ਹਲਕਾ ਤਲਵੰਡੀ ਸਾਬੋ ਤੋਂ ਬਲਕਾਰ ਸਿੱਧੂ ਦੀ ‘ਆਪ’ ਨੇ ਟਿਕਟ ਕੀਤੀ ਰੱਦ – ਪੰਚ ਪ੍ਰਧਾਨੀ ਆਗੂ ਦੀ ਬੇਟੀ ਪ੍ਰੋ.ਬਲਜਿੰਦਰ ਕੌਰ ਹੋਣਗੇ ਉਮੀਦਵਾਰ

Baljinder Kaur

ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਲਈ ਮੁਸ਼ਕਲਾਂ ਦਾ ਦੌਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ, ਜਿੱਥੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਉਲਝਣ ਅਤੇ ਪੰਥ ਦੇ ਜੈਕਾਰੇ ਦੀ ਬੇਅਦਬੀ ਕਰਨ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਭਗਵੰਤ ਮਾਨ ਨੂੰ ਕੌਮ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਹੀ ਮਾਨ ਲਈ ਮੁਸ਼ਕਲਾਂ ਦਾ ਦੌਰ ਅੱਜ ਉਸ ਸਮੇਂ ਹੋਰ ਵੀ ਵੱਧਦਾ ਹੋਇਆ ਨਜ਼ਰ ਆਇਆ ਜਦੋਂ ਹਲਕਾ ਤਲਵੰਡੀ ਸਾਬੋ ਦੀ ਜਿਮਨੀ ਚੋਣ ਲਈ ਮਾਨ ਨਜਦੀਕੀ ਉਮੀਦਵਾਰ ਗਾਇਕ ਬਲਕਾਰ ਸਿੱਧੂ ਦੀ ਆਮ ਆਦਮੀ ਪਾਰਟੀ ਨੇ ਟਿਕਟ ਰੱਦ ਕਰ ਦਿੱਤੀ ਹੈ ਜਿਸ ਦੀ ਖਬਰ ਮਿਲਦਿਆਂ ਹੀ ਬਲਕਾਰ ਸਿੱਧੂ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਵੀ ਰੋਕ ਦਿੱਤਾ। ਮਾਨ ਨੂੰ ਆਪ ਵੱਲੋਂ ਦਿੱਤੇ ਗਏ ਝੱਟਕੇ ਕਾਰਨ ਜਿੱਥੇ ਪੰਜਾਬ ਵਿੱਚ ਸਿਆਸੀ ਹਲਚਲ ਤੇਜ ਹੋ ਗਈ ਹੈ ਉਥੇ ਹੀ ਪਾਰਟੀ ਵੱਲੌਂ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਜਗਾ ਰਾਮ ਤੀਰਥ ਦੀ ਬੇਟੀ ਪ੍ਰੋ.ਬਲਜਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ ਹੈ। ਬਲਕਾਰ ਸਿੱਧੂ ਨੇ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਟਿਕਟ ਕੱਟਣ ਦੀ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਾਰਟੀ ਜਿਸ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰੇਗੀ ਉਸ ਦਾ ਪੂਰਨ ਸਮਰੱਥਨ ਕੀਤਾ ਜਾਵੇਗਾ। ਪਾਰਟੀ ਦੇ ਸੀਨੀਅਰ ਆਗੂ ਜਰਨੈਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਪ੍ਰੋ.ਬਲਜਿੰਦਰ ਕੌਰ ਨੂੰ ਟਿਕਟ ਦੇਣ ਦਾ ਐਲਾਨ ਕੀਤਾ। ਦਰਸ਼ਨ ਸਿੰਘ ਜਗਾ ਰਾਮ ਤੀਰਥ ਨੇ ਕਿਹਾ ਕਿ ਪਾਰਟੀ ਵੱਲੌਂ ਉਹਨਾਂ ਦੀ ਸਪੁੱਤਰੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਤੇ ਉਹ ਕੱਲ੍ਹ ਸਵੇਰੇ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਮੱਥਾ ਟੇਕਣ ਉਪਰੰਤ ਕਾਗਜ ਦਾਖਲ ਕਰਨਗੇ। ਦੱਸਣਯੋਗ ਹੈ ਕਿ ਬਲਕਾਰ ਸਿੱਧੂ ਦਾ ਹਲਕੇ ਦੇ ਵਰਕਰਾਂ ਵੱਲੋਂ ਅਰਵਿੰਦਰ ਕੇਜਰੀਵਾਲ ਦੀ ਮੌਜੂਦਗੀ ਵਿੱਚ ਭਾਰੀ ਵਿਰੋਧ ਕੀਤਾ ਗਿਆ ਸੀ ਪਰ ਗਾਇਕ ਬਲਕਾਰ ਸਿੱਧੂ ਨੂੰ ਟਿਕਟ ਦਵਾਉਣ ਵਿੱਚ ਭਗਵੰਤ ਮਾਨ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਹੁਣ ਉਹਨਾਂ ਦੇ ਨਜਦੀਕੀ ਦੀ ਟਿਕਟ ਕੱਟਣ ਕਾਰਨ ਮਾਨ ਦੀਆਂ ਪਾਰਟੀ ਪ੍ਰਤੀ ਕਾਰਗੁਜਾਰੀਆਂ ਤੇ ਵੀ ਸਵਾਲੀਆਂ ਨਿਸ਼ਾਨ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ? ਦੂਜੇ ਪਾਸੇ ਟਿਕਟ ਕੱਟਣ ਤੋਂ ਦੁਖੀ ਬਲਕਾਰ ਸਿੱਧੂ ਨੇ ਵੀ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਹਲਕਾ ਤਲਵੰਡੀ ਸਾਬੋ ਤੋਂ ਆਪ ਦਾ ਉਮੀਦਵਾਰ ਕੱਲ੍ਹ ਨੂੰ ਕੌਣ ਕਾਗਜ ਦਾਖਲ ਕਰੇਗਾ ਦੇਖਣਾ ਹੋਵੇਗਾ?

468 ad