ਸੇਵਾ ਸੰਭਾਲ ਵਿਵਾਦ ਨੇ ਕੁਰੂਕਸ਼ੇਤਰ ਵਿੱਚ ਹਿੰਸਕ ਰੂਪ ਧਾਰਿਆ

2 ਗੁਰਦੁਆਰਿਆਂ ‘ਤੇ ਹਰਿਆਣਾ ਕਮੇਟੀ ਦਾ ਕਬਜ਼ਾ
ਕੁਰੂਕਸ਼ੇਤਰ/ ਮੁਸਤਫਾਬਾਦ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਚੀਕਾ ਦੇ ਗੁਰਦੁਆਰਾ 6ਵੀਂ ਤੇ 9ਵੀਂ ਪਾਤਸ਼ਾਹੀ ‘ਤੇ ਕਬਜ਼ਾ ਕਰਨ ਮਗਰੋਂ ਅੱਜ ਹੀ ਕਮੇਟੀ ਦੇ ਸੈਂਕੜੇ ਮੈਂਬਰਾਂ ਨਾਲ ਗੁਰਦੁਆਰਾ ਝੀਂਵਰਹੇੜੀ ਦੇ ਗੁਰਦੁਆਰੇ ‘ਤੇ ਵੀ ਕਬਜ਼ਾ ਕਰ ਲਿਆ।
Kabza2ਹਰਿਆਣਾ ਪੁਲੀਸ ਨੇ ਅੱਜ ਉਸ ਸਮੇਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚਐਸਜੀਐਮਸੀ) ਦੇ ਵਰਕਰਾਂ ਅਤੇ ਹਮਾਇਤੀਆਂ ਉਤੇ ਅੱਥਰੂ ਗੈਸ ਦੇ ਗੋਲੇ ਦਾਗ਼ੇ ਅਤੇ ਉਨ੍ਹਾਂ ਨੂੰ ਜ਼ੋਰਦਾਰ ਲਾਠੀਚਾਰਜ ਅਤੇ ਪਾਣੀਆਂ ਦੀਆਂ ਬੁਛਾੜਾਂ ਮਾਰ ਕੇ ਖਦੇੜ ਦਿਤਾ ਜਦੋਂ ਉਨ੍ਹਾਂ ਬੈਰੀਕੇਡ ਤੋੜ ਕੇ ਇਤਿਹਾਸਕ ਗੁਰਦੁਆਰਾ ਛੇਵੀਂ ਅਤੇ ਨੌਵੀਂ ਪਾਤਸ਼ਾਹੀ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਲਾਠੀਚਾਰਜ ਵਿਚ ਪੰਜ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਕਈ ਪੱਤਰਕਾਰ ਵੀ ਸ਼ਾਮਲ ਹਨ। ਗੁੱਸੇ ਵਿਚ ਆਈ ਪੁਲੀਸ ਨੇ ਸੌ-ਡੇਢ ਸੌ ਕਾਰਾਂ ਦੇ ਸ਼ੀਸ਼ੇ ਵੀ ਤੋੜ ਦਿਤੇ।
ਇਸ ਦੌਰਾਨ ਹਰਿਆਣਾ ਸਰਕਾਰ ਨੇ ਪੰਜਾਬ ਦੀ ਹੱਦ ਨਾਲ ਲਗਦੇ ਸਾਰੇ ਜ਼ਿਲ੍ਹਿਆਂ ਵਿਚ ਚੌਕਸੀ ਵਧਾ ਦਿਤੀ ਹੈ ਤੇ ਪੁਲੀਸ ਨੂੰ ਸਾਰੀ ਰਾਤ ਗਸ਼ਤ ਕਰਨ ਦੀ ਹਦਾਇਤ ਕੀਤੀ ਹੈ।
ਅੱਜ ਇਸ ਤੋਂ ਪਹਿਲਾਂ ਕਰੀਬ 15 ਮਿੰਟ ਤੱਕ ਪੁਲੀਸ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਰ ਅਤੇ ਹਮਾਇਤੀ ਧੱਕਾ ਮੁੱਕੀ ਹੁੰਦੇ ਰਹੇ। ਭੀੜ ਦੇ ਬੇਕਾਬੂ ਹੋਣ ਕਾਰਨ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਉਨ੍ਹਾਂ ਨੂੰ ਭਜਾਉਣ ਦਾ ਯਤਨ ਕੀਤਾ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਇੱਟਾਂ-ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਕੁਝ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਅਤੇ ਦੋ ਫਾਇਰ ਬ੍ਰਿਗੇਡ ਟੈਂਡਰਾਂ ਅਤੇ ਵਜਰ ਵਾਹਨ ਦੇ ਸ਼ੀਸ਼ੇ ਟੁੱਟ ਗਏ। ਪਥਰਾਅ ਤੋਂ ਗੁੱਸੇ ਵਿਚ ਆਈ ਪੁਲੀਸ ਨੇ ਜ਼ੋਰਦਾਰ ਲਾਠੀਚਾਰਜ ਕੀਤਾ ਅਤੇ ਥੀਮ ਪਾਰਕ ਵਿਚ ਖੜ੍ਹੀਆਂ ਪ੍ਰਾਈਵੇਟ ਕਾਰਾਂ ਦੇ ਸ਼ੀਸ਼ੇ ਤੋੜ ਦਿਤੇ। ਇਹ ਕਾਰਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਸਿੱਖ ਸ਼ਰਧਾਲੂਆਂ ਅਤੇ ਹਰਿਆਣਾ ਕਮੇਟੀ ਦੇ ਸੱਦੇ ’ਤੇ ਆਈ ਸੰਗਤ ਦੀਆਂ ਸਨ। ਪੁਲੀਸ ਨੇ ਕਰੀਬ ਇਕ ਕਿਲੋਮੀਟਰ ਤਕ ਪਿੱਛਾ ਕਰਕੇ ਲੋਕਾਂ ਦਾ ਕੁਟਾਪਾ ਕੀਤਾ। ਲਾਠੀਚਾਰਜ ਵਿਚ ਕਈ ਬਜ਼ੁਰਗ ਵੀ ਜ਼ਖਮੀ ਹੋ ਗਏ।
ਅੱਜ ਸਥਾਨਕ ਗੁਰਦੁਆਰਾ 6ਵੀਂ ਪਾਤਿਸ਼ਾਹੀ ‘ਚ ਸੇਵਾ ਸੰਭਾਲਣ ਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਂਕੜੇ ਸਮਰਥਕਾਂ ਨੇ ਹੱਲਾ ਬੋਲ ਦਿੱਤਾ। ਬੈਰੀਕੇਡਸ ਤੋੜ ਕੇ ਸਮਰਥਕ ਗੁਰਦੁਆਰਾ ਸਾਹਿਬ ਵੱਲ ਕੂਚ ਕਰ ਰਹੇ ਸਨ ਤਾਂ ਪੁਲਸ ਨੇ ਲਾਠੀਚਾਰਜ ਕੀਤਾ, ਪਾਣੀ ਦੀਆਂ ਬੌਛਾੜਾਂ ਮਾਰੀਆਂ ਤੇ ਹੰਝੂ ਗੈਸ ਦੇ ਗੋਲੇ ਛੱਡੇ। ਪੁਲਸ ਤੇ ਕਮੇਟੀ ਸਮਰਥਕਾਂ ਵਿਚਾਲੇ ਖੁੱਲ੍ਹ ਕੇ ਪਥਰਾਅ ਹੋਇਆ ਜਿਸ ਨਾਲ ਕਈ ਸਿੱਖ ਤੇ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਪਥਰਾਅ ਦੌਰਾਨ ਪੁਲਸ, ਫਾਇਰ ਬ੍ਰਿਗੇਡ ਤੇ ਹਰਿਆਣਾ ਕਮੇਟੀ ਦੇ ਸਮਰਥਕਾਂ ਦੀਆਂ ਦਰਜਨਾਂ ਗੱਡੀਆਂ ਟੁੱਟ ਗਈਆਂ। ਹੰਗਾਮੇ ਦੌਰਾਨ ਹੋਏ ਪਥਰਾਅ ਤੇ ਲਾਠੀਚਰਜ ਵਿਚ ਕਈ ਮੀਡੀਆ ਮੁਲਾਜ਼ਮ ਵੀ ਜ਼ਖਮੀ ਹੋ ਗਏ। ਦੇਵੀ ਲਾਲ ਚੌਕ ਤੋਂ ਅੰਬੇਡਕਰ ਚੌਕ ਤਕ ਸਥਿਤੀ ਤਣਾਅਪੂਰਨ ਬਣ ਗਈ।
ਓਧਰ ਗੁਰਦੁਆਰਾ 6ਵੀਂ ਪਾਤਿਸ਼ਾਹੀ ਵਿਚ ਟਾਸਕ ਫੋਰਸ ਦੇ ਹਥਿਆਰਬੰਦ ਸੈਂਕੜੇ ਵਰਕਰ ਪਹਿਲਾਂ ਤੋਂ ਹੀ ਮੋਰਚਾ ਸੰਭਾਲੀ ਬੈਠੇ ਸਨ ਪਰ ਇਥੇ ਪੁਲਸ ਨੇ ਹਰਿਆਣਾ ਕਮੇਟੀ ਦੇ ਸਮਰਥਕਾਂ ਦੀ ਗੁਰਦੁਆਰਾ ਸਾਹਿਬ ‘ਤੇ ਕਬਜ਼ਾ ਲੈਣ ਦੀ ਕਾਰਵਾਈ ਨੂੰ ਅਸਫਲ ਕਰ ਦਿੱਤਾ।
ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਕਾਂ ਨੇ ਇਥੇ ਸੂਬਾ ਪੱਧਰੀ ਇਕ ਵਿਸ਼ਾਲ ਮੀਟਿੰਗ ਸੱਦੀ ਸੀ। ਧਰਨੇ ਵਾਲੀ ਥਾਂ ‘ਤੇ ਸਵੇਰ ਤੋਂ ਹੀ ਸੂਬੇ ਭਰ ਵਿਚੋਂ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਭਾਸ਼ਣਾਂ ਦਾ ਦੌਰ ਚੱਲ ਰਿਹਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ‘ਤੇ ਖੁੱਲ੍ਹ ਕੇ ਵਾਰ ਕੀਤੇ ਜਾ ਰਹੇ ਸਨ। ਤਿੰਨ ਜਥਿਆਂ ਨੇ ਬੈਰੀਕੇਡਸ ਨੂੰ ਤੋੜਨ ਦਾ ਯਤਨ ਕਰਕੇ ਗੁਰਦੁਆਰਾ ਸਾਹਿਬ ਵੱਲ ਕੂਚ ਕਰਨ ਲਈ ਕਦਮ ਵਧਾਏ ਪਰ ਪੁਲਸ ਨੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਭਜਾ ਦਿੱਤਾ ਪਰ ਆਖਰੀ ਵਾਰ ਜਦੋਂ ਚੌਥਾ ਜਥਾ ਪੁੱਜਾ ਤਾਂ ਉਹ ਪੁਲਸ ਵਲੋਂ ਲਗਾਏ ਗਏ ਬੈਰੀਕੇਡਸ ਨੂੰ ਉਥੋਂ ਹਟਾਉਣ ਲੱਗਾ, ਜਿਸ ਕਰਕੇ ਪੁਲਸ ਨੇ ਉਨ੍ਹਾਂ ‘ਤੇ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।
ਗੁਰਦੁਆਰਾ ਨਾਢਾ ਸਾਹਿਬ ਦੇ ਬਾਹਰ ਪੁਲੀਸ ਚੌਕੀ ਬਿਠਾਈ
ਚੰਡੀਗੜ੍ਹ: ਹਰਿਆਣਾ ਪੁਲੀਸ ਨੇ ਬੁੱਧਵਾਰ ਰਾਤੀਂ ਪੰਚਕੂਲਾ ਸਥਿਤ ਗੁਰਦੁਆਰਾ ਨਾਢਾ ਸਾਹਿਬ ਵਿਖੇ ਆਪਣੀ ਚੌਕੀ ਕਾਇਮ ਕਰ ਦਿੱਤੀ। ਅਜਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਅਰਜ਼ੀ ਦੇ ਆਧਾਰ ’ਤੇ ਕੀਤਾ ਗਿਆ। ਅਰਜ਼ੀ ਵਿੱਚ ਇਹ ਕਿਹਾ ਗਿਆ ਸੀ ਕਿ ਗੁਰਦੁਆਰੇ ਉਪਰ ਜਬਰੀ ਕਬਜ਼ੇ ਦਾ ਯਤਨ ਹੋ ਸਕਦਾ ਹੈ ਅਤੇ ਅਜਿਹੇ ਹਾਲਾਤ ਵਿੱਚ ਖ਼ੂਨ-ਖਰਾਬਾ ਵੀ ਹੋ ਸਕਦਾ ਹੈ। ਅਰਜ਼ੀ ਪੰਜਾਬ ਦੇ ਸਾਬਕਾ ਵਿਧਾਇਕ ਤੇ ਅਕਾਲੀ ਆਗੂ ਉਜਾਗਰ ਸਿੰਘ ਵਡਾਲੀ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਹੋਈ ਇਕ ਮੀਟਿੰਗ ਤੋਂ ਬਾਅਦ ਦਿੱਤੀ ਗਈ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਗੁਰਦੁਆਰੇ ਦੀ ਸੁਰੱਖਿਆ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

468 ad