ਵੋਟਾਂ ਪੈਣ ਮਗਰੋਂ ਸਿੱਖ ਮੁੱਦੇ ਪੈਣਗੇ ਠੰਡੇ ਬਸਤੇ ‘ਚ ?

Sikh Votes

ਪੰਜਾਬ ਦੀਆਂ 13ਲੋਕ ਸਭਾ ਸੀਟਾਂ ਲਈ ਵੋਟਾਂ ਪੈਣ ਦਾ ਕੰਮ ਖਤਮ ਹੋ ਜਾਣ ਦੇ ਨਾਲ ਹੀ ਪਿੱਛਲੇ ਇੱਕ ਮਹੀਨੇ ਤੋਂ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਫੌਜੀ ਹਮਲੇ ,ਨਵੰਬਰ 1984 ਦੇ ਸਿੱਖ ਕਤਲੇਆਮ ਅਤੇ ਪੰਜਾਬ ਵਿਚਲੇ ਡੇਢ ਦਹਾਕੇ ਦੇ ਕਾਲੇ ਦੌਰ ਦੌਰਾਨ ਪੁਲਿਸ ਵਲੋਂ ਲਾਵਾਰਸ ਕਰਾਰ ਦਿੱਤੀਆਂ 25 ਹਜਾਰ ਲਾਸ਼ਾਂ ਅਤੇ ਸਿੱਖ ਨਸਲਕੁਸ਼ੀ ਦਾ ਚੁਣਾਵੀ ਮੁੱਦਾ ਵੀ ਅਣਮਿੱਥੇ ਸਮੇਂ ਲਈ ਠੰਡੇ ਬਸਤੇ ਪੈ ਗਿਆ ।ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਨਾਮਜਦਗੀ ਕਾਗਜਾਤ ਦਾਖਲ ਕਰਨ ਤੋਂ ਕਿਤੇ ਪਹਿਲਾਂ ਹੀ ਅਕਾਲੀ ਦਲ ਤੇ ਕਾਂਗਰਸ ਨੇ ,ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਲਈ ਇਕ ਦੂਜੇ ਖਿਲਾਫ ਸ਼ਬਦੀ ਤੀਰ ਦਾਗਣੇ ਸੁਰੂ ਕਰ ਦਿੱਤੇ ਸਨ ।ਨਵੰਬਰ 84 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਏ ਜਾਣ ਦੇ ਨਾਮ ਤੇ ਅਕਾਲੀ ਦਲ ਦੀ ਪਿੱਛਲੇ ਤੀਹ ਸਾਲਾਂ ਤੋਂ ਚੁਣਾਵੀ ਬਿਆਨਬਾਜੀ ਵੀ ਆਖਿਰ ਇਸ ਕਤਲੇਆਮ ਵਿਚ ਭਾਜਪਾ ਤੇ ਆਰ.ਐਸ.ਐਸ.ਆਗੂਆਂ ਦੀ ਸ਼ਮੂਲੀਅਤ ਤੇ ਮੋਹਰ ਲਾਣ ਬਾਅਦ ਹੀ ਠੰਡੇ ਬਸਤੇ ਪੈਣੀ ਸ਼ੁਰੂ ਹੋ ਗਈ ਸੀ ।ਸਾਲ 1978 ਤੋਂ ਲੈਕੇ 1995 ਤੀਕ ਦੇ ਪੰਜਾਬ ਦੇ ਸੰਤਾਪ ਬਾਰੇ,ਇਸ ਵਾਰ ਸ਼ੁਰੂ ਹੋਈ ਚੁਣਾਵੀ ਚਰਚਾ ਵੀ ਅੰਮ੍ਰਿਤਸਰ ਦੀ ਹੱਦ ਤੀਕ ਹੀ ਸੀਮਤ ਹੋਕੇ ਰਹਿ ਗਈ ਸੀ ਤੇ ਪਿਛਲੇ 5 ਕੁ ਦਿਨਾਂ ਤੋਂ ਅਜੇਹੇ ਸਭ ਮੁਦੇ ,ਚੋਣ ਤਿਆਰੀਆਂ ਦੀ ਭੱਜ ਨੱਠ ਵਿੱਚ ਦਬਕੇ ਰਹਿ ਗਏ ਸਨ।ਕੁਝ ਪੰਥਕ ਜਥੇਬੰਦੀਆਂ ਨੇ ਜਿਲ੍ਹੇ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਨੂੰ ਤਿੱਖੇ ਸਵਾਲ ਜਰੂਰ ਪੁਛੇ ਸਨ ਲੇਕਿਨ ਖੁਦ ਨੂੰ ਪੰਥ ਦਾ ਵਾਰਿਸ ਹੋਣ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸਣ ਵਾਲੀ ਭਾਜਪਾ ਦੇ ਉਮੀਦਵਾਰ ਜੇਤਲੀ ਨੂੰ ਵੋਟਾਂ ਪਾਣ ਦਾ ਐਲਾਨ ਕਰਕੇ ਇਨ੍ਹਾ ਦੋ ਸੰਸਥਾਵਾਂ ਦਾ ਹਮੇਸ਼ਾ ਲਈ ਹੀ ਭੋਗ ਪਾ ਦਿੱਤਾ ਸੀ ।
ਇਸ ਲੋਕ ਸਭਾ ਚੋਣ ਵਿੱਚ ਸਿੱਖ ਮੁੱਦਿਆਂ ਦੀ ਸਹੀ ਅਰਥਾਂ ਵਿੱਚ ਤਰਜਮਾਨੀ ਕਰਨ ਤੇ ਸਿੱਖਾਂ ਨੂੰ ਇਨਸਾਫ ਦਿਵਾਉਣ ਦਾ ਅਹਿਦ ਕਰਨ ਵਾਲਾ ਇਕੋ ਇੱਕ ਸਖਸ਼ ਸ੍ਰ ਸਿਮਰਨਜੀਤ ਸਿੰਘ ਮਾਨ ਹੀ ਸਾਹਮਣੇ ਆਇਆ ਹੈ ਜੋ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਪਿਛਲੇ ਸਾਲ ਹੀ ਦੇਸ਼ ਦੀ ਰਾਜਨੀਤੀ ਵਿੱਚ ਦਸਤਕ ਦੇਣ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਵੱਖ ਵੱਖ ਸੀਟਾਂ ਲਈ ,ਸੀਨੀਅਰ ਵਕੀਲ ਸ੍ਰ ਹਰਵਿੰਦਰ ਸਿੰਘ ਫੂਲਕਾ (ਲੁਧਿਆਣਾ),ਸੁਚਾ ਸਿੰਘ ਛੋਟੇਪੁਰ(ਗੁਰਦਾਸਪੁਰ),ਐਡਵੋਕੇਟ ਹਿੰਮਤ ਸਿੰਘ(ਅਨੰਦਪੁਰ ਸਾਹਿਬ),ਸਾਬਕਾ ਸਫੀਰ ਸ੍ਰ ਹਰਿੰਦਰ ਸਿੰਘ ਖਾਲਸਾ(ਫਤਹਿਗੜ੍ਹ ਸਾਹਿਬ)ਨੂੰ ਮੈਦਾਨ ਵਿੱਚ ਉਤਾਰ ਕੇ ਨਵੰਬਰ 84 ਦੇ ਸਿੱਖ ਕਤਲੇਆਮ ਦੀ ਮੁਕੰਮਲ ਜਾਂਚ ਲਈ ਸਪੈਸ਼ਲ ਜਾਂਚ ਕਮੇਟੀ ਗਠਿਤ ਕੀਤੇ ਜਾਣ ਦੇ ਆਪਣੇ ਫੈਸਲੇ ਨੂੰ ਦੁਹਰਾਇਆ ਹੈ ।ਸ੍ਰ ਮਾਨ ਤਾਂ ਇਹ ਵੀ ਸਪਸ਼ਟ ਕਰ ਚੁਕੇ ਹਨ ਕਿ ਖਡੂਰ ਸਾਹਿਬ ਦੀ ਲੋਕ ਸਭਾ ਚੋਣ ਜਿੱਤਣਾ ਜਾਂ ਹਾਰਨਾ ਉਨ੍ਹਾਂ ਲਈ ਕੋਈ ਅਰਥ ਨਹੀ ਰੱਖਦਾ ਬਲਕਿ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਲਈ ਆਰਿੰਭਆ ਸੰਘਰਸ਼ ਜਾਰੀ ਰਹੇਗਾ।ਇਸੇ ਚੋਣ ਵਿੱਚ ਅਕਾਲੀ ਦਲ ਦੇ ਹੀ ਇੱਕ ਅਹਿਮ ਅੰਗ ਬਿਕਰਮ ਸਿੰਘ ਮਜੀਠੀਆ ਵਲੋਂ ਦਸਮ ਪਾਤਸ਼ਾਹ ਦੀ ਬਾਣੀ ਨੂੰ ਭਾਜਪਾ ਉਮੀਦਵਾਰ ਜੇਤਲੀ ਦੀ ਖੁਸ਼ਨੰਦੀ ਹਾਸਿਲ ਕਰਨ ਲਈ ਤੋੜ ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਵੀ ਆਣ ਵਾਲੇ ਦਿਨਾਂ ਵਿਚ ਠੰਡੇ ਬਸਤੇ ਪੈ ਜਾਵੇਗਾ ।

468 ad