ਸਰਬੱਤ ਖਾਲਸਾ ਰਾਹੀਂ ਨਿਯੁਕਤ ਕੀਤੇ ਗਏ ਜਥੇਦਾਰਾਂ ਖਿਲਾਫ ਬੋਲ ਕੇ ਸਿੱਖ ਇਤਹਾਸ ਵਿੱਚ ਕਾਲੇ ਹਰਫ ਦਰਜ ਨਾ ਕਰੋ…ਸੁਖਮਿੰਦਰ ਸਿੰਘ ਹੰਸਰਾ

ਸੁਖਮਿੰਦਰ ਸਿੰਘ ਹੰਸਰਾ

ਸੁਖਮਿੰਦਰ ਸਿੰਘ ਹੰਸਰਾ

(ਦਸੰਬਰ 03 2015) ਸਿਆਸੀ ਪੱਧਰ ਤੇ ਵਖਰੇਵੇਂ ਉਸਾਰੂ ਸੋਚ ਦਾ ਪ੍ਰਤੀਕ ਹੁੰਦੇ ਹਨ, ਪਰ ਸਰਬੱਤ ਖਾਲਸਾ ਰਾਹੀਂ ਨਿਯੁਕਤ ਕੀਤੇ ਗਏ ਸਿੰਘ ਸਾਹਿਬਾਨਾਂ ਖਿਲਾਫ ਕਿਸੇ ਸਿੱਖ ਵਲੋਂ ਕੂੜ ਪ੍ਰਚਾਰ ਕਰਨਾ ਸਿੱਖ ਇਤਹਾਸ ਵਿੱਚ ਕਾਲੇ ਹਰਫ ਦਰਜ ਕਰਨ ਬਰਾਬਰ ਹੈ।
ਜਦੋਂ ਜਦੋਂ ਸਿੱਖ ਪੰਥ ਨੇ ਸੰਗੀਨ ਆਫਤਾਂ ਦਾ ਸਾਹਮਣਾ ਕੀਤਾ ਹੈ ਉਸ ਵੇਲੇ ਹੀ ਗੁਰੂ ਪੰਥ ਨੇ ਵਿਰਸੇ ਵਿਚੋਂ ਮਿਲਿਆ ਹੋਇਆ ਸਿਧਾਂਤ ਲਾਗੂ ਕਰਦਿਆਂ ਸਰਬੱਤ ਖਾਲਸਾ ਐਕਸ਼ਨ ਵਿੱਚ ਲਿਆਂਦਾ ਹੈ। ਸਰਬੱਤ ਖਾਲਸਾ ਇੱਕ ਅਜਿਹਾ ਸਿਧਾਂਤ ਹੈ ਜਿਸ ਨਾਲ ਕੌਮ ਦੀ ਸ਼ਕਤੀ ਇੱਕ ਦਿਸ਼ਾ ਵੱਲ ਠੇਲੀ ਜਾਂਦੀ ਹੈ ਅਤੇ ਜਿਸ ਨਾਲ ਦੁਸ਼ਮਣ ਨੂੰ ਕੌਮੀ ਬਾਹੂਬਲ ਨਾਲ ਪਛਾੜਿਆ ਜਾਂਦਾ ਹੈ।
ਪੰਜਾਬ ਦੇ ਹਾਕਮ ਬਾਦਲ ਨੇ ਹੁਣ ਤੱਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਇਸਦੀ  ਸਰਬਉੱਚਤਾ ਦਾ ਗਲਤ ਇਸਤੇਮਾਲ ਕਰਦਿਆਂ ਪੰਥ ਨੂੰ ਗੁਲਾਮ ਬਣਾਇਆ ਹੋਇਆ ਹੈ। ਪਰ ਸਰਬੱਤ ਖਾਲਸਾ ਇਸ ਤੋਂ ਵੀ ਉਪਰਲੀ ਤਹਿ ਵਿੱਚ ਛੁਪੀ ਉਹ ਸ਼ਕਤੀ ਹੈ ਜਿਥੇ ਸਰਕਾਰਾਂ ਦਾ ਹੱਥ ਨਹੀਂ ਪਹੁੰਚਦਾ।
ਇਸ ਹਕੀਕਤ ਨੂੰ ਜਾਨਣ ਲਈ ਇਨਸਾਨ ਨੂੰ ਪੂਰੀ ਤਰ੍ਹਾਂ ਖਾਲਸਾਈ ਕਦਰਾਂ ਕੀਮਤਾਂ ਦਾ ਮੁਦਈ ਹੋਣਾ ਹੁੰਦਾ ਹੈ। ਪੰਥ ਖਾਲਸਾਈ ਕਦਰਾਂ ਕੀਮਤਾਂ ਦਾ ਮੁਦਈ ਹੈ। ਇਸ ਇਲਾਹੀ ਹਕੀਕਤ ਦੀਆਂ ਤਸਵੀਰਾਂ ਦੁਨੀਆਂ ਭਰ ਦੇ ਲੋਕਾਂ ਦੇ ਸਮਾਰਟ ਫੋਨਾਂ ਵਿੱਚ ਸੰਭਾਲੀਆਂ ਜਾ ਚੁੱਕੀਆ ਹਨ ਕਿ ਕਿਸ ਤਰ੍ਹਾਂ ਲੋਕ, ਗੁਰੂ ਸਾਹਿਬ ਦੇ ਪਿਆਰ ਵਿੱਚ ਭਿੱਜੇ ਬੁੱਟਰ ਕਲਾਂ, ਬਹਿਬਲ ਕਲਾਂ, ਬਰਗਾੜੀ ਅਤੇ ਚੱਬੇ ਦੇ ਮੈਦਾਨ ਵਿੱਚ ਸੁਸ਼ੋਭਿੱਤ ਸਨ।
ਇਹ ਕੋਈ ਆਮ ਵਰਤਾਰੇ ਨਹੀਂ ਸਨ ਜਿੰਨ੍ਹਾਂ ਨੂੰ ਕੋਈ ਆਗੂ, ਸੰਸਥਾ ਜਾਂ ਗੁਣੀ ਗਿਆਨੀ ਇਹ ਸਮਝ ਬੈਠੇ ਕਿ ਇਹ ਉਸ ਦੀ ਮਲਕੀਅਤ ਸਨ। ਇਹ ਗੁਰੂ ਪੰਥ ਦਾ ਜਲੌਅ ਸੀ ਜਿਸ ਨੂੰ ਵੇਖ ਕੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਸਨ। ਪ੍ਰਕਾਸ਼ (ਸੁਖਬੀਰ)ਬਾਦਲ ਦੀਆਂ ਲੱਤਾਂ ਵੀ ਕੰਬੀਆਂ। ਇਨ੍ਹਾਂ ਨੂੰ ਪੈਂਤੜੇ ਬਦਲਣ ਲਈ ਮਜਬੂਰ ਹੋਣਾ ਪਿਆ। ਸਰਬੱਤ ਖਾਲਸਾ 2015 ਨੇ ਇਸ ਜ਼ੁਲਮੀ ਨਿਜਾਮ ਦੀ ਨੀਂਦ ਹਰਾਮ ਕਰ ਦਿੱਤੀ ਹੈ। ਬੁਖਲਾਹਟ ਵਿੱਚ ਆ ਕੇ ਇਸ ਨਿਜਾਮ ਨੇ ਉਹੀ ਕੀਤਾ ਜੋ ਕਿਤੇ ਔਰੰਗੇ ਨੇ ਨੌਵੇਂ ਪਾਤਸ਼ਾਹ ਦੀ ਦਲੀਲ ਤੋਂ ਬਾਅਦ ਲਾਜੁਆਬ ਹੋ ਕੇ ਉਨ੍ਹਾਂ ਨੂੰ ਸ਼ਹੀਦ ਕਰਨ ਦੇ ਹੁਕਮ ਦਿੱਤੇ ਸਨ। ਬਾਦਲਾਂ ਨੇ ਵੀ ਸਿੱਖ ਕੌਮ ਦੇ ਜਲੌਅ ਨੂੰ ਤੱਕ ਕੇ ਗੋਲੀ ਦਾ ਹੁਕਮ ਦਿੱਤਾ ਜਿਸ ਨਾਲ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋ ਗਏ ਅਤੇ ਦਰਜਨਾਂ ਨੌਜੁਆਨ ਅੱਜ ਵੀ ਜੇਰੇ ਇਲਾਜ਼ ਹਨ।
ਨਿਰਸੰਦੇਹ, 10 ਨਵੰਬਰ 2015 ਦੇ ਸਰਬੱਤ ਖਾਲਸਾ ਵਿੱਚ ਬਹੁਤ ਘਾਟਾਂ ਰਹਿ ਗਈਆਂ ਹੋਣਗੀਆਂ ਅਤੇ ਉਨਾਂ ਪ੍ਰਤੀ ਚਰਚਾ ਕਰਨੀ ਜਰੂਰੀ ਹੈ ਤਾਂ ਕਿ 2016 ਦੇ ਸਰਬੱਤ ਖਾਲਸਾ ਵਿੱਚ ਉਹੀ ਘਾਟਾਂ ਦੁਬਾਰਾ ਨਾ ਰਹਿਣ। ਪਰ ਇਹ ਸੰਵਾਦ ਬੜੇ ਸਕਰਾਤਮਿਕ ਸੁਰ ਵਿੱਚ ਹੋਣਾ ਚਾਹੀਦਾ ਹੈ। ਨਹੀਂ ਤਾਂ ਦੁਸ਼ਮਣ ਇਸ ਸੰਵਾਦ ਦੇ ਨਕਰਾਤਮਿਕ ਪੱਖ ਨੂੰ ਉਭਾਰ ਕੇ ਸਰਬੱਤ ਖਾਲਸਾ ਪ੍ਰਤੀ ਸ਼ੰਕੇ ਪੈਦਾ ਕਰਨ ਵਿੱਚ ਸਫਲ ਹੋ ਸਕਦਾ ਹੈ। ਇਹ ਦੁਸ਼ਮਣ ਦਾ ਮਨੋਰਥ ਤਾਂ ਹੈ ਹੀ, ਪਰ ਸਿੱਖ ਦਾ ਨਹੀਂ। ਅਸੀਂ ਸਰਬੱਤ ਖਾਲਸਾ ਰਾਹੀਂ ਇੱਕ ਸਿਤਮੀ ਨਿਜਾਮ ਦੇ ਸਿੰਘਾਸ਼ਨ ਨੂੰ ਉਲਟਾਉਣਾ ਚਾਹੁੰਦੇ ਹਾਂ। ਇਹ ਬੜੀ ਸਖ਼ਤ ਪ੍ਰਕ੍ਰਿਆ ਹੈ। ਇਸ ਉਪਰ ਹਲਕੀ ਮਿਜਾਜ਼ ਵਿੱਚ ਚਰਚਾ ਕਰਨੀ ਵੀ ਉਚਿੱਤ ਨਹੀਂ ਹੋਵੇਗੀ। ਇਹ ਗੰਭੀਰ ਮੁੱਦਾ ਹੈ ਅਤੇ ਗੰਭੀਰਤਾ ਹੀ ਇਸਦੀ ਸਫਲਤਾ ਦਾ ਰਾਜ ਹੈ।

468 ad

Submit a Comment

Your email address will not be published. Required fields are marked *