ਹਾਰੇ ਤਾਂ ਵਿਰੋਧੀ ਧਿਰ ਬਣੇਗੀ ਕਾਂਗਰਸ

ਹਾਰੇ ਤਾਂ ਵਿਰੋਧੀ ਧਿਰ ਬਣੇਗੀ ਕਾਂਗਰਸ

ਰਾਹੁਲ ਗਾਂਧੀ ਨੇ ਦਿੱਤੇ ਸੰਕੇਤ

ਕਾਂਗਰਸ ਨੂੰ ਜੇ ਚੋਣਾਂ ਵਿਚ ਜਿੱਤ ਨਹੀਂ ਮਿਲੀ ਤਾਂ ਉਹ ਦੂਜੀਆਂ ਪਾਰਟੀਆਂ ਦੀ ਮਦਦ ਨਾਲ ਸਰਕਾਰ ਬਣਾਉਣ ਦੀ ਬਜਾਏ ਹਾਊਸ ਵਿਚ ਵਿਰੋਧੀ ਬੈਂਚਾਂ ‘ਤੇ ਬੈਠਣਾ ਪਸੰਦ ਕਰੇਗੀ। ਕਾਂਗਰਸ ਸੂਤਰਾਂ ਅਨੁਸਾਰ ਪਾਰਟੀ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਬਾਰੇ ਸਾਫ ਸੰਕੇਤ ਦੇ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਰਾਹੁਲ ਕਈ ਕਾਰਨਾਂ ਕਾਰਨ ਸਮਰਥਨ ਵਾਲੀ ਸਰਕਾਰ ਦੇ ਹੱਕ ਵਿਚ ਨਹੀਂ ਹਨ। ਇਕ ਕਾਰਨ ਤਾਂ ਇਹ ਹੈ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸਰਕਾਰਾਂ ਸਫਲ ਨਹੀਂ ਰਹੀਆਂ ਹਨ। ਹਮੇਸ਼ਾ ਸਰਕਾਰ ਡਿਗਣ ਦਾ ਡਰ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਕਾਂਗਰਸੀ ਮੰਤਰੀਆਂ ਨੇ ਅਜਿਹੇ ਸੰਕੇਤ ਦਿੱਤੇ ਸਨ ਕਿ ਜੇ ਯੂ. ਪੀ. ਏ. ਨੂੰ ਬਹੁਮਤ ਨਹੀਂ ਮਿਲਦਾ ਹੈ ਤਾਂ ਕਾਂਗਰਸ ਤੀਜੇ ਮੋਰਚੇ ਨੂੰ ਸਮਰਥਨ ਦੇ ਸਕਦੀ ਹੈ। ਸਲਮਾਨ ਖੁਰਸ਼ੀਦ ਨੇ ਇਸ ਬਾਰੇ ਬਿਆਨ ਦਿੱਤਾ ਸੀ ਪਰ ਬਾਅਦ ਵਿਚ ਉਸ ਦਾ ਖੰਡਨ ਕਰ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਰੋਕਣ ਲਈ ਕਾਂਗਰਸ ਅਜਿਹਾ ਕਰ ਸਕਦੀ ਹੈ।

ਸੋਨੀਆ ਕਰੇਗੀ ਆਖਰੀ ਫੈਸਲਾ : ਅਹਿਮਦ
ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਅਹਿਮਦ ਪਟੇਲ, ਪਾਰਟੀ ਜਨਰਲ ਸਕੱਤਰ ਦਿਗਵਿਜੇ ਸਿੰਘ ਅਤੇ ਕੇਂਦਰੀ ਮੰਤਰੀ ਜੈਰਾਮ ਰਮੇਸ਼ ਇਸ ਗੱਲ ‘ਤੇ ਜ਼ੋਰ ਦਿੰਦੇ ਰਹੇ ਕਿ ਕੇਂਦਰ ਵਿਚ ਅਗਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ। ਅਹਿਮਦ ਪਟੇਲ ਕਹਿੰਦੇ ਹਨ ਕਿ ਸਹਿਯੋਗੀ ਪਾਰਟੀਆਂ ਨਾਲ ਮਿਲ ਕੇ ਸਾਨੂੰ ਬਹੁਮਤ ਦਾ ਪੂਰਾ ਭਰੋਸਾ ਹੈ।
ਪਟੇਲ ਨੇ ਕਿਹਾ ਕਿ ਸਮਰਥਨ ਦੇਣ ਜਾਂ ਨਾ ਦੇਣ ਦਾ ਫੈਸਲਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਗੱਲਬਾਤ ਤੋਂ ਬਾਅਦ ਕਰੇਗੀ ਪਰ ਮੈਨੂੰ ਭਰੋਸਾ ਹੈ ਕਿ ਕਿਸੇ ਨੂੰ ਸਮਰਥਨ ਦੇਣ ਦੀ ਨੌਬਤ ਨਹੀਂ ਆਵੇਗੀ।

ਰਾਹੁਲ ਲਿਆਉਣਗੇ ਕਾਂਗਰਸ ‘ਚ ਤਬਦੀਲੀ
ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਸੰਗਠਨ ਦੇ ਢਾਂਚੇ ਵਿਚ ਮੁੱਢਲੀ ਤਬਦੀਲੀ ਲਿਆਂਦੀ ਜਾਵੇਗੀ। ਇਕ ਸੂਤਰ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਪਹਿਲ ਪਾਰਟੀ ਸੰਗਠਨ ਵਿਚ ਤਬਦੀਲੀ ਲਿਆਉਣ ਦੀ ਹੈ। ਖਾਸ ਤੌਰ ‘ਤੇ ਉਨ੍ਹਾਂ ਸੂਬਿਆਂ ਵਿਚ ਜਿਥੇ ਕਾਂਗਰਸ ਦਾ ਆਧਾਰ ਘਟਿਆ ਹੈ ਅਤੇ ਖੇਤਰੀ ਪਾਰਟੀਆਂ ਮਜ਼ਬੂਤ ਹੋਈਆਂ ਹਨ।

468 ad