ਸ਼੍ਰੋਮਣੀ ਕਮੇਟੀ ਹਰਿਆਣੇ ਦੇ ਗੁਰਦੁਆਰਿਆਂ ਦੀਆਂ ਗੋਲਕਾਂ ਤੇ ਕਬਜ਼ਾਂ ਬਰਕਰਾਰ ਰੱਖੇਗੀ : ਜਥੇ:ਅਵਤਾਰ ਸਿੰਘ

Avtar-Singh-Makkar

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੇ ਆਪਣਾ ਪ੍ਰਬੰਧ ਪਹਿਲਾਂ ਦੀ ਤਰਾਂ ਬਰਕਰਾਰ ਰੱਖੇਗੀ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕਥਿਤ ਹਰਿਆਣਾ ਕਮੇਟੀ ਦਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਸਿੱਖ ਪੰਥ ‘ਚੋਂ ਸ੍ਰ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਛੇਕਿਆ ਜਾ ਚੁੱਕਾ ਹੈ। ਪੰਥ ‘ਚੋਂ ਛੇਕਿਆ ਵਿਅਕਤੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਅਤੇ ਪੰਥਕ ਗਤੀਵਿਧੀਆਂ ‘ਚ ਭਾਗ ਨਹੀਂ ਲੈ ਸਕਦਾ। ਉਨਾਂ ਕਿਹਾ ਝੀਂਡੇ ਵੱਲੋਂ ਦਿਤਾ ਗਿਆ ਬਿਆਨ ਕਿ ਹਰਿਆਣੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਹਿਸਾਬ-ਕਿਤਾਬ ਦੇ ਵੇਰਵੇ ਲੈ ਕੇ ਕੈਥਲ ਆਉਣ ਕਿਸੇ ਤਰਾਂ ਵੀ ਵਾਜਬ ਨਹੀਂ ਹੈ।
ਉਹਨਾਂ ਕਿਹਾ ਕਿ ਹਰਿਆਣਾ ਕਮੇਟੀ ਗੈਰ ਸਵਿਧਾਨਕ ਤੇ ਗੈਰ ਕਾਨੂੰਨੀ ਹੈ, ਉਹ ਕਿਸੇ ਤਰਾਂ ਵੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੇ ਕਾਬਜ ਨਹੀਂ ਹੋ ਸਕਦੀ। ਇਸ ਲਈ ਝੀਂਡਾ ਗਲਤ ਬਿਆਨਬਾਜੀ ਕਰਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਨਾ ਕਰੇ। ਉਸ ਨੂੰ ਗੁਰਦੁਆਰਾ ਸਾਹਿਬਾਨ ਦੇ ਬੈਂਕ ਅਕਾਊਟ ਜਾਂ ਹਿਸਾਬ-ਕਿਤਾਬ ਲੈਣ ਦਾ ਕੋਈ ਹੱਕ ਨਹੀਂ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦੀ ਇਨ-ਬਿਨ ਪਾਲਣਾ ਕਰੇਗੀ। ਉਨਾਂ ਕਿਹਾ ਕਿ ਕੋਈ ਵੀ ਬੈਂਕ ਮੈਨੇਜਰ ਗੁਰਦੁਆਰਾ ਸਾਹਿਬਾਨ ਦੇ ਚਲ ਰਹੇ ਬੈਂਕ ਅਕਾਊਂਟਾਂ ਨਾਲ ਛੇੜਛਾੜ ਨਾ ਕਰੇ। ਉਨਾਂ ਝੀਂਡਾ ਵੱਲੋਂ ਅਖਬਾਰਾਂ ਨੂੰ ਦਿੱਤੇ ਗਏ ਇੱਕ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਝੀਂਡਾ ਵੱਲੋਂ ਦਿੱਤਾ ਗਿਆ ਇਹ ਬਿਆਨ ਕੇ ਅਗਰ ਕੋਈ ਵਿਸਫੋਟ ਹੋਇਆ ਤਾਂ ਇਸ ਦੇ ਜੁੰਮੇਵਾਰ ਬਾਦਲ ਅਤੇ ਮੱਕੜ ਹੋਣਗੇ ਤੋਂ ਝੀਂਡਾ ਦੇ ਇਰਾਦੇ ਨੇਕ ਨਹੀਂ ਲੱਗਦੇ। ਉਨਾਂ ਕਿਹਾ ਕਿ ਭਵਿਖ ਵਿੱਚ ਅਗਰ ਹਰਿਆਣਾ ਵਿਖੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਲੈ ਕੇ ਕੋਈ ਅਣਸੁਖਵੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜੁੰਮੇਵਾਰ ਝੀਂਡਾ ਐਂਡ ਪਾਰਟੀ ਹੋਵੇਗੀ। ਉਨਾਂ ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਝੀਂਡੇ ਦੀਆਂ ਗੁੰਮਰਾਹਕੁੰਨ ਕਾਰਵਾਈਆਂ ਤੋਂ ਸੁਚੇਤ ਹੋਣ ਲਈ ਕਿਹਾ।

468 ad