ਜਿਵੇਂ ਕੈਨੇਡੀਅਨ ਸਿੱਖਾਂ ਨੇ ਆਪਣੇ ਗੁਰੂਘਰਾਂ ਵਿਚ ਇੰਡੀਆਂ ਦੇ ਅਧਿਕਾਰੀਆਂ ਦਾ ਦਾਖਲਾ ਬੰਦ ਕੀਤਾ ਹੈ, ਉਸੇ ਤਰ੍ਹਾਂ ਬਰਤਾਨੀਆ ਅਤੇ ਅਮਰੀਕਾ ਦੇ ਸਿੱਖਾਂ ਵੱਲੋਂ ਕੀਤੇ ਗਏ ਫੈਸਲੇ ਵੀ ਸਵਾਗਤਯੋਗ : ਮਾਨ

Simranjit Singh Mann

ਫ਼ਤਹਿਗੜ੍ਹ ਸਾਹਿਬ, 10 ਜਨਵਰੀ (ਮਪ) “ਕੈਨੇਡਾ ਦੇ ਸਿੱਖਾਂ ਨੇ ਦੂਰਅੰਦੇਸ਼ੀ ਤੋਂ ਕੰਮ ਲੈਦੇ ਹੋਏ ਸਿੱਖ ਕੌਮ ਨੂੰ ਗੁਰੂਘਰਾਂ ਵਿਚ ਇਕ ਲੜੀ ਵਿਚ ਪਰੋਣ ਅਤੇ ਗੁਰੂਘਰਾਂ ਦੇ ਪ੍ਰਬੰਧ ਨੂੰ ਬਿਨ੍ਹਾਂ ਕਿਸੇ ਦੇ ਦਖ਼ਲ ਤੋਂ ਸਿੱਖ ਕੌਮ ਦੀਆਂ ਰਵਾਇਤਾਂ, ਨਿਯਮਾਂ ਅਨੁਸਾਰ ਚਲਾਉਣ ਲਈ ਜੋ ਬੀਤੇ ਕੁਝ ਦਿਨ ਪਹਿਲੇ ਕੈਨੇਡਾ ਦੇ ਸਮੁੱਚੇ ਗੁਰੂਘਰਾਂ ਵਿਚ ਮੁਤੱਸਵੀ ਅਤੇ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਅਤੇ ਸਿੱਖ ਕੌਮ ਨੂੰ ਸਾਜ਼ਸੀ ਢੰਗਾਂ ਰਾਹੀ ਭਰਾਮਾਰੂ ਜੰਗ ਵਿਚ ਉਲਝਾਉਣ ਦੀਆਂ ਕਾਰਵਾਈਆ ਕਰਨ ਵਾਲੇ ਡਿਪਲੋਮੈਟਸ ਅਤੇ ਸਰਕਾਰੀ ਅਧਿਕਾਰੀਆਂ ਦੇ ਦਾਖਲੇ ਉਤੇ ਜੋ ਪਾਬੰਦੀ ਲਗਾਈ ਹੈ, ਉਹ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਅਤੇ ਸਿੱਖ ਕੌਮ ਵੱਲੋਂ ਆਪਣੇ ਸਿਧਾਤਾਂ ਤੇ ਨਿਯਮਾਂ ਅਨੁਸਾਰ ਬਾਹਰਲੇ ਮੁਲਕਾਂ ਵਿਚ ਜਿੰਦਗੀ ਬਸਰ ਕਰਨ ਤੇ ਆਪਣੀ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਗਏ ਉਦਮ ਦੀ ਜੋ ਅਸੀਂ ਭਰਪੂਰ ਸਲਾਘਾ ਕੀਤੀ ਸੀ, ਉਸੇ ਤਰ੍ਹਾਂ ਜੋ ਹੁਣ ਅਮਰੀਕਾ ਅਤੇ ਬਰਤਾਨੀਆ ਦੇ ਸਿੱਖਾਂ ਨੇ ਵੀ ਇਹ ਕੌਮ ਪੱਖੀ ਫੈਸਲਾ ਕੀਤਾ ਹੈ, ਉਸਦਾ ਵੀ ਅਸੀਂ ਤਹਿ ਦਿਲੋਂ ਭਰਪੂਰ ਸਵਾਗਤ ਕਰਦੇ ਹਾਂ । ਕਿਉਂਕਿ ਇੰਡੀਆਂ ਦੇ ਅਧਿਕਾਰੀ, ਖੂਫੀਆ ਏਜੰਸੀਆਂ, ਬਾਹਰਲੇ ਮੁਲਕਾਂ ਦੇ ਗੁਰੂਘਰਾਂ ਦੇ ਪ੍ਰਬੰਧ ਵਿਚ ਪਿਛਲੇ ਦਰਵਾਜਿਓ ਸਾਜ਼ਸੀ ਢੰਗਾਂ ਨਾਲ ਦਾਖਲ ਹੋ ਕੇ ਕੇਵਲ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਦੇ ਪ੍ਰਬੰਧ ਨੂੰ ਹੀ ਤਹਿਸ-ਨਹਿਸ ਨਹੀਂ ਕਰ ਰਹੇ, ਬਲਕਿ ਸਿੱਖ ਕੌਮ ਦੇ ਗੁਰੂਘਰਾਂ ਦੇ ਪ੍ਰਬੰਧਕਾਂ ਵਿਚ ਗਰੁੱਪਬਾਜੀ ਖੜ੍ਹੀ ਕਰਕੇ ਉਨ੍ਹਾਂ ਵਿਚ ਭਰਾਮਾਰੂ ਜੰਗ ਕਰਵਾਉਣ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਵਿਊਤਾ ਤੇ ਕੰਮ ਕਰਦੇ ਆ ਰਹੇ ਹਨ । ਇਸ ਲਈ ਬਾਹਰਲੇ ਮੁਲਕਾਂ ਦੇ ਸਿੱਖਾਂ ਲਈ ਇਹ ਅਤਿ ਜ਼ਰੂਰੀ ਉਦਮ ਕਰਨਾ ਪਹਿਲਾ ਫਰਜ ਬਣ ਗਿਆ ਸੀ । ਤਾਂ ਕਿ ਹਿੰਦੂਤਵ ਹੁਕਮਰਾਨ ਆਪਣੇ ਸਿੱਖ ਵਿਰੋਧੀ ਮਨਸੂਬਿਆਂ ਨੂੰ ਪੂਰਨ ਕਰਕੇ ਸਿੱਖ ਕੌਮ ਦੀ ਬਦਨਾਮੀ ਕਰਨ ਦੇ ਅਮਲਾਂ ਵਿਚ ਕਾਮਯਾਬ ਨਾ ਹੋ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਹਿਲੇ ਕੈਨੇਡਾ ਦੇ ਸਿੱਖਾਂ ਵੱਲੋਂ ਕੀਤੇ ਗਏ ਫੈਸਲੇ ਦਾ ਸਵਾਗਤ ਕੀਤਾ ਸੀ ਅਤੇ ਹੁਣ ਅਮਰੀਕਾ ਤੇ ਬਰਤਾਨੀਆ ਦੇ ਸਿੱਖਾਂ ਵੱਲੋਂ ਕੀਤੇ ਗਏ ਕੌਮ ਪੱਖੀ ਫੈਸਲਿਆ ਦਾ ਸਵਾਗਤ ਕਰਦੇ ਹੋਏ ਅਤੇ ਹਿੰਦੂਤਵ ਹੁਕਮਰਾਨਾਂ ਅਤੇ ਇਨ੍ਹਾਂ ਦੀਆਂ ਖੂਫੀਆ ਏਜੰਸੀਆਂ ਦੇ ਸਿੱਖ ਵਿਰੋਧੀ ਅਮਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬੀਤੇ ਸਮੇਂ ਵਿਚ ਸਿਰਕੱਢ, ਸੂਝਵਾਨ, ਸਿੱਖ ਕੌਮ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਦਾ ਬਾਹਰਲੇ ਮੁਲਕਾਂ ਅਤੇ ਉਨ੍ਹਾਂ ਦੇ ਹੁਕਮਰਾਨਾਂ ਵਿਚ ਪ੍ਰਚਾਰ ਕਰਨ ਵਾਲੇ ਉਨ੍ਹਾਂ ਸਿੱਖਾਂ ਜੋ ਸਿੱਖ ਕੌਮ ਦਾ ਸੰਪੂਰਨ ਪ੍ਰਭੂਸਤਾ ਆਜ਼ਾਦ ਬਾਦਸ਼ਾਹੀ ਵਾਲਾ ਸਿੱਖ ਸਟੇਟ ਜਮਹੂਰੀਅਤ ਤੇ ਅਮਨਮਈ ਤਰੀਕੇ ਕਾਇਮ ਕਰਨ ਲਈ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਦੀ ਦੇਖਰੇਖ ਹੇਠ ਸਰਗਰਮੀਆਂ ਕਰ ਰਹੇ ਹਨ, ਉਨ੍ਹਾਂ ਦੀਆਂ ‘ਕਾਲੀਆ ਸੂਚੀਆਂ’ ਬਣਾਕੇ ਇਕ ਤਾਂ ਸਿੱਖ ਕੌਮ ਨੂੰ ਪਹਿਲੇ ਹੀ ਇਨ੍ਹਾਂ ਨੇ ਵਿਧਾਨਿਕ, ਸਮਾਜਿਕ, ਰਾਜਨੀਤਿਕ ਤੌਰ ਤੇ ਵੱਡੇ ਵਿਤਕਰੇ ਕਰਦੇ ਆ ਰਹੇ ਹਨ । ਫਿਰ ਇਹ ਸਾਜਿਸਾਂ ਰਾਹੀ ਕੇਵਲ ਸਾਡੇ ਗੁਰੂਘਰਾਂ ਦੇ ਪ੍ਰਬੰਧ ਵਿਚ ਹੀ ਦਖ਼ਲ ਹੀ ਨਹੀਂ ਦਿੰਦੇ, ਬਲਕਿ ਬਾਹਰਲੇ ਮੁਲਕਾਂ ਦੀ “ਪ੍ਰਭੂਸਤਾ” ਵਿਚ ਵੀ ਦਖ਼ਲ ਦੇਣ ਦੀਆਂ ਕਾਰਵਾਈਆ ਕਰਕੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਅਤੇ ਇਸ ਦਿਸ਼ਾ ਵੱਲ ਅਮਲੀ ਰੂਪ ਵਿਚ ਕੰਮ ਕਰਨ ਵਾਲੀ ਸਿੱਖ ਕੌਮ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਵੀ ਬਣਾਉਦੇ ਆ ਰਹੇ ਹਨ ਅਤੇ ਇਨ੍ਹਾਂ ਸਾਜ਼ਿਸਾਂ ਰਾਹੀ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਅਤੇ ਉਥੋ ਦੇ ਨਿਵਾਸੀਆਂ ਦੀ ਨਜ਼ਰ ਵਿਚ ਸਿੱਖ ਕੌਮ ਦੇ ਉੱਚੇ-ਸੁੱਚੇ ਅਕਸ ਨੂੰ ਵੀ ਧੁੰਦਲਾ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਆ ਰਹੇ ਹਨ । ਇਸ ਲਈ ਸਿੱਖ ਕੌਮ ਲਈ ਇਨ੍ਹਾਂ ਦੀਆਂ ਅਜਿਹੀਆ ਖ਼ਾਲਸਾ ਪੰਥ ਮਾਰੂ ਕਾਰਵਾਈਆ ਦਾ ਅੰਤ ਕਰਨ ਲਈ ਸਿੱਖ ਕੌਮ ਵੱਲੋਂ ਅਜਿਹਾ ਫੈਸਲਾ ਲੈਣਾ ਜ਼ਰੂਰੀ ਹੋ ਗਿਆ ਸੀ ।

ਬੇਸ਼ੱਕ ਸਾਡੇ ਗੁਰੂ ਸਾਹਿਬਾਨ ਨੇ ਮਨੁੱਖਤਾ ਅਤੇ ਵਿਸ਼ਾਲਤਾ ਦਾ ਪੈਗਾਮ ਦਿੰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ 4 ਦਰਵਾਜੇ ਇਸ ਲਈ ਰੱਖੇ ਹਨ ਕਿ ਉਥੇ ਕਿਸੇ ਵੀ ਧਰਮ, ਕੌਮ, ਫਿਰਕੇ ਆਦਿ ਨਾਲ ਸੰਬੰਧਤ ਇਨਸਾਨ ਆ ਕੇ ਆਪਣੀ ਸਰਧਾ ਰਾਹੀ ਦਰਸ਼ਨ ਵੀ ਕਰ ਸਕਦਾ ਹੈ ਅਤੇ ਆਪਣੀਆ ਮਨ ਦੀਆਂ ਮੁਰਾਦਾ, ਇਛਾਵਾ ਦੀ ‘ਅਰਦਾਸ’ ਰਾਹੀ ਪੂਰਤੀ ਵੀ ਕਰ ਸਕਦਾ ਹੈ । ਇਹ ਲੋਕ ਉਸ ਵੱਡੀ ਸੋਚ ਦਾ ਹਵਾਲਾ ਦੇ ਕੇ ਸਿੱਖ ਕੌਮ ਨੂੰ ਆਪਣੇ ਗੁਰੂਘਰਾਂ ਵਿਚ ਸਾਜ਼ਸੀ ਲੋਕਾਂ ਦੇ ਦਾਖਲੇ ਨੂੰ ਖੁੱਲ੍ਹਾ ਰੱਖਣ ਦੀ ਦਲੀਲ ਦਿੰਦੇ ਹਨ, ਪਰ ਗੁਰੂ ਸਾਹਿਬਾਨ ਨੇ ਸਾਨੂੰ ਗੁਰਬਾਣੀ ਵਿਚ ਅਜਿਹੇ ‘ਅਕ੍ਰਿਤਘਣਾ’ ਬਾਰੇ ਸੁਚੇਤ ਵੀ ਕੀਤਾ ਹੈ ਕਿ ਕਿਸ ਤਰ੍ਹਾਂ ਜਦੋਂ ਦੁਸ਼ਮਣ ਸਾਜ਼ਸੀ ਢੰਗਾਂ ਰਾਹੀ ਸਾਡੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਅਤੇ ਅਮਲਾਂ ਨੂੰ ਸੱਟ ਮਾਰਨ ਲਈ ਅਮਲ ਕਰੇ ਤਾਂ ਉਸਦੇ ਖਾਤਮੇ ਲਈ ਅਜਿਹੇ ਦੋਖੀਆਂ ਅਤੇ ਸਾਜ਼ਿਸਕਾਰਾਂ ਨੂੰ ਕਿਸ ਤਰ੍ਹਾਂ ਜੁਆਬ ਦੇਣਾ ਹੈ ਅਤੇ ਉਸ ਤੋਂ ਕਿਸ ਤਰ੍ਹਾਂ ਬਚਣਾ ਹੈ, ਇਸਦਾ ਰਾਹ ਵੀ ਸਾਨੂੰ ਦਰਸਾਇਆ ਗਿਆ ਹੈ । ਇਸ ਲਈ ਸਾਡੀ ਵਿਸ਼ਾਲਤਾ ਅਤੇ ਮਨੁੱਖਤਾ ਪੱਖੀ ਸੋਚ ਦੀ ਦੁਰਵਰਤੋਂ ਕਰਕੇ ਅਜਿਹੇ ਸਾਜ਼ਿਸਕਾਰ ਅਤੇ ਸਿੱਖ ਕੌਮ ਵਿਰੋਧੀ ਤਾਕਤਾਂ ਸਾਨੂੰ ਸੰਸਾਰ ਵਿਚ ਕਤਈ ਵੀ ਲਾਜੁਆਬ ਨਹੀਂ ਕਰ ਸਕਦੀਆ । ਜੋ ਸਿੱਖ ਕੌਮ ਨੇ ਗੁਰੂਘਰਾਂ ਦੇ ਸੰਬੰਧ ਵਿਚ ਵੱਡਮੁੱਲੇ ਫੈਸਲੇ ਕੀਤੇ ਹਨ, ਅਜਿਹੇ ਫੈਸਲੇ ਹੋਰ ਯੂਰਪਿੰਨ ਅਤੇ ਦੂਸਰੇ ਮੁਲਕਾਂ ਦੇ ਸਿੱਖਾਂ ਨੂੰ ਵੀ ਤੁਰੰਤ ਕਰ ਦੇਣੇ ਚਾਹੀਦੇ ਹਨ ਅਤੇ ਜਿਵੇਂ ਬਾਹਰਲੇ ਸਿੱਖ ਹਰ ਵਰਤਾਰੇ ਤੋਂ ਸੁਚੇਤ ਰਹਿਕੇ ਅਮਲ ਕਰ ਰਹੇ ਹਨ, ਉਸੇ ਤਰ੍ਹਾਂ ਇੰਡੀਆਂ ਅਤੇ ਪੰਜਾਬ ਵਿਚ ਵੱਸਣ ਵਾਲੇ ਸਿੱਖਾਂ ਨੂੰ ਵੀ ਸਿੱਖੀ ਪਹਿਰਾਵੇ ਵਿਚ ਇਨ੍ਹਾਂ ਹੁਕਮਰਾਨਾਂ ਦੀਆਂ ਸਾਜ਼ਿਸਾਂ ਨੂੰ ਪੂਰਨ ਕਰਨ ਵਾਲੇ ਮੌਜੂਦਾ ਐਸ.ਜੀ.ਪੀ.ਸੀ. ਉਤੇ ਕਾਬਜ ਆਗੂਆਂ ਦੇ ਸਿੱਖ ਵਿਰੋਧੀ ਚਿਹਰਿਆ ਨੂੰ ਪਹਿਚਾਣਦੇ ਹੋਏ ਸਹੀ ਦਿਸ਼ਾ ਵੱਲ ਅਮਲ ਕਰਨੇ ਬਣਦੇ ਹਨ ਤਾਂ ਕਿ ਹਿੰਦੂ ਹੁਕਮਰਾਨਾਂ ਅਤੇ ਉਨ੍ਹਾਂ ਦੇ ਭਾਈਵਾਲਾ ਦੇ ਖੂਖਾਰ ਤੇ ਕਰੂਪ ਮਨੁੱਖਤਾ ਵਿਰੋਧੀ ਚਿਹਰੇ ਖੁਦ-ਬ-ਖੁਦ ਸੰਸਾਰ ਸਾਹਮਣੇ ਆ ਸਕਣ ।

ਖਾਲਿਸਤਾਨ ਜ਼ਿੰਦਾਬਾਦ ਦੇ ਅਕਾਸ਼ ਗੁਜਾਊ ਜੈਕਾਰਿਆਂ ਨਾਲ ਚੜਾਇਆ ਸੰਨ 2018


ਮਿਸੀਸਾਗਾ (ਕੈਨੇਡਾ) ਦਸੰਬਰ 31 2017:- ਮਿੱਠੀਆਂ ਅਤੇ ਕੁਸ਼ੈਲੀਆਂ ਯਾਦਾਂ ਨਾਲ ਸੰਨ 2017 ਅੱਜ ਸਮਾਪਤ ਹੋ ਗਿਆ ਹੈ ਅਤੇ ਸੰਨ 2018 ਨੂੰ ਜੀ ਆਇਆ ਕਹਿਣ ਲਈ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਸਵੇਰ ਤੋਂ ਹੀ ਸੰਗਤ ਦਾ ਰੂਝਾਨ ਵੱਧ ਰਿਹਾ ਸੀ। ਕੜਕਵੀਂ ਠੰਢ ਵਿੱਚ 20-25 ਹਜ਼ਾਰ ਦੀ ਤਾਦਾਦ ਵਿੱਚ ਮੌਜੂਦ ਸੰਗਤ ਨੇ ਸੰਨ 2017 ਨੂੰ ਅਲਵਿਦਾ ਅਤੇ 2018 ਨੂੰ ਜੀ ਆਇਆਂ ਕਿਹਾ। ਜਿਉਂ ਹੀ ਘੜੀ ਦੀਆਂ ਸੂਈਆਂ ਨੇ ਗਲਵਕੜੀ ਪਾਈ ਤਾਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਡਿਕਸੀ ਗੁਰਦੁਆਰਾ ਸਾਹਿਬ ਦਾ ਹਾਲ ਗੂੰਜ ਉਠਿਆ। ਚਾਰ ਚੁਫੇਰਿਆਂ ਗੁਰੂ ਦੀ ਗੋਦੀ ਦਾ ਨਿੱਘ ਮਾਣ ਰਹੀ ਗੁਰੂ ਕੀ ਸੰਗਤ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਤੋਂ ਬਾਅਦ ਖਾਲਿਸਤਾਨ ਜ਼ਿੰਦਾਬਾਦ ਦੇ ਅਕਾਸ਼ ਗੁਜਾਊ ਜੈਕਾਰਿਆਂ ਨਾਲ ਭਾਰਤ ਸਰਕਾਰ ਦੇ ਕਰਿੰਦਿਆਂ ਨੂੰ ਕੰਬਣੀ ਛੇੜ ਦਿੱਤੀ। ਪਹਿਲਾਂ ਦੋ ਖਾਲਿਸਤਾਨ ਦੇ ਜੈਕਾਰੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਨੇ ਗਜਾਏ ਉਪਰੰਤ ਭਾਈ ਜਰਨੈਲ ਸਿੰਘ ਭਿੰਡਰ ਨੇ ਦੋ ਜੈਕਾਰਿਆਂ ਦੀ ਸੇਵਾ ਨਿਭਾਈ। 5ਵਾਂ ਜੈਕਾਰਾ ਗਜਾਉਣ ਤੋਂ ਪਹਿਲਾਂ ਪ੍ਰਧਾਨ ਗੁਰਪ੍ਰੀਤ ਸਿੰਘ ਬਾਲ ਨੇ ਕਿਹਾ ਕਿ ਅੱਜ ਐਥੇ ਸੰਗਤ ਵਿੱਚ ਬੈਠੇ ਭਾਰਤ ਸਰਕਾਰ ਦੇ ਏਜੰਟਾਂ ਨੂੰ ਆਓ ਸੁਨੇਹਾ ਦੇ ਦੇਈਏ ਕਿ ਖਾਲਸਾ ਪੰਥ ਆਪਣੇ ਕੌਮੀ ਘਰ ਦੀ ਪ੍ਰਾਪਤੀ ਲਈ ਸੰਘਰਸ਼ੀਲ ਹੈ। ਉਨ੍ਹਾਂ ਸੰਗਤ ਨੂੰ ਇਸ ਜੈਕਾਰੇ ਦਾ ਗੜਕਵੀਂ ਆਵਾਜ਼ ਵਿੱਚ ਜੁਆਬ ਦੇਣ ਦੀ ਅਪੀਲ ਕਰਦਿਆਂ ਖਾਲਿਸਤਾਨ ਜ਼ਿੰਦਾਬਾਦ ਦਾ ਜੈਕਾਰਾ ਗਜਾਇਆ। ਉਪਰੰਤ ਜਪੁਜੀ ਸਾਹਿਬ ਦਾ ਪਾਠ ਸਮੂਹਕ ਰੂਪ ਵਿੱਚ ਕੀਤਾ ਗਿਆ ਅਤੇ ਅੰਤ ਵਿੱਚ ਗੁਰੁ ਮਹਾਰਾਜ਼ ਦੇ ਚਰਨ੍ਹਾਂ ਵਿੱਚ  ਖਾਲਿਸਤਾਨ ਦੀ ਅਰਦਾਸ ਕੀਤੀ ਗਈ।
ਉਨਰਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੀ ਇਹ ਰਵਾਇਤ ਰਹੀ ਹੈ ਕਿ ਇਥੇ ਹਰ ਸਾਲ ਨਵੇਂ ਸਾਲ ਤੇ ਖਲਿਸਤਾਨ ਪ੍ਰਤੀ ਕੌਮ ਦੀ ਵਚਨਵੱਧਤਾ ਨੂੰ 5 ਜੈਕਾਰਿਆਂ ਰਾਹੀਂ ਦੁਹਰਾਇਆ ਜਾਂਦਾ ਹੈ।

ਭਾਰਤੀ ਕਾਂਸਲੇਟ ਦਾ ਟਰਾਂਟੋ ਦੇ ਗੁਰਦੁਆਰਿਆਂ ਵਲੋਂ ਮੁਕੰਮਲ ਬਾਈਕਾਟ

ਮੋਦੀ ਸਰਕਾਰ ਦੀਆਂ ਸਿੱਖਾਂ ਨੂੰ 1984 ਭੁੱਲ ਕੇ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦੀਆਂ ਕੋਸ਼ਿਸਾਂ ਸਪੁਰਦ-ਏ-ਖਾਕ ਹੋ ਗਈਆਂ ਹਨ …… ਹੰਸਰਾ
ਮਿਸੀਸਾਗਾ ਕੈਨੇਡਾ(ਦਸੰਬਰ 31-2017) ਭਾਰਤੀ ਕਾਂਸਲੇਟ ਦੇ ਦਫਤਰ ਵਲੋਂ ਕਨੇਡੀਅਨ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਕੀਤੀ ਜਾਂਦੀ ਬੇਲੋੜੀ ਦਖਲਅੰਦਾਜ਼ੀ ਨੂੰ ਗੰਭੀਰਤਾ ਨਾਲ ਲੈਂਦਿਆਂ ਉਨਟਾਰੀਓ ਦੇ ਪ੍ਰਮੁੱਖ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੇ ਇੱਕ ਫੈਸਲਾ ਲੈਂਦਿਆਂ ਭਾਰਤੀ ਕਾਂਸਲੇਟ, ਭਾਰਤ ਸਰਕਾਰ ਦੇ ਅਧਿਕਾਰਿਤ ਨੁਮਾਇੰਦਆਂ ਅਤੇ ਸਬੰਧਤ ਸੰਸਥਾਵਾਂ ਨੂੰ ਗੁਰਦੁਆਰਾ ਸਾਹਿਬ ਦੇ ਦਹੂਦ ਵਿੱਚ ਦਾਖਲ ਹੋਣ ਤੇ ਪਾਬੰਦੀ ਲਗਾ ਦਿੱਤੀ ਹੈ। ਜਾਰੀ ਪ੍ਰੈੱਸ ਨੋਟ ਵਿeਚ ਕਿਹਾ ਗਿਆ ਹੈ ਕਿ ਕਾਨੂੰਨ ਦੀ ਧਾਰਾ Trespass to Property Act (1990) ਅਧੀਨ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਇਹ ਹੱਕ ਰੱਖਦੀ ਹੈ ਕਿ ਭਾਰਤ ਸਰਕਾਰ ਜਿਸ ਵਿੱਚ ਭਾਰਤੀ ਕਾਂਸਲੇਟ, ਭਾਰਤ ਦੇ ਚੁਣੇ ਨੁਮਾਇੰਦੇ, ਭਾਰਤ ਸਰਕਾਰ ਦੇ ਸਰਕਾਰੀ ਨੁਮਾਇੰਦਿਆਂ ਅਤੇ ਉਹ ਆਰਗੇਨਾਈਜੇਸ਼ਨਾਂ ਜਿਹੜੀਆਂ ਸਿੱਖ ਨੇਸ਼ਨ ਅਤੇ ਸਿੱਖੀ ਅਦਾਰਿਆਂ ਨੂੰ ਅੰਦਰੂਨੀ ਖੋਰਾ ਲਾਉਣ ਦੇ ਮਨਸੂਬੇ ਰੱਖਦੀਆਂ ਹਨ, ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਤੇ ਪਾਬੰਦੀ ਲਗਾਈ ਜਾਵੇ।
ਭਾਰਤੀ ਕਾਂਸਲੇਟ ਅਤੇ ਭਾਰਤੀ ਸਰਕਾਰ ਦੇ ਨੁਮਾਇੰਦਿਆਂ ਵਲੋਂ ਕਨੇਡੀਅਨ ਸਿੱਖ ਕਮਿਊਨਟੀ ਦੇ ਅੰਦਰੂਨੀ ਮਾਮਲਿਆਂ ਵਿੱਚ ਕੀਤੀ ਜਾਂਦੀ ਸਿੱਧੀ ਦਖਲਅੰਦਾਜ਼ੀ ਸਦਕਾ ਗੁਰਦੁਆਰਾ ਕਮੇਟੀਆਂ ਨੇ ਸਾਂਝੇ ਤੌਰ ਤੇ ਇਹ ਫੈਸਲਾ ਲਿਆ ਹੈ ਕਿ ਭਾਰਤੀ ਕਾਂਸਲੇਟ ਆਫਿਸ ਦੇ ਨੁਮਾਇੰਦੇ, ਸਰਕਾਰੀ ਨੁਮਾਇੰਦਿਆਂ ਨੂੰ ਗੁਰਦੁਆਰਾ ਸਾਹਿਬਾਨਾਂ ਅੰਦਰ ਦਾਖਲ ਹੋਣ ਤੇ ਪਾਬੰਦੀ ਲਾਈ ਗਈ ਹੈ। ਸਰਕਾਰੀ ਏਜੰਟਾਂ ਦੀ ਸਿੱਖੀ ਅਦਾਰਿਆਂ ਵਿੱਚ ਘੁੱਸਪੈਠ ਕਰਕੇ ਅਦਾਰੇ ਨੂੰ ਅੰਦਰੂਨੀ ਢਾਹ ਲਾਉਣ ਦੀ ਨੀਤੀ ਸਿੱਖ ਸਮਾਜ ਨੂੰ ਪ੍ਰੇਸ਼ਾਨ ਕਰਦੀ ਹੈ। ਇਹ ਫੈਸਲਾ ਲੈਣ ਪ੍ਰਬੰਧਕਾਂ ਕਮੇਟੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਕਿ ਗੁਰਦੁਆਰਾ ਸਾਹਿਬਾਨ ਵਿੱਚ ਸੰਗਤ ਦੀ ਸੇਫਟੀ ਯਕੀਨੀ ਬਣਾਈ ਜਾ ਸਕੇ।
ਜਾਰੀ ਨੋਟ ਵਿੱਚ ਕੁੱਝ ਉਦਾਹਰਣਾਂ ਵੀ ਦਰਜ ਕੀਤੀਆਂ ਗਈਆਂ ਹਨ। ਜਿੰਨ੍ਹਾਂ ਵਿੱਚ (1) ਪੰਜਾਬੀ ਕਮਿਊਨਟੀ ਨੂੰ ਅਧਿਕਾਰ ਹੈ ਕਿ ਉਹ ਆਪਣਾ ਪੰਜਾਬੀ ਪਵਿਲੀਅਨ ਕਰਵਾ ਸਕਣ। ਪਰ ਭਾਰਤੀ ਕਾਂਸਲੇਟ ਦੀ ਇਸ ਸਾਲ ਬਰੈਂਪਟਨ ਵਿੱਚ ਪੰਜਾਬੀ ਪਵਿਲੀਅਨ ਬੰਦ ਕਰਵਾਉਣ ਲਈ ਸਿੱਧੀ ਦਖਲਅੰਦਾਜ਼ੀ (2) ਦਸ਼ਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਇਤਹਾਸ ਨੂੰ ਵਿਗਾੜਨਾ ਅਤੇ ਆਰ ਐਸ ਐਸ ਅਤੇ ਹਿੰਦੂਤਵਾ ਵਿਚਾਰਧਾਰਾ ਨੂੰ ਪ੍ਰਮੋਟ ਕਰਨਾ (3) ਉਨਟਾਰੀਓ ਅਸੰਬਲੀ ਵਿੱਚ ਸਿੱਖ ਜੈਨੋਡਾਈਡ ਮੋਸ਼ਨ ਨੂੰ ਤਾਰੋਪੀਡ ਕਰਨ ਦੀ ਕੋਸ਼ਿਸ਼ ਕਰਨੀ (4) ਕੈਨੇਡਾ ਦੀ ਡੈਮੋਕਰੈਟਿਕ ਪ੍ਰਕ੍ਰਿਆ ਵਿੱਚ ਸਿੱਧੀ ਦਖਲਅੰਦਾਜ਼ੀ ਕਰਕੇ ਨਾਮੀਨੇਸ਼ਨਾਂ ਵਿੱਚ ਇੰਡੀਆ ਪੱਖੀ ਉਮੀਦਵਾਰਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਨੀ ਆਦਿ ਸ਼ਮਲ ਹਨ।
ਭਾਰਤ ਸਰਕਾਰ ਦੀ ਸਿੱਧੀ ਦਖਲਅੰਦਾਜ਼ੀ ਤੋਂ ਇਲਾਵਾ ਭਾਰਤ ਸਰਕਾਰ ਵਲੋਂ ਜਗਤਾਰ ਸਿੰਘ (ਜੱਗੀ) ਜੌਹਲ ਨੂੰ ਅਗਵਾਹ ਕਰਕੇ ਉਸ ਉਪਰ ਤਸ਼ੱਦਦ ਕਰਨ ਦੀ ਕਾਰਵਾਈ ਸਦਕਾ ਕਨੇਡੀਅਨ ਸਿੱਖ ਕਮਿਊਨਟੀ ਇੱਕ ਮੰਚ ਤੇ ਇਕੱਠੀ ਹੋ ਭਾਰਤ ਸਰਕਾਰ, ਇਸਦੇ ਏਜੰਟ ਅਤੇ ਇਸ ਨਾਲ ਸਬੰਧਤ ਆਰਗੇਨਾਈਜੇਸ਼ਨਾਂ ਖਿਲਾਫ ਉਕਤ ਫੈਸਲਾ ਲਿਆ ਗਿਆ ਹੈ। ਜਦ ਤੱਕ ਭਾਰਤ ਸਰਕਾਰ ਅਤੇ ਇਸਦੇ ਅਧਿਕਾਰੀ, ਕਨੇਡੀਅਨ ਸਿੱਖ ਨੇਸ਼ਨ ਵਿੱਚ ਆਪਣੀ ਦਖਲਅੰਦਾਜ਼ੀ ਬੰਦ ਨਹੀਂ ਕਰਦੇ, ਕੈਨੇਡਾ ਭਰ ਵਿੱਚ ਕੋਈ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਇਨ੍ਹਾਂ ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।
ਜਦੋਂ ਸੰਗਤ ਇਸ ਗੁਰਦੁਆਰਾ ਸਾਹਿਬ ਵਿੱਚ ਆਪਣੀ ਨਿੱਜੀ ਪ੍ਰੋਗ੍ਰਾਮ ਬੁੱਕ ਕਰਦੀ ਹੈ ਤਾਂ ਇਹ ਸਮਝਿਆ ਜਾਵੇ ਕਿ ਤੁਹਾਡੀ ਮਹਿਮਾਨ ਲਿਸਟ ਵਿੱਚ ਭਾਰਤੀ ਕਾਂਸਲੇਟ ਜਾਂ ਭਾਰਤ ਸਰਕਾਰ ਦਾ ਕੋਈ ਨੁਮਾਇੰਦਾ ਸ਼ਾਮਲ ਨਹੀਂ ਹੈ।
ਗੁਰੂਦੁਆਰਾ ਸਾਹਿਬ ਅੰਦਰ ਆਉਣ ਵਾਲੀ ਸਾਧ ਸੰਗਤ ਦੀ ਸੁਰੱਖਿਆ ਪਹਿਲ ਦੇ ਆਧਾਰ ਤੇ ਯਕੀਨੀ ਬਣਾਈ ਜਾਂਦੀ ਹੈ। ਇਸ ਬਾਰੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ। ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਲੈਂਦੀ ਹੈ। ਅਗਰ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੀ ਦਖ਼ਲਅੰਦਾਜ਼ੀ ਬੰਦ ਨਾ ਹੋਈ ਤਾਂ ਅਗਲੇਰੇ ਕਦਮ ਪੁੱਟੇ ਜਾਣਗੇ।
ਅੱਜ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਇਹ ਐਲਾਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਨੇ ਕਿਹਾ ਕਿ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ ਕਿ ਭਾਰਤ ਸਰਕਾਰ ਦੇ ਕਰਿੰਦੇ ਕਨੇਡੀਅਨ ਸਿੱਖ ਭਾਈਚਾਰੇ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਕਰਨ। ਉਨ੍ਹਾਂ ਆਪਣੀ ਤਕਰੀਰ ਵਿੱਚ ਵੈਨਕੂਵਰ ਵਿੱਚ ਭਾਰਤੀ ਏਜੰਟਾਂ ਵਲੋਂ ਕੀਤੀਆਂ ਕਈ ਕੋਸ਼ਿਸਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਡਿਕਸੀ ਗੁਰਦੁਆਰਾ ਸਾਹਿਬ ਵਿੱਚ ਅਜਿਹੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਪਰ ਉਨ੍ਹਾਂ ਕਿਹਾ ਕਿ ਜਿੰਨੀ ਦੇਰ ਦਾਸ ਇਥੇ ਪ੍ਰਬੰਧਕ ਕਮੇਟੀ ਵਿੱਚ ਹੈ, ਓਨੀ ਦੇਰ ਭਾਰਤ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਇਥੇ ਫਟਕਣ ਨਹੀਂ ਦਿੱਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਵਲੋਂ ਲਏ ਗਏ ਠੋਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪਾਬੰਦੀ ਨਾਲ ਮੋਦੀ ਸਰਕਾਰ ਦੀਆਂ ਸਿੱਖਾਂ ਨੂੰ 1984 ਭੁੱਲ ਕੇ ਮੁੱਖਧਾਰਾ ਵਿੱਚ ਸ਼ਾਮਲ ਕਰਨ ਦੀਆਂ ਕੋਸ਼ਿਸਾਂ ਸਪੁਰਦ-ਏ-ਖਾਕ ਹੋ ਗਈਆਂ ਹਨ
ਡਿਕਸੀ ਗੁਰਦੁਆਰਾ ਸਾਹਿਬ ਤੋਂ ਇਲਾਵਾ ਇਹ ਐਲਾਨ ਅੱਜ ਟਰਾਂਟੋ ਦੇ ਪ੍ਰਮੁੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਕੀਤਾ ਗਿਆ।