‘ਸੁਖਬੀਰ ਬਾਦਲ ਸਿਰੇ ਦਾ ਗੱਪੀ’

'ਸੁਖਬੀਰ ਬਾਦਲ ਸਿਰੇ ਦਾ ਗੱਪੀ'

ਬਠਿੰਡਾ- ਪ੍ਰਦੇਸ਼ ਕਾਂਗਰਸ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਕਿਹਾ ਕਿ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਪਟਿਆਲਾ ਚੋਣ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਇਥੇ ਕਾਂਗਰਸ ਦੀ ਸਿੱਧੀ ਲੜਾਈ ਬਾਦਲਾਂ ਨਾਲ ਹੈ, ਜਦੋਂਕਿ ਪਟਿਆਲਾ ‘ਚ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦੀ ਜਿੱਤ ਪਹਿਲਾਂ ਹੀ ਯਕੀਨੀ ਹੋ ਚੁੱਕੀ ਹੈ ਇਸ ਲਈ ਜ਼ਰੂਰੀ ਹੈ ਕਿ ਕਾਂਗਰਸੀ ਵਿਧਾਇਕ ਅਤੇ ਖਾਸ ਲੀਡਰ ਪਟਿਆਲਾ ‘ਚ ਡੇਰੇ ਲਗਾਉਣ ਦੀ ਬਜਾਏ ਤਲਵੰਡੀ ਸਾਬੋ ‘ਚ ਡੇਰੇ ਲਗਾਉਣ। ਇਸ ਬਾਰੇ ਇਕ ਰਿਪੋਰਟ ਹਾਈਕਮਾਨ ਨੂੰ ਵੀ ਭੇਜੀ ਗਈ ਹੈ ਤਾਂ ਕਿ ਤਲਵੰਡੀ ਸਾਬੋ ਚੋਣ ਨੂੰ ਗੰਭੀਰਤਾ ਨਾਲ ਲਿਆ ਜਾ ਸਕੇ। ਉਹ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। 
ਮਾਲਵਾ ਦੇ ਵਿਧਾਇਕਾਂ ਤੇ ਹੋਰ ਖਾਸ ਲੀਡਰਾਂ ਦੇ ਪਟਿਆਲਾ ਚਲੇ ਜਾਣ ਨੂੰ ਪਾਰਟੀ ਵਿਰੋਧੀ ਨਾ ਕਹਿ ਕੇ ਤਲਵੰਡੀ ਸਾਬੋ ਤੋਂ ਕਾਂਗਰਸੀ ਉਮੀਦਵਾਰ ਹਰਮੰਦਰ ਸਿੰਘ ਜੱਸੀ ਵਿਰੋਧੀ ਵੀ ਮੰਨਿਆ ਜਾ ਸਕਦਾ ਹੈ, ਬਾਰੇ ਖਹਿਰਾ ਨੇ ਕਿਹਾ ਕਿ ਇਸ ਬਾਰੇ ਉਹ ਕੁਝ ਨਹੀਂ ਜਾਣਦੇ। ਪਾਰਟੀ ਪੱਧਰ ‘ਤੇ ਕੋਈ ਮਤਭੇਦ ਨਹੀਂ ਹੋਣਾ ਚਾਹੀਦਾ। ਹੁਣ ਤਲਵੰਡੀ ਸਾਬੋ ‘ਚ ਕੈਪਟਨ ਅਮਰਿੰਦਰ ਸਿੰਘ ਦੀ ਵੀ ਲੋੜ ਹੈ, ਜੇਕਰ ਉਹ ਅਜੇ ਤੱਕ ਨਹੀਂ ਆਏ ਤਾਂ ਬਹੁਤ ਮਾੜੀ ਗੱਲ ਹੈ। ਉਹ ਖੁਦ ਕੈਪਟਨ ਨੂੰ ਤਲਵੰਡੀ ਸਾਬੋ ਆਉਣ ਦੀ ਸਿਫਾਰਿਸ਼ ਕਰਨਗੇ। ਖਹਿਰਾ ਨੇ ਬਾਦਲ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਿਰੇ ਦਾ ਗੱਪੀ ਹੈ, ਜੋ ਸੈਂਕੜੇ ਉਦਯੋਗ ਪੰਜਾਬ ਵਿਚ ਲਿਆਉਣ ਦੇ ਦਾਅਵੇ ਕਰਦਾ ਹੈ ਪਰ ਅਸਲੀਅਤ ਇਹ ਹੈ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਪੰਜਾਬ ਅੰਦਰ 18760 ਕਾਰਖਾਨੇ ਬੰਦ ਹੋ ਗਏ। ਸਰਕਾਰੀ ਸਕੂਲਾਂ ਨੂੰ ਅਣਦੇਖਿਆ ਕਰ ਕੇ ਪ੍ਰਾਈਵੇਟ ਸੰਸਥਾਵਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੰਜਾਬ ਦੇ 18390 ਸਕੂਲਾਂ ਵਿਚ 34 ਲੱਖ ਗਰੀਬ ਬੱਚੇ ਪੜ੍ਹਦੇ ਹਨ, ਜਿਨ੍ਹਾਂ ‘ਚ 95 ਪ੍ਰਤੀਸ਼ਤ ਬੱਚੇ ਦਲਿਤ ਪਰਿਵਾਰਾਂ ਦੇ ਹਨ, ਜਿਨ੍ਹਾਂ ਨੂੰ ਸਹੂਲਤਾਂ ਦੀ ਘਾਟ ਹੈ। ਕੁੱਲ ਮਿਲਾ ਕੇ ਦਲਿਤਾਂ ਨੂੰ ਇਕ ਨੁੱਕਰੇ ਲਗਾਉਣ ਦਾ ਕੰਮ ਕੀਤਾ ਹੈ ਤਾਂ ਕਿ ਉਹ ਜ਼ਿਆਦਾ ਪੜ੍ਹ-ਲਿਖ ਨਾ ਸਕਣ ਤੇ ਅਮੀਰਾਂ ਦੀ ਚਾਕਰੀ ਕਰਨ ਵਿਚ ਹੀ ਲੱਗੇ ਰਹਿਣ। ਸਰਕਾਰੀ ਹਸਪਤਾਲਾਂ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਹੋਰ ਤਾਂ ਹੋਰ ਸਰਕਾਰੀ ਜ਼ਮੀਨਾਂ ਵੀ ਪ੍ਰਾਈਵੇਟ ਅਦਾਰਿਆਂ ਨੂੰ ਹਸਪਤਾਲ ਬਣਾਉਣ ਲਈ ਦਿੱਤੀਆਂ ਜਾ ਰਹੀਆਂ ਹਨ, ਜਿਥੇ ਗਰੀਬਾਂ ਨੂੰ ਉੱਕਾ ਹੀ ਸਹੂਲਤਾਂ ਨਹੀਂ ਮਿਲ ਰਹੀਆਂ। ਇਨ੍ਹਾਂ ਹਸਪਤਾਲਾਂ ਦਾ ਮਹਿੰਗਾ ਇਲਾਜ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਚੁੱਕਾ ਹੈ। ਖਹਿਰਾ ਨੇ ਕਿਹਾ ਕਿ ਬਾਦਲ ਸਰਕਾਰ ਵਲੋਂ ਮੰਗਾਂ ਖਾਤਰ ਸੰਘਰਸ਼ ਕਰਦੀਆਂ ਜਥੇਬੰਦੀਆਂ ‘ਤੇ ਲਾਠੀਚਾਰਜ ਅਤੇ ਪੁਲਸ ਦੀਆਂ ਜ਼ਿਆਦਤੀਆਂ ਕਰਵਾਉਣਾ ਨਿੰਦਣਯੋਗ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਸਭ ਕੁਝ ਕੈਪਟਨ ਸਰਕਾਰ ਹੁੰਦਿਆਂ ਵੀ ਹੋਇਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਜੇਕਰ ਅਜਿਹਾ ਹੋਇਆ ਸੀ ਤਾਂ ਹੀ ਕਾਂਗਰਸੀ ਸਰਕਾਰ ਦੁਬਾਰਾ ਨਹੀਂ ਆਈ। ਲੋਕ ਸਭਾ ਚੋਣਾਂ ਵਿਚ ਦੇਸ਼ ਅੰਦਰ ਕਾਂਗਰਸ ਦਾ ਵੀ ਵਿਰੋਧ ਹੋਇਆ, ਜਿਵੇਂ ਕਿ ਪੰਜਾਬ ਵਿਚ ਲੋਕਾਂ ਨੇ ਅਕਾਲੀ ਦਲ ਨੂੰ ਨਕਾਰਿਆ।

468 ad