ਜ਼ਹਿਰੀਲਾ ਪਾਣੀ ਪੀ ਰਹੇ ਹਨ ਪੰਜਾਬ ਦੇ ਲੋਕ

Water-300x199

ਪੰਜਾਬ ਦੇ ਪਾਣੀ ਦੀ ਹਾਲਤ ਖਰਾਬ ਹੈ ਅਤੇ ਉਸ ਤੋਂ ਵੀ ਖਰਾਬ ਹਾਲਤ ਵੇਸਟ ਵਾਟਰ ਡ੍ਰੇਨਜ਼ ਦੀ ਹੈ, ਜਿਸ ਦਾ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ ਅਤੇ ਉਸ ਦਾ ਅਸਰ ਖਾਣ ਪੀਣ ਦੀਆਂ ਚੀਜ਼ਾਂ ‘ਤੇ ਵੀ ਪੈਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਪੀ.ਜੀ.ਆਈ. ਚੰਡੀਗੜ੍ਹ ਦੀ ਸਰਵੇ ਰਿਪੋਰਟ ‘ਚ ਸੂਬਾ ਸਰਕਾਰ ਨੇ ਵੇਸਟ ਵਾਟਰ ਡ੍ਰੇਨਜ਼ ਨੇੜੇ ਰਹਿਣ ਵਾਲੀ ਆਬਾਦੀ ਦੀ ਸਿਹਤ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ।
ਸਾਲ 2006-07 ‘ਚ ਤਿਆਰ ਕੀਤੀ ਗਈ ਸਰਵੇ ਰਿਪੋਰਟ ‘ਚ ਲੁਧਿਆਣਾ ਦੇ ਬੁੱਢੇ ਨਾਲੇ ਤੋਂ ਇਲਾਵਾ ਕਾਲਾ ਸੰਘਿਆ ਜਲੰਧਰ, ਤੁੰਗ ਢਾਬ ਡ੍ਰੇਨ ਅੰਮ੍ਰਿਤਸਰ ਅਤੇ ਹਦਿਆਰਾ ਡ੍ਰੇਨ ਦੇ ਪਾਣੀ ਵਿਚ ਉੱਚ ਪੱਧਰੀ ਪ੍ਰਦੂਸ਼ਣ, ਹੈਵੀ ਮੈਟਲ ਜਿਨ੍ਹਾਂ ‘ਚ ਤਾਂਬਾ, ਸਲੀਨੀਅਮ, ਕ੍ਰੋਮੀਅਮ, ਸਿੱਕਾ, ਪਾਰਾ ਅਤੇ ਕੀਟਨਾਸ਼ਕ ਪਾਏ ਗਏ ਹਨ ਜਿਸ ਦਾ ਅਸਰ ਇਨਸਾਨਾਂ ਦੇ ਸਰੀਰ ‘ਚ ਡੂੰਘੇ ਪੱਧਰ ‘ਤੇ ਪੈਣ ਦੀ ਚਿੰਤਾ ਪ੍ਰਗਟਾਈ ਗਈ ਹੈ, ਦੱਸਿਆ ਗਿਆ ਹੈ ਕਿ ਇਸ ਨਾਲ ਡੀ.ਐਨ.ਏ. ਤੱਕ ਵੀ ਪ੍ਰਭਾਵਤ ਹੋ ਸਕਦਾ ਹੈ।
ਰਿਪੋਰਟ ਦੇ ਤੱਥਾਂ ਦੇ ਆਧਾਰ ‘ਤੇ ਪਾਣੀ ਦੇ ਪੱਧਰ ਦੀ ਸਮੇਂ-ਸਮੇਂ ‘ਤੇ ਜਾਂਚ ਜਲ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਯਤਨ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਨੂੰ ਦਿੰਦੇ ਹੋਏ ਉਸ ਨੂੰ ਪਾਣੀ ਵਿਚ ਬੈਕਟੀਰੀਆ, ਕੈਮੀਕਲ, ਹੈਵੀ ਧਾਤਾਂ, ਕੀਟਨਾਸ਼ਕਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।
ਲੋਕਾਂ ਨੂੰ ਗੰਭੀਰ ਬੀਮਾਰੀਆਂ ਦਾ ਖਤਰਾ
ਵੇਸਟ ਵਾਟਰ ਡ੍ਰੇਨ ਦੇ ਨੇੜੇ ਰਹਿਣ ਵਾਲੇ ਲੋਕਾਂ ਦੀ ਜਾਂਚ ਲਈ ਸਿਵਲ ਸਰਜਨ ਅੰਮ੍ਰਿਤਸਰ ਵਲੋਂ ਤੁੰਗ ਢਾਬ ਡ੍ਰੇਨ ਖੇਤਰ ‘ਚ ਮੈਡੀਕਲ ਕੈਂਪ ਲਗਾਏ ਗਏ। ਜੁਲਾਈ 2013 ਦੇ ਸਤੰਬਰ ਮਹੀਨੇ ਤੱਕ ਲਗਾਏ ਕੈਂਪਾਂ ‘ਚ 216 ਮਰੀਜ਼ਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਨੂੰ ਚਮੜੀ, ਪੇਟ ਦਰਦ, ਅੱਖਾਂ, ਹੱਡੀਆਂ ਅਤੇ ਦੰਦਾਂ ਦੀਆਂ ਸਮੱਸਿਆਵਾਂ ਤੋਂ ਪੀੜਤ ਪਾਇਆ ਗਿਆ। ਇਸ ਖੇਤਰ ਦੇ 13 ਪਾਣੀ ਦੇ ਸੈਂਪਲਾਂ ਨੂੰ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਦੀ ਪ੍ਰਯੋਗਸ਼ਾਲਾ ‘ਚ ਭੇਜਿਆ ਗਿਆ, ਜਿਸ ਦੌਰਾਨ 9 ਸੈਂਪਲਾਂ ਨੂੰ ਪੀਣ ਲਾਇਕ ਨਹੀਂ ਪਾਇਆ ਗਿਆ।
ਇਸ ਤੋਂ ਇਲਾਵਾ 8 ਪਾਣੀ ਦੇ ਸੈਂਪਲ ਚੰਡੀਗੜ੍ਹ ਸਥਿਤ ਸਰਕਾਰੀ ਲੈਬ ‘ਚ ਭੇਜੇ ਗਏ ਜਿਨ੍ਹਾਂ ‘ਚ 3 ਸੈਂਪਲਾਂ ‘ਚ ਬੈਕਟੀਰੀਆ ਅਤੇ 1 ਸੈਂਪਲ ‘ਚ ਲੋੜੋਂ ਵੱਧ ਟੀ.ਡੀ.ਐਸ. ਤੇ ਖਤਰਨਾਕ ਪਦਾਰਥ ਪਾਏ ਗਏ।

468 ad