ਹਰਿਆਣਾ ਦੇ ਗੁਰਦੁਆਰਿਆਂ ’ਚੋਂ ਸੋਨਾ ਹੋਇਆ ਖੁਰਦ-ਬੁਰਦ: ਝੀਂਡਾ

Didar-Singh-Nalwi-R-and-Jagdish-Singh-Jhinda-L-File-Photo-300x238

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਨਾਡਾ ਸਾਹਿਬ ਗੁਰਦੁਆਰੇ ਵਿਚਲਾ ਕਰੋੜਾਂ ਰੁਪਏ ਦਾ ਸੋਨਾ ਖੁਰਦ-ਬੁਰਦ ਕਰ ਦਿੱਤਾ ਤੇ ਇਸ ਸਬੰਧੀ ਰਿਕਾਰਡ ਵੀ ਮੌਜੂਦ ਨਹੀਂ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਸ੍ਰੀ ਝੀਂਡਾ ਨੇ ਅੱਜ ਇੱਥੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਨੌਵੀਂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਐਸਜੀਪੀਸੀ ਹਰਿਆਣਾ ਦੇ ਗੁਰਦੁਆਰਿਆਂ ਵੱਲ ਪੂਰਾ ਧਿਆਨ ਦਿੰਦੀ ਤੇ ਸਿੱਖਾਂ ਨਾਲ ਭੇਦ-ਭਾਵ ਨਾ ਕਰਦੀ ਤਾਂ ਵੱਖਰੀ ਕਮੇਟੀ ਬਣਾਉਣ ਦੀ ਮੰਗ ਨਾ ਉੱਠਦੀ। ਹਰਿਆਣਾ ਕਮੇਟੀ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ਤੋਂ ਬਾਅਦ ਮਾਮਲੇ ਦੇ ਹੱਲ ਲਈ ਤਾਲਮੇਲ ਕਮੇਟੀ ਬਣਾਉਣ ਦਾ ਕੋਈ ਮਤਬਲ ਹੀ ਨਹੀਂ ਹੈ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ  ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐਡਹਾਕ) ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਇਕਬਾਲ ਸਿੰਘ ਨੂੰ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦਾ ਕਮਿਸ਼ਨਰ ਨਿਯੁਕਤ ਕੀਤੇ ਜਾਣ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਹਰਿਆਣਾ ਗੁਰਦੁਆਰਾ ਕਮੇਟੀ ਨੂੰ ਕਾਨੂੰਨੀ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਜ਼ਰਾਂ ਗੁਰੂ ਘਰਾਂ ਦੀਆਂ ਗੋਲਕਾਂ ’ਤੇ ਹਨ। ਪਹਿਲਾਂ ਗੁਰੂ ਘਰਾਂ ਦੀਆਂ ਗੋਲਕਾਂ 15 ਦਿਨਾਂ ਵਿੱਚ ਖੁੱਲ੍ਹਦੀਆਂ ਸਨ ਤੇ ਹੁਣ ਹਰ ਚੌਥੇ ਦਿਨ ਖਾਲੀ ਨਜ਼ਰ ਆਉਂਦੀਆਂ ਹਨ। ਸੁਪਰੀਮ ਕੋਰਟ ਨੇ ਜਦੋਂ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਜਾਰੀ ਕੀਤੇ ਤਾਂ ਉਸੇ ਰਾਤ ਨੂੰ ਐਸਜੀਪੀਸੀ ਨੇ ਆਪਣੇ ਅਧੀਨ ਗੁਰਦੁਆਰਿਆਂ ਦੀਆਂ ਗੋਲਕਾਂ ਨੂੰ ਖੋਲ੍ਹ ਲਿਆ। ਨਾਡਾ ਸਾਹਿਬ ਗੁਰਦੁਆਰੇ ਵਿੱਚ ਕਰੋੜਾਂ ਦਾ ਸੋਨਾ ਸ੍ਰੀ ਬਾਦਲ ਤੇ ਐਸਜੀਪੀਸੀ ਨੇ ਖੁਰਦ-ਬੁਰਦ ਕਰ ਦਿੱਤਾ ਹੈ। ਇਸ ਸਬੰਧੀ ਜਾਂਚ  ਹੋਣੀ ਚਾਹੀਦੀ ਹੈ। ਸ੍ਰੀ ਬਾਦਲ ਤੇ ਉਨ੍ਹਾਂ ਦੀ ਟੀਮ ਵੱਖਰੀ ਕਮੇਟੀ ਦਾ ਵਿਰੋਧ ਕਰ ਰਹੀ ਹੈ ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰਦੁਆਰਾ ਐਕਟ ਵਿੱਚ 1925 ਤੋਂ ਬਾਅਦ 13 ਵਾਰ ਤਬਦੀਲੀ ਹੋ ਚੁੱਕੀ ਹੈ। ਜੇਕਰ ਹਰਿਆਣਾ ਸਰਕਾਰ ਨੇ ਐਕਟ 2014 ਲਾਗੂ ਕਰ ਦਿੱਤਾ ਤਾਂ ਇਸ ਵਿੱਚ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ।

468 ad