ਸਕੇ ਮਾਸੀ ਦੇ ਮੁੰਡੇ ਨੇ 1.50 ਕਰੋੜ ਦੀ ਫਿਰੌਤੀ ਲਈ ਰਚੀ ਸਾਜਿਸ਼

15ਜਗਰਾਉਂ, 3 ਮਈ ( ਜਗਦੀਸ਼ ਬਾਮਬਾ  ) ਲੰਘੀ 28 ਅਪ੍ਰੈੱਲ ਨੂੰ ਪਿੰਡ ਢੈਪਈ ਤੋਂ ਅਗਵਾ ਕਰਕੇ ਫਿਰੌਤੀ ਉਪਰੰਤ ਛੱਡੇ ਗਏ ਰਣਜੀਤ ਸਿੰਘ ਦੇ ਮਾਮਲੇ ਨੂੰ ਲੁਧਿਆਣਾ (ਦਿਹਾਤੀ) ਪੁਲਿਸ ਨੇ ਮਹਿਜ਼ 48 ਘੰਟੇ ਵਿੱਚ ਸੁਲਝਾ ਲਿਆ ਗਿਆ ਹੈ, ਇਸ ਤੋਂ ਇਲਾਵਾ ਪੁਲਿਸ ਨੇ ਤਿੰਨ ਅਗਵਾਕਾਰਾਂ ਨੂੰ ਲਈ ਫਿਰੌਤੀ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਵੀ ਸਫ਼ਲਤਾ ਹਾਸਿਲ ਕੀਤੀ ਹੈ। ਇਸ ਮਾਮਲੇ ਵਿੱਚ ਰਣਜੀਤ ਸਿੰਘ ਨੂੰ ਮਿਤੀ 28 ਅਪ੍ਰੈੱਲ ਦੀ ਸ਼ਾਮ ਨੂੰ ਕੁਝ ਅਣਪਛਾਤੇ ਅਗਵਾਕਾਰਾਂ ਨੇ ਅਗਵਾ ਕਰ ਲਿਆ ਸੀ, ਜਿਸ ਸੰਬੰਧੀ ਪੁਲਿਸ ਨੇ ਪੁਲਿਸ ਸਟੇਸ਼ਨ ਜੋਧਾਂ ਵਿਖੇ ਐੱਫ. ਆਈ. ਆਰ. ਨੰਬਰ 27 ਮਿਤੀ 28 ਅਪ੍ਰੈੱਲ, 2016 ਅ/ਧ 365,364ਏ, 506 ਤਹਿਤ ਮਾਮਲਾ ਦਰਜ ਕਰਕੇ ਤੁਰੰਤ ਫੁਰਤੀ ਦਿਖਾਈ ਅਤੇ ਇਹ ਮਾਮਲਾ ਹੱਲ ਕਰ ਲਿਆ।

ਇਸ ਸੰਬੰਧੀ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਲੋਕ ਨਾਥ ਆਂਗਰਾ, ਆਈ.ਪੀ.ਐਸ, ਆਈ.ਜੀ.ਪੀ, ਜ਼ੋਨ-2, ਜਲੰਧਰ ਅਤੇ ਸ੍ਰੀ ਐਸ.ਕੇ. ਕਾਲੀਆ, ਆਈ.ਪੀ.ਐਸ, ਡੀ.ਆਈ.ਜੀ ਲੁਧਿਆਣਾ ਰੇਂਜ, ਲੁਧਿਆਣਾ ਨੇ ਦੱਸਿਆ ਕਿ ਮਿਤੀ 28.04.2016 ਨੂੰ ਜਿਲਾ ਪੁਲਿਸ ਲੁਧਿਆਣਾ (ਦਿਹਾਤੀ) ਨੂੰ ਇਤਲਾਹ ਮਿਲੀ ਸੀ ਕਿ ਪਿੰਡ ਢੈਪਈ ਦਾ ਰਣਜੀਤ ਸਿੰਘ, ਜੋ ਸ਼ਾਮ ਨੂੰ ਸੈਰ ਕਰਨ ਲਈ ਗਿਆ ਸੀ ਅਤੇ ਕਾਫੀ ਦੇਰ ਤੱਕ ਵਾਪਿਸ ਘਰ ਨਹੀਂ ਆਇਆ। ਜਿਸ ਬਾਰੇ ਸ਼ੱਕ ਜਾਹਿਰ ਕੀਤਾ ਗਿਆ ਕਿ ਉਸਨੂੰ ਕੁਝ ਨਾ-ਮਲੂਮ ਵਿਅਕਤੀਆਂ ਨੇ ਅਗਵਾ ਕਰ ਲਿਆ ਹੋਵੇਗਾ।ਜਿਸ ‘ਤੇ ਮੁਕੱਦਮਾਂ ਨੰਬਰ 27 ਮਿਤੀ 28.04.2016 ਅ/ਧ 365/364-ਏ/506 ਭ/ਦ ਥਾਣਾ ਜੋਧਾਂ ਦਰਜ ਕੀਤਾ ਗਿਆ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਸਾਰੇ ਪੰਜਾਬ ਵਿੱਚ ਬਲੈਕ ਸਕਾਰਪੀਓ ਗੱਡੀ, ਜਿਸ ਵਿੱਚ ਰਣਜੀਤ ਸਿੰਘ ਨੂੰ ਅਗਵਾ ਕੀਤਾ ਗਿਆ ਸੀ, ਦੀ ਭਾਲ ਵਾਸਤੇ ਨਾਕਾਬੰਦੀ ਕਰਵਾਈ ਗਈ ।

ਲੁਧਿਆਣਾ ਦੇ ਡੀ.ਟੀ.ਓ. ਨਾਲ ਰਾਬਤਾ ਕਾਇਮ ਕਰਕੇ ਸਾਰੀਆਂ ਬਲੈਕ ਸਕਾਰਪੀਓ ਗੱਡੀਆਂ ਦੀ ਲਿਸਟ ਲੈ ਕੇ ਉਹਨਾਂ ਨੂੰ ਤਸਦੀਕ ਕੀਤਾ ਗਿਆ।ਅਗਵਾਕਾਰਾਂ ਵੱਲੋ ਰਣਜੀਤ ਸਿੰਘ ਨੂੰ ਮਿਤੀ 29.04.2016 ਨੂੰ ਦੇਰ ਰਾਤ ਛੱਡਿਆ ਗਿਆ।ਮਾਮਲੇ ਦੀ ਤਫਤੀਸ਼ ਦਂੌਰਾਨ ਇਹ ਗੱਲ ਸਾਹਮਣੇ ਆਈ ਕਿ ਰਣਜੀਤ ਸਿੰਘ ਨੂੰ 30 ਲੱਖ ਰੁਪਏ ਫਰੌਤੀ ਦੇ ਕੇ ਛੁਡਾਇਆ ਗਿਆ ਹੈ।ਰਣਜੀਤ ਸਿੰਘ ਨੂੰ ਤਫਤੀਸ਼ ਵਿੱਚ ਸ਼ਾਮਿਲ ਕਰਕੇ ਅਗਵਾਕਾਰਾਂ ਦੀ ਗਿਣਤੀ ਉਹਨਾਂ ਦੇ ਹੁਲੀਆ ਤੇ ਕਿਸ-ਕਿਸ ਜਗਾਂ ‘ਤੇ ਰੱਖਿਆ ਉਸਦੀ ਜਾਣਕਾਰੀ ਹਾਸਿਲ ਕੀਤੀ ਗਈ।ਤਫਤੀਸ਼ ਦੌਰਾਨ ਪੁਲਿਸ ਨੂੰ ਭਰੋਸੇਯੌਗ ਸੂਤਰਾਂ ਤੋ ਖੂਫੀਆ ਤੌਰ ‘ਤੇ ਅਗਵਾਕਾਰਾਂ ਬਾਰੇ ਇਤਲਾਹ ਮਿਲੀ।ਜਿਸ ‘ਤੇ ਸ੍ਰੀ ਉਪਿੰਦਰਜੀਤ ਸਿੰਘ ਘੁੰਮਣ, ਪੀ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਵੱਲੋ ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਅਲੱਗ-ਅਲੱਗ ਥਾਵਾਂ ‘ਤੇ ਵੱਖ-ਵੱਖ ਪੁਲਿਸ ਪਾਰਟੀਆਂ ਰਾਂਹੀ ਰੇਡ ਕੀਤੇ ਗਏ।ਇੱਕ ਦੋਸ਼ੀ ਗੁਰਜੰਟ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਪੰਡੋਰੀ ਥਾਣਾ ਮਹਿਲ ਕਲਾਂ ਨੂੰ ਮਿਤੀ 01.05.2016 ਨੂੰ ਖੁਮਾਣੋਂ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪੰਡੋਰੀ ਥਾਣਾ ਮਹਿਲ ਕਲਾਂ ਅਤੇ ਡਾਕਟਰ ਮਨਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਛਾਪਾ ਥਾਣਾ ਠੁੱਲੀਵਾਲ ਜਿਲਾ ਬਰਨਾਲਾ ਨੂੰ ਮਿਤੀ 2.05.2016 ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਮਨਦੀਪ ਸਿੰਘ ਨੇ ਪੁਲਿਸ ਪਾਸ ਇਸ ਗੱਲ ਨੂੰ ਕਬੂਲ ਕੀਤਾ ਕਿ ਉਹਨਾਂ ਨੇ ਪੈਸੇ ਲੈਣ ਦੀ ਖਾਤਿਰ ਰਣਜੀਤ ਸਿੰਘ, ਜੋ ਕਿ ਐਨ.ਆਰ.ਆਈ. ਹਰਦੀਪ ਸਿੰਘ ਦਾ ਭਰਾ ਹੈ, ਨੂੰ ਅਗਵਾ ਕੀਤਾ ਸੀ। ਇਸ ਗੱਲ ਦੀ ਸਾਰੀ ਸਾਜਿਸ਼ ਮਨਦੀਪ ਸਿੰਘ ਜੋ ਕਿ ਰਣਜੀਤ ਸਿੰਘ ਦੀ ਸਕੀ ਮਾਸੀ ਦਾ ਲੜਕਾ ਹੈ, ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਚੀ ਸੀ । ਉਹ ਇਸ ਗੱਲ ਬਾਰੇ ਭਲੀਭਾਂਤ ਜਾਣਦਾ ਸੀ ਕਿ ਐੱਨ. ਆਰ. ਆਈ. ਹਰਦੀਪ ਸਿੰਘ ਆਪਣੇ ਭਰਾ ਰਣਜੀਤ ਸਿੰਘ ਨੂੰ ਛੁਡਵਾਉਣ ਦੀ ਖਾਤਿਰ ਚੰਗੇ ਪੈਸੇ ਦੇ ਸਕਦਾ ਹੈ। ਜਿਸ ‘ਤੇ ਉਹਨਾਂ ਨੇ ਰਣਜੀਤ ਸਿੰਘ ਨੂੰ ਅਗਵਾ ਕਰਕੇ ਹਰਦੀਪ ਸਿੰਘ ਤੋਂ ਇੱਕ ਕਰੋੜ ਪੰਜਾਹ ਲੱਖ ਰੁਪਏ ਦੀ ਮੰਗ ਕੀਤੀ। ਜਿਸ ‘ਤੇ ਹਰਦੀਪ ਸਿੰਘ ਨੇ ਰਣਜੀਤ ਸਿੰਘ ਨੂੰ 30 ਲੱਖ ਰੁਪਏ ਦੇ ਕੇ ਅਗਵਾਕਾਰਾਂ ਪਾਸੋਂ ਛੁਡਵਾ ਲਿਆ। ਮੁੱਖ ਦੋਸ਼ੀ ਮਨਦੀਪ ਸਿੰਘ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਹਰਦੀਪ ਸਿੰਘ ਦੀ ਉਸ ਪਾਸ 17 ਏਕੜ ਜ਼ਮੀਨ ਠੇਕੇ ‘ਤੇ ਸੀ, ਜੋ ਉਸਨੇ ਫਰਵਰੀ 2016 ਵਿੱਚ ਵੇਚ ਦਿੱਤੀ ਹੈ ਅਤੇ ਇੰਨੇ ਪੈਸੇ ਅਸਾਨੀ ਨਾਲ ਦੇ ਸਕਦਾ ਹੈ। ਮਨਦੀਪ ਸਿੰਘ ਨੇ ਇਹ ਵੀ ਮੰਨਿਆ ਕਿ ਉਸਨੇ 40 ਲੱਖ ਰੁਪਏ ਬੈਂਕ, ਆੜਤੀਏ ਅਤੇ ਹੋਰ ਲੋਕਾਂ ਦਾ ਕਰਜ਼ਾ ਦੇਣਾ ਹੈ। ਜਿਸ ਕਰਕੇ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਸਾਜਿਸ਼ ਰਚੀ ਸੀ।

ਇਹ ਵਾਰਦਾਤ ਉਹਨਾਂ ਦਾ ਪਹਿਲਾ ਜ਼ੁਰਮ ਹੈ।ਦੋਸ਼ੀ ਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪੰਡੋਰੀ ਪਾਸੋ 10 ਲੱਖ ਰੁਪਏ, ਵਾਰਦਾਤ ਵਿੱਚ ਵਰਤੀ ਗਈ ਸਕਾਰਪੀਓ ਗੱਡੀ ਨੰਬਰ ਐਚ.ਆਰ-55ਈ-0833, ਗੁਰਜੰਟ ਸਿੰਘ ਪੁੱਤਰ ਗੁਰਮੀਤ ਸਿੰਘ ਤੋਂ 9 ਲੱਖ 45 ਹਜ਼ਾਰ ਰੁਪਏ ਸਮੇਤ ਮੋਟਰ ਸਾਈਕਲ ਮਾਰਕਾ-ਹਾਂਡਾ ਸਾਈਨ ਅਤੇ ਡਾਕਟਰ ਮਨਦੀਪ ਸਿੰਘ ਤੋਂ 9 ਲੱਖ 45 ਹਜ਼ਾਰ ਰੁਪਏ (ਕੁੱਲ 28.90 ਲੱਖ ਰੁਪਏ) ਬਰਾਮਦ ਕੀਤੇ ਗਏ ਹਨ।ਪੁਲਿਸ ਦੀ ਸਖ਼ਤ ਮਿਹਨਤ ਨਾਲ ਇਸ ਫਿਰੌਤੀ ਕੇਸ ਨੂੰ 48 ਘੰਟੇ ਦੇ ਅੰਦਰ ਟਰੇਸ ਕਰ ਲਿਆ ਗਿਆ ਹੈ।ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਵੱਲੋ ਹੌਸਲਾ ਅਫ਼ਜਾਈ ਲਈ ਇੰਸਪੈਕਟਰ ਵਰਿਆਮ ਸਿੰਘ ਮੁੱਖ ਅਫਸਰ ਥਾਣਾ ਸੁਧਾਰ, ਇੰਸਪੈਕਟਰ ਕੁਲਵੰਤ ਸਿੰਘ, ਮੁੱਖ ਅਫਸਰ ਥਾਣਾ ਦਾਖਾ, ਇੰਸਪੈਕਟਰ ਲਵਦੀਪ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਥਾਣੇਦਾਰ ਸੁਖਵਿੰਦਰ ਸਿੰਘ, ਮੁੱਖ ਅਫਸਰ ਥਾਣਾ ਜੋਧਾਂ, ਥਾਣੇਦਾਰ ਬਿਕਰਮਜੀਤ ਸਿੰਘ, ਮੁੱਖ ਅਫਸਰ ਥਾਣਾ ਸਦਰ ਰਾਏਕੋਟ ਅਤੇ ਥਾਣੇਦਾਰ ਰਮਨਇੰਦਰਜੀਤ ਸਿੰਘ, ਇੰਚਾਰਜ ਸ਼ਪੈਸ਼ਲ ਸੈੱਲ ਨੂੰ ਸਰਟੀਫਿਕੇਟ ਦਰਜਾ ਪਹਿਲਾ ਅਤੇ ਹੌਲਦਾਰ ਹਰਪ੍ਰੀਤ ਸਿੰਘ, ਸਿਪਾਹੀ ਨਵਜੋਤ ਸਿੰਘ, ਗੁਰਪ੍ਰੀਤ ਸਿੰਘ ਨੂੰ ਅਗਲੇ ਇੱਕ ਰੈਂਕ ਵਿੱਚ ਤਰੱਕੀ ਦਿੱਤੀ ਜਾ ਰਹੀ ਹੈ।

468 ad

Submit a Comment

Your email address will not be published. Required fields are marked *