ਸਰਬੱਤ ਖਾਲਸੇ ਦੇ ਨਾਮ ਤੇ ਹੋਏ ਇਕੱਠ ਵਲੋਂ ਥਾਪੇ ਜਥੇਦਾਰ ਤਖਤ ਸ਼੍ਰੀ ਕੇਸਗੜ ਸਾਹਿਬ ਪੁੱਜੇ

1

ਪੰਥਕ ਕਹਾਉਂਦੀ ਸਰਕਾਰ ਦੇ ਰਾਜ ਵਿਚ ਸਿੱਖਾਂ ਨਾਲ ਹੋ ਰਹੀ ਹੈ ਬੇਇਨਸਾਫੀ
ਸ਼੍ਰੀ ਅਨੰਦਪੁਰ ਸਾਹਿਬ, 19 ਮਈ ( ਜਗਦੀਸ਼ ਬਾਮਬਾ ) ਚੱਬੇ ਵਿਖੇ ਹੋਏ ਇਕੱਠ ਵਿਚ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰੀਕ ਸਿੰਘ ਅਜਨਾਲਾ ਅੱਜ ਆਪਣੇ ਸਮੱਰਥਕਾਂ ਸਮੇਤ ਤਖਤ ਸ੍ਰੀ ਕੇਸਗੜ ਸਾਹਿਬ ਪੁੱਜੇ ਜਿੱਥੇ ਪੁਲਿਸ ਵਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰੰਬਧਾਂ ਹੇਠ ਉਨਾਂ ਮੱਥਾ ਟੇਕਿਆ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾਂ ਕਿਹਾ ਕਿ ਜਥੇਦਾਰ ਅਤੇ ਪੰਥਕ ਕਹਾਊਂਦੀ ਸਰਕਾਰ ਸਿੱਖ ਕੌਮ ਕੋਲੋ ਆਪਣਾ ਵਿਸ਼ਵਾਸ਼ ਗੁਆ ਬੈਠੇ ਹਨ ਕਿਉਂਕਿ ਅਜੇ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨਹੀ ਪਕੜੇ ਜਾ ਸਕੇ, ਸ਼ਾਂਤਮਈ ਸੰਘਰਸ਼ ਕਰਦਿਆਂ ਨੋਜਵਾਨਾਂ ਦੀਆਂ ਸ਼ਹਾਦਤਾਂ ਹੋਈਆਂ ਹਨ ਉਨਾਂ ਬਾਰੇ ਜਥੇਦਾਰਾਂ ਦੀ ਚੁੱਪ ਨੇ ਸੰਗਤਾਂ ਨੂੰ ਨਿਰਾਸ਼ ਕੀਤਾ ਹੈ। ਜਥੇਦਾਰਾਂ ਨੇ ਕਿਹਾ ਕਿ ਗੁਰੂ ਘਰ ਸਾਰਿਆਂ ਲਈ ਖੁੱਲੇ ਹਨ ਪਰ ਇਹ ਅੱਤ ਅਫਸੋਸ ਦੀ ਗੱਲ ਹੈ ਕਿ ਸਾਡੇ ਆਊਣ ਤੇ ਗੁਰੂ ਘਰਾਂ ਵਿਚ ਪੁਲਿਸ ਅਤੇ ਟਾਸਕ ਫੋਰਸ ਦਾ ਘੇਰਾ ਪਾ ਲਿਆ ਜਾਂਦਾ ਹੈ। ਸਾਨੂੰ ਸੰਗਤਾਂ ਨੇ ਤਖਤਾਂ ਦੀ ਮਹਾਨ ਸੇਵਾ ਸੌਂਪੀ ਹੈ ਪਰ ਪੰਥਕ ਕਹਾਉਂਦੀ ਪਰਿਵਾਰਵਾਦ ਦੀ ਸਰਕਾਰ ਨੇ ਸਾਡੇ ਤੇ ਝੂਠੇ ਕੇਸ ਪਾ ਕੇ ਸਾਨੂੰ ਜੇਲਾਂ ਵਿਚ ਡੱਕਣ ਦੀ ਕੋਈ ਕਸਰ ਨਹੀ ਛੱਡੀ।ਉਨਾਂ ਕਿਹਾ ਕਿ 10 ਨਵੰਬਰ 2016 ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਦੂਸਰਾ ਸਰਬੱਤ ਖਾਲਸਾ ਹੋਵੇਗਾ ਜਿਸ ਵਿਚ ਜਥੇਦਾਰਾਂ ਦੀ ਸੇਵਾ ਅਤੇ ਵਿਧੀ ਵਿਧਾਨ ਬਾਰੇ ਕੌਮ ਨੂੰ ਸੇਧ ਦਿਤੀ ਜਾਵੇਗੀ। ਇਕ ਸੁਆਲ ਦੇ ਜੁਆਬ ਵਿਚ ਉਨਾਂ ਕਿਹਾ ਕਿ ਜਥੇਦਾਰਾਂ ਦੇ ਫੈਸਲਿਆਂ ਨੇ ਕੌਮ ਨੂੰ ਡਾਢਾ ਨਿਰਾਸ਼ ਕੀਤਾ ਹੈ। ਕਦੇ ਸੋਦਾ ਸਾਧ ਨੂੰ ਮਾਫ ਕਰ ਦੇਣਾ, ਕਦੇ ਆਪਣਾ ਹੀ ਕੀਤਾ ਗਿਆ ਹੁਕਮਨਾਮਾ ਵਾਪਸ ਲੈ ਲੈਣਾ ਆਦਿ ਨੇ ਕੌਮ ਦੀ ਸਥੀਤੀ ਨੂੰ ਹਾਸੋਹੀਣਾ ਬਣਾਇਆ ਜਿਸ ਲਈ ਸਿੱਧੇ ਤੋਰ ਤੇ ਜਥੇਦਾਰ ਹੀ ਜਿੰਮੇਵਾਰ ਹਨ। ਬੀਤੀ ਰਾਤ ਸੰਤ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਤੇ ਕੀਤੇ ਗਏ ਜਾਨਲੇਵਾ ਹਮਲਿਆਂ ਦੀ ਸਖਤ ਨਿੰਦਾ ਕਰਦਿਆਂ ਉਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਇਸ ਦੇ ਦੋਸ਼ੀ ਜਲਦ ਸਾਹਮਣੇ ਲਿਆਉਂਦੇ ਜਾਣੇ ਚਾਹੀਦੇ ਹਨ। ਉਨਾਂ ਸਿੱਖ ਸੰਗਤਾਂ ਨੂੰ ਸੰਜਮ ਵਿਚ ਰਹਿਣ ਦੀ ਅਪੀਲ ਕੀਤੀ।ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਸਹਿਜਧਾਰੀਆਂ ਨੂੰ ਵੋਟ ਨਾ ਪਾਉਣ ਦੇਣ ਦੇ ਫੈਸਲੇ ਬਾਰੇ ਜਥੇਦਾਰਾਂ ਨੇ ਕਿਹਾ ਕਿ ਇਹ ਸਹੀ ਤੇ ਦਰੁਸਤ ਫੈਸਲਾ ਹੈ। ਸਿੱਖ ਸੰਗਤਾਂ ਨੇ ਇਸ ਫੈਸਲੇ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਮਜਬੂਰ ਕੀਤਾ ਜਿਸ ਕਰਕੇ ਅਦਾਲਤ ਨੇ ਵੀ ਸਿੱਖਾਂ ਦੇ ਹੱਕ ਵਿਚ ਇਹ ਫੈਸਲਾ ਦਿਤਾ। ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿ:ਇਕਬਾਲ ਸਿੰਘ ਵਲੋਂ ਜਥੇਦਾਰਾਂ ਨੂੰ ਤਨਖਾਹੀਆਂ ਕਹਿਣ ਬਾਰੇ ਪੁਛਣ ਤੇ ਉਨਾਂ ਕਿਹਾ ਕਿ ਜਿਹੜਾ ਖੁਦ ਆਚਰਨ ਤੋ ਗਿਰਿਆ ਹੋਇਆ ਹੈ ਉਸ ਨੂੰ ਕੋਈ ਹੱਕ ਨਹੀ ਅਜਿਹੀਆਂ ਗੱਲਾਂ ਕਰਨਾ ਦਾ।ਇਸ ਮੋਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਪੰਜਾਬ ਪੁਲਿਸ ਦੇ ਡੀ.ਆਈ.ਜੀ ਗੁਰਸ਼ਰਨ ਸਿੰਘ ਸੰਧੂ, ਐਸ.ਐਸ.ਪੀ ਵਰਿੰਦਰਪਾਲ ਸਿੰਘ, ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋਂ, ਤੇਜਿੰਦਰ ਸਿੰਘ, ਐਸ.ਪੀ ਵਜੀਦ ਸਿੰਘ ਖਹਿਰਾ, ਥਾਣਾ ਮੁਖੀ ਸਤੀਸ਼ ਕੁਮਾਰ, ਸੁਰਿੰਦਰਪਾਲ ਸਿੰਘ ਲਿੱਧੜ, ਇੰਚਾਰਜ ਗੁਰਮੁਖ ਸਿੰਘ ਸਮੇਤ ਭਾਰੀ ਗਿਣਤੀ ਵਿਚ ਤਾਇਨਾਤ ਸਨ। ਜਦੋ ਕਿ ਸ਼੍ਰੋਮਣੀ ਕਮੇਟੀ ਵਲੋਂ ਰੇਸ਼ਮ ਸਿੰਘ ਮੈਨੇਜਰ ਤਖਤ ਸ੍ਰੀ ਕੇਸਗੜ ਸਾਹਿਬ ਵੱਡੀ ਗਿਣਤੀ ਵਿਚ ਕਮੇਟੀ ਮੁਲਾਜਮਾਂ ਨਾਲ ਸਮੁੱਚੇ ਪ੍ਰਬੰਧਾਂ ਦਾ ਜਾਇਜਾ ਲੈ ਰਹੇ ਸਨ। ਤਖਤ ਸਾਹਿਬ ਦੀ ਚੜਾਈ ਤੋ ਪੈਦਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸ਼੍ਰੀ ਦਰਬਾਰ ਸਾਹਿਬ ਪੁੱਜੇ ਜਥੇਦਾਰਾਂ ਨੇ ਤਖਤ ਸਾਹਿਬ ਅਰਦਾਸ ਕੀਤੀ ਤੇ ਕਾਫੀ ਸਮਾਂ ਕੀਰਤਨ ਸਰਵਨ ਕੀਤਾ। ਇਸ ਮੋਕੇ ਭਾਈ ਮੋਹਕਮ ਸਿੰਘ, ਗਿ:ਸੁਖਵਿੰਦਰ ਸਿੰਘ ਸਾਬਕਾ ਹੈਡ ਗੰ੍ਰਥੀ ਤਖਤ ਸ੍ਰੀ ਕੇਸਗੜ ਸਾਹਿਬ, ਵੱਸਣ ਸਿਘ ਜਫਰਵਾਲ, ਪਰਮਜੀਤ ਸਿੰਘ, ਬਲਵੰਤ ਸਿੰਘ, ਮੇਜਰ ਸਿੰਘ, ਬਹਾਦਰ ਸਿੰਘ, ਬਿੱਕਰ ਸਿੰਘ ਆਦਿ ਹਾਜਰ ਸਨ।

468 ad

Submit a Comment

Your email address will not be published. Required fields are marked *