ਸੁਖਬੀਰ ਸਿਆਂ, ਸਰਬੱਤ ਖਾਲਸਾ 2016 ਵਿੱਚ ਤੇਰੇ ਸਿਤਮੀ ਰਾਜ ਦੀ ਅੰਤਿਮ ਅਰਦਾਸ ਹੋਵੇਗੀ

 ਸੁਖਮਿੰਦਰ ਸਿੰਘ ਹੰਸਰਾ

ਸੁਖਮਿੰਦਰ ਸਿੰਘ ਹੰਸਰਾ

ਨਵੰਬਰ 29 2015
ਸਰਬੱਤ ਖਾਲਸਾ 2015 ਦੀ ਸਫਲਤਾ ਤੋਂ ਬੁਖਲਾਈ ਪੰਜਾਬ ਸਰਕਾਰ ਅੱਜੇ ਵੀ ਲਗਾਤਾਰ ਗ੍ਰਿਫਤਾਰੀਆਂ ਤੇ ਨਿਰਭਰ ਕਰ ਰਹੀ ਹੈ। ਕਿਸੇ ਵੀ ਹਕੂਮਤ ਲਈ ਇਹ ਜਰੂਰੀ ਹੁੰਦਾ ਹੈ ਕਿ ਜਦੋਂ ਸਤਾ ਖੁੱਸਦੀ ਨਜ਼ਰ ਆਵੇ ਤਾਂ ਹਾਲਾਤਾਂ ਨੂੰ ਕਾਬੂ ਕਰਨ ਲਈ ਹਰ ਉਸ ਸ਼ੈਅ ਜਾਂ ਤਾਕਤ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਜੋ ਅੜਿੱਕਾ ਪੈਦਾ ਕਰ ਰਹੀ ਹੋਵੇ। ਪੰਜਾਬ ਦੇ ਹਾਕਮ ਵੀ ਬੱਸ ਅਜਿਹੀ ਨੀਤੀ ਤੇ ਹੀ ਨਿਰਭਰ ਕਰ ਰਹੇ ਹਨ। ਪਰ ਕਈ ਵਾਰ ਤੂਫਾਨ ਠੱਲਣ ਲਈ ਅਜਿਹੀਆਂ ਨੀਤੀਆਂ ਫੇਲ੍ਹ ਹੋ ਜਾਂਦੀਆਂ ਹਨ।
ਜਦੋਂ ਅੰਦੋਲਨਕਾਰੀ ਖੁਦ ਨੂੰ ਸਪੁਰਦ ਕਰਕੇ “ਤੁਝੇ ਜ਼ਿਬਾਹ ਕਰਨੇ ਕੀ ਖੁਸ਼ੀ, ਔਰ ਮੁਝੇ ਮਰਨੇ ਕਾ ਸ਼ੌਕ” ਤੇ ਚੱਲ ਪੈਣ ਫੇਰ ਹਾਕਮੀ ਨੀਤੀਆਂ ਫੇਲ੍ਹ ਅਤੇ ਮੰਜ਼ਿਲਾਂ ਨਜ਼ਦੀਕ ਆਉਣ ਲੱਗਦੀਆਂ ਹਨ।
ਪੰਜਾਬ ਦੇ ਹਾਕਮਾਂ ਦੀਆਂ ਸਦਭਾਵਨਾ ਵਾਲਾ ਮਹੌਲ ਸਿਰਜਨਣ ਵਾਲੀਆਂ ਰੈਲੀਆਂ ਇੱਕ ਇੱਕ ਕਰਕੇ ਫੇਲ੍ਹ ਹੋ ਰਹੀਆਂ ਹਨ ਅਤੇ ਖਾਲਸਾ ਦਿਨੋ ਦਿਨ ਆਪਣੇ ਜਾਹੋ ਜਲਾਲ ਵਿੱਚ ਆਉਣ ਦੀਆਂ ਤਿਆਰੀਆਂ ਖਿੱਚ ਰਿਹਾ ਹੈ।
ਮੈਂ ਸੁਖਬੀਰ ਨੂੰ ਮੁਖਾਤਬ ਹੋ ਕੇ ਕਹਿਣਾ ਚਾਹਾਂਗਾ ਕਿ ਇੱਕ ਸਦਭਾਵਨਾ ਰੈਲੀਆਂ ਤੇ ਬੈਠੇ ਸੁਖਬੀਰ ਦੇ ਚਿਹਰੇ ਦੀ ਮੁਸ਼ਕ੍ਰਾਹਟ ਹੈ ਅਤੇ ਇੱਕ ਕੱਲ ਕੌਮ ਦੇ ਬੇੜੀਆਂ ਵਿੱਚ ਜਕੜੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੀ ਮੁਸਕਰਾਹਟ ਵੇਖਣ ਅਤੇ ਅਨੁਭਵ ਕਨਰ ਦਾ ਮੌਕਾ ਮਿਲਿਆ ਹੈ। ਇਨ੍ਹਾਂ ਮੁਸਕ੍ਰਾਹਟਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਸ਼ਾਇਦ ਤੈਨੂੰ ਹਕੂਮਤ ਦੇ ਨਸ਼ੇ ਵਿੱਚ ਮਹਿਸੂਸ ਨਾ ਹੋਇਆ ਹੋਵੇ ਪਰ ਜਿਹੜਾ ਤੇਰੀਆਂ ਬੇੜੀਆਂ ਵਿੱਚ ਜਕੜਿਆ ਵੀ ਮੁਸਕਰਾ ਸਕਦਾ ਹੈ, ਉਹ ਤੇਰੇ ਕਾਬੂ ਕਰਨ ਵਾਲੀ ਸ਼ੈਅ ਨਹੀਂ ਹੈ।
ਸੁਖਬੀਰ, ਤੇਰੇ ਜ਼ੁਲਮ ਦੀ ਪਕੜ ਕਮਜ਼ੋਰ ਪੈਂਦੀ ਵੇਖ ਕੇ ਖਾਲਸਾ ਮੁਸਕਰਾ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਵਜੀਦੇ ਖਾਂ ਵਾਂਗ ਤੇਰੀ ਵੀ ਹਾਲਤ ਤਰਸਯੋਗ ਬਣ ਜਾਵੇਗੀ। ਆਪਣੇ ਇੱਕ ਆਰਟੀਕਲ ਵਿੱਚ ਗੁਰਿੰਦਰਪਾਲ ਸਿੰਘ ਧਨੌਲਾ ਲਿਖਦੇ ਹਨ ਕਿ “ਬਾਬਾ ਬੰਦਾ ਸਿੰਘ ਬਹਾਦਰ ਨੇ ਵਜੀਦੇ ਦਾ ਦਿਲ ਹਿਲਾਉ ਅੰਤ ਕਰਕੇ, ਲੋਕਾਂ ਅਤੇ ਸਿੱਖਾਂ ਨੂੰ ਇੱਕ ਭਰੋਸਾ ਦਿੱਤਾ ਕਿ ਬਾਦਸ਼ਾਹੀ ਜਿੱਡੀ ਮਰਜ਼ੀ ਵੱਡੀ ਹੋਵੇ, ਪਰ ਜਦੋਂ ਉਹ ਜਬਰ ਦੇ ਰਾਹ ਤੁਰ ਪਵੇ ਅਤੇ ਲੋਕਾਂ ਦੇ ਹੱਕਾਂ ਦਾ ਹਨਨ ਹੋਣ ਲੱਗ ਪਵੇ, ਧਰਮ ਦੀ ਹਾਨੀ ਹੋਵੇ, ਤਾਂ ਫਿਰ ਅਜਿਹੀ ਬਾਦਸ਼ਾਹੀ ਨੂੰ, ਜੜੋਂ ਉਖੇੜਨ ਵਾਲੇ ਵੀ ਅਕਾਲ ਪੁਰਖ ਭੇਜ ਦਿੰਦਾ ਹੈ”। ਅਜੋਕੇ ਸਮ੍ਹੇਂ ਅੰਦਰ ਵਾਪਰ ਰਹੀਆਂ ਘਟਨਾਵਾਂ ਨੂੰ ਇਤਹਾਸਕ ਦ੍ਰਿਸ਼ਟੀਕੋਣ ਤੋਂ ਵਾਚੀਏ ਤਾਂ ਭਾਈ ਜਰਨੈਲ ਸਿੰਘ ਖਾਲਸਾ, ਜਿਸ ਨੇ ਮੰਤਰੀ ਮਲੂਕੇ ਦੇ ਥੱਪੜ ਮਾਰਿਆ ਸੰਕੇਤਕ ਤੌਰ ਤੇ ਅੱਜ ਦੇ ਵਜੀਦੇ ਨੂੰ ਲਲਕਾਰਨ ਦੇ ਬਰਾਬਰ ਹੈ। ਇਹ ਵੱਖਰੀ ਗੱਲ ਹੈ ਕਿ ਸੁਖਬੀਰ ਸਿਆਂ ਹਕੂਮਤ ਦੇ ਨਸ਼ੇ ਅੰਦਰ ਤੁਹਾਨੂੰ ਇਹ ਸੰਦਰਭ ਅੱਜ ਦਰੁਸਤ ਨਹੀਂ ਲੱਗਦਾ ਹੋਵੇਗਾ।
ਨਿਰਸੰਦੇਹ ਸਮ੍ਹਾਂ, ਬਾਦਲ ਦੇ ਖੇਮਿਆਂ ਦੁਆਲੇ ਆਪਣਾ ਘੇਰਾ ਤੰਗ ਕਰੀ ਜਾ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਸਮ੍ਹੇਂ ਦੀ ਘੇਰਾਬੰਦੀ ਨੇ ਤੁਹਾਡੇ ਖੇਮੇ ਨੂੰ ਖਦੇੜ ਕੇ ਵਾਲ ਵਾਲ ਕਰ ਦੇਣਾ ਹੈ।
ਇਹ ਤੁਹਾਡਾ ਭਰਮ ਹੈ ਕਿ ਕੁੱਝ ਸਿੱਖ ਜਥੇਬੰਦੀਆਂ ਸਰਬੱਤ ਖਾਲਸਾ 2015 ਦੀ ਖਿਲਾਫ ਤਰਫੀ ਕਰ ਰਹੀਆਂ ਹਨ, ਪਰ ਇਹ 7 ਲੱਖ ਦੇ ਇਕੱਠ ਨੂੰ ਕਦੇ ਵੀ ਮਨਫੀ ਨਹੀਂ ਕਰ ਸਕਣਗੀਆਂ। ਇਹ ਸਮ੍ਹੇਂ ਦਾ ਤਕਾਜ਼ਾ ਹੈ ਕਿ ਜਦੋਂ ਕੌਮਾਂ ਕਰਵੱਟ ਲੈਂਦੀਆਂ ਹਨ ਤਾਂ ਕੌਮਾਂ ਦੇ ਭਵਿੱਖ ਆਪਣੇ ਆਪ ਸਾਰਥਕ ਲੀਹਾਂ ਤੇ ਆ ਜਾਂਦੇ ਹਨ। ਕੌਮਾਂ ਦੀ ਤਰੱਕੀ ਘਟਨਾਵਾਂ ਵਿੱਚ ਛੁਪੀ ਹੁੰਦੀ ਹੈ ਅਤੇ ਰੂਪਮਾਨ ਹੋਣ ਲਈ ਕਈ ਵਾਰ ਘਟਨਾਵਾਂ ਦਾ ਮੁਕੰਮਲ ਰੂਪ ਵਿੱਚ ਘਟਣਾ ਜਰੂਰੀ ਹੋਇਆ ਕਰਦਾ ਹੈ। ਸਮ੍ਹਾਂ ਬਦਲ ਰਿਹਾ ਹੈ ਅਤੇ ਖਾਲਸੇ ਦਾ ਬੋਲਬਾਲਾਂ ਹੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਹਨ।
ਕੋਈ ਸਿਆਸੀ ਧਿਰ ਨਹੀਂ ਬਲਕਿ ਸਮਾਂ ਹੀ ਨਿਰਣਾਤਮਿਕ ਹੈ। ਇਹ ਸੁਖਬੀਰ ਸਿਆਂ ਤੈਨੂੰ ਬਹੁਤ ਮਿਲ ਚੁੱਕਾ ਹੈ। ਸਰਬੱਤ ਖਾਲਸਾ 2016 ਵਿੱਚ ਤੇਰੇ ਜ਼ੁਲਮੀ ਰਾਜ ਦੀ ਅੰਤਿਮ ਅਰਦਾਸ ਹੋਵੇਗੀ ਅਤੇ ਖਾਲਸਾ ਪੰਥ ਦੇ ਭਵਿੱਖ ਦਾ ਨਵਾਂ ਅਧਿਆਇ ਸ਼ੁਰੂ ਹੋਵੇਗਾ। ਵਾਹਿਗੁਰੂ ਕ੍ਰਿਪਾ ਕਰਨ ਕਿ ਇਸ ਨਵੇਂ ਅਧਿਆਇ ਦਾ ਪਾਤਰ ਕੋਈ ਕਮਜ਼ੋਰ, ਕੁਰੱਪਟ ਅਤੇ ਖੁਦਗਰਜ਼ ਨਾ ਹੋਵੇ।

468 ad

Submit a Comment

Your email address will not be published. Required fields are marked *