ਸਿੱਖ ਜੱਥੇਬੰਦੀਆਂ ਨੇ ਪੰਥਕ ਆਗੂਆਂ ਅਤੇ ਪ੍ਰਚਾਰਕਾਂ ਦੀਆਂ ਗ੍ਰਿਫਤਾਰੀਆਂ ਅਤੇ ਨਜ਼ਰਬੰਦੀਆਂ ਨੂੰ ਸਰਕਾਰੀ ਅੱਤਵਾਦ ਕਰਾਰ ਦਿੱਤਾ

Dal-Kalsa-16-sat-2015-1009x1024ਹੁਸ਼ਿਆਰਪੁਰ (16 ਸਤੰਬਰ, 2015): ਪੰਥਕ ਆਗੂਆਂ ਅਤੇ ਪ੍ਰਚਾਰਕਾਂ ਦੀਆਂ ਗ੍ਰਿਫਤਾਰੀਆਂ ਅਤੇ ਨਜ਼ਰਬੰਦੀਆਂ ਨੂੰ ਸਰਕਾਰੀ ਅੱਤਵਾਦ ਦਸਦਿਆਂ, ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਕਿ ਇਸ ਗੱਲ ਨੂੰ ਵਿਸਾਰਦੇ ਹੋਏ ਕਿ ਪੰਥ ਕਦੇ ਜ਼ੁਲਮ ਅੱਗੇ ਝੁਕਿਆ ਨਹੀਂ, ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਪੰਥ ਨਾਲ ਧ੍ਰੋਹ ਅਤੇ ਵੈਰ ਕਮਾਉਣ ਦੇ ਰਾਹ ਤੁਰ ਪਈ ਹੈ।

ਅਖੌਤੀ ਮੁਆਫੀਨਾਮੇ ਅਤੇ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪੈਦਾ ਹੋਏ ਵਿਸਫੋਟਕ ਅਤੇ ਸੰਵੇਦਣਸ਼ੀਲ ਸਥਿਤੀ ਉਤੇ ਵਿਚਾਰ ਕਰਨ ਲਈ ਦਾਂਂ ਪਾਰਟੀਆ ਦੀ ਹੋਈ ਇੱਕਤਰਤਾ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਪੰਜਾਬ ਸਰਕਾਰ ਕਾਨੂੰਨ ਦੇ ਰਾਜ ਨੂੰ ਮਲੀਆਮੇਟ ਕਰ ਰਹੀ ਹੈ।

ਭਾਈ ਹਰਚਰਨਜੀਤ ਸਿੰਘ ਧਾਮੀ ਅਤੇ ਭਾਈ ਦਲਜੀਤ ਸਿੰਘ ਦੀ ਆਗਵਾਈ ਹੇਠ ਦੋਨਾਂ ਜਥੇਬੰਦੀਆਂ ਨੇ ਕਿਹਾ ਕਿ ਸੂਖਬੀਰ ਸਿੰਘ ਬਾਦਲ ਦੀ ਬੋਲੀ ਅਤੇ ਲਹਿਜ਼ਾ ਸਿੱਖ ਸੰਘਰਸ਼ ਨੂੰ ਜ਼ਬਰ-ਜ਼ੁਲਮ ਨਾਲ ਕੁਚਲਣ ਵਾਲੇ ਸਾਬਕਾ ਮੁਖ ਮੰਤਰੀ ਬੇਅੰਤ ਸਿੰਘ ਅਤੇ ਸਾਬਕਾ ਗਵਰਨਰ ਐਸ ਐਸ ਰੇਅ ਦੀ ਯਾਦ ਦਿਵਾਉਂਦਾ ਹੈ।

ਜਥੇਬੰਦੀਆਂ ਦੇ ਆਗੂਆਂ ਦਾ ਮੰਨਣਾ ਹੈ ਕਿ ਸੱਤਾ ਦੀ ਵਾਗਡੋਰ ਬੇਅੰਤ ਸਿੰਘ ਤੋਂ ਪ੍ਰਕਾਸ਼ ਸਿੰਘ ਬਾਦਲ ਰਾਂਹੀ ਹੁੰਦੀ ਹੋਈ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਆ ਗਈ ਹੈ ਪਰ ਸਰਕਾਰੀ ਨੀਤੀਆਂ ਅਤੇ ਮਸ਼ੀਨਰੀ, ਸਿੱਖ ਹੱਕਾਂ ਅਤੇ ਆਵਾਜ਼ ਨੂੰ ਦਬਾਉਣ ਲਈ ਉਸੇ ਤਰਾਂ ਕਾਇਮ ਹੈ।

ਭਾਈ ਦਲਜੀਤ ਸਿੰਘ ਨੇ ਕਿਹਾ ਕਿ ਬਾਦਲਕੇ ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਕਰਦੇ ਹੋਏ ਦਲੀਲ-ਅਪੀਲ ਦੀ ਆਵਾਜ਼ ਨੂੰ ਜ਼ਬਰ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪਿਛਲੇ ਦਿਨਾਂ ਅੰਦਰ ਉਠਿਆ ਲੋਕ ਉਭਾਰ ਬਾਦਲਕਿਆਂ ਹੱਥੋਂ ਧਾਰਮਿਕ ਰਹੁਰੀਤਾਂ, ਅਕੀਦਿਆਂ ਅਤੇ ਸੰਸਥਾਵਾਂ ਦੇ ਹੋ ਰਹੇ ਘਾਣ ਵਿਰੁੱਧ ਫਤਵਾ ਹੈ।

ਭਾਈ ਧਾਮੀ ਨੇ ਕਿਹਾ ਕਿ ਭਾਂਵੇ ੧੦ ਨਵੰਬਰ ਨੂੰ ਹੋਏ ਵਿਸ਼ਾਲ ਪੰਥਕ ਇੱਕਠ ਦੇ ਨਾਂ, ਵਿਧੀ-ਵਿਧਾਨ ਅਤੇ ਸਥਾਨ ਨੂੰ ਲੈ ਕੇ ਪ੍ਰਬੰਧਕਾਂ ਨਾਲ ਉਹਨਾਂ ਦੇ ਵਿਚਾਰਧਾਰਿਕ ਅਤੇ ਸਿਧਾਂਤਕ ਮੱਤਭੇਦ ਸਨ ਪਰ ਉਹ, ਸਰਕਾਰ ਦੀ ਪ੍ਰਬੰਧਕਾਂ ਵਿਰੁੱਧ ਦਮਨਕਾਰੀ ਨੀਤੀ ਦੇ ਸਖਤ ਖਿਲਾਫ ਹਨ ਅਤੇ ਸਮਝਦੇ ਹਨ ਕਿ ਹਰ ਪੰਥਕ ਧਿਰ ਨੂੰ ਆਪਣੀ ਗੱਲ ਅਤੇ ਰਾਏ ਰੱਖਣ ਦਾ ਪੂਰਾ ਹੱਕ ਹੈ ਅਤੇ ਸਰਕਾਰ ਦੀ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਦਲ ਖਾਲਸਾ ਬੁਲਾਰੇ ਕੰਵਰਪਾਲ ਸਿੰਘ ਨੇ ਸਪਸ਼ਟ ਕੀਤਾ ਕਿ ਉਹਨਾਂ ਦੀਆਂ ਦੋਵੇਂ ਜਥੇਬੰਦੀਆਂ ੧੦ ਦੇ ਪੰਥਕ ਇੱਕਠ ਦਾ ਹਿੱਸਾ ਨਹੀਂ ਸਨ, ਇਸ ਨਾਤੇ ਇੱਕਠ ਦੌਰਾਨ ਪਾਸ ਕੀਤੇ ਮਤਿਆਂ ਨਾਲ ਸਹਿਮਤ ਹੋਣ ਦੇ ਉਹ ਪਾਬੰਦ ਨਹੀਂ ਹਨ। ਪਰ ਉਹਨਾਂ ਕਿਹਾ ਕਿ ਜਿਸ ਗਲਤ ਅਤੇ ਮਾਰੂ ਤਰੀਕੇ ਨਾਲ ਬਾਦਲਕੇ ਇਸ ਇਕੱਠ ਅਤੇ ਉਸ ਦੀ ਭਾਵਨਾ ਨੂੰ ਬਦਨਾਮ ਕਰਨ ਦੇ ਰਾਹ ਪਏ ਹਨ, ਉਹ ਅਕਾਲੀਆਂ ਦੀ ਬਦਨੀਤੀ ਦੇ ਨਾਲ ਜਮੂਹਰੀਅਤ ਪ੍ਰਤੀ ਥੋਥਲ਼ੇਪਣ ਨੂੰ ਦਰਸਾਉਂਦੀ ਹੈ। ਉਹਨਾਂ ਕਿਹਾ ਕਿ ਸਿਧਾਂਤਕ ਵਿਰੋਧ ਕਰਨ ਵਾਲੇ ਗੁਰਸਿੱਖਾਂ ਉਤੇ ਕਾਂਗਰਸ ਦਾ ਲੇਬਲ ਲਾਉਣ ਦਾ ਅਕਾਲੀਆਂ ਦਾ ਹੱਥਕੰਡਾ ਹੁਣ ਖੁੰਢਾ ਹੋ ਚੁੱਕਾ ਹੈ।

ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਆਪਣੀ ਗਲਤੀ ਸੁਧਾਰਨ ਅਤੇ ਬਹਿਬਲ ਕਲਾਂ ਵਿੱਚ ਸ਼ਹੀਦ ਹੋਏ ੨ ਸਿੰਘਾਂ ਨੂੰ ਇਨਸਾਫ ਦੇਣ ਦੀ ਥਾਂ ਧਮਕੀ ਵਾਲੇ ਲਹਿਜ਼ੇ ਨਾਲ ਸਿੱਖਾਂ ਨੂੰ ਡਰਾਉਣ ਦੇ ਰਾਹ ਤੁਰ ਪਾਏ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਆਉਂਦੇ ਸਮੇ ਵਿੱਚ ਲੋਕ ਕਚਹਿਰੀ ਵਿੱਚ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।

ਸਤਨਾਮ ਸਿੰਘ ਪਾਂਉਂਟਾ ਸਾਹਿਬ ਨੇ ਸਿਮਰਨਜੀਤ ਸਿੰਘ ਮਾਨ ਸਮੇਤ ਪੰਥਕ ਆਗੂਆਂ ਉਤੇ ਦੇਸ਼-ਧ੍ਰੋਹ ਦੇ ਕੇਸ ਦਰਜ ਕਰਨ ਦੀ ਕਾਰਵਾਈ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਵੱਖਰੇ-ਵਿਚਾਰ ਰੱਖਣਾ ਦੇਸ਼-ਧ੍ਰੋਹ ਨਹੀਂ ਹੁੰਦਾ। ਉਹਨਾਂ ਸਰਕਾਰਾਂ ਵਲੋਂ ਦੇਸ਼-ਧ੍ਰੋਹ ਦੀ ਧਾਰਾਵਾਂ ਦੀ ਰਾਜਨੀਤਿਕ ਕਿੜਾਂ ਕੱਢਣ ਲਈ ਵਰਤਣ ਦੀ ਜੋਰਦਾਰ ਨਿਖੇਧੀ ਕੀਤੀ।

ਮੀਟਿੰਗ ਵਿੱਚ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਖੂਨੀ ਹਮਲੇ ਦੌਰਾਨ ਮਾਰੇ ਗਏ ਨਿਰਦੋਸ਼ਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਗਹਿਰੇ ਦੁਖ ਦਾ ਇਜ਼ਹਾਰ ਕੀਤਾ ਹੈ।

ਇਸ ਮੌਕੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ ਮਨਜਿੰਦਰ ਸਿੰਘ ਜੰਡੀ, ਸਰਬਜੀਤ ਸਿੰਘ ਘੁਮਾਣ, ਰਣਬੀਰ ਸਿੰਘ, ਨੋਬਲਜੀਤ ਸਿੰਘ, ਜਸਪਾਲ ਸਿੰਘ, ਮਨਧੀਰ ਸਿੰਘ ਸ਼ਾਮਿਲ ਸਨ। ਸਿੱਖ ਯੂਥ ਆਫ ਪੰਜਾਬ ਦੇ ਪਰਮਜੀਤ ਸਿੰਘ ਟਾਂਡਾ ਅਤੇ ਪ੍ਰਭਜੋਤ ਸਿੰਘ ਵੀ ਹਾਜ਼ਿਰ ਸਨ।

SikhSangharsh

468 ad

Submit a Comment

Your email address will not be published. Required fields are marked *