‘ਵਿਹੜੇ ‘ਚ ਬਾਰਾਤ ਢੁੱਕਦੀ, ਆ ਗਿਆ ਏ ਮੌਤ ਦਾ ਸਾਮਾਨ’

ਨਵੀਂ ਦਿੱਲੀ—ਇਕ ਸਮਾਂ ਸੀ ਜਦੋਂ ਧੀਆਂ ਦੇ ਵਿਆਹ ਕਰਕੇ ਮਾਪੇ ਸੁਰਖ-ਰੂਹ ਹੋ ਜਾਂਦੇ ਸਨ ਪਰ ਹੁਣ ਤਾਂ ਕਦੇ ਦਾਜਾਂ ਨੇ ਅਤੇ ਨਸ਼ੇੜੀ ਪਤੀਆਂ ਨੇ ਇੰਨੀਆਂ ਧੀਆਂ ਦੀ ਬਲੀਆਂ ਲੈ ਲਈਆਂ ਕਿ ਜਦੋਂ ਕਿਸੇ ਬਾਪ ਦੇ ਵਿਹੜੇ ਉਸ ਦੀ ਧੀ ਨੂੰ ਲਿਜਾਣ ਲਈ ਬਾਰਾਤ ਢੁੱਕਦੀ ਹੈ ਤਾਂ Marriageਮਨ ਵਿਚ ਇਕ ਡਰ ਬੈਠ ਜਾਂਦਾ ਹੈ ਕਿ ਕਿਤੇ ਇਹ ਉਸ ਦੀ ਮੌਤ ਦਾ ਸਾਮਾਨ ਤਾਂ ਨਹੀਂ ਹੈ। ਅਜਿਹੇ ਹੀ ਇਕ ਮਜ਼ਬੂਰ ਬਾਪ ਨੇ ਆਪਣੀ ਧੀ ਦੀ ਮੌਤ ਦਾ ਇਨਸਾਫ ਲੈਣ ਲਈ ਲੋਕਾਂ ਤੋਂ ਮਦਦ ਮੰਗੀ ਹੈ ਅਤੇ ਫੇਸਬੁੱਕ ਵਰਗੀ ਸੋਸ਼ਲ ਸਾਈਟ ਦਾ ਸਹਾਰਾ ਲਿਆ ਹੈ। ਇਕ ਪਿਤਾ ਨੇ ਬੜੇ ਚਾਵਾਂ ਨਾਲ ਆਪਣੀ ਧੀ ਵਰਿੰਦਰ ਕੌਰ ਦਾ ਵਿਆਹ ਦਿੱਲੀ ਦੇ ਪਟੇਲ ਨਗਰ ਦੇ ਅਮਨਦੀਪ ਸਿੰਘ ਖੁੰਡਾ ਦੇ ਨਾਲ 30 ਜਨਵਰੀ, 2014 ਨੂੰ ਕੀਤਾ ਸੀ। ਵਿਆਹ ਨੂੰ ਕੁਝ ਮਹੀਨੇ ਹੀ ਬੀਤੇ ਸਨ ਕਿ ਅਮਨਦੀਪ ਨੇ ਆਪਣਾ ਰੰਗ ਵਟਾਉਣਾ ਸ਼ੁਰੂ ਕਰ ਦਿੱਤਾ। ਅਮਨਦੀਪ ਨਿੱਤ ਦਾ ਸ਼ਰਾਬੀ ਸੀ ਅਤੇ ਸ਼ਰਾਬ ਦੇ ਨਸ਼ੇ ਵਿਚ ਵਰਿੰਦਰ ਦੇ ਨਾਲ ਕੁੱਟ-ਮਾਰ ਵੀ ਕਰਦਾ ਸੀ। ਵਰਿੰਦਰ ਨੇ ਕਈ ਵਾਰ ਇਸ ਬਾਰੇ ਆਪਣੇ ਘਰਦਿਆਂ ਨੂੰ ਦੱਸਿਆ ਅਤੇ ਇਕ ਦਿਨ ਉਸ ਦੇ ਪਰਿਵਾਰ ਵਾਲਿਆਂ ਨੂੰ ਕਾਲ ਆਈ ਕਿ ਉਨ੍ਹਾਂ ਦੀ ਧੀ ਨੇ ਫਾਹਾ ਲੈ ਲਿਆ ਹੈ। ਇਹ ਸੁਣ ਕੇ ਉਹ ਸੁੰਨ੍ਹ ਰਹਿ ਗਏ। ਧੀ ਨੂੰ ਆਖਰੀ ਵਿਦਾਈ ਦੇਣ ਲਈ ਉਹ ਉਸ ਦੇ ਘਰ ਦੇ ਪਹੁੰਚੇ ਪਰ ਉਨ੍ਹਾਂ ਨੂੰ ਮਾਮਲਾ ਕੁਝ ਸ਼ੱਕੀ ਲੱਗਿਆ ਅਤੇ ਉਨ੍ਹਾਂ ਨੇ ਇਸ ਬਾਰੇ ਦਿੱਲੀ ਪੁਲਸ ਕੋਲੋਂ ਮਦਦ ਵੀ ਮੰਗੀ। ਵਰਿੰਦਰ ਦੀ ਫਾਰੈਂਸਿਕ ਰਿਪੋਰਟ ਵਿਚ ਕੁਝ ਅਜਿਹਾ ਹੀ ਲੱਗ ਰਿਹਾ ਸੀ ਕਿ ਜਿਵੇਂ ਉਸ ਨੂੰ ਮਾਰ ਕੇ ਲਟਕਾਇਆ ਗਿਆ ਹੋਵੇ ਪਰ ਪੁਲਸ ਨੇ ਉਨ੍ਹਾਂ ਦਸਤਾਵੇਜ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ।
ਹੁਣ ਇਸ ਮਾਮਲੇ ਵਿਚ ਵਰਿੰਦਰ ਦੇ ਪਰਿਵਾਰ ਵਾਲਿਆਂ ਨੇ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਰਿੰਦਰ ਦੇ ਸਰੀਰ ‘ਤੇ ਕੁਝ ਅਜਿਹੀਆਂ ਸੱਟਾਂ ਸਨ, ਜਿਨ੍ਹਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਉਸ ਨਾਲ ਜ਼ਬਰਦਸਤੀ ਕੀਤੀ ਹੋਵੇ ਅਤੇ ਉਸ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਹੋਵੇ। ਪਰਿਵਾਰ ਦਾ ਕਹਿਣਾ ਹੈ ਕਿ ਇਹ ਖੁਦਕੁਸ਼ੀ ਨਹੀਂ ਸਗੋਂ ਕਤਲ ਹੈ ਪਰ ਪੁਲਸ ਦਾ ਲਾਪਰਵਾਹੀ ਵਾਲਾ ਰਵੱਈਆ ਵਰਿੰਦਰ ਦੇ ਪਤੀ ਨੂੰ ਸਜ਼ਾ ਦਿਵਾਉਣ ਵਾਲਾ ਨਹੀਂ ਸਗੋਂ ਉਸ ਦੀ ਮਦਦ ਕਰਨ ਵਾਲਾ ਹੈ।
ਦੁੱਖ ਦੀ ਗੱਲ ਇਹ ਹੈ ਕਿ ਧੀ ਦੇ ਜਾਣ ਦੇ ਗਮ ਵਿਚ ਟੁੱਟੇ ਮਾਪਿਆਂ ਨੂੰ ਉਸ ਨੂੰ ਇਨਸਾਫ ਦਿਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ ਅਤੇ ਉਨ੍ਹਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈ। ਅਜਿਹੇ ਵਿਚ ਸਮਾਜ  ਦੀ ਇਹ ਸਭ ਤੋਂ ਵੱਡੀ ਜ਼ਰੂਰਤ ਅਤੇ ਫਰਜ਼ ਬਣ ਜਾਂਦਾ ਹੈ ਕਿ ਉਹ ਇਕ-ਦੂਜੇ ਨਾਲ ਖੜ੍ਹੇ ਰਹਿਣ ਤਾਂ ਜੋ ਕਿਸੇ ਦੀ ਧੀ ਨਾਲ ਅੱਗੋਂ ਤੋਂ ਅਜਿਹਾ ਨਾ ਹੋਵੇ। ਵਰਿੰਦਰ ਦੀ ਮੌਤ ਚਾਹੇ ਖੁਦਕੁਸ਼ੀ ਹੋਵੇ ਪਰ ਸੱਚ ਤਾਂ ਇਹ ਹੈ ਕਿ ਕੋਈ ਵੀ ਮੌਤ ਨੂੰ ਖੁਸ਼ੀ ਨਾਲ ਗਲੇ ਨਹੀਂ ਲਗਾਉਂਦਾ।

468 ad