ਸਥਾਈ ਸਮਿਤੀ ਦਾ ਖੁਲਾਸਾ ; ਲਾਪ੍ਰਵਾਹੀ ਦਾ ਨਤੀਜਾ ਸੀ ਪਠਾਨਕੋਟ ਹਮਲਾ

5

ਨਵੀਂ ਦਿੱਲੀ/ਪਠਾਨਕੋਟ,4 ਮਈ ( ਜਗਦੀਸ਼ ਬਾਮਬਾ ) ਦੇਸ਼ ਨੂੰ ਹਿਲਾ ਦੇਣ ਵਾਲੇ ਪਠਾਨਕੋਟ ਅੱਤਵਾਦੀ ਹਮਲੇ ਸੰਬੰਧੀ ਕਾਂਗਰਸੀ ਨੇਤਾ ਪੀ. ਭੱਟਾਚਾਰੀਆ ਦੀ ਪ੍ਰਧਾਨਗੀ ਵਾਲੀ 31 ਮੈਂਬਰੀ ਸੰਸਦੀ ਕਮੇਟੀ ਨੇ ਕਿਹਾ ਹੈ ਕਿ ਸਰਕਾਰ ਤੇ ਸੁਰੱਖਿਆ ਏਜੰਸੀਆਂ ‘ਚ ਤਾਲਮੇਲ ਦੀ ਕਮੀ ਕਾਰਨ ਇਹ ਹਮਲਾ ਹੋਇਆ, ਇਸ ਲਈ ਪੰਜਾਬ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਕਮੇਟੀ ਨੇ ਕਿਹਾ ਕਿ ਇਹ ਹਮਲਾ ਲਾਪ੍ਰਵਾਹੀ ਦਾ ਇਕ ਸਬੂਤ ਹੈ ਅਤੇ ਅੱਜ ਵੀ ਪਠਾਨਕੋਟ ਏਅਰਬੇਸ ਅਸੁਰੱਖਿਅਤ ਹੈ।
ਕਮੇਟੀ ਨੇ ਪਾਕਿਸਤਾਨ ਤੋਂ ਮਦਦ ਮੰਗਣ ਅਤੇ ਪਾਕਿਸਤਾਨ ਦੇ ਸਾਂਝੇ ਜਾਂਚ ਦਲ (ਜੇ. ਆਈ. ਟੀ.) ਨੂੰ ਦੇਸ਼ ਵਿਚ ਆਉਣ ਦੀ ਇਜਾਜ਼ਤ ਦੇਣ ‘ਤੇ ਵੀ ਸਵਾਲ ਕਰਦਿਆਂ ਕਿਹਾ ਕਿ ਜੇ. ਆਈ. ਟੀ. ਨੂੰ ਪਠਾਨਕੋਟ ਏਅਰਬੇਸ ‘ਚ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਸੀ ਦਿੱਤੀ ਜਾਣੀ ਚਾਹੀਦੀ। ਇਸ ਸਾਲ 2 ਜਨਵਰੀ ਨੂੰ ਪਠਾਨਕੋਟ ਏਅਰ ਫੋਰਸ ਸਟੇਸ਼ਨ ‘ਤੇ ਹੋਏ ਅੱਤਵਾਦੀ ਹਮਲੇ ਨੂੰ ਰੋਕਣ ਵਿਚ ਨਾਕਾਮ ਰਹਿਣ ਲਈ ਸਰਕਾਰ ਨੂੰ ਫਿਟਕਾਰ ਲਗਾਉਂਦੇ ਹੋਏ ਸੰਸਦ ਦੀ ਇਸ ਕਮੇਟੀ ਨੇ ਕਿਹਾ ਹੈ ਕਿ ਏਅਰ ਫੋਰਸ ਸਟੇਸ਼ਨਾਂ ਦੀ ਸੁਰੱਖਿਆ ਵਿਵਸਥਾ ਠੋਸ ਨਹੀਂ ਸੀ। ਸੰਸਦ ਵਿਚ ਪੇਸ਼ ਗ੍ਰਹਿ ਮੰਤਰਾਲਾ ਨਾਲ ਜੁੜੀ ਸਥਾਈ ਕਮੇਟੀ ਦੀ 197ਵੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਹ ਇਹ ਗੱਲ ਨਹੀਂ ਸਮਝ ਪਾ ਰਹੀ ਹੈ ਕਿ ਸੁਰੱਖਿਆ ਏਜੰਸੀਆਂ ਵਲੋਂ ਅੱਤਵਾਦੀ ਹਮਲੇ ਦੇ ਖਤਰੇ ਬਾਰੇ ਪਹਿਲਾਂ ਹੀ ਸਾਵਧਾਨ ਕੀਤੇ ਜਾਣ ਦੇ ਬਾਵਜੂਦ ਅੱਤਵਾਦੀ ਕਿਸ ਤਰ੍ਹਾਂ ਉੱਚ ਸੁਰੱਖਿਆ ਵਾਲੇ ਏਅਰ ਫੋਰਸ ਸਟੇਸ਼ਨ ਦਾ ਸੁਰੱਖਿਆ ਘੇਰਾ ਤੋੜਨ ਅਤੇ ਹਮਲੇ ਨੂੰ ਅੰਜਾਮ ਦੇਣ ਵਿਚ ਸਫਲ ਹੋਏ? ਸੁਰੱਖਿਆ ਏਜੰਸੀਆਂ ਨੂੰ ਅੱਤਵਾਦੀਆਂ ਵਲੋਂ ਪਠਾਨਕੋਟ ਦੇ ਐੱਸ. ਪੀ. ਸਲਵਿੰਦਰ ਸਿੰਘ ਅਤੇ ਉਸ ਦੇ ਦੋਸਤਾਂ ਨੂੰ ਅਗਵਾ ਕੀਤੇ ਜਾਣ ਸਬੰਧੀ ਜਾਣਕਾਰੀ ਮਿਲ ਗਈ ਸੀ। ਇਸਤੋਂ ਇਲਾਵਾ ਅੱਤਵਾਦੀਆਂ ਵਲੋਂ ਆਪਣੇ ਆਕਾਵਾਂ ਨਾਲ ਕੀਤੀ ਗਈ ਗੱਲਬਾਤ ਦੇ ਅੰਸ਼ ਵੀ ਸੁਰੱਖਿਆ ਏਜੰਸੀਆਂ ਦੇਹੱਥ ਲੱਗੇ ਸਨ। ਇਸਦੇ ਬਾਵਜੂਦ ਸੁਰੱਖਿਆ ਵਿਚ ਢਿੱਲ ਵਰਤੀ ਗਈ, ਜਿਸ ਕਰਕੇ ਅੱਤਵਾਦੀ ਆਪਣੇ ਮਕਸਦ ਵਿਚ ਕਾਮਯਾਬ ਹੋ ਗਏ। ਕਮੇਟੀ ਨੇ ਕਿਹਾ ਕਿ ਸਰਹੱਦ ‘ਤੇ ਤਾਰ ਅਤੇ ਫਲੱਡ ਲਾਈਟਾਂ ਲੱਗੇ ਹੋਣ ਅਤੇ ਬੀ. ਐੱਸ. ਐੱਫ. ਕਰਮਚਾਰੀਆਂ ਦੀ ਗਸ਼ਤ ਤੋਂ ਬਾਅਦ ਵੀ ਪਾਕਿਸਤਾਨੀ ਅੱਤਵਾਦੀ ਸਰਹੱਦ ਪਾਰ ਕਰਕੇ ਭਾਰਤ ਵਿਚ ਦਾਖਲ ਹੋਣ ‘ਚ ਸਫਲ ਰਹੇ। ਕਮੇਟੀ ਨੇ ਪੰਜਾਬ ਪੁਲਸ ਦੀ ਭੂਮਿਕਾ ‘ਤੇ ਵੀ ਗੰਭੀਰ ਸਵਾਲ ਉਠਾਏ ਹਨ। ਕਮੇਟੀ ਨੇ ਏਅਰ ਫੋਰਸ ਸਟੇਸ਼ਨ ਦੀ ਸੁਰੱਖਿਆ ਵਿਵਸਥਾ ‘ਤੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਜੰਗੀ ਤੌਰ ‘ਤੇ ਮਹੱਤਵਪੂਰਨ ਇਸ ਸਟੇਸ਼ਨ ਦੇ ਆਲੇ-ਦੁਆਲੇ ਕੋਈ ਸੜਕ ਨਹੀਂ ਹੈ। ਉਥੇ ਵੱਡੀਆਂ-ਵੱਡੀਆਂ ਝਾੜੀਆਂ ਤੇ ਦਰੱਖਤ ਉੱਗੇ ਹੋਏ ਹਨ। ਰਿਪੋਰਟ ਵਿਚ ਇਸ ਸਟੇਸ਼ਨ ਦੀ ਸੁਰੱਖਿਆ ਵਿਵਸਥਾ ਸਖਤ ਕੀਤੇ ਜਾਣ ਦੀ ਸਿਫਰਿਸ਼ ਕੀਤੀ ਗਈ ਹੈ।
ਕਮੇਟੀ ਨੇ ਦਿੱਤੇ ਇਹ ਸੁਝਾਅ
1. ਕਮੇਟੀ ਇਹ ਨਹੀਂ ਸਮਝ ਪਾ ਰਹੀ ਕਿ ਅੱਤਵਾਦੀਆਂ ਨੇ ਐੱਸ. ਪੀ. ਤੇ ਉਸ ਦੇ ਦੋਸਤਾਂ ਨੂੰ ਕਿਉਂ ਛੱਡ ਦਿੱਤਾ। ਕੌਮੀ ਜਾਂਚ ਏਜੰਸੀ ਨੂੰ ਇਸ ਦੀ ਪੂਰੀ ਜਾਂਚ ਕਰਨੀ ਚਾਹੀਦੀ ਹੈ।
2. ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਸਰਗਰਮ ਡਰੱਗਜ਼ ਸਿੰਡੀਕੇਟ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਅੱਤਵਾਦੀਆਂ ਨੇ ਇਸ ਨੈੱਟਵਰਕ ਦੀ ਮਦਦ ਲਈ ਹੋਵੇਗੀ।
3. ਸਰਹੱਦੀ ਇਲਾਕਿਆਂ ‘ਚ ਗਸ਼ਤ ਵਧਾਉਣ, ਤਾਰ ਲਗਾਉਣ ਅਤੇ ਫਲੱਡ ਲਾਈਟਾਂ ਲਗਾਉਣ ਦੇ ਕੰਮ ‘ਤੇ ਪੂਰਾ ਧਿਆਨ ਦਿੱਤਾ ਜਾਵੇ।
4. ਪਠਾਨਕੋਟ ਏਅਰ ਫੋਰਸ ਸਟੇਸ਼ਨ ਨੂੰ ਉੱਚ ਸੁਰੱਖਿਆ ਵਾਲਾ ਇਲਾਕਾ ਐਲਾਨਿਆ ਜਾਵੇ।

468 ad

Submit a Comment

Your email address will not be published. Required fields are marked *