ਸਹਾਰਨਪੁਰ ਵਿੱਚ ਹੋਈ ਹਿੰਸਾ ਦੌਰਾਨ 287 ਕਰੋੜ ਦਾ ਨੁਕਸਾਨ ਹੋਇਆ

saharanpur

ਸਹਾਰਨਪੁਰ ‘ਚ ਪਿੱਛੇ ਜਿਹੇ ਹੋਈ ਹਿੰਸਾ ਦਾ ਉਥੋਂ ਦੇ ਕਾਰੋਬਾਰ ‘ਤੇ ਕਾਫੀ ਮਾੜਾ ਅਸਰ ਪਿਆ ਅਤੇ ਦੰਗਿਆਂ ਦੌਰਾਨ ਹੋਈ ਭੰਨ ਤੋੜ ਅਤੇ ਕਰਫਿਊ ਕਾਰਨ ਸ਼ਹਿਰ ਦੇ ਕਾਰੋਬਾਰ ਅਤੇ ਜਾਇਦਾਦ ਨੂੰ ਕਰੀਬ 287 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਉਦਯੋਗ ਮੰਡਲ ‘ਐਸੋਚੈਮ’ ਵੱਲੋਂ ਕਰਾਏ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਅਧਿਐਨ ਮੁਤਾਬਕ ਸਹਾਰਨਪੁਰ ਵਿੱਚ ਹੋਈ ਹਿੰਸਾ ਦੌਰਾਨ ਹੋਈ ਤੋੜ ਭੰਨ, ਅੱਗਜ਼ਨੀ ਅਤੇ ਚੱਲ ਅਚੱਲ ਜਾਇਦਾਦ ਨੂੰ ਪਹੁੰਚੇ ਨੁਕਸਾਨ ਨਾਲ ਸ਼ਹਿਰ ਦੇ ਕਾਰੋਬਾਰ ਨੂੰ ਧੱਕਾ ਲੱਗਾ ਹੈ। ਇਸ ਵਿੱਚ ਆਰਥਕ ਨੁਕਸਾਨ ਕਰੀਬ 244 ਕਰੋੜ ਰੁਪਏ ਦਾ ਹੈ।

ਐਸੋਚੈਮ ਦੇ ਜਨਰਲ ਸਕੱਤਰ ਡੀ ਐਸ ਰਾਵਤ ਨੇ ਦੱਸਿਆ ਕਿ ਸਹਾਰਨਪੁਰ ਜ਼ਿਲੇ ਦਾ ਕੁੱਲ ਘਰੇਲੂ ਉਤਪਾਦ (ਜੀ ਡੀ ਪੀ) ਕਰੀਬ 8900 ਕਰੋੜ ਰੁਪਏ ਹੈ। ਇਸ ਤਰ੍ਹਾਂ ਹਿਸਾਬ ਲਾਈਏ ਤਾਂ 10 ਦਿਨਾਂ ਤੱਕ ਹੋਈ ਹਿੰਸਾ ‘ਚੋਂ ਲੰਘਣ ‘ਤੇ ਜ਼ਿਲੇ ਦੇ ਜੀ ਡੀ ਪੀ ਨੂੰ ਕਰੀਬ 244 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਵਿੱਚ ਜ਼ਿਲੇ ਦੇ ਖੇਤੀਬਾੜੀ, ਉਦਯੋਗ ਅਤੇ ਸੇਵਾ ਖੇਤਰਾਂ ਨੂੰ ਹੋਇਆ ਨੁਕਸਾਨ ਸ਼ਾਮਲ ਹੈ। ਉਨ੍ਹਾਂ ਕਿਹਾ ਕਿ  ਹਿੰਸਾ ਕਾਰਨ ਪੇਂਡੂ ਉਦਯੋਗ, ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਕਰੀਬ 25 ਕਰੋੜ ਰੁਪਏ ਨੁਕਸਾਨ ਹੋਇਆ, ਜਦ ਕਿ ਮਜ਼ਦੂਰਾਂ ਨੂੰ 18 ਕਰੋੜ ਰੁਪਏ ਮਜ਼ਦੂਰੀ ਦਾ ਨੁਕਸਾਨ ਹੋਇਆ। ਇਸ ਤਰ੍ਹਾਂ ਕੁੱਲ ਨੁਕਸਾਨ 287 ਕਰੋੜ ਰੁਪਏ ਦਾ ਬਣਿਆ।

ਸਰਵੇਖਣ ਮੁਤਾਬਕ ਸਹਾਰਨਪੁਰ ਵਿੱਚ ਲੱਕੜੀ ਦੇ ਫਰਨੀਚਰ ਦੀ ਉਸਾਰੀ ਤੇ ਮੁਰੰਮਤ, ਖੇਤੀਬਾੜੀ ਆਧਾਰਤ ਮਸ਼ੀਨਰੀ ਦੀ ਮੁਰੰਮਤ ਅਤੇ ਹੋਰ ਕੰਮਾਂ ਵਿੱਚ ਲੱਗੇ ਕਰੀਬ 60 ਹਜ਼ਾਰ ਦਿਹਾੜੀ ਮਜ਼ਦੂਰਾਂ ਨੂੰ ਹਿੰਸਾ ਦੀ ਸਭ ਤੋਂ ਜ਼ਿਆਦਾ ਮਾਰ ਸਹਿਣੀ ਪਈ। ਐਸੋਚੈਮ ਦੇ ਸਰਵੇਖਣ ਮੁਤਾਬਕ ਜ਼ਿਲੇ ਵਿੱਚ  ਹਿੰਸਾ ਦੌਰਾਨ ਕੁੱਲ 17 ਹਜ਼ਾਰ ਛੋਟੇ ਤੇ ਦਰਮਿਆਨੇ ਉਦਯੋਗਾਂ ‘ਚੋਂ ਕਰੀਬ 20 ਫੀਸਦੀ ਇਕਾਈਆਂ ਬੰਦ ਰਹੀਆਂ ਜਿਸ ਕਾਰਨ ਕਰੀਬ 25 ਕਰੋੜ ਰੁਪਏ ਦਾ ਨੁਕਸਾਨ ਹੋਇਆ। ਰਾਵਤ ਨੇ ਕਿਹਾ ਕਿ ਜ਼ਿਲੇ ਵਿੱਚ ਹੋਈ ਹਿੰਸਾ ਤੋਂ ਬਾਅਦ ਜ਼ਿਆਦਾਤਰ ਇਲਾਕਿਆਂ ਵਿੱਚ ਉਦਯੋਗਿਕ ਗਤੀਵਿਧੀਆਂ ਠੱਪ ਹਨ। ਇਸ ਨਾਲ ਨਾ ਸਿਰਫ ਕਾਰੋਬਾਰ ਨੂੰ ਨੁਕਸਾਨ ਹੋ ਰਿਹਾ ਹੈ, ਸਰਕਾਰੀ ਖਜ਼ਾਨੇ ਨੂੰ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਨਾਲ ਹਿੰਸਾ ਪ੍ਰਭਾਵਤ ਖੇਤਰਾਂ ਵਿੱਚ ਆਰਥਕ ਸਥਿਤੀ ਡਾਵਾਂਡੋਲ ਹੋਈ ਹੈ। ਨਾਲ ਹੀ ਇਹ ਸਵਾਲ ਵੀ ਪੈਦਾ ਹੋਇਆ ਹੈ ਕਿ ਕੀ ਪ੍ਰਭਾਵਤ ਲੋਕ ਹੁਣ ਕਦੀ ਆਮ ਸਥਿਤੀ ਵੱਲ ਪਰਤ ਸਕਣਗੇ ਜਾਂ ਨਹੀਂ।

ਉਨ੍ਹਾਂ ਕਿਹਾ, ‘ਉੱਤਰ ਪ੍ਰਦੇਸ਼ ਵਿੱਚ ਫਿਰਕੂ ਹਿੰਸਾ ਆਮ ਗੱਲ ਹੋ ਗਏ ਹਨ ਤੇ ਫਿਰਕੂ ਤੇ ਜੁਰਮਾਂ ਦੀਆਂ ਹੋਰ ਵਾਰਦਾਤਾਂ ਬੇਕਾਬੂ ਹੁੰਦੀਆਂ ਦਿੱਸਦੀਆਂ ਹਨ। ਖਬਰਾਂ ‘ਤੇ ਭਰੋਸਾ ਕਰੀਏ ਤਾਂ ਪਿਛਲੇ ਤਿੰਨ ਮਹੀਨਿਆਂ ਅੰਦਰ ਫਿਰਕੂ ਹਿੰਸਾ ਦੀਆਂ ਛੇ ਸੌ ਤੋਂ ਜ਼ਿਆਦਾ ਛੋਟੀਆਂ-ਵੱਡੀਆਂ ਘਟਨਾਵਾਂ ਹੋ ਚੁੱਕੀਆਂ ਹਨ।’ ਰਾਵਤ ਨੇ ਕਿਹਾ ਕਿ ਅਜਿਹੇ ਵਿੱਚ ਜ਼ਰੂਰੀ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਲਈ ਜ਼ਿਆਦਾ ਅਸਰਦਾਰ ਤੇ ਸਖਤ ਕਦਮ ਚੁੱਕੇ ਅਤੇ ਤਣਾਅ ਦੀਆਂ ਸਥਿਤੀਆਂ ਨਾਲ ਨਜਿੱਠਣ ਲਈ ਤੇਜ਼ੀ ਨਾਲ ਕੰਮ ਕਰੇ।

468 ad