ਸਿੱਖ ਬਜ਼ੁਰਗ ਨੂੰ ਬੇਰਹਿਮੀ ਨਾਲ ਕੁੱਟਣ ਵਾਲੀ ਲੜਕੀ ਨੂੰ ਮਿਲੀ ਸਜ਼ਾ

ਬ੍ਰਿਟਿਸ਼ ਸ਼ਹਿਰ ਕੋਵੇਂਟ੍ਰੀ ਵਿਚ ਇਕ ਬਜ਼ੁਰਗ ਸਿੱਖ ਨੂੰ ਮੁੱਕੇ -ਲੱਤਾਂ ਮਾਰਨ ਅਤੇ ਉਸ ਨੂੰ ਧੱਕਾ ਦੇਣ ਵਾਲੀ 20 ਸਾਲਾਂ ਲੜਕੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਲੰਡਨ ਦੇ ਉੱਤਰ-ਪੱਛਮ ਵਿਚ ਸਥਿਤ ਇਸ ਸ਼ਹਿਰ ਵਿਚ 80 ਸਾਲਾਂ ਜੋਗਿੰਦਰ ਸਿੰਘ ‘ਤੇ ਕੋਰਲ ਮਿਲਚਿਪ ਨੇ ਪਿਛਲੇ ਸਾਲ ਅਗਸਤ ਵਿਚ ਹਮਲਾ ਕੀਤਾ ਸੀ ਅਤੇ ਇਹ ਘਟਨਾ ਕੈਮਰੇ ਵਿਚ ਦਰਜ ਹੋ ਗਈ ਸੀ। 
ਇਸ ਹੈਰਾਨ ਕਰਨ ਵਾਲੀ ਵੀਡੀਓ ਤੋਂ ਸਾਹਮਣੇ ਆਇਆ ਕਿ ਕਿਵੇਂ ਲੜਕੀ ਨੇ ਬਦਸਲੂਕੀ ਅਤੇ ਨਸਲੀ ਟਿੱਪਣੀਆਂ ਕਰਦੇ ਹੋਏ ਜੋਗਿੰਦਰ ਸਿੰਘ ਨੂੰ ਜ਼ਮੀਨ ‘ਤੇ ਧੱਕਾ ਦੇ ਦਿੱਤਾ ਸੀ ਅਤੇ ਉਨ੍ਹਾਂ ‘ਤੇ ਲੱਤਾਂ ਮਾਰੀਆਂ ਸਨ ਅਤੇ ਉਨ੍ਹਾਂ ਦੇ ਉੱਪਰ ਥੁੱਕਿਆ ਸੀ। ਇਸ ਹਮਲੇ ਵਿਚ ਜੋਗਿੰਦਰ ਸਿੰਘ ਦੇ ਚਿਹਰੇ ‘ਤੇ ਕਾਫੀ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਦੀਆਂ ਅੱਖਾਂ ਦੇ ਨੇੜੇ-ਚੇੜੇ ਕਾਫੀ ਨਿਸ਼ਾਨ ਬਣ ਗਏ ਸਨ। ਇਕ ਰਾਹਗੀਰ ਨੇ ਇਸ ਹਮਲੇ ਦੀ ਮੋਬਾਈਲ ‘ਤੇ ਵੀਡੀਓ ਬਣਾ ਲਈ ਸੀ। ਇਸ ਘਟਨਾ ਤੋਂ ਤਿੰਨ ਮਹੀਨਿਆਂ ਬਾਅਦ ਜੋਗਿੰਦਰ ਸਿੰਘ ਦੀ ਕਿਸੇ ਹੋਰ ਬੀਮਾਰੀ ਕਾਰਨ ਮੌਤ ਹੋ ਗਈ ਸੀ। 
ਕੋਵੇਂਟ੍ਰੀ ਸੀ. ਆਈ. ਡੀ. ਦੇ ਮੈਟ ਮਾਰਖਮ ਨੇ ਦੱਸਿਆ ਕਿ ਸਿੰਘ ਦੇ ਨਾਲ ਜੋ ਕੁਝ ਵੀ ਹੋਇਆ ਉਹ ਹਰ ਕਿਸੇ ਨੂੰ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਸਿੰਘ ਦੀ ਨੂੰਹ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਘਟਨਾ ਤੋਂ ਬਾਅਦ ਜੋਗਿੰਦਰ ਸਿੰਘ ਵਿਚ ਬਹੁਤ ਬਦਲਾਅ ਆ ਗਿਆ ਸੀ। ਉਹ ਬਹੁਤ ਘਬਰਾਏ ਹੋਏ, ਚਿੜਚਿੜੇ ਸੁਭਾਅ ਦੇ ਹੋ ਗਏ ਸਨ। ਇਸ ਦਾ ਇੰਨਾਂ ਅਸਰ ਹੋਇਆ ਕਿ ਉਹ ਆਪਣੇ ਘਰ ਵਿਚ ਵੀ ਸਹਿਜ ਮਹਿਸੂਸ ਨਹੀਂ ਕਰ ਰਹੇ ਸਨ। 
ਵਾਰਵਿਕ ਕਰਾਊਨ ਕੋਰਟ ਵਿਚ ਹਮਲੇ ਦੀ ਗੱਲ ਦੀ ਸਵੀਕਾਰ ਕਰਨ ਤੋਂ ਬਾਅਦ ਮਿਲਚਿਪ ਨੂੰ ਕੈਦ ਦੀ ਸਜ਼ਾ ਸੁਣਾਈ ਗਈ। ਲੜਕੀ ਨੇ ਦਾਅਵਾ ਕੀਤਾ ਸੀ ਕਿ ਜੋਗਿੰਦਰ ਸਿੰਘ ਨੇ ਉਸ ਦੀ ਛਾਤੀ ਨੂੰ ਹੱਥ ਲਗਾਇਆ ਸੀ, ਜਿਸ ‘ਤੇ ਉਸ ਨੇ ਇਹ ਹਮਲਾ ਕੀਤਾ। ਜਸਟਿਸ ਸਾਯਲਵੀਆ ਡੇ ਬੇਰਤੋਦਾਨੋ ਨੇ ਦੋਸ਼ੀ ਨੂੰ ਦੋ ਸਾਲ ਦੀ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਉਸ ਨੇ ਜੋਗਿੰਦਰ ਸਿੰਘ ਨੂੰ ਅਪਮਾਨਤ ਕੀਤਾ ਹੈ।

468 ad