ਸੱਚ ਬੋਲਣਾ ਗੁਨਾਹ ਨਹੀਂ : ਨਵਜੋਤ ਕੌਰ ਸਿੱਧੂ

ਸੱਚ ਬੋਲਣਾ ਗੁਨਾਹ ਨਹੀਂ : ਨਵਜੋਤ ਕੌਰ ਸਿੱਧੂ

ਪੰਜਾਬ ਦੀ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੱਚ ਬੋਲਣਾ ਗੁਨਾਹ ਨਹੀਂ ਹੈ ਅਤੇ ਜੇਕਰ ਸੱਚ ਬੋਲਣ ਦੇ ਬਦਲੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਹੁੰਦੀ ਹੈ ਤਾਂ ਉਨ੍ਹਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ।
ਉਨ੍ਹਾਂ ਕਿਹਾ ਕਿ ਮੈਨੂੰ ਦਰਦ ਇਸ ਗੱਲ ਦਾ ਹੈ ਕਿ ਪੂਰੇ ਦੇਸ਼ ‘ਚ ਮੋਦੀ ਦੀ ਹਵਾ ਚੱਲੀ ਪਰ ਪੰਜਾਬ ਇਸ ਤੋਂ ਅਛੂਤਾ ਕਿਉਂ ਰਹਿ ਗਿਆ। ਸਪੱਸ਼ਟ ਹੈ ਕਿ ਸੂਬੇ ‘ਚ ਅਕਾਲੀ ਦਲ ਨੇ 2 ਸਾਲਾਂ ਤਕ ਭਾਜਪਾ ਨੂੰ ਦਬਾਉਣ ਤੋਂ ਇਲਾਵਾ ਕੋਈ ਕਾਰਵਾਈ ਨਹੀਂ ਕੀਤੀ। ਭਾਜਪਾ ਨੇ ਜੇਕਰ ਆਪਣੇ ਸ਼ਹਿਰੀ ਵੋਟ ਬੈਂਕ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਲੋਕ ਸਭਾ ਚੋਣਾਂ ‘ਚ ਉਸ ਨੂੰ ਹਾਰ ਦਾ ਸਾਹਮਣਾ ਨਾ ਕਰਨਾ ਪੈਂਦਾ। ਸ਼੍ਰੀਮਤੀ ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਹੁਣ ਪਾਰਟੀ ਨੂੰ ਮਜ਼ਬੂਤ ਨੇਤਾ ਦੀ ਲੋੜ ਹੈ ਜਿਹੜਾ ਜਨਤਾ ਦੇ ਮਾਮਲਿਆਂ ਨੂੰ ਸਰਕਾਰ ਦੇ ਸਾਹਮਣੇ ਪ੍ਰਭਾਵਸ਼ਾਲੀ ਢੰਗ ਨਾਲ ਉਠਾ ਸਕੇ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਸਾਬਕਾ ਐੱਮ. ਪੀ. ਨਵਜੋਤ ਸਿੱਧੂ ਨੇ ਅੰਮ੍ਰਿਤਸਰ ਦੇ ਲੋਕਾਂ ਦੀ ਅਵਾਜ਼ ਉਠਾਈ ਤਾਂ ਅਕਾਲੀ ਦਲ ਨੇ ਉਨ੍ਹਾਂ ਦੀ ਟਿਕਟ ਕਟਵਾ ਦਿੱਤੀ।
ਇਹ ਪੁੱਛੇ ਜਾਣ ‘ਤੇ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਅੰਮ੍ਰਿਤਸਰ ‘ਚ ਅਰੁਣ ਜੇਤਲੀ ਦੀ ਹਾਰ ਦੇ ਲਈ ਅਕਾਲੀ ਦਲ ਜ਼ਿੰਮੇਵਾਰ ਨਹੀਂ ਹੈ ਕਿਉਂਕਿ ਉਸ ਦੇ ਵਿਧਾਇਕਾਂ ਨੂੰ ਤਾਂ ਆਪਣੇ ਹਲਕਿਆਂ ‘ਚ ਲੀਡ ਮਿਲੀ ਸੀ, ਸ਼੍ਰੀਮਤੀ ਸਿੱਧੂ ਨੇ ਕਿਹਾ ਕਿ ਬਾਦਲ ਦੀ ਜ਼ਿੰਮੇਵਾਰੀ ਸਿਰਫ ਅਕਾਲੀ ਹਲਕਿਆਂ ਤਕ ਸੀਮਤ ਨਹੀਂ ਸੀ। ਬਾਦਲ ਨੇ ਹੀ ਦਿੱਲੀ ‘ਚ ਜਾ ਕੇ ਅਰੁਣ ਜੇਤਲੀ ਨੂੰ ਕਿਹਾ ਸੀ ਕਿ ਤੁਸੀਂ ਨਾਮਜ਼ਦਗੀ ਕਾਗਜ਼ ਭਰਨ ਤੋਂ ਬਾਅਦ ਵਾਪਸ ਦਿੱਲੀ ਚਲੇ ਜਾਓ। ਤੁਹਾਨੂੰ ਜਿਤਾਉਣਾ ਸਾਡੀ ਜ਼ਿੰਮੇਵਾਰੀ ਹੈ, ਇਸ ਲਈ ਬਾਦਲ ਦੀ ਜ਼ਿੰਮੇਵਾਰੀ  ਭਾਜਪਾ ਅਤੇ ਅਕਾਲੀ ਦਲ ਦੋਹਾਂ ਦੇ ਵਿਧਾਨ ਸਭਾ ਹਲਕਿਆਂ ਦੀ ਸੀ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਆਪਣੀਆਂ ਗਲਤੀਆਂ ਤੋਂ ਸਬਕ ਸਿੱਖਣ ਦੀ ਲੋੜ ਹੈ। ‘ਆਪ’ ਸੰਬੰਧੀ ਸ਼੍ਰੀਮਤੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੂਰੇ ਦੇਸ਼ ‘ਚ ਆਮ ਆਦਮੀ ਪਾਰਟੀ ਨੂੰ ਕੋਈ ਸਮਰਥਨ ਨਹੀਂ ਮਿਲਿਆ ਪਰ ਪੰਜਾਬ ‘ਚ ਉਸ ਦੇ 4 ਉਮੀਦਵਾਰ ਜਿੱਤ ਗਏ।  ਉਨ੍ਹਾਂ ਕਿਹਾ ਕਿ ਲੋਕ ਰਾਸ਼ਟਰੀ ਪੱਧਰ ‘ਤੇ ਕਾਂਗਰਸ ਤੋਂ ਵੀ ਖਫਾ ਸਨ ਅਤੇ ਨਾਲ ਹੀ ਪੰਜਾਬ ‘ਚ ਇਸ ਗਠਜੋੜ ਤੋਂ ਨਾਰਾਜ਼ ਸਨ ਇਸ ਲਈ ‘ਆਪ’ ਦਾ ਉਭਾਰ ਹੋਇਆ।

468 ad