ਹਰਿਆਣੇ ‘ਚ ਸਿੱਖਾਂ ਦੇ ਟਕਰਾਅ ਲਈ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ : ਨਲਵੀ

ਬਾਦਲ ਨੇ ਭਰਾ ਮਾਰੂ ਜੰਗ ਛੇੜ ਕੇ ਹਮੇਸ਼ਾ ਸਿਆਸੀ ਰੋਟੀਆਂ ਸੇਕੀਆਂ : ਦਾਦੂਵਾਲ
ਅੰਮ੍ਰਿਤਸਰ – ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਚੱਲ ਰਹੇ ਵਿਵਾਦ ਨੂੰ ਲੈ ਕੇ ਪੰਥਕ ਧਿਰਾਂ ਕਾਫੀ ਚਿੰਤਤ ਹਨ ਤੇ ਬੀਤੇ ਕੱਲ ਸ਼੍ਰੋਮਣੀ ਕਮੇਟੀ ਤੇ ਹਰਿਆਣਾ ਕਮੇਟੀ ਵਿਚਕਾਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਕੁਰੂਕਸ਼ੇਤਰ ਦੇ ਕਬਜ਼ੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਹੋਈ ਤਕਰਾਰ ਨੂੰ ਲੈ Nalviਕੇ ਸਥਿਤੀ ਕਾਫੀ ਤਣਾਅਪੂਰਨ ਬਣ ਗਈ ਹੈ। ਹਾਲਾਤ ਭਾਵੇਂ ਕਾਬੂ ਹੇਠ ਹਨ ਪਰ ਕਿਸੇ ਵੇਲੇ ਵੀ ਦੋਵਾਂ ਧਿਰਾਂ ਵਿਚ ਟਕਰਾਅ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਕੱਲ ਮੀਟਿੰਗ ਉਪਰੰਤ ਗੁਰਦੁਆਰਾ ਕੁਰੂਕਸ਼ੇਤਰ ਦੀ ਸੇਵਾ-ਸੰਭਾਲ ਦਾ ਪ੍ਰਬੰਧ ਲੈਣ ਲਈ ਜਦੋਂ ਗੁਰਦੁਆਰੇ ਵੱਲ ਕੂਚ ਕੀਤਾ ਤਾਂ ਸ਼੍ਰੋਮਣੀ ਕਮੇਟੀ ਦੇ ਸਮਰਥਕ ਰਾਈਫਲਾਂ, ਪਿਸਤੌਲਾਂ, ਡਾਂਗਾਂ ਤੇ ਇੱਟਾਂ-ਰੋੜੇ ਲੈ ਕੇ ਦਰਸ਼ਨੀ ਡਿਓੜੀ ਉਪਰ ਜਾ ਚੜ੍ਹੇ ਅਤੇ ਗੁਰਦੁਆਰੇ ਵੱਲ ਸ਼ਾਂਤਮਈ ਜਾ ਰਹੇ ਸਿੱਖਾਂ ‘ਤੇ ਹਮਲਾ ਕਰਨ ਦੀ ਨੀਅਤ ਨਾਲ ਪੂਰੀਆਂ ਤਿਆਰੀਆਂ ਕਰ ਲਈਆਂ। ਉਨ੍ਹਾਂ ਕਿਹਾ ਕਿ ਸਤਿਨਾਮ ਵਾਹਿਗੂਰੂ ਦਾ ਜਾਪ ਕਰਦੀਆਂ ਜਾ ਰਹੀਆਂ ਸੰਗਤਾਂ ਨੂੰ ਪੁਲਸ ਨੇ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਭੀੜ ਦੇ ਅੱਗੇ ਉਹ ਬੇਵੱਸ ਨਜ਼ਰ ਆਏ। 
ਉਨ੍ਹਾਂ ਦੱਸਿਆ ਕਿ ਗੁਰਦੁਆਰੇ ਤੋਂ ਸਿਰਫ 50 ਮੀਟਰ ਦੂਰ ਪੁਲਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕਰ ਦਿੱਤਾ, ਜਿਸ ਨਾਲ ਗੁਰਦੁਆਰੇ ਅੰਦਰ ਬੈਠੇ ਘੁਸਪੈਠੀਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਤੇ ਉਹ ਲਲਕਾਰਨ ਲੱਗ ਪਏ ਪਰ ਪ੍ਰਸ਼ਾਸਨ ਨੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਸ਼ਾਂਤਮਈ ਸੰਗਤ ਨੂੰ ਹੀ ਖਦੇੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿਚ ਇਹ ਸ਼ਰਧਾਲੂ ਨਹੀਂ ਸਗੋਂ ਘੁਸਪੈਠੀਏ ਨਾਜਾਇਜ਼ ਹਥਿਆਰ ਲੈ ਕੇ ਬੈਠੇ ਹਨ ਜਿਨ੍ਹਾਂ ਨੂੰ ਤੁਰੰਤ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੁਰਦੁਆਰੇ ਵਿਚ ਬੈਠੇ ਇਨ੍ਹਾਂ ਵਿਅਕਤੀਆਂ ਲਈ ਬਾਹਰੋਂ ਜਾਣ ਵਾਲੇ ਰਾਸ਼ਨ-ਪਾਣੀ ‘ਤੇ ਬਿਨਾਂ ਦੇਰੀ ਤੋਂ ਰੋਕ ਲਾਉਣੀ ਚਾਹੀਦੀ ਹੈ ਤਾਂ ਕਿ ਇਹ ਮਜਬੂਰ ਹੋ ਕੇ ਖੁਦ ਹੀ ਬਾਹਰ ਆ ਜਾਣ। ਉਨ੍ਹਾਂ ਕਿਹਾ ਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਵੀ ਇਨ੍ਹਾਂ ਦੇ ਸਾਹਮਣੇ ਖੁਦ ਨੂੰ ਅਸਮਰਥ ਮਹਿਸੂਸ ਕਰ ਰਹੇ ਹਨ। ਉਨ੍ਹਾਂ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਨੂੰ ਤੁਰੰਤ ਗੁਰਦੁਆਰੇ ਵਿਚੋਂ ਬਾਹਰ ਨਾ ਕੱਢਿਆ ਗਿਆ ਤਾਂ ਸੰਗਤ ਆਪਣੇ ਪੱਧਰ ‘ਤੇ ਇਨ੍ਹਾਂ ਨੂੰ ਕੱਢੇਗੀ ਤੇ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। 
ਇਸੇ ਤਰ੍ਹਾਂ ਹਰਿਆਣਾ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹਰਿਆਣਾ ਦੀ ਵੱਖਰੀ ਕਮੇਟੀ ਹੋਂਦ ਵਿਚ ਆ ਚੁੱਕੀ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਹਰਿਆਣੇ ਦੀ ਕਮੇਟੀ ਨੂੰ ਕਬਜ਼ਾ ਲੈਣ ਵਿਚ ਕਮੇਟੀ ਦੀ ਮਦਦ ਕਰੇ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜੇਕਰ ਇਤਿਹਾਸ ਫਰੋਲ ਲਿਆ ਜਾਵੇ ਤਾਂ ਇਹੋ ਤੱਥ ਸਾਹਮਣੇ ਆਉਣਗੇ ਕਿ ਉਸ ਨੇ ਹਮੇਸ਼ਾ ਹੀ ਭਰਾ ਮਾਰੂ ਜੰਗ ਸ਼ੁਰੂ ਕਰਕੇ ਸਿਆਸੀ ਰੋਟੀਆਂ ਸੇਕੀਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨੀ ਤੌਰ ‘ਤੇ ਹੋਂਦ ਵਿਚ ਆ ਚੁੱਕੀ ਹੈ ਤੇ ਬਾਦਲ ਦਲ ਵਾਲੇ ਕਾਨੂੰਨੀ ਲੜਾਈ ਪੂਰੀ ਤਰ੍ਹਾਂ ਹਾਰ ਚੁੱਕੇ ਹਨ ਪਰ ਜਾਣਬੁੱਝ ਕੇ ਸਿੱਖਾਂ ਵਿਚ ਵੰਡੀਆਂ ਪਾਉਣ ਦੇ ਯਤਨ ਕਰ ਰਹੇ ਹਨ।

468 ad