ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਨਿਸ਼ਾਨਾਂ ਕੇਵਲ ਤੇ ਕੇਵਲ ਜਮਹੂਰੀਅਤ ਤੇ ਅਮਨਮਈ ਤਰੀਕੇ ਖ਼ਾਲਿਸਤਾਨ ਕਾਇਮ ਕਰਨਾ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 24 ਅਕਤੂਬਰ ( ਪੀ ਡੀ ਬਿਊਰੇ ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦਾ ਜਨਮ ਹੀ ਖ਼ਾਲਿਸਤਾਨੀ ਕੌਮੀ ਸੋਚ ਵਿਚੋਂ ਹੋਇਆ ਹੈ । ਖ਼ਾਲਿਸਤਾਨ ਸਟੇਟ ਨੂੰ ਜਮਹੂਰੀਅਤ ਤੇ ਅਮਨਮਈ ਢੰਗਾਂ ਰਾਹੀ ਸਮੁੱਚੇ ਮੁਲਕਾਂ ਦੀਆਂ ਹਕੂਮਤਾਂ ਤੇ ਉਥੋ ਦੇ ਨਿਵਾਸੀਆਂ ਨੂੰ ਬਾਦਲੀਲ ਢੰਗ ਨਾਲ ਖ਼ਾਲਿਸਤਾਨ ਦੇ ਹੱਕ ਵਿਚ ਕਰਦੇ ਹੋਏ ਕਾਇਮ ਕਰਨਾ ਹੀ ਸਾਡਾ ਮੁੱਖ ਮਿਸ਼ਨ ਹੈ । ਕਿਉਂਕਿ ਗੁਰੂ ਸਾਹਿਬਾਨ ਨੇ ਆਪਣੇ ਮੁਖਾਰਬਿੰਦ ਤੋ ਕਿਹਾ ਸੀ “ਇਨ ਗਰੀਬ ਸਿਖਨੁ ਕੋ ਦੇਓ ਪਾਤਸ਼ਾਹੀ” ਕੌਮੀ ਪ੍ਰਭੂਸਤਾ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਕੇ ਹੀ ਸਿੱਖ ਕੌਮ ਦੀ ਪ੍ਰਭੂਸਤਾ ਅਤੇ ਆਜ਼ਾਦੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ । ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦਾ ਇਹ ਕਥਨ ਕਿ “ਜਿਸ ਦਿਨ ਹਿੰਦੂਤਵ ਹਕੂਮਤ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫ਼ੌਜਾਂ ਚਾੜ੍ਹ ਦੇਵੇਗੀ, ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ”। ਸੰਤ ਭਿੰਡਰਾਂਵਾਲਿਆਂ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਸ਼ਹਾਦਤਾਂ ਖ਼ਾਲਿਸਤਾਨ ਲਈ ਹੀ ਹੋਈਆ ਹਨ । ਇਹ ਖ਼ਾਲਿਸਤਾਨ ਦਾ ਇਲਾਕਾ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਹੋਵੇਗਾ । ਇਹ ਹਿੰਦੂ ਹਿੰਦੂਸਤਾਨ, ਇਸਲਾਮਿਕ ਪਾਕਿਸਤਾਨ ਅਤੇ ਕਾਉਮਨਿਸਟ ਚੀਨ ਤਿੰਨੇ ਪ੍ਰਮਾਣੂ ਤਾਕਤਾਂ ਨਾਲ ਲੈਸ ਮੁਲਕਾਂ ਦੇ ਤ੍ਰਿਕੋਣ ਵਿਚਕਾਰ ਕਾਇਮ ਕਰਨ ਤੱਕ ਅਸੀਂ ਬਿਲਕੁਲ ਵੀ ਚੁੱਪ ਕਰਕੇ ਨਹੀਂ ਬੈਠਾਂਗੇ । ਖ਼ਾਲਿਸਤਾਨ ਅਵੱਸ ਜਲਦੀ ਹੀ ਹੋਂਦ ਵਿਚ ਆ ਕੇ ਦੁਨੀਆਂ ਦੇ ਨਕਸੇ ਤੇ ਕਾਇਮ ਹੋਵੇਗਾ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਆਜ਼ਾਦੀ ਪੱਖੀ ਸਿੱਖਾਂ ਦੇ ਬਿਨ੍ਹਾਂ ਤੇ ਬਾਹਰਲੇ ਮੁਲਕਾਂ ਦੇ ਅਤੇ ਇਥੋ ਦੇ ਉਨ੍ਹਾਂ ਸਿੱਖਾਂ ਨੂੰ ਪਾਰਟੀ ਸੋਚ ਤੋਂ ਜਾਣੂ ਕਰਵਾਉਦੇ ਹੋਏ ਅਤੇ ਸਪੱਸਟ ਕਰਦੇ ਹੋਏ ਕਿਹਾ ਕਿ ਜੋ ਟਰੈਕ-2 ਵਿਚ ਆ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਹ ਸਲਾਹਾਂ ਦੇ ਰਹੇ ਹਨ ਕਿ ਸਰਕਾਰ ਬਣਾਉਣ ਨੂੰ ਪਹਿਲ ਤੇ ਰੱਖਿਆ ਜਾਵੇ ਅਤੇ ਖ਼ਾਲਿਸਤਾਨ ਨੂੰ ਦੂਜੇ ਨੰਬਰ ‘ਤੇ । ਉਨ੍ਹਾਂ ਕਿਹਾ ਕਿ ਬਾਹਰਲੇ ਮੁਲਕਾਂ ਦੇ ਸਿੱਖਾਂ ਵੱਲੋਂ ਇਹ ਨਵੀ ਚਰਚਾਂ ਸੁਰੂ ਕੀਤੀ ਗਈ ਹੈ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਰਕਾਰ ਬਣਾਉਣ ਨੂੰ ਪਹਿਲੇ ਨੰਬਰ ਤੇ ਰੱਖੇ ਅਤੇ ਜੋ ਕੌਮੀ ਸੋਚ ਖ਼ਾਲਿਸਤਾਨ ਨੂੰ ਕਾਇਮ ਕਰਨਾ ਹੈ, ਉਸ ਨੂੰ ਦੂਸਰੇ ਨੰਬਰ ਤੇ ਰੱਖਿਆ ਜਾਵੇ । ਉਨ੍ਹਾਂ ਨੇ ਬਹੁਤ ਸੋਹਣੀ ਗੱਲ ਕੀਤੀ ਹੈ । ਪਰ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਅਤੇ ਵੱਡੀ ਗਿਣਤੀ ਵਿਚ ਸਿੱਖਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਹਨ, ਕੌਮ ਦਾ ਬਹੁਤ ਵੱਡਾ ਜਾਨੀ, ਮਾਲੀ, ਧਾਰਮਿਕ ਨੁਕਸਾਨ ਹੋ ਚੁੱਕਿਆ ਹੈ, ਪੁਲਿਸ ਅਤੇ ਸਰਕਾਰ ਨੇ ਸਿੱਖ ਨੌਜ਼ਵਾਨੀ ਨੂੰ ਵੱਡੀ ਗਿਣਤੀ ਵਿਚ ਝੂਠੇ ਪੁਲਿਸ ਮੁਕਾਬਲਿਆ ਵਿਚ ਖ਼ਤਮ ਕੀਤਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕਰ ਦਿੱਤੇ ਹਨ, ਸਿੱਖ ਬੀਬੀਆਂ, ਬੱਚੇ, ਨੌਜ਼ਵਾਨ ਅਤੇ ਬਜੁਰਗਾਂ ਨੂੰ ਇਕ ਸਾਜਿ਼ਸ ਰਾਹੀ ਖ਼ਤਮ ਕਰਕੇ ਮਨੁੱਖੀ ਅਧਿਕਾਰਾਂ ਨੂੰ ਕੁੱਚਲਿਆ ਹੈ, ਸਿੱਖਾਂ ਦੀਆਂ ਮੰਦਭਾਵਨਾਵਾ ਅਧੀਨ ਕਾਲੀਆਂ ਸੂਚੀਆਂ ਬਣਾਈਆ ਹੋਈਆ ਹਨ, ਅੱਜ ਵੀ ਹੁਕਮਰਾਨ ਸਿੱਖ ਕੌਮ ਨੂੰ ਸੰਸਾਰਕ ਪੱਧਰ ਤੇ ਬਦਨਾਮ ਕਰਨ ਲਈ ਸਾਜਿ਼ਸਾਂ ਰਚ ਰਹੇ ਹਨ ਅਤੇ ਸਿੱਖ ਕੌਮ ਤੇ ਹਮਲੇ ਤੇਜ ਕਰਨ ਲਈ ਰਾਸਟਰੀਆ ਸਿੱਖ ਸੰਗਤ ਵਰਗੀਆਂ ਫਿਰਕੂ ਜਥੇਬੰਦੀਆਂ ਰਾਹੀ ਘੁਸਪੈਠ ਕਰਨ ਅਤੇ ਸਿੱਖੀ ਮਨੁੱਖਤਾ ਪੱਖੀ ਤੇ ਇਨਸਾਨੀਅਤ ਪੱਖੀ ਅਸੂਲਾਂ ਨੂੰ ਦਾਗ ਲਗਾਉਣ ਦੀਆਂ ਅਸਫ਼ਲ ਕੋਸਿ਼ਸ਼ਾਂ ਹੋ ਰਹੀਆ ਹਨ ਤਾਂ ਫਿਰ ਅਜਿਹੀ ਕੋਈ ਮਜ਼ਬੂਰੀ ਨਹੀਂ ਕਿ ਅਸੀਂ ਆਪਣੇ ਕੌਮੀ ਮਿਸ਼ਨ ਖ਼ਾਲਿਸਤਾਨ ਨੂੰ ਤਿਆਗਕੇ ‘ਗੁੜ ਦੀ ਭੇਲੀ’ ਵਾਲੀ ਕਹਾਵਤ ਨੂੰ ਸੱਚ ਕਰਦੇ ਹੋਏ ਕੌਮੀ ਮਿਸ਼ਨ ਵੱਲ ਵੱਧ ਰਹੀ ਸਿੱਖ ਕੌਮ ਤੇ ਨੌਜ਼ਵਾਨੀ ਦੀ ਅਸੀਮਤ ਤਾਕਤ ਨੂੰ ਕੇਵਲ ਸਰਕਾਰ ਬਣਾਉਣ ਲਈ ਦੁਰਵਰਤੋਂ ਕਰੀਏ ।

ਜਦੋਂ ਹਿੰਦੂਤਵ ਹੁਕਮਰਾਨ ਤੇ ਮੁਤੱਸਵੀ ਸੰਗਠਨ ਸਿੱਖ ਕੌਮ ਨੂੰ ਨੀਵਾ ਦਿਖਾਉਣ ਲਈ ਸਾਜਿ਼ਸਾਂ ਕਰਦੇ ਆ ਰਹੇ ਹਨ ਅਤੇ ਸਿੱਖ ਕੌਮ ਵਿਚ ਖਾਨਾਜੰਗੀ ਕਰਵਾਉਣ ਦੇ ਮਨਸੂਬੇ ਘੜ ਰਹੇ ਹਨ । ਸਿੱਖ ਕੌਮ ਖ਼ਾਲਿਸਤਾਨ ਦੀ ਕੌਮੀ ਪੱਧਰ ਤੇ ਉੱਠ ਰਹੀ ਆਵਾਜ਼ ਨੂੰ ਦਬਾਉਣ ਲਈ ਸਾਨੂੰ ਸਰਕਾਰ ਬਣਾਉਣ ਦੀ ਕੌਮੀ ਘਾਟੇ ਵਾਲੀ ਸੋਚ ਵਿਚ ਉਲਝਾਕੇ ਮਿਸ਼ਨ ਤੋਂ ਥਿੜਕਾਉਣ ਦੇ ਅਮਲ ਹੋ ਰਹੇ ਹਨ, ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਅਤੇ ਭਾਈ ਤਾਰਾ ਸਿੰਘ ‘ਵਾਂ’ ਵਾਲਿਆ ਦੀ ਵੱਡਮੁੱਲੀ ਸੋਚ ਉਤੇ ਪਹਿਰਾ ਦਿੰਦੀ ਹੋਈ ਖ਼ਾਲਿਸਤਾਨ ਦੇ ਮਿਸ਼ਨ ਉਤੇ ਪਹਿਰਾ ਦੇਣ ਦੇ ਆਪਣੇ ਬਚਨਾਂ ਨੂੰ ਫਿਰ ਦੁਹਰਾਉਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਖ਼ਾਲਿਸਤਾਨ ਕਾਇਮ ਹੋਣ ਤੱਕ ਆਪਣਾ ਸੰਘਰਸ਼ ਜਮਹੂਰੀਅਤ ਤੇ ਅਮਨਮਈ ਤਰੀਕੇ ਜਾਰੀ ਰੱਖੇਗਾ ਅਤੇ ਕਿਸੇ ਕਿਸਮ ਦੇ ਦੁਨਿਆਵੀ, ਰਾਜਨੀਤਿਕ ਜਾਂ ਮਾਲੀ ਸਵਾਰਥਾਂ ਵਿਚ ਬਿਲਕੁਲ ਨਹੀਂ ਉਲਝੇਗਾ । ਬਲਕਿ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ, ਜੋਸ ਅਤੇ ਹੋਸ ਨੂੰ ਕਾਇਮ ਰੱਖਦੇ ਹੋਏ ਮੰਜਿ਼ਲ ਵੱਲ ਵੱਧੇਗਾ ।

ਉਨ੍ਹਾਂ ਕਿਹਾ ਕਿ ਜਿਥੋ ਤੱਕ ਬਾਹਰਲੇ ਮੁਲਕਾਂ ਵਿਚ ਪਾਰਟੀ ਨਾਲ ਸੰਬੰਧ ਰੱਖਣ ਵਾਲਿਆ ਵੱਲੋਂ ਟਰੈਕ-2 ਵਿਚ ਜਾ ਕੇ ਸਰਕਾਰ ਬਣਾਉਣ ਨੂੰ ਪਹਿਲ ਦੇਣ ਦੀ ਗੱਲ ਕੀਤੀ ਗਈ ਹੈ, ਇਹ ਸੋਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਬਿਲਕੁਲ ਵੀ ਪ੍ਰਵਾਨ ਨਹੀਂ । ਕਿਉਂਕਿ ਇਸੇ ਸੋਚ ਉਤੇ ਅਮਲ ਕਰਕੇ ਦਲ ਖ਼ਾਲਸਾ, ਬੱਬਰ ਖ਼ਾਲਸਾ, ਆਖੰਡ ਕੀਰਤਨੀ ਜਥਾਂ, ਤਿੰਨੋ ਦਮਦਮੀ ਟਕਸਾਲਾਂ (ਮਹਿਤਾ ਚੌਕ, ਸੰਗਰਾਵਾਂ ਅਤੇ ਅਜਨਾਲਾ), ਯੂਨਾਈਟਡ ਅਕਾਲੀ ਦਲ, ਸ. ਹਰਨਾਮ ਸਿੰਘ ਧੂੰਮਾ, ਪੰਥਪ੍ਰੀਤ ਸਿੰਘ ਵਰਗੇ ਪ੍ਰਚਾਰਕ ਜਿਨ੍ਹਾਂ ਨੇ ਬੀਤੇ ਸਮੇਂ ਵਿਚ ਕਾਂਗਰਸ, ਬਾਦਲ-ਬੀਜੇਪੀ ਅਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਖ਼ਾਲਿਸਤਾਨ ਦੀ ਕੌਮੀ ਬੇੜੀ ਵਿਚ ਵੱਟੇ ਪਾਏ ਸਨ, ਇਨ੍ਹਾਂ ਦੇ ਅਮਲ ਵੀ ਉਸੇ ਤਰ੍ਹਾਂ ਦੇ ਹੋਣਗੇ । ਇਕ ਫ਼ਰਾਂਸੀਸੀ ਇਤਿਹਾਸਕਾਰ ਨੇ ਕਿਹਾ ਹੈ ਕਿ “ਮੈਨੂੰ ਆਪਣੇ ਦੁਸ਼ਮਣਾਂ ਤੋਂ ਕੋਈ ਡਰ ਨਹੀਂ, ਪਰ ਜੋ ਮੇਰੀ ਬੁੱਕਲ ਵਿਚ ਬੈਠੇ ਸੱਪ ਹਨ, ਜੇਕਰ ਵਾਹਿਗੁਰੂ, ਅਕਾਲ ਪੁਰਖ ਉਨ੍ਹਾਂ ਤੋਂ ਮੇਰੀ ਰੱਖਿਆ ਕਰੇ ਤਾਂ ਮੈਂ ਉਸਦਾ ਜਿਥੇ ਤਹਿ ਦਿਲੋਂ ਸੁਕਰ ਗੁਜ਼ਾਰ ਹੋਵਾਂਗਾ, ਉਥੇ ਅਜਿਹਾ ਕਰਨਾ ਤੇ ਪ੍ਰਮਾਤਮਾ ਵੱਲੋ ਮੈਨੂੰ ਵੱਡਾ ਤੋਹਫਾ ਹੋਵੇਗਾ” । ਇਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਕੌਮ ਦਾ ਇਤਿਹਾਸ ਜਿਥੇ ਦੁਸ਼ਮਣ ਤਾਕਤਾਂ ਦੀਆਂ ਸਾਜਿ਼ਸਾਂ ਤੋਂ ਸਾਨੂੰ ਸੁਚੇਤ ਕਰਦਾ ਰਿਹਾ ਹੈ, ਉਥੇ ਸਿੱਖ ਕੌਮ ਦੇ ਯੋਧੇ ਅਜਿਹੇ ਸਮੇਂ ਦੁਸ਼ਮਣ ਨੂੰ ਚੁਣੋਤੀਆਂ ਦੇਣ ਲਈ ਵੀ ਸਮੇਂ-ਸਮੇਂ ਤੇ ਅੱਗੇ ਆਉਦੇ ਰਹੇ ਹਨ । ਫਿਰ ਇਹ ਵੀ ਯਾਦ ਦਿਵਾਉਣਾ ਜ਼ਰੂਰੀ ਹੈ ਕਿ 22 ਅਪ੍ਰੈਲ 1992 ਨੂੰ ਸ. ਪ੍ਰਕਾਸ਼ ਸਿੰਘ ਬਾਦਲ, ਸ. ਗੁਰਚਰਨ ਸਿੰਘ ਟੋਹੜਾ ਅਤੇ ਹੋਰ ਸਮੁੱਚੇ ਪੰਥਕ ਆਗੂਆਂ ਵੱਲੋਂ ਦਿੱਲੀ ਵਿਖੇ ਯੂ.ਐਨ.ਓ. ਦੇ ਉਸ ਸਮੇਂ ਦੇ ਸਕੱਤਰ ਜਰਨਲ ਸ੍ਰੀ ਬੁਟਰੋਸ-ਬੁਟਰੋਸ ਘਾਲੀ ਨੂੰ ਯਾਦ-ਪੱਤਰ ਦਿੰਦੇ ਹੋਏ ਖ਼ਾਲਿਸਤਾਨ ਨੂੰ ਕਾਇਮ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਉਤੇ ਇਨ੍ਹਾਂ ਸਭਨਾਂ ਆਗੂਆਂ ਦੇ ਦਸਤਖ਼ਤ ਹਨ ।

ਫਿਰ 01 ਮਈ 1994 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪ੍ਰਣ ਕਰਦੇ ਹੋਏ ਖ਼ਾਲਿਸਤਾਨ ਦੇ ਦਸਤਾਵੇਜ ਤੇ ਦਸਤਖ਼ਤ ਕਰਦੇ ਹੋਏ ਇਸ ਨੂੰ ਕਾਇਮ ਕਰਨ ਲਈ ਸੌਹ ਚੁੱਕੀ ਗਈ ਸੀ, ਜਿਨ੍ਹਾਂ ਵਿਚ ਕੈਪਟਨ ਅਮਰਿੰਦਰ ਸਿੰਘ, ਮਰਹੂਮ ਗੁਰਚਰਨ ਸਿੰਘ ਟੋਹੜਾ, ਜ: ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲਾ, ਕਰਨਲ ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਸਨ, ਜਿਨ੍ਹਾਂ ਨੇ ਉਸ ਸਮੇਂ ਦੇ ਐਕਟਿੰਗ ਜਥੇਦਾਰ ਪ੍ਰੋ. ਮਨਜੀਤ ਸਿੰਘ ਦੀ ਹਾਜਰੀ ਵਿਚ ਇਹ ਉਪਰੋਕਤ ਪ੍ਰਣ ਕੀਤਾ ਸੀ ।

ਪਰ ਦੁੱਖ ਅਤੇ ਅਫਸੋਸ ਹੈ ਕਿ ਇਨ੍ਹਾਂ ਵਿਚੋ ਕੁਝ ਆਗੂ ਉਸ ਅਕਾਲ ਪੁਰਖ ਨੂੰ ਪਿਆਰੇ ਹੋ ਗਏ ਅਤੇ ਜੋ ਬਚੇ ਉਹ ਆਪਣੇ ਕੌਮੀ ਮਿਸ਼ਨ ਖ਼ਾਲਿਸਤਾਨ ਤੋ ਮੁੰਨਕਰ ਹੋ ਗਏ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਇਤਿਹਾਸ ਉਤੇ ਪਹਿਰਾ ਦਿੰਦਾ ਹੋਇਆ ਜਿਥੇ ਕੌਮੀ ਮਿਸ਼ਨ ਵੱਲ ਵੱਧ ਰਿਹਾ ਹੈ, ਉਥੇ ਦੁਸ਼ਮਣ ਤਾਕਤਾਂ ਨੂੰ ਚੁਣੋਤੀ ਦੇਣ ਦੇ ਫਰਜ ਵੀ ਅਦਾ ਕਰ ਰਿਹਾ ਹੈ । ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਰਕਾਰ ਬਣਾਉਣ ਦੀ ਸੋਚ ਵਾਲਿਆ ਨੂੰ ਆਪਣੇ ਵੱਲੋਂ ਆਜ਼ਾਦ ਕਰਦਾ ਹੈ ਕਿ ਉਹ ਜਿਥੇ ਵੀ ਚਾਹੁਣ ਕਾਂਗਰਸ, ਬੀਜੇਪੀ-ਬਾਦਲ ਦਲ, ਆਮ ਆਦਮੀ ਪਾਰਟੀ, ਦਲ ਖ਼ਾਲਸਾ, ਬੱਬਰ ਖ਼ਾਲਸਾ, ਆਖੰਡ ਕੀਰਤਨੀ ਜਥਾ, ਤਿੰਨੋ ਟਕਸਾਲਾ ਵਿਚੋ ਕਿਸੇ ਨਾਲ ਵੀ ਸਾਂਝ ਪਾ ਸਕਦੇ ਹਨ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਤਰਫੋ ਤਿੰਨ ਪ੍ਰਮਾਣੂ ਤਾਕਤਾਂ ਹਿੰਦੂ-ਹਿੰਦੂਸਤਾਨ, ਇਸਲਾਮਿਕ-ਪਾਕਿਸਤਾਨ, ਕਾਉਮਨਿਸਟ-ਚੀਨ ਦੇ ਵਿਚਕਾਰ ਆਪਣੀ ਸਰ-ਜ਼ਮੀਨ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਵਿਚ ਖ਼ਾਲਿਸਤਾਨ ਨੂੰ ਕਾਇਮ ਕਰਨ ਲਈ ਯਤਨਸੀਲ ਰਹਾਂਗੇ ਅਤੇ ਸੰਤ ਭਿੰਡਰਾਂਵਾਲਿਆ ਦੇ ਕਥਨ ਉਤੇ ਆਖਰੀ ਸਵਾਸਾ ਤੱਕ ਪਹਿਰਾ ਦੇਵਾਂਗੇ । ਇਸਦੇ ਨਾਲ ਹੀ ਅਸੀਂ ਖ਼ਾਲਿਸਤਾਨ ਦੀ ਚਾਹਨਾ ਰੱਖਣ ਵਾਲੇ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਤੇ ਵਿਸ਼ੇਸ਼ ਤੌਰ ਤੇ ਦੂਸਰੇ ਸਿੱਖ ਜੋ ਅਜੇ ਵੀ ਦੋਚਿੱਤੀ ਵਿਚ ਹਨ, ਉਹ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਤਰ੍ਹਾਂ ਲੀਕ ਮਾਰਕੇ ਕੌਮੀ ਪਾੜੇ ਵਿਚ ਆ ਜਾਣ, ਤਾਂ ਕਿ ਅਸੀਂ ਦੁਸ਼ਮਣ ਤਾਕਤਾਂ ਦੀਆਂ ਸਾਜਿ਼ਸਾਂ ਨੂੰ ਅਸਫ਼ਲ ਬਣਾਉਦੇ ਹੋਏ ਆਪਣੇ ਕੌਮੀ ਮਿਸ਼ਨ ਨੂੰ ਪ੍ਰਾਪਤ ਕਰਨ ਲਈ ਇਕ ਤਾਕਤ ਹੋ ਕੇ ਮੰਜਿ਼ਲ ਵੱਲ ਵੱਧ ਸਕੀਏ ਅਤੇ ਬਿਨ੍ਹਾਂ ਕੌਮ ਦਾ ਜਾਨੀ-ਮਾਲੀ ਨੁਕਸਾਨ ਕਰਵਾਏ ਖ਼ਾਲਿਸਤਾਨ ਨੂੰ ਕਾਇਮ ਕਰ ਸਕੀਏ। ਇਹ ਗੱਲ ਇਸ ਲਈ ਵੀ ਪ੍ਰਬਲ ਹੋ ਚੁੱਕੀ ਹੈ ਕਿਉਂਕਿ ਹੁਣ ਸਪੇਨ ਵਿਚ ਕੈਟੋਲੋਨੀਆ, ਇਟਲੀ ਤੇ ਸਕਾਉਟਲੈਂਡ ਵਿਚ ਵੀ ਉਹ ਕੌਮਾਂ ਆਪਣੇ ਵੱਖਰੇ ਮੁਲਕ ਕਾਇਮ ਕਰਨ ਲਈ ਤੇਜ਼ੀ ਨਾਲ ਅੱਗੇ ਵੱਧ ਰਹੀਆ ਹਨ ਅਤੇ ਸਾਡਾ ਕੌਮੀ ਮਿਸ਼ਨ ਖ਼ਾਲਿਸਤਾਨ ਵੀ ਕੌਮਾਂਤਰੀ ਪੱਧਰ ਤੇ ਆਪਣੀ ਸੋਚ ਨੂੰ ਲੈਕੇ ਅੱਗੇ ਵੱਧ ਰਿਹਾ ਹੈ ।

468 ad

Submit a Comment

Your email address will not be published. Required fields are marked *