ਸਿਆਸੀ ਆਜ਼ਾਦੀ ਦੇ 68 ਸਾਲ – ਮੁਕੰਮਲ ਆਜ਼ਾਦੀ ਲਈ ਹਾਲੇ ਵੀ ਲੜ ਰਿਹਾ ਹੈ ਭਾਰਤ : ਪ੍ਰਣਬ ਮੁਖਰਜੀ

parnab mukharji

ਭਾਰਤ ਦੀ ਆਜ਼ਾਦੀ ਦੀ 67ਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ ਮੌਕੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਦੇਸ਼ ਹਾਲੇ ਵੀ ਕਈ ਖੇਤਰਾਂ ਵਿੱਚ ਪੂਰਨ ਆਜ਼ਾਦੀ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਦੇਸ਼ ਵਿੱਚ ਸਰਾਪ ਬਣ ਚੁੱਕੀ ਗਰੀਬੀ, ਬੇਰੁਜ਼ਗਾਰੀ, ਭਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਹੋਰ ਸਮਾਜਿਕ ਬੁਰਾਈਆਂ  ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਬੀਤੇ 6 ਦਹਾਕਿਆਂ ਦਾ ਸਮਾਂ ਅਸੀਂ ਇਨ੍ਹਾਂ ਬੁਰਾਈਆਂ ਨਾਲ ਲੜਦੇ ਰਹੇ ਹਾਂ ਅਤੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਅਸੀਂ ਛੇਤੀ ਹੀ ਇਸ ਉੱਤੇ ਜਿੱਤ ਪ੍ਰਾਪਤ ਕਰ ਲਵਾਂਗੇ। ਗਰੀਬੀ ਜੋ 6 ਦਹਾਕੇ ਪਹਿਲਾਂ 60ਫੀਸਦੀ ਤੋਂ ਵੱਧ ਸੀ, ਮੌਜੂਦਾ ਸਮੇਂ ਇਸ ਦੀ ਦਰ 30 ਫੀਸਦੀ ਤੋਂ ਹੇਠਾਂ ਆ ਜਾਣ ਦਾ ਜਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕਤਾ ਅਜਿਹੀ ਹੋਣੀ ਚਾਹੀਦੀ ਹੈ ਕਿ ਇਸ ਦਾ ਲਾਭ ਗਰੀਬ ਤੋਂ ਗਰੀਬ ਵਰਗਾਂ ਤੱਕ ਪਹੁੰਚਣਾ ਯਕੀਨੀ ਹੋਣਾ ਚਾਹੀਦਾ ਹੈ। ਦੇਸ਼ ਦੇ ਆਜ਼ਾਦ ਸਮੇਂ ਦੇ 68 ਸਾਲਾਂ ਨੂੰ ਦੇਸ਼ ਦੀ ਜਵਾਨੀ ਦਾ ਸਿਖਰ ਕਰਾਰ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਹੈ ਕਿ ਪਿੱਛੇ ਹੋ ਕੇ ਹਟੀਆਂ ਲੋਕ ਸਭਾ ਚੋਣਾਂ ਵਿੱਚ ਦੇਸ਼ ਦੀ ਇਸ ਜਵਾਨ ਅਵਸਥਾ ਦਾ ਜੋਸ਼ ਦੁਨੀਆਂ ਭਰ ਦੇ ਲੋਕਾਂ ਨੇ ਦੇਖਿਆ ਹੈ। ਰਾਸ਼ਟਰਪਤੀ ਦਾ ਇਸ ਸਬੰਧ ਵਿੱਚ ਇਸ਼ਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੂਰਨ ਬਹੁਮਤ ਲੈ ਕੇ ਸਰਕਾਰ ਬਣਾਉਣ ਵਾਲੇ ਭਾਜਪਾ ਗੱਠਜੋੜ ਵੱਲ ਸੀ। ਰਾਸ਼ਟਰਪਤੀ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੇ 58ਫੀਸਦੀ ਦੇ ਮੁਕਾਬਲੇ ਇਸ ਵਾਰ 66ਫੀਸਦੀ ਵੋਟਾਂ ਦਾ ਪੈਣਾ ਦੇਸ਼ ਦੀ ਜਵਾਨ ਵਿਵਸਥਾ ਦੀ ਵਧੀ ਹੋਈ ਊਰਜਾ ਅਤੇ ਜੋਸ਼ ਨੂੰ ਪ੍ਰਗਟ ਕਰਦਾ ਹੈ।  ਮੋਦੀ ਸਰਕਾਰ ਵੱਲੋਂ ਚੰਗੇ ਪ੍ਰਸ਼ਾਸਨ ਲਈ ਕੀਤੀਆਂ ਜਾ ਰਹੀਆਂ ਪੇਸ਼ਬੰਦੀਆਂ ਦਾ ਅਸਰ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਵੀ ਵਿਖਾਈ ਦਿੱਤਾ। ਸਿਆਸੀ ਅਤੇ ਸਿਵਲ ਸਮਾਜ ਵਿੱਚ ਕਾਨੂੰਨ ਦੇ ਸਾਸ਼ਨ, ਪਾਰਦਰਸ਼ਤਾ, ਜਵਾਬਦੇਹੀ, ਬਰਾਬਰੀ ਅਤੇ ਲੋਕਤੰਤਰੀ ਸੰਸਥਾਵਾਂ ਦਾ ਸਤਿਕਾਰ, ਅਦਾਲਤਾਂ ਵੱਲੋਂ ਲੋਕਾਂ ਨੂੰ ਤੁਰੰਤ ਰੂਪ ਵਿੱਚ ਨਿਆਂ ਪ੍ਰਦਾਨ ਕਰਨ ਅਤੇ ਮੀਡੀਆ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਲਣ ਕਰਨ ਅਤੇ ਜਵਾਬਦੇਹੀ ਦੀ ਭਾਵਨਾ ਨਾਲ ਕੰਮ ਕਰਨ ਦੀ ਸਲਾਹ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਹੈ ਕਿ ਤਾਕਤਾਂ ਦੀ ਵਰਤੋਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਦਿਖਾਈ ਦੇਣੀ  ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਪ੍ਰਸ਼ਾਸਨ ਜਵਾਬਦੇਹੀ ਨੂੰ ਲੈ ਕੇ ਦੇਸ਼ ਦੇ ਹਰ ਘਰ ਅਤੇ ਪਿੰਡ, ਸ਼ਹਿਰ ਦੇ ਦਰਵਾਜ਼ੇ ਤੱਕ ਪਹੁੰਚਿਆ ਮਹਿਸੂਸ ਹੋਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਵਾਤਾਵਰਣ ਦੀ ਸ਼ੁੱਧਤਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਦੇ ਸਬੰਧ ਵਿੱਚ 2019 ਤੱਕ ਭਾਰਤ ਨੂੰ ਸਵੱਛ ਰਾਸ਼ਟਰ ਬਣਾਉਣ ਲਈ ਉਲੀਕੇ  ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਮਾਮਲੇ ਵਿੱਚ ਦੇਸ਼ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਹਰ ਨਾਗਰਿਕ ਥੋੜ੍ਹਾ ਜਿਹਾ ਵੀ ਧਿਆਨ ਨਾਲ ਚੱਲੇ ਤਾਂ ਹਰ ਸੜਕ, ਹਰ ਦਫਤਰ, ਹਰ ਘਰ, ਹਰ ਝੌਂਪੜੀ, ਨਦੀ ਅਤੇ ਝਰਨਾ ਸਾਫ ਸੁੱਥਰਾ ਰੱਖਿਆ ਜਾ ਸਕਦਾ ਹੈ। ਦੇਸ਼ ਦੀ ਧਰਮ ਨਿਰਪੱਖ ਪਛਾਣ ਨੂੰ ਪੈਦਾ ਹੋ ਰਹੇ ਖਤਰਿਆਂ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੂੰ ਕੌਮਾਂਤਰੀ ਅਤੇ ਕੌਮੀ ਪੱਧਰ ’ਤੇ ਆਪਣੀ ਇਸ ਪਛਾਣ ਦੀ ਰਾਖੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਹੋਵੇਗਾ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਧਰਮ ਨਿਰਪੱਖਤਾ ਅਤੇ ਭਾਰਤੀ ਸਮਾਜ ਵਿੱਚ ਹਰ ਇੱਕ ਦਾ ਮਾਣ ਸਤਿਕਾਰ ਹਰ ਭਾਰਤੀ ਦੇ ਚਿਹਰੇ ਤੋਂ ਵਿਖਾਈ ਦੇਣਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸਮੁੱਚੇ ਰਾਸ਼ਟਰ ਨੂੰ ਪੱਖਪਾਤੀ ਪ੍ਰਭਾਵਾਂ ਤੋਂ ਉੱਤੇ ਰੱਖਿਆ ਜਾਵੇ। ਇਸੇ ਵਿੱਚ ਹੀ ਦੇਸ਼ ਦੀ ਆਜ਼ਾਦੀ ਦਾ ਅਸਲ ਮਕਸਦ ਸਾਰਥਿਕ ਹੁੰਦਾ ਹੈ।

468 ad