ਸੰਤ ਢੱਡਰੀਆਂ ਵਾਲਿਆਂ ‘ਤੇ ਕਾਤਲਾਮਾਂ ਹਮਲਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ-ਸੁਖਬੀਰ ਸਿੰਘ ਬਾਦਲ

Sukhbir_Singh_Badal_650ਪਟਿਆਲਾ, 19 ਮਈ:- ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਕਾਤਲਾਮਾਂ ਹਮਲਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰੇ ਦੋਸ਼ੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਇਹ ਐਲਾਨ ਅੱਜ ਇੱਥੇ ਪਟਿਆਲਾ-ਸੰਗਰੂਰ ਰੋਡ ‘ਤੇ ਸਥਿਤ ਗੁਰਦੁਆਰਾ ਪਰਮੇਸ਼ਵਰ ਦੁਆਰ ਵਿਖੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਪ ਮੁੱਖ ਮੰਤਰੀ ਅੱਜ ਸ਼ਾਮੀ ਗੁਰਦੁਆਰਾ ਪਰਮੇਸ਼ਵਰ ਦੁਆਰ ਸ਼ੇਖੁਪੁਰਾ ਵਿਖੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਮਿਲਣ ਲਈ ਆਏ ਸਨ।
ਸ. ਬਾਦਲ ਨੇ  ਸੰਤ ਢੱਡਰੀਆਂ ਵਾਲਿਆਂ ਨਾਲ ਕਰੀਬ ਅੱਧਾ ਘੰਟਾ ਇਕੱਲਿਆਂ ਗੱਲਬਾਤ ਕੀਤੀ। ਮੀਟਿੰਗ ਤੋਂ ਬਾਹਰ ਆ ਕੇ ਉਪ ਮੁੱਖ ਮੰਤਰੀ ਅਤੇ ਸੰਤ ਢੱਡਰੀਆਂ ਵਾਲਿਆਂ ਨੇ ਸਾਂਝੇ ਤੌਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਜਿਥੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਸੰਤ ਢੱਡਰੀਆਂ ਵਾਲੇ ਸਿੱਖ ਕੌਮ ਦੇ ਮਹਾਂਪੁਰਖ ਅਤੇ ਮਹਾਨ ਪ੍ਰਚਾਰਕ ਹਨ ਅਤੇ ਸਿੱਖ ਧਰਮ ਕੌਮ ਅਤੇ ਸਰਬੱਤ ਦੇ ਭਲੇ ਲਈ ਪ੍ਰਚਾਰ ਕਰ ਰਹੇ ਹਨ, ਅਜਿਹੀ ਸ਼ਖਸ਼ੀਅਤ ‘ਤੇ ਹਮਲਾ ਕਰਨਾ ਇੱਕ ਘਨਾਉਣੀ ਹਰਕਤ ਹੈ ਉਹਨਾਂ ਕਿਹਾ ਕਿ ਹਮਲਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਸ. ਬਾਦਲ ਨੇ ਦੱਸਿਆ ਕਿ ਹਮਲਾਵਰਾਂ ਦੀ ਗ੍ਰਿਫਤਾਰੀ ਦੇ ਲਈ ਡੀ.ਜੀ.ਪੀ. ਪੰਜਾਬ ਵੱਲੋਂ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਹੈ ਜਿਸ ਵੱਲੋਂ ਚਾਰ ਦੇ ਕਰੀਬ ਹਮਲਾਵਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਇਸ ਸ਼ਾਜਿਸ਼ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਵਿਸ਼ੇਸ਼ ਟਾਸਕ ਫੋਰਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਉਹਨਾਂ ਦੱਸਿਆ ਕਿ ਪਟਿਆਲਾ ਦੇ ਆਈ.ਜੀ. ਨੂੰ ਸੰਤਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੀ ਹਦਾਇਤ ਕੀਤੀ ਗਈ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਫਿਲਹਾਲ ਉਹਨਾਂ ਨੂੰ ਪੰਜਾਬ ਸਰਕਾਰ ਦੀ ਜਾਂਚ ‘ਤੇ ਪੂਰਾ ਭਰੋਸਾ ਹੈ ਉਹਨਾਂ ਕਿਹਾ ਕਿ ਉਪ ਮੁੱਖ ਮੰਤਰੀ ਵੱਲੋਂ ਜੋ ਉਹਨਾਂ ਨੂੰ ਵੇਰਵੇ ਮੁਹੱਈਆ ਕਰਵਾਏ ਗਏ ਹਨ ਉਸ ਤੋਂ ਜਾਪਦਾ ਹੈ ਕਿ ਜਾਂਚ ਸਹੀ ਹੋ ਰਹੀ ਹੈ ਅਤੇ ਛੇਤੀ ਹੀ ਸਾਰੇ ਦੋਸ਼ੀ ਕਾਬੂ ਆ ਜਾਣਗੇ। ਸੰਤ ਢੱਡਰੀਆਂ ਵਾਲਿਆਂ ਨੇ ਕਿਹਾ ਕਿ  ਉਹ ਭਰਾ ਮਾਰੂ ਜੰਗ ਦੇ ਹੱਕ ਵਿੱਚ ਨਹੀਂ ਹਨ ਪਰ ਇਸ ਘਨਾਉਣੀ ਹਰਕਤ ਲਈ ਜਿੰਮੇਵਾਰ ਸਾਰੇ ਦੋਸ਼ੀ ਬੇਨਕਾਬ ਹੋਣੇ ਚਾਹੀਦੇ ਹਨ।ਉਹਨਾਂ ਦੱਸਿਆ ਕਿ ਹਾਲੇ ਉਹਨਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ ਅਤੇ ਉਹ ਛੇਤੀ ਹੀ ਆਪਣੇ ਬੰਦਿਆਂ ਲਈ ਹਥਿਆਰਾਂ ਦੇ ਲਾਇਸੰਸ ਵਾਸਤੇ ਦਰਖਾਸ਼ਤਾਂ ਦੇਣਗੇ। ਉਹਨਾਂ ਕਿਹਾ ਕਿ ਉਹ 26 ਮਈ ਨੂੰ ਬਾਬਾ ਭੁਪਿੰਦਰ ਸਿੰਘ ਦੇ ਭੋਗ ਸਮਾਗਮ ਵਿਚ ਸ਼ਿਰਕਤ ਕਰਨਗੇ ਅਤੇ ਉਥੇ ਜੇਕਰ ਲੋੜ ਪਈ ਤਾਂ ਸਰਕਾਰ ਤੋਂ ਸੁਰੱਖਿਆ ਲੈ ਸਕਦੇ ਹਨ। ਪਰ ਉਹਨਾਂ ਹਾਲ ਦੀ ਘੜੀ ਆਪਣੇ ਸਾਰੇ ਸਮਾਗਮ ਮੁਲਤਵੀ ਕਰ ਦਿੱਤੇ ਹਨ। ਉਹਨਾਂ ਸਮੂਹ ਪੰਜਾਬ ਵਾਸੀਆਂ ਨੂੰ ਸ਼ਾਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਉਪ ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ, ਸ. ਰਣਧੀਰ ਸਿੰਘ ਰੱਖੜਾ, ਸ. ਹਰਜੀਤ ਸਿੰਘ ਬੱਬੀ ਖਹਿਰਾ, ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ, ਆਈ.ਜੀ . ਸ. ਪਰਮਰਾਜ ਸਿੰਘ ਉਮਰਾਨੰਗਲ, ਐਸ.ਐਸ.ਪੀ. ਗੁਰਮੀਤ ਸਿੰਘ ਚੌਹਾਨ ਅਤੇ ਏ.ਡੀ.ਸੀ ਵਿਕਾਸ ਸ੍ਰੀ ਪਰਮਿੰਦਰ ਪਾਲ ਸਿੰਘ ਸੰਧੂ ਹਾਜਰ ਸਨ। ਅੱਜ ਸਵੇਰੇ ਆਈ.ਜੀ. ਸ. ਪਰਮਰਾਜ ਸਿੰਘ ਉਮਰਾਨੰਗਲ ਅਤੇ ਐਸ.ਐਸ.ਪੀ. ਗੁਰਮੀਤ ਸਿੰਘ ਚੌਹਾਨ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ.

468 ad

Submit a Comment

Your email address will not be published. Required fields are marked *