ਸਿੱਖ ਰਹਿਤ ਮਰਯਾਦਾ ਦਾ ਅਤੇ ਪਹਿਰੇਦਾਰ ਸੰਸਥਾਵਾਂ ਦਾ ਨਾ ਘਾਣ ਕਰਨ ਦੀ ਆਗਿਆ ਦਿੱਤੀ ਜਾਵੇਗੀ ਤੇ ਨਾ ਹੀ ਕੀਤੇ ਜਨਤਕ ਅਪਮਾਨ ਨੂੰ ਸਹਿਣ ਕੀਤਾ ਜਾਵੇਗਾ-: ਗਿ:ਕੇਵਲ ਸਿੰਘ।

5ਤਖਤਾਂ ਦੇ ਜਥੇਦਾਰ ਪਹਿਲਾਂ ਪੰਥ ਕੋਲੋਂ ਆਪਣੀ ਆਪਣੀ ਮਾਨਤਾ ਲੈਣ- ਪੰਥਕ ਤਾਲਮੇਲ ਸੰਗਠਨ।
ਸ਼੍ਰੀ ਅਨੰਦਪੁਰ ਸਾਹਿਬ, 18 ਮਈ ( ਜਗਦੀਸ਼ ਬਾਮਬਾ ) ਸਿੱਖ ਮਿਸ਼ਨਰੀ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਹੀ ਹਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਪ੍ਰਚਾਰਦੇ ਤੇ ਪ੍ਰਸਾਰਦੇ ਹਨ। ਇਸ ਕੌਮੀ ਦਸਤਾਵੇਜ਼ ਦੀ ਡਟ ਕੇ ਪਹਿਰੇਦਾਰੀ ਕਰਦੇ ਹਨ। ਆਪਣੇ ਕਾਲਜਾਂ ਵਿਚ ਸਿੱਖ ਰਹਿਤ ਮਰਯਾਦਾ ਅਨੁਸਾਰ ਹੀ ਪੜਾਉਂਦੇ ਹਨ ਅਤੇ ਸਿਲੇਬਸ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿਚ ਦਰਜ ਕਰਵਾਉਂਦੇ ਹਨ। ਇਸ ਸਭ ਕੁਝ ਦੇ ਬਾਵਜੂਦ ਮਿਸ਼ਨਰੀ ਕਾਲਜਾਂ ਤੇ ਹਮਲਾ ਬੋਲਣਾ ਯੋਜਨਾਬੱਧ ਸਾਜਿਸ਼ ਦਾ ਹਿੱਸਾ ਹੈ। ਪੰਥਕ ਤਾਲਮੇਲ ਸੰਗਠਨ ਇਹਨਾਂ ਜਥੇਦਾਰਾਂ ਨੂੰ ਸਵਾਲ ਕਰਦਾ ਹੈ ਕਿ ਕੀ ਤੁਸੀਂ ਆਪਣੀ ਮਾਨਤਾ ਪੰਥ ਤੋਂ ਲੈ ਲਈ ਹੈ ਅਤੇ ਸੁਰਖਰੂ ਹੋ ਚੁੱਕੇ ਹੋ ? ਜੇ ਤੁਸੀਂ ਆਪਣੇ ਦਾਇਰੇ ਚੋਂ ਬਾਹਰ ਜਾ ਕੇ ਵੀ ਪੰਥ ਅੰਦਰ ਖਾਨਾਜੰਗੀ ਪੈਦਾ ਕਰ ਰਹੇ ਹੋ ਤਾਂ ਫਿਰ ਕਦੇ ਉਹਨਾਂ ਡੇਰਿਆਂ ਨੂੰ ਕਿਉਂ ਨਹੀਂ ਪੁੱਛਦੇ ਜਿਹਨਾਂ ਦੀ ਮਰਯਾਦਾ ਆਪੋ ਆਪਣੀ ਹੈ ਅਤੇ ਪੰਥ ਪ੍ਰਵਾਨਿਤ ਮਰਯਾਦਾ ਨੂੰ ਮੰਨਣ ਨੂੰ ਤਿਆਰ ਨਹੀਂ ਹਨ। ਜਿੱਥੇ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਥਾਂ ਸੰਤਾਂ ਬਾਬਿਆਂ ਦੀਆਂ ਸਾਖੀਆਂ ਹੀ ਸੁਣਾਈਆਂ ਜਾਂਦੀਆਂ ਹਨ। ਸ਼ਬਦ ਗੁਰੂ ਦੀ ਥਾਂ ਬਾਬਿਆਂ ਦੀਆਂ ਖੜਾਵਾਂ, ਖੂੰਡੀਆਂ ਅਤੇ ਹੋਰ ਨਿਸ਼ਾਨੀਆਂ ਨੂੰ ਮੱਥੇ ਟਿਕਵਾਏ ਜਾਂਦੇ ਹਨ। ਜਿਹੜੇ ਤਖਤਾਂ ਤੇ ਬੀਬੀਆਂ ਨੂੰ ਕੇਵਲ ਇਕ ਬਾਣੀ ਪੜ ਕੇ ਇਕ ਸਿੰਘ ਅੰਮ੍ਰਿਤ ਛਕਾਉਂਦਾ ਹੈ ਅਤੇ ਉਹ ਵੀ ਖੰਡੇ ਨਾਲ ਨਹੀਂ ਬਲਕਿ ਕਿਰਪਾਨ ਨਾਲ ਤਿਆਰ ਕੀਤਾ ਜਾਂਦਾ ਹੈ। ਉਸ ਬਾਰੇ ਕਦੇ ਕਿਉਂ ਨਹੀਂ ਬੋਲੇ। ਹਜੂਰ ਸਾਹਿਬ ਦੇ ਸਾਬਕਾ ਪੁਜਾਰੀ ਜੋਗਿੰਦਰ ਸਿੰਘ ਇਸ ਨੂੰ ਪੁਰਾਣੀ ਚੱਲੀ ਆ ਰਹੀ ਪਰੰਪਰਾ ਦੱਸਦਾ ਹੈ। ਉਸ ਦੀ ਕਿਤਾਬ “ ਸ੍ਰੀ ਹਜੂਰ ਸਾਹਿਬ ਮਰਿਆਦਾ ਪ੍ਰਬੋਧ” ਵਿਚ ਖਾਲਸਾ ਧਰਮ ਸ਼ਾਸ਼ਤਰ ਦਾ ਹਵਾਲਾ ਦੇਂਦਾ ਹੈ। ਉਸ ਦਾ ਲੇਖ ‘ਕਿਰਪਾਨ ਦਾ ਅੰਮ੍ਰਿਤ ਮਾਈਆਂ ਨੂੰ’ ਕਦੋਂ ਪੜਨਗੇ ਜਥੇਦਾਰ ? ਤੁਸੀਂ ਬਾਗੀਆਂ ਨੂੰ ਤਾਂ ਪੁੱਛਣਾ ਨਹੀਂ । ਜਿਹੜੇ ਪੁੱਛਦੇ ਹਨ ਤਾਂ ਮਰਯਾਦਾ ਲਾਗੂ ਕਰਾਉਣ ਲਈ ਢੰਡੋਰਾ ਪਿੱਟਦੇ ਹਨ ਉਹਨਾਂ ਦਾ ਹੀ ਪਹਾੜਾ ਪੜ ਦਿੱਤਾ।

ਜੇ ਜਥੇਦਾਰ ਅਖਵਾਉਣਾ ਹੀ ਹੈ ਤਾਂ ਸਵੈ-ਪੜਚੋਲ ਕਰੋ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਅਕਾਲ ਪੁਰਖ ਕੀ ਫੌਜ, ਹਰਜੀਤ ਸਿੰਘ ਮੁੱਖ ਸੰਪਾਦਕ ਸਿੱਖ ਫੁਲਵਾੜੀ ਸਿੱਖ ਮਿਸ਼ਨਰੀ ਕਾਲਜ, ਰਾਣਾ ਇੰਦਰਜੀਤ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਜੋਗਿੰਦਰ ਸਿੰਘ ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਗੁਰਪ੍ਰੀਤ ਸਿੰਘ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪ੍ਰਣਾਮ ਸਿੰਘ ਅਖੰਡ ਕੀਰਤਨੀ ਜੱਥਾ, ਜਸਬੀਰ ਸਿੰਘ ਸੁਖਮਨੀ ਸਾਹਿਬ ਸੁਸਾਇਟੀਆਂ, ਕੁਲਵੰਤ ਸਿੰਘ ਸਿੱਖ ਫਰੰਟ ਦਿੱਲੀ, ਕੇਸ ਸੰਭਾਲ ਪ੍ਰਚਾਰ ਸੰਸਥਾ ਦਿੱਲੀ, ਜਨਰਲ ਕਰਤਾਰ ਸਿੰਘ ਗਿੱਲ ਇੰਟਰਨੈਸਨਲ ਸਿੱਖ ਕਨਫੈਡਰੇਸ਼ਨ, ਪਰਮਿੰਦਰਪਾਲ ਸਿੰਘ ਖਾਲਸਾ ਸਿੱਖ ਸੇਵਕ ਸੁਸਾਇਟੀ, ਪ੍ਰਿੰਸੀਪਲ ਗੁਰਦੇਵ ਸਿੰਘ ਗੁਰਮਤਿ ਕਾਲਜ, ਮਹਿੰਦਰ ਸਿੰਘ ਭਾਈ ਘਨੱਈਆ ਸੇਵਕ ਦਲ ਨਾਲਾਗੜ, ਜਤਿੰਦਰ ਸਿੰਘ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ, ਅਕਾਲੀ ਕੌਰ ਸਿੰਘ ਮੈਮੋਰੀਅਲ ਟਰੱਸਟ ਜੰਮੂ, ਗੁਰਮਤਿ ਪ੍ਰਚਾਰ ਟਰੱਸਟ ਹਿਮਾਚਲ, ਤਰਾਈ ਸਿੱਖ ਮਹਾਂ ਸਭਾ ਉਤਰਾਖੰਡ, ਸ਼ਬਦ ਗੁਰੂ ਵਿਚਾਰ ਮੰਚ ਸੁਸਾਇਟੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ, ਗੁਰਸਿੱਖ ਫੈਮਿਲੀ ਕਲੱਬ ਅਤੇ ਕਲਗੀਧਰ ਸੇਵਕ ਜਥਾ ਨੇ ਕਿਹਾ ਕਿ ਸਿੱਖ ਰਹਿਤ ਮਰਯਾਦਾ ਦਾ ਅਤੇ ਪਹਿਰੇਦਾਰ ਸੰਸਥਾਵਾਂ ਦਾ ਨਾ ਘਾਣ ਕਰਨ ਦੀ ਆਗਿਆ ਦਿੱਤੀ ਜਾਵੇਗੀ ਤੇ ਨਾ ਹੀ ਕੀਤੇ ਜਨਤਕ ਅਪਮਾਨ ਨੂੰ ਸਹਿਣ ਕੀਤਾ ਜਾਵੇਗਾ।

468 ad

Submit a Comment

Your email address will not be published. Required fields are marked *