ਹੈਰਾਨੀਜਨਕ ਹੋ ਸਕਦੇ ਹਨ ਪੰਜਾਬ ਦੇ ਚੋਣ ਨਤੀਜੇ

lok sabha

ਪੱਗਾਂ ਦੇ ਰੰਗ ਹੁਣ ਪਾਰਟੀਆਂ ਨਾਲ ਸਬੰਧਾਂ ਦਾ ਆਧਾਰ ਨਹੀਂ ਰਹੇ। ਵੋਟ ਉੱਤੇ ਪਰਿਵਾਰਕ ਆਧਾਰ ਵੀ ਟੁੱਟਦਾ ਜਾ ਰਿਹਾ ਹੈ। ਪੰਜਾਬ ਵਿੱਚ ਪਹਿਲੀ ਵਾਰ ਪਾਰਟੀ ਵਿਸ਼ੇਸ਼ ਨਾਲ ਚੱਲ ਰਹੇ ਆਗੂਆਂ ਦੇ ਪਰਿਵਾਰਕ ਮੈਂਬਰ ਵੀ ਆਪਣੇ ਫ਼ੈਸਲੇ ਆਪ ਕਰਨ ਦੇ ਰਾਹ ਪੈ ਗਏ ਹਨ। ਪੀੜ੍ਹੀ ਦੇ ਅੰਤਰ ਅਤੇ ਸੋਚ ਦਾ ਅਹਿਸਾਸ ਵੀ ਸੋਲ੍ਹਵੀਆਂ ਲੋਕ ਸਭਾ ਚੋਣਾਂ ਨੇ ਉੱਭਰਵੇਂ ਰੂਪ ਵਿੱਚ ਕਰਵਾ ਦਿੱਤਾ ਹੈ। ਕਦੇ ਅਕਾਲੀਆਂ ਲਈ ਨੀਲੀ ਅਤੇ ਕੇਸਰੀ, ਕਾਂਗਰਸ ਦੀ ਸਫੈਦ ਪਗੜੀ ਦੀ ਪਛਾਣ ਹੁਣ ਮੱਧਮ ਪੈ ਗਈ ਜਾਪਦੀ ਹੈ। ਆਮ ਆਦਮੀ ਪਾਰਟੀ ਨੇ ਟੋਪੀ ਰਾਹੀਂ ਨਵੀਂ ਪਛਾਣ ਬਣਾਉਣ ਦਾ ਰਾਹ ਚੁਣਿਆ ਹੈ ਪਰ ਇਹ ਪਛਾਣ ਕਿੰਨਾ ਸਮਾਂ ਕਾਇਮ ਰਹਿੰਦੀ ਹੈ ਇਸ ਦਾ ਜਵਾਬ ਤਾਂ ਭਵਿੱਖ ਦੇ ਗਰਭ ਵਿੱਚ ਪਿਆ ਹੈ।
ਸ਼ਾਇਦ ਸਥਾਪਤ ਪਾਰਟੀਆਂ ਦੀ ਪਛਾਣ ਕਾਇਮ ਰੱਖਣ ਲਈ ਹੁਣ ਆਗੂ ਅਤੇ ਲੋਕ ਮਾਣ ਮਹਿਸੂਸ ਕਰਨ ਦੇ ਦੌਰ ਨੂੰ ਪਿੱਛੇ ਛੱਡ ਆਏ ਹਨ। ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਇੱਕੋ ਜਿਹੇ ਰੰਗ ਦੀਆਂ ਪੱਗਾਂ ਅਤੇ ਪਾਰਟੀਆਂ ਨਾਲ ਸਬੰਧਿਤ ਪਰਿਵਾਰਾਂ ਦੇ ਅਲੱਗ-ਅਲੱਗ ਮੈਂਬਰਾਂ ਦੀ ਵੱਖਰੀ-ਵੱਖਰੀ ਸੋਚ ਦਾ ਅਸਲ ਪ੍ਰਗਟਾਵਾ 16 ਮਈ ਦੀ ਗਿਣਤੀ ਵਾਲੇ ਦਿਨ ਦਿਖਾਈ ਦੇ ਜਾਵੇਗਾ। ਲੋਕਤੰਤਰ ਦਾ ਸਭ ਤੋਂ ਵੱਡਾ ਉਤਸਵ ਵੋਟਾਂ ਵਾਲਾ ਦਿਨ ਹੁੰਦਾ ਹੈ, ਇਸ ਦਿਨ ਉੱਤੇ ਬਹੁਤ ਸਾਰੇ ਵੋਟਰ ਇਹ ਸੰਕੇਤ ਦੇ ਰਹੇ ਸਨ ਕਿ ਹੁਣ ਉਹ ਫ਼ੈਸਲਾ ਦੋਸਤਾਂ-ਮਿੱਤਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਬਣਾਏ ਆਪਣੇ ਨਿੱਜੀ ਵਿਚਾਰ ਦੇ ਆਧਾਰ ਉੱਤੇ ਕਰ ਰਹੇ ਹਨ।
ਚੋਣ ਕਮਿਸ਼ਨ ਇਸ ਵਾਰ ਵੀ ਆਖ਼ਰੀ ਦਿਨਾਂ ਦੌਰਾਨ ਨਸ਼ੇ ਅਤੇ ਪੈਸੇ ਦੇ ਬਟਵਾਰੇ ਨੂੰ ਰੋਕਣ ਵਿੱਚ ਸਫ਼ਲ ਨਹੀਂ ਹੋਇਆ। ਲਗਪਗ ਹਰ ਪਿੰਡ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਸ਼ਰਾਬ ਵੰਡੇ ਜਾਣ ਦੀ ਗੱਲ ਵੋਟਾਂ ਵਾਲੇ ਦਿਨ ਪਾਰਟੀਆਂ ਦੇ ਸਥਾਨਕ ਆਗੂਆਂ ਨੇ ਸਵੀਕਾਰ ਕੀਤੀ ਹੈ। ਪਟਿਆਲਾ ਲੋਕ ਸਭਾ ਹਲਕੇ ਦੇ ਪਿੰਡ ਲੁਬਾਣਾ ਟੇਕੂ ਦੇ ਪੋਲਿੰਗ ਬੂਥ ਉੱਤੇ ਖੜ੍ਹੇ ਕੇਸਰ ਸਿੰਘ, ਕ੍ਰਿਸ਼ਨ ਅਤੇ ਹੋਰਨਾਂ ਨੇ ਦੱਸਿਆ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਕਾਰਕੁਨਾਂ ਨੇ ਪੈਸਾ ਢਾਲ ਕੇ ਵੀ ਦੋ ਦਿਨ ਤੋਂ ਸ਼ਰਾਬ ਅਤੇ ਠੰਢੇ ਵਰਤਾਏ ਹਨ। ਨਜਦੀਕੀ ਪਿੰਡਾਂ ਵਿੱਚ ਵੀ ਇਹ ਵਰਤਾਰਾ ਚਲਾਇਆ ਗਿਆ ਹੈ। ਆਗੂਆਂ ਨੇ ਕਈ ਤਰੀਕੇ ਬਦਲ ਲਏ ਸਨ, ਕਈ ਜਗ੍ਹਾ ਨੰਬਰਾਂ ਦੀ ਵਿਸ਼ੇਸ਼ ਸੀਰੀਜ਼ ਵਾਲੇ ਦਸ-ਦਸ ਦੇ ਨੋਟ ਵੀ ਸ਼ਰਾਬ ਸਪਲਾਈ ਕਰਨ ਲਈ ਇਸਤੇਮਾਲ ਕੀਤੀ ਗਈ। ਕਈ ਪੋਲਿੰਗ ਬੂਥਾਂ ਦੇ ਨੇੜੇ ਸਵੇਰ ਅਤੇ ਦੁਪਹਿਰ ਦੇ ਸਮੇਂ ਹੀ ਸ਼ਰਾਬੀ ਅਤੇ ਨਸ਼ੇੜੀ ਕਿਸਮ ਦੇ ਬੰਦੇ ਵੀ ਦਿਖਾਈ ਦਿੱਤੇ।
ਚੋਣ ਕਮਿਸ਼ਨ ਦੇ ਕੁਝ ਹਾਂ ਪੱਖੀ ਕਦਮਾਂ ਨੇ ਵੋਟਰਾਂ ਨੂੰ ਕਈ ਸੰਕਟਾਂ ਤੋਂ ਸੁਰਖਰੂ ਜ਼ਰੂਰ ਕਰ ਦਿੱਤਾ ਹੈ। ਬੂਥ ਲੈਵਲ ਅਫ਼ਸਰ (ਬੀ.ਐਲ.ਓ) ਦੀ ਨਿਯੁਕਤੀ ਨੇ ਪੋਲਿੰਗ ਸਟੇਸ਼ਨਾਂ ਤੋਂ ਬਾਹਰ ਰਾਜਨੀਤਕ ਪਾਰਟੀਆਂ ਵੱਲੋਂ ਲਗਾਏ ਜਾਣ ਵਾਲੇ ਬੂਥਾਂ ਨੂੰ ਗ਼ੈਰ ਪ੍ਰਸੰਗਿਕ ਬਣਾ ਦਿੱਤਾ ਹੈ। ਬੀ.ਐਲ.ਓ. ਨੇ ਵੋਟ ਪਰਚੀਆਂ ਪਹਿਲਾਂ ਹੀ ਲੋਕਾਂ ਦੇ ਘਰਾਂ ਤਕ ਪਹੁੰਚਾ ਦਿੱਤੀਆਂ ਸਨ। ਘਰ ਤੋਂ ਪਰਚੀ ਲੈ ਕੇ ਸਿੱਧਾ ਪੋਲਿੰਗ ਸਟੇਸ਼ਨ ਉੱਤੇ ਜਾ ਕੇ ਵੋਟ ਪਾਉਣ ਨਾਲ ਕਿਸੇ ਸਾਧਾਰਨ ਵੋਟਰ ਨੂੰ ਪੋਲਿੰਗ ਬੂਥ ਉੱਤੇ ਬੈਠੇ ਆਗੂਆਂ ਦੀਆਂ ਘੋਖਵੀਆਂ ਨਜ਼ਰਾਂ ਦੀ ਸਕਰੀਨਿੰਗ ਵਿੱਚੋਂ ਨਹੀਂ ਗੁਜ਼ਰਨਾ ਪਿਆ। ਸੌ ਮੀਟਰ ਦੇ ਦਾਇਰੇ ਅੰਦਰ  ਕਿਸੇ ਵੀ ਪਾਰਟੀ ਦਾ ਚੋਣ ਨਿਸ਼ਾਨ ਵਾਲਾ ਕੋਈ ਬਿੱਲਾ ਲਗਾ ਕੇ ਘੁੰਮਣ ਉੱਤੇ ਵੀ ਮਨਾਹੀ ਰਹੀ।
ਇਹੀ ਕਾਰਨ ਸੀ ਕਿ ਪੋਲਿੰਗ ਤਾਂ ਸਵੇਰੇ ਸੱਤ ਵਜੇ ਸ਼ੁਰੂ ਹੋ ਗਈ ਸੀ ਪਰ ਸੱਤ ਵਜੇ ਪੋਲਿੰਗ ਬੂਥ ਬਹੁਤ ਹੀ ਘੱਟ ਦਿਖਾਈ ਦਿੱਤੇ। ਫਤਹਿਗੜ੍ਹ ਸਾਹਿਬ ਸੀਟ ਨਾਲ ਸਬੰਧਿਤ ਸਰਹਿੰਦ ਸ਼ਹਿਰ ਦੇ ਅਸ਼ੋਕਾ ਸਕੂਲ ਵਿੱਚ ਬਣਾਏ ਪੋਲਿੰਗ ਸਟੇਸ਼ਨਾਂ ਤੋਂ ਬਾਹਰ ਕੁਝ ਅਕਾਲੀ ਵਰਕਰ ਬੈਠੇ ਸਨ, ਕਾਂਗਰਸ ਦੇ ਤਿੰਨ ਚਾਰ ਵਰਕਰ ਬੂਥ ਲਗਾਉਣ ਲਈ ਅੱਠ ਵਜੇ ਤਕ ਕਿਸੇ ਜਗ੍ਹਾ ਦੀ ਤਲਾਸ਼ ਵਿੱਚ ਸਨ, ਆਪ ਦਾ ਬੂਥ ਨਹੀਂ ਸੀ ਦਿਖਾਈ ਦੇ ਰਿਹਾ।
ਸਰਹੰਦ ਤੋਂ ਨਜਦੀਕੀ ਪਿੰਡ ਤਰਖਾਣ ਮਾਜ਼ਰਾ ਦੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਾਲ ਕਈ ਹੋਰ ਆਗੂ ਖੜੇ ਸਨ। ਆਸਮਾਨੀ ਰੰਗ ਦੀਆਂ ਪੱਗਾਂ ਵਾਲੇ ਇਨ੍ਹਾਂ ਆਗੂਆਂ ਦੀ ਪਾਰਟੀ ਪਛਾਣ ਕਰਨੀ ਮੁਸ਼ਕਲ ਸੀ।
ਉਨ੍ਹਾਂ ਖ਼ੁਦ ਹੀ ਕਿਹਾ ਕਿ ਉਹ ਅਕਾਲੀ ਦਲ ਨਾਲ ਸਬੰਧਿਤ ਹਨ। ਪ੍ਰਚਾਰ ਲਈ ਆਨੰਦ ਪੁਰ ਸਾਹਿਬ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਲਈ ਪ੍ਰਚਾਰ ਕਰਕੇ ਆਏ ਅਤੇ ਹੁਣ ਆਪਣੇ ਪਿੰਡ ਵੋਟਾਂ ਪਵਾਉਣ ਦੀ ਡਿਉਟੀ ਲੱਗੀ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਦਾ ਇਸ ਵਾਰ ਕੁਝ ਪਤਾ ਨਹੀਂ ਲੱਗ ਰਿਹਾ ਹੈ। ਹਮੇਸ਼ਾਂ ਸਾਡੇ ਨਾਲ ਚੱਲਣ ਵਾਲੇ ਵੀ ਅੱਖਾਂ ਫੇਰ ਰਹੇ ਹਨ। ਕੋਈ ਸਥਾਈ ਪੋਲਿੰਗ ਬੂਥ ਨਹੀਂ ਲੱਗਾ ਹੋਇਆ ਸੀ।
ਪਟਿਆਲਾ ਲੋਕ ਸਭਾ ਖੇਤਰ ਨਾਲ ਸਬੰਧਿਤ ਨਾਭਾ ਸ਼ਹਿਰ ਦੇ ਪੋਲਿੰਗ ਬੂਥਾਂ ਉੱਤੇ ਵੀ ਕੋਈ ਨਹੀਂ ਖੜ ਰਿਹਾ ਸੀ। ਅਕਾਲੀ ਦਲ ਦੇ ਪੋਲਿੰਗ ਬੂਥ ਉੱਤੇ ਬੈਠੇ ਪੰਜ ਨੌਜਵਾਨਾਂ ਨੂੰ ਪੁੱਛਣ ਉੱਤੇ ਉਨ੍ਹਾਂ ਕਿਹਾ ਕਿ, ‘‘ਬੈਠੇ ਹਾਂ ਜੀ, ਕੋਈ ਆ ਨਹੀਂ ਰਿਹਾ ਤਾਂ ਕੀ ਕਰੀਏ?’’ ਕਾਂਗਰਸ ਅਤੇ ਆਪ ਦੇ ਪੋਲਿੰਗ ਬੂਥਾਂ ਉੱਤੇ ਬੈਠੇ ਕੁਝ ਸਮਰਥਕ ਵੀ ਆਪੋ-ਆਪਣੀਆਂ ਗੱਲਾਂ ਵਿੱਚ ਰੁਝੇ ਹੋਏ ਸਨ।
ਨਾਭੇ ਤੋਂ ਤਿੰਨ ਕਿਲੋਮੀਟਰ ਦੂਰ ਰਾਜਨੀਤਕ ਪਿੰਡ ਥੂਹੀ ਹੈ। ਇੱਥੇ ਪੋਲਿੰਗ ਬੂਥਾਂ ਉੱਤੇ ਚੰਗੀ ਭੀੜ ਦਿਖਾਈ ਦਿੱਤੀ ਪਰ ਵੋਟਰਾਂ ਦੇ ਮਨ ਦਾ ਪਤਾ ਇੱਥੇ ਵੀ ਜ਼ਿਆਦਾਤਰ ਨੂੰ ਮਾਲੂਮ ਨਹੀਂ ਸੀ।  ਕਈ ਪੋਲਿੰਗ ਸਟੇਸ਼ਨਾਂ ਉੱਤੇ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਸਮਰਥਕਾਂ ਨੇ ਚੋਣਾਂ ਵਿੱਚ ਖੜੇ ਆਜ਼ਾਦ ਉਮੀਦਵਾਰ ਦੇ ਪੋਲਿੰਗ ਏਜੰਟ ਬਣ ਕੇ ਅੰਦਰ ਤਕ ਪਹੁੰਚ ਬਣਾ ਲਈ ਸੀ। ਥੂਹੀ ਦੇ ਹੀ ਇੱਕ ਕਾਂਗਰਸ ਆਗੂ ਆਜ਼ਾਦ ਉਮੀਦਵਾਰ ਧਰਮਪਾਲ ਦਾ ਪੋਲਿੰਗ ਏਜੰਟ ਬਣਿਆ ਹੋਇਆ ਸੀ।
ਸੰਗਰੂਰ ਲੋਕ ਸਭਾ ਸੀਟ ਦੇ ਭਵਾਨੀਗੜ੍ਹ ਅਤੇ ਕਈ ਨੇੜਲੇ ਪਿੰਡਾਂ ਵਿੱਚ ਵੀ ਕਿਸੇ ਤਰ੍ਹਾਂ ਦਾ ਤਣਾਅ ਦਿਖਾਈ ਨਹੀਂ ਦੇ ਰਿਹਾ ਸੀ। ਪੋਲਿੰਗ ਬੂਥਾਂ ਉੱਤੇ ਲੰਬੇ ਸਮੇਂ ਤੋਂ ਬਾਅਦ ਪਹਿਲੀ ਵਾਰ ਨੌਜਵਾਨਾਂ ਨੇ ਡੇਰੇ ਲਗਾਏ।
ਪੂਰੀ ਚੋਣ ਪ੍ਰਕਿਰਿਆ ਬੇਸ਼ੱਕ ਬੇਰੰਗ ਦਿਖਾਈ ਦਿੱਤੀ ਪਰ ਵੋਟਾਂ ਲਈ ਲੋਕਾਂ ਦਾ ਉਤਸ਼ਾਹ ਇਸ ਬੇਰੰਗੀ ਨੂੰ ਤੋੜਨ ਵਾਲਾ ਸੀ। ਇਹ ਸਚਾਈ ਵੀ ਸਾਹਮਣੇ ਆਈ ਕਿ ਮੀਡੀਆ ਦੀ ਵਿਸ਼ਵਾਸਯੋਗਤਾ ਉੱਤੇ ਲੋਕ ਸੁਆਲੀਆ ਨਿਸ਼ਾਨ ਲਗਾ ਰਹੇ ਹਨ। ਸੰਗਰੂਰ ਹਲਕੇ ਦੇ ਹੀ ਦੋ ਹਜ਼ਾਰ ਤੋਂ ਵੱਧ ਵੋਟਾਂ ਵਾਲੇ ਪਿੰਡ ਬਾਲਦ ਕਲਾਂ ਵਿੱਚ ਬੈਠੇ ਨੌਜਵਾਨਾਂ ਦੇ ਇੱਕ ਗਰੁੱਪ ਨੇ ਕਿਹਾ ਕਿ ਹੁਣ ਉਹ ਟੀ.ਵੀ. ਜਾਂ ਅਖ਼ਬਾਰ ਦੇਖ ਕੇ ਮਨ ਨਹੀਂ ਬਣਾਉਂਦੇ। ਪਿੰਡ ਵਿੱਚ ਤੀਹ ਫ਼ੀਸਦੀ ਘਰਾਂ ਦੇ ਨੌਜਵਾਨਾਂ ਕੋਲ ਬਰਾਡ ਬੈਂਡ ਦੀ ਸੁਵਿਧਾ ਹੈ। ਹੋਰ ਬਹੁਤ ਸਾਰਿਆਂ ਕੋਲ ਮੋਬਾਇਲਾਂ ਉੱਤੇ ਵਟਸਐਪ ਦੀ ਸਹੂਲਤ ਹੋਣ ਕਾਰਨ ਪਿੰਡ ਦੇ ਮੁੰਡਿਆਂ ਨੇ ਆਪਸੀ ਗਰੁੱਪ ਬਣਾ ਲਏ ਹਨ। ਹਰ ਸੂਚਨਾ ਇੱਕ-ਦੂਸਰੇ ਨਾਲ ਤੁਰੰਤ ਸਾਂਝੀ ਕਰ ਲਈ ਜਾਂਦੀ ਹੈ।
ਲੋਕਾਂ ਵਿੱਚ ਸੱਤਾਧਾਰੀ ਧਿਰ ਦੇ ਦਬਾਅ ਦਾ ਅਸਰ ਵੀ ਦਿਖਾਈ ਦਿੱਤਾ। ਉਹ ਮਹਿਸੂਸ ਕਰ ਰਹੇ ਸਨ ਕਿ ਜੇ ਵੋਟ ਨਾ ਪਾਈ ਜਾਂ ਮੱਦਦ ਨਾ ਕੀਤੀ ਤਾਂ ਅਗਲੇ ਤਿੰਨ ਸਾਲਾਂ ਵਿੱਚ ਕੰਮ ਰੁਕ ਸਕਦੇ ਹਨ। ਨਦਾਮਪੁਰ ਪਿੰਡ ਦੇ ਇੱਕ ਮੋਹਤਵਰ ਆਦਮੀ ਪਟਿਆਲਾ ਸੀਟ ਉੱਤੇ ਅਪਣੀ ਮਰਜ਼ੀ ਅਨੁਸਾਰ ਇੱਕ ਨਵੀਂ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕਰ ਰਹੇ ਹਨ ਪਰ ਪਿੰਡ ਵਿੱਚ ਉਸ ਨੂੰ ਸੱਤਾਧਾਰੀ ਪਾਰਟੀ ਦੇ ਪੋਲਿੰਗ ਬੂਥ ਉੱਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਪਿੰਡ ਦਾ ਨੌਜਵਾਨ ਜਗਦਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਫਿਲਾਸਫੀ ਦੀ ਪੀ.ਐਚ.ਡੀ. ਕਰ ਰਿਹਾ ਹੈ। ਉਹ ਕਹਿੰਦਾ ਹੈ ਕਿ ਉਨ੍ਹਾਂ ਯੂਨੀਵਰਸਿਟੀ ਵਿੱਚ ਹੀ ਫ਼ੈਸਲਾ ਕੀਤਾ ਸੀ ਕਿ ਆਪੋ-ਆਪਣੇ ਪਿੰਡਾਂ ਦੇ ਨੌਜਵਾਨਾਂ ਨੂੰ ਜਥੇਬੰਦ ਕੀਤਾ ਜਾਵੇ। ਪਿੰਡ ਆ ਕੇ ਨੌਜਵਾਨਾਂ ਨੂੰ ਆਪ ਦੇ ਹੱਕ ਵਿੱਚ ਲਾਮਬੰਦ ਕਰ ਲਿਆ ਪਰ ਅਜੇ ਤਕ ਉਹ ਖ਼ੁਦ ਆਪਣੇ ਬਾਪੂ ਨੂੰ ਬਦਲਣ ਵਿੱਚ ਕਾਮਯਾਬ ਨਹੀਂ ਹੋਏ। ਉਹ ਪੁਰਾਣੇ ਕਾਂਗਰਸੀ ਹਨ ਅਤੇ ਅਜੇ ਵੀ ਉਸੇ ਨਾਲ ਰਹਿਣ ਦਾ ਫ਼ੈਸਲਾ ਕੀਤਾ ਹੈ ਪਰ ਬਾਕੀ ਪਰਿਵਾਰ ਨੇ ਆਪਣਾ ਰਾਹ ਚੁਣ ਲਿਆ ਹੈ।
ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਦ੍ਰਿਸ਼ ਦੇਖਣ ਤੋਂ ਬਾਅਦ ਸੂਬੇ ਅੰਦਰ ਬਾਕੀ ਦੇਸ਼ ਤੋਂ ਨਵਾਂ ਇੱਕ ਪਹਿਲੂ ਵੀ ਦਿਖਾਈ ਦਿੰਦਾ ਹੈ। ਦੇਸ਼ ਭਰ ਵਿੱਚ ਆਪ ਦੇ ਸਮਰਥਨ ਵਿੱਚ ਜ਼ਿਆਦਾਤਰ ਸ਼ਹਿਰੀ ਨੌਜ਼ਵਾਨ ਵਰਗ ਅਤੇ ਗ਼ਰੀਬ ਵਰਗ ਆਇਆ।
ਪੰਜਾਬ ਦੇ ਪਿੰਡਾਂ ਦਾ ਨੌਜ਼ਵਾਨ ਵੀ ਧੜੱਲੇਨਾਲ ਇਸ ਰਾਜਨੀਤਕ ਜੰਗ ਵਿੱਚ ਕੁੱਦਿਆ ਹੋਇਆ ਦਿਖਾਈ ਦੇ ਰਿਹਾ ਹੈ। ਇਸ ਨੂੰ ਆਪ ਦੀ ਪ੍ਰਾਪਤੀ ਨਹੀਂ ਬਲਕਿ ਸਥਾਪਤ ਰਾਜਨੀਤਕ ਪਾਰਟੀਆਂ ਪ੍ਰਤੀ ਬੇਚੈਨੀ ਕਿਹਾ ਜਾ ਸਕਦਾ ਹੈ। ਇੱਕ ਨੌਜਵਾਨ ਨੇ ਕਿਹਾ ਕਿ, ‘‘ਬੇਚੈਨੀ ਹੋਰ ਵਧਣ ਨਾਲ ਇਸ ਤੋਂ ਪਹਿਲਾਂ ਕਿ ਬੰਦੂਕਾਂ ਤਕ ਗੱਲ ਪਹੁੰਚ ਜਾਏ, ਕਿਉਂ ਨਾ ਵੋਟ ਦੇ ਹਥਿਆਰ ਨਾਲ ਹੀ ਗੁਬਾਰ ਕੱਢਣ ਦਾ ਰਾਹ ਅਪਣਾ ਲਿਆ ਜਾਵੇ।’’ ਸ਼ਾਇਦ ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਨਾ ਕੇਜਰੀਵਾਲ ਨੂੰ ਜਾਣਦੇ ਹਨ ਅਤੇ ਨਾ ਹੀ ਸਥਾਨਕ ਉਮੀਦਵਾਰ ਨੂੰ ਉਨ੍ਹਾਂ ਕਦੇ ਦੇਖਿਆ ਹੈ ਪਰ ਝਾੜੂ ਦੇ ਨਿਸ਼ਾਨ ਦੀ ਪਹੁੰਚ ਉਨ੍ਹਾਂ ਤਕ ਜ਼ਰੂਰ ਬਣੀ ਦਿਖਾਈ ਦਿੰਦੀ ਹੈ। ਇਹ ਸ਼ਾਇਦ ਸੱਤਾਧਾਰੀਆਂ ਖ਼ਿਲਾਫ਼ ਗੁੱਸਾ, ਵਿਰੋਧੀ ਧਿਰ ਖ਼ਿਲਾਫ਼ ਨਾਰਾਜ਼ਗੀ ਅਤੇ ਤਬਦੀਲੀ ਦੀ ਲਲਕ ਦੀ ਇੱਕ ਝਲਕ ਮੰਨੀ ਜਾ ਸਕਦੀਹੈ।
ਪੰਜਾਬ ਭਰ ਵਿੱਚੋਂ ਆ ਰਹੀਆਂ ਰਿਪੋਰਟਾਂ ਦੇ ਅਨੁਸਾਰ ਚੋਣ ਨਤੀਜੇ ਦਿਲਚਸਪ ਅਤੇ ਹੈਰਾਨੀਜਨਕ ਰਹਿ ਸਕਦੇ ਹਨ।
ਪੁਰਾਣੇ ਤਰੀਕੇ ਦੀਆਂ ਭੰਨਾਂ ਘੜਤਾਂ ਸ਼ਾਇਦ ਇਸ ਵਾਰ ਰੰਗ ਨਹੀਂ ਦਿਖਾ ਸਕਣਗੀਆਂ। ਕਾਂਗਰਸ ਪਾਰਟੀ ਵੱਲੋਂ ਦਿੱਗਜ਼ਾਂ ਖ਼ਾਸ ਤੌਰ ਉੱਤੇ ਅਮਰਿੰਦਰ ਸਿੰਘ, ਅੰਬਿਕਾ ਸੋਨੀ, ਸੁਨੀਲ ਜਾਖੜ ਨੂੰ ਮੈਦਾਨ ਵਿੱਚ ਉਤਾਰਨ ਨਾਲ ਚੋਣ ਮੁਕਾਬਲੇ ਵਿੱਚ ਇੱਕ ਨਵੀਂ ਰੂਹ ਫੂਕੀ ਗਈ ਸੀ। ਆਮ ਆਦਮੀ ਪਾਰਟੀ ਦੇ ਵਰਤਾਰੇ ਨੇ ਇਸ ਨੂੰ ਹੋਰ ਦਿਲਚਸਪ ਬਣਾ ਦਿੱਤਾ।
ਦੇਸ਼ ਵਿੱਚ ਕੇਂਦਰ ਸਰਕਾਰ ਦੇ ਖ਼ਿਲਾਫ਼ ਲੋਕਾਂ ਦਾ ਗੁੱਸਾ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਲਹਿਰ ਨੂੰ ਆਧਾਰ ਬਣਾ ਕੇ ਅਕਾਲੀ-ਭਾਜਪਾ ਦਾ ਜੇਤੂ ਘੋੜਾ ਰੋਕਣ ਦੀ ਤਾਕਤ ਕਿਸੇ ਵਿੱਚ ਦਿਖਾਈ ਨਹੀਂ ਦੇ ਰਹੀ ਸੀ। ਸਮਾਂ ਬੀਤਣ ਨਾਲ ਮੁਕਾਬਲੇ ਸਖ਼ਤ ਬਣਨੇ ਸ਼ੁਰੂ ਹੋ ਗਏ। ਆਮ ਆਦਮੀ ਪਾਰਟੀ ਨੂੰ ਲੰਬੇ ਸਮੇਂ ਤਕ ਵੋਟਾਂ ਤੋੜਨ ਵਾਲੀ ਪਾਰਟੀ ਦੇ ਦੌਰ ਉੱਤੇ ਦੇਖਿਆ ਜਾ ਰਿਹਾ ਸੀ ਸ਼ਾਇਦ ਇਸ ਨੂੰ ਆਪ ਵੀ ਇਹ ਉਮੀਦ ਨਹੀਂ ਸੀ ਕਿ ਅੰਡਰ ਕਰੰਟ ਇਸ ਪੱਧਰ ਦਾ ਹੈ ਕਿ ਉਹ ਕਈ ਸੀਟਾਂ ਉੱਤੇ ਮੁਕਾਬਲੇ ਵਿੱਚ ਮੰਨੀ ਜਾਵੇਗੀ। ਇਸ ਤਰ੍ਹਾਂ ਬਹੁਤੀਆਂ ਸੀਟਾਂ ਉੱਤੇ ਤਿਕੋਣੇ ਮੁਕਾਬਲਿਆਂ ਦੀ ਸੰਭਾਵਨਾ ਬਣ ਗਈ ਹੈ।
ਵੋਟਾਂ ਵਾਲੇ ਦਿਨ ਇਹ ਚਰਚਾ ਹਰ ਪੋਲਿੰਗ ਬੂਥਾਂ ਉੱਤੇ ਰਹੀ ਕਿ ਆਪ ਅਕਾਲੀ-ਭਾਜਪਾ ਦੀਆਂ ਜ਼ਿਆਦਾ ਵੋਟਾਂ ਤੋੜੇਗੀ ਜਾਂ ਕਾਂਗਰਸ ਦੀਆਂ। ਕਾਂਗਰਸੀਆਂ ਨੂੰ ਇਹ ਧੁੜਕੂ ਜ਼ਰੂਰ ਸਤਾ ਰਿਹਾ ਸੀ ਕਿ ਜ਼ਿਆਦਾ ਵੋਟਾਂ ਆਪ ਵੱਲੋਂ ਲੈ ਜਾਣ ਨਾਲ ਉਹ ਉਨ੍ਹਾਂ ਦਾ ਬਣਿਆ ਬਣਾਇਆ ਖੇਡ ਵਿਗਾੜ  ਸਕਦੀ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਅਕਾਲੀ-ਭਾਜਪਾ ਖ਼ਿਲਾਫ਼ ਮਾਹੌਲ ਬਣਿਆ ਸੀ ਅਤੇ ਕਾਂਗਰਸ ਨੂੰ ਜ਼ਿਆਦਾਤਰ ਸੀਟਾਂ ਆਉਣ ਦੀ ਉਮੀਦ ਬਣ ਰਹੀ ਸੀ।
ਆਪ ਦੀ ਆਮਦ ਨੇ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਆਪ ਸਮਰਥਕ ਦਾਅਵਾ ਕਰ ਰਹੇ ਹਨ ਕਿ ਹੁਣ ਕਿਸੇ ਦੀ ਵੋਟ ਦਾ ਸੁਆਲ ਨਹੀਂ ਹੈ ਪੰਜਾਬ ਵਿੱਚ ਆਪ ਤੀਸਰੇ ਨੰਬਰ ਦੀ ਮੁਕਾਬਲੇ ਦੀ ਪਾਰਟੀ ਬਣ ਕੇ ਉੱਭਰੀ ਹੈ।
ਅਕਾਲੀ ਦਲ ਨੂੰ ਆਪ ਰਾਹੀਂ ਸੀਟਾਂ ਲੈ ਜਾਣ ਦੀ ਉਮੀਦ ਬਣ ਰਹੀ ਹੈ। ਇਸ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਆਪ ਕਿਉਂਕਿ ਕਾਂਗਰਸ ਦੀਆਂ ਵੋਟਾਂ ਜ਼ਿਆਦਾ ਤੋੜੇਗੀ ਇਸ ਲਈ ਤਿਕੋਣੇ ਮੁਕਾਬਲੇ ਵਿੱਚ ਉਨ੍ਹਾਂ ਦਾ ਤੁੱਕਾ ਲੱਗ ਸਕਦਾ ਹੈ। ਦੇਸ਼ ਦੇ ਲੋਕਾਂ ਸਾਹਮਣੇ ਪਹਿਲੀ ਵਾਰ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਦਾ ਅਧਿਕਾਰ ਵੀ ਮਿਲਿਆ ਹੈ।
ਇਸ ਨੂੰ ਲਾਗੂ ਕਰਨ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਉੱਤੇ ਆਖਰੀ ਬਟਨ ਨੋਟਾ (ਨੱਨ ਆਫ਼ ਦੀ ਅਬੱਵ) ਲੱਗਿਆ ਸੀ। ਆਪ ਦੇ ਵਰਤਾਰੇ ਨੇ ਨੋਟਾ ਪ੍ਰਤੀ ਵੀ ਲੋਕਾਂ ਦੀ ਦਿਲਚਸਪੀ ਘਟਾ ਦਿੱਤੀ ਕਿਉਂਕਿ ਜੇ ਇਹ ਵਿਕਲਪ ਨਾ ਹੁੰਦਾ ਤਾਂ ਨੋਟਾ ਦੀ ਅਹਿਮੀਅਤ ਵਧ ਸਕਦੀ ਸੀ।
ਅਸਲ ਫ਼ੈਸਲਾ ਤਾਂ ਵੋਟਰ ਨੇ ਵੋਟਿੰਗ ਮਸ਼ੀਨ ਉੱਤੇ ਉਂਗਲ ਰੱਖ ਕੇ ਸੁਣਾ ਦਿੱਤਾ ਹੈ ਜਿਸ ਦਾ ਨਤੀਜਾ 16 ਮਈ ਨੂੰ ਸਾਹਮਣੇ ਆਵੇਗਾ।
– ਹਮੀਰ ਸਿੰਘ

468 ad