ਵੱਖਰੀ ਕਮੇਟੀ ਵੱਲੋਂ ਕੁਰੂਕਸ਼ੇਤਰ ਦੇ ਗੁਰਦੁਆਰੇ ’ਤੇ ਕਬਜ਼ੇ ਦਾ ਯਤਨ – ਪੁਲਿਸ ਵੱਲੋਂ ਲਾਠੀਚਾਰਜ

kurukshetar

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਆਗੂਆਂ ਅਤੇ ਹਮਾਇਤੀਆਂ ਨੇ ਕੁਰੂਕਸ਼ੇਤਰ ਦੇ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਕਬਜ਼ਾ ਲੈਣ ਲਈ ਬਾਅਦ ਦੁਪਹਿਰ ਤਿੰਨ ਵਜੇ ਤਕੜਾ ਯਤਨ ਕੀਤਾ ਪਰ ਹਰਿਆਣਾ ਪੁਲੀਸ ਨੇ ਕਬਜ਼ੇ ਦੇ ਯਤਨਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ। ਇਸ ਕਰ ਕੇ ਵੱਖਰੀ ਕਮੇਟੀ ਦੇ ਹਮਾਇਤੀਆਂ ਨੇ ਗੁਰਦੁਆਰੇ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਜ਼ੋਰ ਦਿੱਤਾ ਕਿ ਗੁਰਦੁਆਰੇ ਦਾ ਕਬਜ਼ਾ ਹਰਿਆਣਾ ਕਮੇਟੀ ਦੇ ਹਵਾਲੇ ਕੀਤੇ ਜਾਵੇ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਗੁਰਦੁਆਰੇ ਵਿਖੇ ਪਹੁੰਚ ਗਏ।
ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਹੇਠ ਵੱਖਰੀ ਕਮੇਟੀ ਦੇ ਹਮਾਇਤੀ ਗੁਰਦੁਆਰੇ ’ਤੇ ਕਬਜ਼ਾ ਕਰਨ ਲਈ ਪਹੁੰਚੇ ਸਨ ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਨੇ ਉਨ੍ਹਾਂ ਨੂੰ ਗੁਰਦੁਆਰੇ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਗੁਰਦੁਆਰੇ ਵਿੱਚ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਹੋਰ ਸਮਰਥਕ ਹਾਜ਼ਰ ਸਨ। ਜੇ ਪੁਲੀਸ ਸਮੇਂ ਸਿਰ ਦਖ਼ਲ ਨਾ ਦਿੰਦੀ ਤਾਂ ਦੋਵਾਂ ਧਿਰਾਂ ਵਿਚਾਲੇ ਖ਼ੂਨੀ ਟਕਰਾਅ ਵਾਪਰਨ ਦਾ ਖ਼ਦਸ਼ਾ ਸੀ। ਉਂਜ ਜਾਣਕਾਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਹਮਾਇਤੀਆਂ ਦੀ ਗਿਣਤੀ ਹਰਿਆਣਾ ਕਮੇਟੀ ਦੇ ਹਮਾਇਤੀਆਂ ਨਾਲੋਂ ਵੱਧ ਸੀ ਪਰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਾਲੇ ਗੁਰਦੁਆਰੇ ਵਿੱਚ ਸ਼ਾਂਤ ਬੈਠੇ ਰਹੇ।
ਵੱਖਰੀ ਕਮੇਟੀ ਦੇ ਹਮਾਇਤੀਆਂ ਦੀ ਗੁਰਦੁਆਰੇ ਨੇੜੇ ਪਹੁੰਚਣ ਦੀ ਜਾਣਕਾਰੀ ਮਿਲਦੇ ਸਾਰ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਤੋਂ ਅਕਾਲੀ ਵਰਕਰ ਕੁਰੂਕਸ਼ੇਤਰ ਆਉਣੇ ਸ਼ੁਰੂ ਹੋ ਗਏ ਤੇ ਸ਼ਾਮ ਤਕ ਕਾਫ਼ੀ ਗਿਣਤੀ ਵਿੱਚ ਪਹੁੰਚ ਗਏ ਸਨ। ਸ੍ਰੀ ਚੰਦੂਮਾਜਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤੁਰੰਤ ਗੁਰਦੁਆਰੇ ਪਹੁੰਚਣ ਲਈ ਕਿਹਾ ਸੀ। ਉਹ ਉਸ ਵੇਲੇ ਸ਼ਾਹਬਾਦ ਵਿੱਚ ਕਾਂਗਰਸ ਵਿਰੁੱਧ ਵਰਕਰਾਂ ਨੂੰ ਲਾਮਬੰਦ ਕਰਨ ਲਈ ਮੀਟਿੰਗ ਕਰ ਰਹੇ ਸਨ। ਉਹ ਸਾਥੀਆਂ ਸਮੇਤ ਪੰਜ ਵਜੇ ਗੁਰਦੁਆਰੇ ਵਿਖੇ ਪਹੁੰਚ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨਿਖਿਲ ਗੁਜਰਾਜ ਸਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਹਰਿਆਣਾ ਕਮੇਟੀ ਦੇ ਆਗੂਆਂ ਨੂੰ ਕਹੇ ਕਿ ਉਹ ਇਸ ਮਾਮਲੇ ਨੂੰ ਸ਼ਾਂਤਮਈ ਢੰਗ ਨਾਲ ਹੱਲ ਕਰਨ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਪਹੁੰਚ ਕਰਨ।
ਦੋਵੇਂ ਧਿਰਾਂ ਮਸਲੇ ਨੂੰ ਹੱਲ ਕਰਨ ਲਈ ਪੰਜ ਪੰਜ ਮੋਹਤਬਰਾਂ ਨੂੰ ਨਾਮਜ਼ਦ ਕਰ ਦੇਣ ਅਤੇ ਪੰਜ ਨਿਰਪੱਖ ਵਿਅਕਤੀ ਸ਼ਾਮਲ ਕਰ ਕੇ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਹੈ ਕਿ ਉਹ ਵੱਖਰੀ ਕਮੇਟੀ ਨੂੰ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਮਨਾਉਣਗੇ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਉਹ ਆਪਣੀ ਗੱਲ ਪ੍ਰਸ਼ਾਸਨ ਨੂੰ ਕਹਿ ਕੇ ਆ ਗਏ ਹਨ ਤੇ ਹੁਣ ਪ੍ਰਸ਼ਾਸਨ ਇਸ ਮਸਲੇ ਨੂੰ ਦੇਖੇਗਾ। ਉਨ੍ਹਾਂ ਦੇ ਇਕ ਕਰੀਬੀ ਸਾਥੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ, ਵੱਖਰੀ ਕਮੇਟੀ ਨੂੰ ਗੁਰਦੁਆਰੇ ’ਤੇ ਕਬਜ਼ਾ ਨਹੀਂ ਕਰਨ ਦੇਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਵੱਖਰੀ ਕਮੇਟੀ ਦੇ ਪ੍ਰਧਾਨ ਝੀਂਡਾ, ਜਨਰਲ ਸਕੱਤਰ ਜੋਗਾ ਸਿੰਘ ਤੇ ਹੋਰ ਆਗੂਆਂ ਨਾਲ ਸ਼ਾਮੀਂ ਸੱਤ ਵਜੇ ਪਿਪਲੀ ਵਿੱਚ ਗੱਲਬਾਤ ਲਈ ਸੱਦਿਆ ਸੀ ਤੇ ਕਾਫੀ ਦੇਰ ਤਕ ਮੀਟਿੰਗ ਚਲਦੀ ਰਹੀ। ਆਖਰੀ ਰਿਪੋਰਟ ਮਿਲਣ ਸਮੇਂ ਤਕ ਮੀਟਿੰਗ ਜਾਰੀ ਸੀ। ਪਟਿਆਲਾ ਤੋਂ ਕਾਫੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਹਰਵਿੰਦਰ ਸਿੰਘ ਹਰਪਾਲਪੁਰ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਲਜੀਤ ਸਿੰਘ ਭੁੱਟਾ, ਹਰਵਿੰਦਰ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਅਤੇ ਇੰਦਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਹੁੰਚੇ ਸਨ।

468 ad