ਹੈ। 1984 ਦੇ ਸਿੱਖ ਜੈਨੋਸਾਈਡ ਦੇ ਪੀਡਤਾਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਅਤੇ ਨਾ ਹੀ ਇਨਸਾਫ ਦੀ ਆਸ ਹੈ। ਐਮ ਪੀ ਰਣਦੀਪ ਸਰਾਏ ਨੇ ਕਿਹਾ ਕਿ ਸਾਡੇ ਵਾਸਤੇ ਇਹ ਬੜਾ ਦਰਦਮਈ ਅਤੇ ਭਾਵਨਾਤਮਿਕ ਪਲ ਸਨ।
ਸਰਾਏ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੌਰਾ ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰਕ ਸੰਧੀਆਂ ਰਾਹੀਂ ਵਪਾਰਕ ਅਦਾਨ ਪ੍ਰਦਾਨ ਨੂੰ ਵਧਾਇਆ ਜਾ ਸਕੇ।
ਭਾਰਤੀ ਮੀਡੀਏ ਵਲੋਂ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਕੁੜੱਤਣ ਪੈਦਾ ਕਰਨ ਦੀ ਕੀਤੀ ਗਏ ਹਰਕਤ ਬਾਰੇ ਐਮ ਪੀ ਸਰਾਏ ਨੇ ਕਿਹਾ ਕਿ ਉਹ ਸਾਰੀਆਂ ਖਬਰਾਂ ਬੇਤੁੱਕੀਆਂ ਸਨ ਅਤੇ ਉਨ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਸੱਟ ਮਾਰਨਯੋਗ ਸਨ। ਸਰਾਏ ਨੇ ਕਿਹਾ ਕਿ ਕੈਨੇਡਾ ਦੇ ਸਿੱਖ ਸ਼ਾਂਤਮਈ ਢੰਗ ਨਾਲ 1984 ਦੇ ਦੁਖਾਂਤ ਲਈ ਇਨਸਾਫ ਦੀ ਲਗਾਤਾਰ ਮੰਗ ਕਰਦੇ ਰਹੇ ਹਨ, ਜੋ ਕਿ ਜਾਇਜ਼ ਹੈ। ਸਰਾਏ ਨੇ ਅੱਗੇ ਕਿਹਾ ਕਿ ਖਾਲਿਸਤਾਨ ਦੀ ਸ਼ਾਂਤਮਈ ਗੱਲ ਕਰਨੀ ਕੈਨੇਡਾ ਦੇ ਕਾਨੂੰਨ ਅਨੁਸਾਰ ਜਾਇਜ਼ ਹੈ। ਪਰ ਮਾਰਧਾੜ ਨੂੰ ਕੈਨੇਡਾ ਵਿੱਚ ਅਜਿਹੀ ਕੋਈ ਗੱਲ ਨਹੀਂ ਹੈ। ਸਰਾਏ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਖਾਲਿਸਤਾਨ ਦੀ ਗੱਲ ਕਰਨੀ ਭਾਰਤ ਵਿੱਚ ਵੀ ਗੈਰਕਾਨੂੰਨੀ ਨਹੀਂ ਹੈ।