ਹਰਸਿਮਰਤ ਦਾ ਕੇਂਦਰੀ ਮੰਤਰੀ ਬਣਨਾ ਤੈਅ

ਹਰਸਿਮਰਤ ਦਾ ਕੇਂਦਰੀ ਮੰਤਰੀ ਬਣਨਾ ਤੈਅ

ਅਕਾਲੀ ਲੀਡਰਸ਼ਿਪ ਨੇ ਭਰੋਸਾ ਜਤਾਇਆ ਹੈ ਕਿ ਕੇਂਦਰ ‘ਚ ਨਰਿੰਦਰ ਮੋਦੀ ਦੀ ਲੀਡਰਸ਼ਿਪ ‘ਚ ਬਣਨ ਜਾ ਰਹੇ ਨਵੇਂ ਮੰਤਰੀ ਮੰਡਲ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਉਚਿਤ ਨੁਮਾਇੰਦਗੀ ਮਿਲੇਗੀ। ਪੰਜਾਬ ਤੋਂ ਲੋਕ ਸਭਾ ਦੇ ਲਈ 4 ਅਕਾਲੀ ਪਹਿਲਾਂ ਸੰਸਦ ਮੈਂਬਰ ਚੁਣੇ ਹੋਏ ਹਨ। ਜਿਨ੍ਹਾਂ ‘ਚ ਬਠਿੰਡਾ ਤੋਂ ਹਰਸਿਮਰਤ ਬਾਦਲ, ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ, ਸ਼੍ਰੀ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਸ਼ਾਮਲ ਹਨ। ਸੀਨੀਆਰਤਾ ਦੇ ਆਧਾਰ ‘ਤੇ ਬ੍ਰਹਮਪੁਰਾ ਸਭ ਤੋਂ ਸੀਨੀਅਰ ਹਨ, ਪਰ ਲੋਕ ਸਭਾ ਦੇ ਲਈ ਉਹ ਪਹਿਲੀ ਵਾਰ ਚੁਣੇ ਗਏ ਹਨ। ਪ੍ਰੇਮ ਸਿੰਘ ਚੰਦੂਮਾਜਰਾ ਇਕ ਵਾਰ ਪਹਿਲਾਂ ਲੋਕ ਸਭਾ ਪਟਿਆਲਾ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ, ਪਰ ਉਨ੍ਹਾਂ ਦੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਟਿਊਨਿੰਗ ਸਹੀ ਨਹੀਂ ਹੈ। ਸ਼ੇਰ ਸਿੰਘ ਘੁਬਾਇਆ ਲਗਾਤਾਰ ਦੂਜੀ ਵਾਰ ਲੋਕ ਸਭਾ ਦੇ ਲਈ ਚੁਣੇ ਗਏ ਹਨ। ਰਾਏ ਸਿੱਖ ਹੋਣ ਦੇ ਨਾਤੇ ਉਹ ਪਿਛੜੇ ਵਰਗ ਨਾਲ ਵੀ ਸੰਬੰਧਤ ਹਨ, ਪਰ ਮੰਤਰੀ ਮੰਡਲ ‘ਚ ਉਨ੍ਹਾਂ ਨੂੰ ਥਾਂ ਮਿਲੇਗੀ ਜਾਂ ਨਹੀਂ ਇਸ ਬਾਰੇ ‘ਚ ਫਿਲਹਾਲ ਕੁਝ ਤੈਅ ਨਹੀਂ।
ਪਰ ਸੱਤਾਧਾਰੀ ਬਾਦਲ ਘਰਾਣੇ ਤੋਂ ਸੰਬੰਧਤ ਹੋਣ ਕਾਰਨ ਹਰਸਿਮਰਤ ਬਾਦਲ ਦੀ ਕੇਂਦਰੀ ਮੰਤਰੀ ਮੰਡਲ ‘ਚ ਸ਼ਮੂਲੀਅਤ ਤੈਅ ਮੰਨੀ ਜਾ ਰਹੀ ਹੈ। ਬਠਿੰਡਾ ‘ਚ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਵੀ ਹਰਸਿਮਰਤ ਨੂੰ ਨਵੀਂ ਕੇਂਦਰੀ ਸਰਕਾਰ ‘ਚ ਮੰਤਰੀ ਦੇ ਰੂਪ ‘ਚ ਪ੍ਰੋਜੈਕਟ ਕੀਤਾ ਗਿਆ ਸੀ। ਅਤੀਤ ‘ਚ ਹਰਸਿਮਰਤ ਦੇ ਪਤੀ ਸੁਖਬੀਰ ਸਿੰਘ ਬਾਦਲ ਕੇਂਦਰ ‘ਚ ਰਾਜ ਮੰਤਰੀ ਰਹਿ ਚੁੱਕੇ ਹਨ। ਇਸਦੇ ਇਲਾਵਾ ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਅਤੇ ਸੁਖਦੇਵ ਸਿੰਘ ਢੀਂਡਸਾ ਵੀ ਵੱਖੋ ਵੱਖ ਸਮੇਂ ‘ਚ ਕੇਂਦਰੀ ਮੰਤਰੀ ਮੰਡਲ ‘ਚ ਕੰਮ ਕਰਦੇ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਸੰਗਰੂਰ ਤੋਂ ਲੋਕ ਸਭਾ ਚੋਣ ਹਾਰ ਗਏ ਹਨ ਪਰ ਉਹ ਰਾਜ ਸਭਾ ਦੇ ਮੈਂਬਰ ਵੀ ਹਨ। ਉਨ੍ਹਾਂ ਦੀ ਟਰਮ 2016 ‘ਚ ਖਤਮ ਹੋਵੇਗੀ। ਢੀਂਡਸਾ ਦੇ ਨਜ਼ਦੀਕੀ ਹਲਕਿਆਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ‘ਚ ਹਾਰ ਦੇ ਕਾਰਨ ਉਹ ਕੇਂਦਰੀ ਮੰਤਰੀ ਮੰਡਲ ‘ਤੇ ਆਪਣੀ ਦਾਅਵੇਦਾਰੀ ਨਹੀਂ ਜਤਾਉਣਗੇ।
ਅਕਾਲੀ ਦਲ ਦੇ ਦੋ ਹੋਰ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਗੁਜਰਾਲ ਹਨ। ਜੇਕਰ ਅਕਾਲੀ ਦਲ ਕੇਂਦਰ ‘ਚ ਪਾਰਟੀ ਦਾ ਹਿੰਦੂ ਚਿਹਰਾ ਪੇਸ਼ ਕਰਨਾ ਚਾਹੇ ਤਾਂ ਨਰੇਸ਼ ਗੁਜਰਾਲ ਦਾ ਨੰਬਰ ਲੱਗ ਸਕਦਾ ਹੈ। ਸੀਨੀਆਰਤਾ ਦੇ ਆਧਾਰ ‘ਤੇ ਭੂੰਦੜ ਦੀ ਦਾਅਵੇਦਾਰੀ ਨੂੰ ਵੀ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।  ਭਾਜਪਾ ਦੇ ਦੋ ਨੇਤਾ ਵਿਨੋਦ ਖੰਨਾ ਅਤੇ ਵਿਜੇ ਸਾਂਪਲਾ ਲੋਕ ਸਭਾ ਦੇ ਲਈ ਚੁਣੇ ਗਏ ਹਨ। ਭਾਜਪਾ ਸੂਤਰਾਂ ਦੀ ਮੰਨੀਏ ਤਾਂ ਵਿਨੋਦ ਖੰਨਾ ਨੂੰ ਕੇਂਦਰੀ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਜਾ ਸਕਦਾ ਹੈ ਕਿਉਂਕਿ ਅਤੀਤ ‘ਚ ਵੀ ਉਹ ਕੇਂਦਰ ‘ਚ ਮੰਤਰੀ ਰਹਿ ਚੁੱਕੇ ਹਨ। ਇਕ ਹੋਰ ਭਾਜਪਾ ਦਿੱਗਜ਼ ਅਰੁਣ ਜੇਤਲੀ, ਜਿਨ੍ਹਾਂ ਨੂੰ ਭਾਵੀ ਵਿੱਤ ਮੰਤਰੀ ਦੇ ਰੂਪ ‘ਚ ਪੇਸ਼ ਕੀਤਾ ਜਾ ਰਿਹਾ ਸੀ, ਅੰਮ੍ਰਿਤਸਰ ਤੋਂ ਚੋਣ ਹਾਰ ਗਏ।

468 ad