ਸਮੇਂ ਨੇ ਇੱਕ ਨਾ ਮੰਨੀ

ਫੜ੍ਹ ਫੜ੍ਹ ਰਹੀ ਧਰੀਕ, ਸਮੇਂ ਨੇ ਇੱਕ ਨਾ ਮੰਨੀ,

ਰਹੀ ਵਾਸਤੇ ਘੱਤ, ਸਮੇਂ ਖਿਸਕਾਈ ਕੰਨੀ।

ਗੁਰਬਾਜ ਸਿੰਘ ਜਿਲਾ ਤਰਨ ਤਾਰਨ-ਪੰਜਾਬ- 09872334944

ਗੁਰਬਾਜ ਸਿੰਘ
ਜਿਲਾ ਤਰਨ ਤਾਰਨ-ਪੰਜਾਬ- 09872334944

ਉਕਤ ਸਤਰਾਂ ਪੰਜਾਬੀ ਦੇ ਮਹਾਨ ਕਵੀ ਤੇ ਪਿਤਾਮਾ ਭਾਈ ਵੀਰ ਸਿੰਘ ਜੀ ਦੀਆਂ ਲਿਖੀਆਂ ਹੋਈਆਂ ਹਨ। ਜਿਨਾਂ ਵਿੱਚ ਭਾਈ ਸਾਹਿਬ ਜੀ ਨੇ nfXnkswe o{g ਵਿੱਚ ਸਮੇਂ ਦੀ ਤੀਬਰਤਾ, ਵੇਗ ਤੇ ਅਰੁਕ ਸੁਭਾਅ ਦਾ ਵੱਡਾ ਤੇ ਮਹਾਨ ਗੁਣ ਬਿਆਨਿਆ ਹੈ। ਕਈ ਸਾਲ ਪਹਿਲਾਂ ਪੜ੍ਹੀਆਂ ਇਹ ਇਹ ਸੱਤਰਾਂ ਮਹਾਨ ਤੇ ਵੱਡੀ ਸੱਚਾਈ ਬਿਆਨ ਕਰਦੀਆਂ ਹਨ। ਇਹਨਾਂ ਸਤਰਾਂ ਰਾਹੀਂ ਭਾਈ ਸਾਹਿਬ ਦੱਸ ਰਹੇ ਹਨ ਕਿ ਸਮੇਂ ਨੂੰ ਜਿੰਨਾ ਮਰਜੀ ਪਕੜ੍ਹਨ ਦੀ ਕੋਸਿਸ਼ ਕਿਉਂ ਨਾ ਕਰੋ, ਉਹ ਇੱਕ ਨਹੀ ਮੰਨਦਾ ਅਰਥਾਤ ਆਪਣੀ ਚਾਲੇ ਚਲਦਾ ਰਹਿੰਦਾ ਹੈ। ਜਿੰਨੇ ਮਰਜੀ ਹੱਥ-ਪੈਰ ਜੋੜੋ, ਪੱਲੇ ਫੜਨ ਦੀ ਕੋਸਿਸ਼ ਕਰੋ, ਸਮਾਂ ਆਪਣੀ ਕੰਨੀ ਤੁਹਾਡੇ ਹੱਥੋਂ ਛੁਡਾ ਕੇ ਦੌੜ ਹੀ ਜਾਂਦਾ ਹੈ। ਅਰਥਾਤ ਸਮਾਂ ਬਹੁਤ ਬਲਵਾਨ ਤੇ ਬੇਤਰਸ ਸੁਭਾ ਦਾ ਮਾਲਕ ਹੈ ਜੋ ਕਿਸੇ ਵਾਸਤੇ ਨਹੀ ਰੁੱਕਦਾ, ਤੇ ਕਦੀ ਵੀ ਨਹੀ ਰੁੱਕਦਾ।

ਜਿੰਨੇ ਵੀ ਰਾਜ-ਭਾਗ, ਸਲਤਨਤਾਂ, ਸਰਕਾਰ-ਦਰਬਾਰ, ਰਾਜੇ-ਰੰਕ, ਸੂਰਬੀਰ-ਅਮੀਰ, ਯੋਧੇ, ਮੀਰ-ਪੀਰ ਆਦਿ ਜੋ ਵੀ ਦੁਨੀਆ ਉੱਪਰ ਆਏ ਉਨਾਂ ਨੂੰ ਸਮੇਂ ਦੇ ਵਹਾਣ ਅੱਗੇ ਗੋਡੇ ਟੇਕਣੇ ਪਏ। ਸਭ ਕੁਝ ਦੁਨੀਆਂ ਦੀ ਬੁੱਕਲ ਵਿੱਚ ਛੱਡ ਕੇ ਜਹਾਨੋ ਕੂਚ ਕਰਨਾ ਪਿਆ। ਪਰਿਵਾਰ, ਯਾਰ, ਪਿਆਰ ਛੱਡ ਵਿਸਾਰ ਇੱਥੋਂ ਜਾਣਾ ਪਿਆ। ਸੁਹਣੇ-ਸੁਹਣੇ ਮਹਿਲ- ਮਾੜੀਆਂ, ਪੱਕੀਆਂ ਦੁਸ਼ਮਣੀਆਂ-ਯਾਰੀਆਂ ਸਮੇਂ ਦੇ ਅੱਗੇ ਨਿਸਤੋਂ-ਨਾਬੂਦ ਹੋ ਜਾਂਦੀਆਂ ਹਨ।

ਮੁਸਲਿਮ ਰਾਜ ਆ ਕੇ ਗਿਆ, ਸਿੱਖ ਰਾਜ ਆ ਕੇ ਗਿਆ, ਅੰਗਰੇਜੀ ਰਾਜ ਆ ਕੇ ਗਿਆ, ਅਜਾਦੀ ਆਈ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਰਾਜ ਆਇਆ ਤੇ ਸਮੇਂ ਨੇ ਹਾਲਾਤਾਂ ਸੰਗ ਆਪਣੀ ਕਰਵਟ ਨਾਲ ਇਕ ਤੋਂ ਬਾਦ ਇੱਕ ਹਾਕਮ ਦੇ ਸਿਰ ਸਰਦਾਰੀ ਦਾ ਮੁਕਟ ਸਜਾਉਂਦਾ ਰਿਹਾ ਹੈ। ਤੇ ਅਜੇ ਵੀ ਸਜਾਉਂਦਾ ਜਾ ਰਿਹਾ ਹੈ। ਸਮੇਂ ਦੇ ਬਾਰੇ ਕੋਈ ਲੇਖਕ ਵਧੀਆ ਲਿਖ ਗਿਆ ਹੈ:-

ਇਕ ਸਾਲ, ਦੋ , ਦਸ ,ਵੀਹ ਜਿੰਦ ਕੱਟਦੀ ਗਈ।

ਸਮੇਂ ਸੰਗ ਗਿਆਨ ਮਿਲਿਆ, ਧਿਆਨ ਮਿਲਿਆ,

ਅਗਿਆਨਤਾ ਵਾਲੀ ਧੁੰਦ ਵੀ ਹੱਟਦੀ ਗਈ।

ਸਮੇਂ ਦੇ ਨਾਲ ਨਾਲ ਹੀ ਆਦਮੀ ਨੂੰ ਤਜਰਬਾ ਤੇ ਉਮਰ ਦਰਾਜਗੀ ਨਾਲ ਸਿਆਣਪ ਹਾਸਿਲ ਹੁੰਦੀ ਹੈ। ਜੋ ਅੱਜ ਹਾਲਾਤ ਹੁੰਦੇ ਹਨ, ਉਹ ਕੱਲ੍ ਨਹੀ ਹੁੰਦੇ, ਜੋ ਕੱਲ ਆਉਂਣਗੇ, ਉਹ ਪਰਸੋਂ ਤੱਕ ਨਹੀ ਰਹਿੰਦੇ। ਜੋ ਸਮਾਜ-ਲਿਹਾਜ, ਸਿਆਸਤ-ਵਿਰਾਸਤ ਦੇ ਦਸਾ-ਦ੍ਰਿਸ਼ ਅੱਜ ਦਿਸਦੇ ਹਨ , ਉਹ ਸਮੇਂ ਦੇ ਨਾਲ ਬਦਲਦੇ ਜਾਂਦੇ ਹਨ। ਸਮਾਂ ਬੜਾ ਬਲਵਾਨ ਹੈ, ਸਮੇਂ ਦਾ ਚੱਕਰ ਚੱਲਦਾ ਰਹਿੰਦਾ ਹੈ, ਅਰੁੱਕ ਤੇ ਬੇਤਰਸ ਤਰੀਕੇ ਨਾਲ। ਜੋ ਸਮੇਂ ਨੂੰ ਬੇਅਰਥ ਗੁਆ ਦਿੰਦੇ ਨੇ। ਸਮਾਂ ਉਨਾਂ ਨੂੰ ਗੁਆ ਦਿੰਦੇ ਹੈ, ਅਰਥਾਤ ਹਾਰਾਂ ਤੇ ਅਸਫਲਤਾਵਾਂ-ਪਛਤਾਵਿਆਂ ਦੀ ਹਨੇਰੀ ਵਿੱਚ ਰੋਲ ਦਿੰਦਾ ਹੈ।

ਅਸੀਂ ਕੁਦਰਤ ਤੋਂ ਵੀ ਸਮੇਂ ਦਾ ਸਬਕ ਸਿੱਖ ਸਕਦੇ ਹਾਂ, ਸੂਰਜ਼ ਆਪਣੇ ਨਿਸਚਿਤ ਸਮੇਂ ਤੇ ਚੜਦਾ ਤੇ ਛਿਪਦਾ ਹੈ, ਦਿਨ ਤੇ ਰਾਤ ਕਦੇ ਲੇਟ ਨਹੀ ਹੁੰਦੇ ਤੇ ਆਪਣੀ ਵਾਰੀ ਮੁਤਾਬਕ ਚੱਕਰ ਕੱਟਦੇ ਰਹਿੰਦੇ ਹਨ। ਏਸੇ ਤਰਾਂ ਹੀ ਮੌਸਮ ਵੀ ਆਪਣੇ ਸਮੇਂ ਮੁਤਾਬਕ ਵਾਰੀ ਭੁਗਤਾਉਂਦੇ ਗੇੜੀਆਂ ਲਾਉਂਦੇ ਰਹਿੰਦੇ ਹਨ।

ਅੰਗਰੇਜ ਕੌਮ ਬਹੁਤ ਸਿਆਣੀ ਕੌਮ ਗਿਣੀ ਜਾਂਦੀ ਹੈ, ਜਿਸ ਨੇ ਸੰਸਾਰ ਦੇ ਕਾਫੀ ਦੇਸਾਂ ਉੱਪਰ ਆਪਣੀ ਸੂਝ ਤੇ ਸਮੇਂ ਦੀ ਤਰਜ ਤੇ ਨਬਜ਼ ਨੂੰ ਪਛਾਣ ਕੇ ਕਾਫੀ ਲੰਮਾ ਸਮਾਂ ਰਾਜ ਕੀਤਾ। ਕਿਵੇਂ ਤੇ ਕਿਉਂ ਕੀਤਾ ? ਕਿਉਂਕਿ ਉਨਾਂ ਲਈ ਸਮਾਂ ਤੇ ਸੋਚ ਸਭ ਤੋਂ ਉੱਤਮ ਤੇ ਜਰੂਰੀ ਚੀਜ ਸਨ, ਉਹ ਲੋਕ ਸਮਾਂ ਨੂੰ ਕੀਮਤੀ ਧੰਨ ਦੀ ਤਰਾਂ ਮੰਨਦੇ ਹਨ, ਉਹਨਾਂ ਲਈ ਟਾਇਮ ਇਜ ਮਨੀ ਹੈ ਅਤੇ ਉਹ ਕਿਸੇ ਵੀ ਹਾਲਤ ਵਿੱਚ ਸਮਾਂ ਵੇਸਟ ਕਰਨਾ ਜਾਂ ਅਜਾਈ ਗੁਆੳਣ ਨੂੰ ਬੇਹੱਦ ਗਲਤ ਮੰਨਦੇ ਹਨ।

ਸਿਆਣਿਆਂ ਵਲੋਂ ਅਕਸਰ ਕਿਹਾ ਜਾਂਦਾ ਹੈ ਕਿ ਜਿਸ ਨੇ ਸਮੇਂ ਤੇ ਕਾਬੂ ਪਾ ਲਿਆ, ਸਮਝ ਲਓ ਉਸ ਨੇ ਸਭ ਕੁਝ ਵਸ ਵਿੱਚ ਕਰ ਲਿਆ ਅਤੇ ਉਸ ਨੂੰ ਕਾਮਯਾਬੀ ਮਿਲ ਗਈ।  ਸਮੇਂ ਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਹੈ ? ਸਮੇਂ ਨੂੰ ਕਿਵੇਂ ਵਸ ਵਿੱਚ ਕੀਤਾ ਜਾ ਸਕਦਾ ? ਇਹ ਸਵਾਲ ਅਕਸਰ ਸਾਨੂੰ ਤੰਗ ਕਰਦਾ ਹੈ।  ਜਦੋਂ ਅਸੀ ਅਕਸਰ ਕਿਸੇ ਨੂੰ ਕਹਿੰਦੇ ਸੁਣਦੇ ਹਾਂ ਕਿ ਫਲਾਣੇ ਬੰਦੇ ਨੇ ਸਮਾਂ ਦਾ ਬੜਾ ਭਰਪੂਰ ਫਾਇਦਾ ਉਠਾਇਆ ਤੇ ਕਾਮਯਾਬੀ ਹਾਸਲ ਕੀਤੀ ਹੈ। ਜਾਂ ਕਹਿੰਦੇ ਸੁਣੀਂਦੇ ਹਾਂ ਕਿ ਯਾਰ ਫਲਾਣਾ ਬੰਦਾ ਸਮੇਂ ਦਾ ਬੜਾ ਪਾਬੰਦ ਹੈ ਉਸ ਦਾ ਹਰ ਕੰਮ ਠੀਕ ਹੁੰਦਾ ਹੈ। ਉਹ ਕਦੇ ਗਲਤੀ ਨਹੀ ਕਰਦਾ ਹੈ।

ਅਸਲ ਵਿੱਚ ਸਮੇਂ ਦਾ ਸਹੀ ਤੇ ਸਦਉਪਯੋਗ ਹੀ ਇੱਕ ਮਾਤਰ ਅਜਿਹਾ ਤਰੀਕਾ ਹੈ ਜੋ ਇਨਸਾਨ ਨੂੰ ਸਫਲ ਬਣਾਉੱਦਾ ਹੈ। ਸਮੇਂ ਦਾ ਸਦਉਪਯੋਗ ਕੀ ਹੈ? ਕਿਵੇਂ ਹੋ ਸਕਦਾ ਹੈ? ਸਮੇਂ ਦਾ ਸਦਉਪਯੋਗ ਤਾਂ ਹੀ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਜੇਕਰ ਤੁਹਾਡੇ ਵਿੱਚ ਸਿਰੜ, ਲਗਨ, ਦੂਰਅੰਦੇਸੀਂ ਸੋਚ ਤੇ ਸਹੀ ਪ੍ਰਬੰਧਨ ਜਿਹੇ ਗੁਣ ਹੋਣ। ਕਿਸੇ ਵੀ ਕੰਮ ਨੂੰ ਹੱਥ ਪਾਉਣ ਤੋਂ ਪਹਿਲਾਂ ਏਹ ਦੇਖੋ ਕਿ ਤੁਸੀਂ ਇਸ ਨੂੰ ਘੱਟ ਸਮੇਂ ਤੇ ਸਹੀ ਤਰੀਕੇ ਨਾਲ ਕਿਵੇਂ ਕਰ ਸਕਦੇ ਹੋ, ਕਿ ਇਸ ਇੱਕ ਕੰਮ ਦੇ ਨਾਲ ਤੁਹਾਡਾ ਦੂਜਾ ਕੋਈ ਕੰਮ ਤਾਂ ਨਹੀ ਵਿਗੜੇਗਾ। ਜੇਕਰ ਤੁਸੀਂ ਇੱਕ ਵੇਲੇ ਦੋ ਕੰਮ ਵੀ ਕਰ ਸਕਦੇ ਹੋ ਤਾਂ ਇਸ ਤੋਂ ਵੱਡੀ ਕਾਮਯਾਬੀ ਕੋਈ ਹੋਰ ਨਹੀ ਹੋ ਸਕਦੀ, ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਇਸ ਲਈ ਸਭ ਤੋਂ ਪਹਿਲਾਂ ਕੰਮ ਨੂੰ ਸਹੀ ਤਰਾਂ ਤੇ ਘੱਟ ਸਮੇਂ ਵਿੱਚ ਕਰਨ ਦਾ ਦਿਮਾਗ ਵਿੱਚ ਖਾਕਾ ਜ਼ਾਂ ਪਲੈਨਿੰਗ ਤਿਆਰ ਕਰੋ, ਠੀਕ ਉਸੇ ਤਰਾਂ ਜਿਵੇਂ ਤੁਸੀ ਪੇਪਰ ਜਾਂ ਟੈਸਟ ਦੀ ਤਿਆਰੀ ਵੇਲੇ ਕਰਦੇ ਹੋ। ਸਹੀ ਸੋਚ ਤੇ ਪਲੈਨਿੰਗ ਕੰਮ ਨੂੰ ਵਧੀਆ ਤੇ ਘੱਟ ਸਮੇਂ ਵਿੱਚ ਨਿਪਟਾ ਦੇਵੇਗੀ। ਜਿਸ ਕੰਮ ਨੂੰ ਤੁਸੀਂ ਪਕੜਿਆ ਹੈ ਛੋਟਾ ਹੈ ਜਾਂ ਵੱਡਾ ਹੈ, ਪੂਰੀ ਲਗਨ ਤੇ ਸਿਰੜ ਨਾਲ ਨਿਭਾਓ, ਜੇਕਰ ਤੁਹਾਡੇ ਵਿੱਚ ਸਿਰੜ ਤੇ ਲਗਨ-ਮੇਹਨਤ ਦੀ ਘਾਟ ਹੈ ਤਾਂ ਨਿਸ਼ਚਿਤ ਹੀ ਤੁਹਾਨੂੰ ਕੰਮ ਤੋਂ ਜੀ ਚੁਰਾਉਣ ਦੀ ਬਿਮਾਰੀ ਘੇਰ ਲਵੇਗੀ ਜੋ ਕਿ ਸਿਰੜ ਤੇ ਲਗਨ ਦੀ ਸਭ ਤੋਂ ਵੱਡੀ ਦੁਸ਼ਮਣ ਹੈ, ਅਤੇ ਇਹ ਕਿਸੇ ਵੀ ਕੰਮ ਨੂੰ ਸਹੀ ਤਰੀਕੇ ਨਾਲ ਪੂਰਾ ਹੋਣ ਦੇ ਅੰਜਾਮ ਤੱਕ ਨਹੀ ਪਹੁੰਚਣ ਦੇਵੇਗੀ।

ਅਮਰੀਕੀ ਰਾਸ਼ਟਰਪਤੀ ਇਬਰਾਹਮ ਲਿੰਕਨ, ਮਰਹੂਮ ਰਾਸ਼ਟਰਪਤੀ ਅਬੁਲ ਕਲਾਮ ਅਜਾਦ ਜੀ ਤੇ ਕਿੰਨੇ ਹੀ ਹੋਰ ਦੁਨੀਆਂ ਦੇ ਮਹਾਨ ਇਨਸਾਨ ਹੋਏ ਹਨ ਜੋ ਅੱਤ ਦੀ ਗਰੀਬੀ ਤੇ ਤੰਗੀ ਤੁਰਸੀਆਂ ਦੇ ਬਾਵਜੂਦ ਵੀ ਸਮੇਂ ਦੇ ਸਦਉਪਯੋਗ ਤੇ ਸਿਰੜ ਤੇ ਲਗਨ ਨਾਲ ਮੇਹਨਤ ਕਰਕੇ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚੇ ਅਤੇ ਇਸ ਥਾਂ ਪਹੁੰਚ ਕੇ ਲੋਕਾਈ ਲਈ ਮਹਾਨ ਚਾਨਣ ਮੁਨਾਰੇ ਬਣੇ, ਜਿਨਾਂ ਦੇ ਦਰਸਾਏ ਮਾਰਗ ਤੇ ਪੂਰੇ ਦੇਸ਼ ਤੇ ਕੌਮ ਨੂੰ ਸਦਾ ਚੱਲਣ ਤੇ ਮੰਨਣ ਦਾ ਸਦਾ ਮਾਣ ਰਹੇਗਾ।

ਦੋਸਤੋ, ਉੱਪਰ ਅਸੀਂ ਗੱਲ ਕੀਤੀ, ਸਮੇਂ ਦੇ ਨਾਲ ਤੇ ਹਾਣੀ ਬਣ ਕੇ ਚੱਲਣ ਦੀ। ਸਮੇਂ ਦੇ ਹਾਣੀ ਅਸੀਂ ਤਾਂ ਹੀ ਬਣ ਸਕਦੇ ਹਾਂ ਜੇਕਰ ਅਸੀਂ ਸਮੇਂ ਦਾ ਸਹੀ ਤੇ ਸਦਉਪਯੋਗ ਕਰੀਏ, ਸਿਰੜ ਤੇ ਲਗਨ ਨੂੰ ਪੱਲੇ ਬੰਨ ਲਈਏ। ਦੂਰ ਅੰਦੇਸੀਂ ਤੇ ਸਹੀ ਪ੍ਰਬੰਧਨ ਦੀ ਸੋਚ ਨੂੰ ਆਪਣੀ ਨਿੱਤ ਪ੍ਰਤੀ ਦਿਨ ਦੇ ਜੀਵਨ ਦਾ ਅਧਾਰ ਬਣਾ ਲਈਏ।

–ਗੁਰਬਾਜ ਸਿੰਘ, ਜਿਲਾ ਤਰਨ ਤਾਰਨ-ਪੰਜਾਬ- 09872334944

468 ad

Submit a Comment

Your email address will not be published. Required fields are marked *