ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵਰਗੇ ਸੰਗਠਨ ਫਿਰਕੂ ਹਿੰਸਾ ਪਿੱਛੇ ਹਨ : ਖੜਗੇ

mallikarjun_kharge

ਫਿਰਕੂ ਹਿੰਸਾ ਬਾਰੇ ਲੋਕ ਸਭਾ ਵਿੱਚ ਲੰਮੀ ਬਹਿਸ ਹੋਈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਗੱਲ ਨੂੰ ਅੱਗੇ ਤੋਰਦਿਆਂ ਸਦਨ ‘ਚ ਕਾਂਗਰਸ ਆਗੂ ਮਲਿਕ ਅਰਜਨ ਖੜਗੇ ਨੇ ਕਿਹਾ ਕਿ ਕੁਝ ਪਾਰਟੀਆਂ ਫਿਰਕੂ ਹਿੰਸਾ ਨੂੰ ਬੜ੍ਹਾਵਾ ਦੇ ਰਹੀਆਂ ਹਨ। ਖੜਗੇ ਨੇ ਕਿਹਾ ਕਿ ਪਿਛਲੇ ਦੋ ਤਿੰਨ ਮਹੀਨਿਆਂ ਦੌਰਾਨ ਦੇਸ਼ ਵਿੱਚ ਫਿਰਕੂ ਹਿੰਸਾ ਦੀਆਂ 600 ਘਟਨਾਵਾਂ ਹੋਈਆਂ ਹਨ। ਇਨ੍ਹਾਂ ਪਿੱਛੇ ਕਿਸ ਦਾ ਹੱਥ ਹੈ ਅਤੇ ਇਹ ਸਿਰਫ ਉਹ ਹੀ ਨਹੀਂ, ਸਗੋਂ ਸਾਰੇ ਲੋਕ ਜਾਣਦੇ ਹਨ। ਉਨ੍ਹਾ ਕਿਹਾ ਕਿ ਘੱਟ ਗਿਣਤੀਆਂ ਵਿਰੁੱਧ ਫਿਰਕੂ ਹਿੰਸਾ ਦੀਆਂ ਘਟਨਾਵਾਂ ਹੋਈਆਂ ਹਨ। ਉਨ੍ਹਾ ਕਿਹਾ ਕਿ ਖਾਸ ਕਰਕੇ ਧਾਰਮਿਕ ਲੀਡਰ ਅਤੇ ਜਥੇਬੰਦੀਆਂ ਜਿਵੇਂ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵਰਗੇ ਸੰਗਠਨਾਂ ਦੇ ਲੋਕ ਅਜਿਹਾ ਕਰਦੇ ਹਨ। ਖੜਗੇ ਨੇ ਕਿਹਾ ਕਿ ਜਦੋਂ ਕਿਸੇ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਪਿੱਛੇ ਸਿਆਸੀ ਤਾਕਤ ਹੈ ਤਾਂ ਹੀ ਉਹ ਅਜਿਹਾ ਕਰਦਾ ਹੈ ਅਤੇ ਦੂਜੇ ਕਿਸੇ ਕੋਲ ਹਿੰਮਤ ਨਹੀਂ ਹੋ ਸਕਦੀ। ਉਨ੍ਹਾ ਕਿਹਾ ਕਿ ਜਿੱਥੇ ਇਨ੍ਹਾਂ ਲੋਕਾਂ ਦੀ ਤਾਕਤ ਘੱਟ ਹੁੰਦੀ ਹੈ, ਉਥੇ ਫਿਰਕੂ ਹਿੰਸਾ ਘੱਟ ਹੁੰਦੀ ਹੈ। ਖੜਗੇ ਨੇ ਕਿਹਾ ਕਿ ਘੱਟ ਗਿਣਤੀਆਂ ਵਿਰੁੱਧ ਹੋ ਰਹੇ ਹਮਲਿਆਂ ਪਿੱਛੇ ਕੁਝ ਪਾਰਟੀਆਂ ਦਾ ਹੱਥ ਹੈ। ਬਿਹਾਰ ਵਿੱਚ ਸੱਤਾ ਵਿੱਚੋਂ ਬਾਹਰ ਹੁੰਦਿਆਂ ਹੀ ਬਹੁਤ ਥਾਵਾਂ ‘ਤੇ ਦੰਗੇ ਹੋਏ। ਉਨ੍ਹਾ ਕਿਹਾ ਕਿ ਵੋਟਾਂ ਦਾ ਧਰੂਵੀਕਰਨ ਕੀਤਾ ਜਾ ਰਿਹਾ ਹੈ। ਇਸ ਕਾਰਨ ਦੇਸ਼ ਅਤੇ ਸਮਾਜ ਵਿੱਚ ਫੁੱਟ ਪੈਂਦੀ ਹੈ। ਖੜਗੇ ਨੇ ਕਿਹਾ ਕਿ ਕਾਂਗਰਸ ਲੋਕਾਂ ਦੀ ਗੱਲ ਕਰਦੀ ਹੈ, ਪਰ ਇਹ ਲੋਕ ਸਮਾਜ ਨੂੰ ਤੋੜਨ ਦੀ ਗੱਲ ਕਰਦੇ ਹਨ। ਉਨ੍ਹਾ ਕਿਹਾ ਕਿ ਜਿੱਥੇ ਚੋਣਾਂ ਹੁੰਦੀਆਂ ਹਨ, ਉਸੇ ਸੂਬੇ ਵਿੱਚ ਦੰਗੇ ਵਧ ਹੁੰਦੇ ਹਨ। ਉਨ੍ਹਾ ਕਿਹਾ ਕਿ ਯੂ ਪੀ ਵਿੱਚ ਵੀ ਚੋਣਾਂ ਹੋ ਰਹੀਆਂ ਹਨ, ਤਾਂ ਹੀ ਉਥੇ ਫਿਰਕੂ ਦੰਗੇ ਵਧੇ ਹਨ। ਖੜਗੇ ਨੇ ਕਿਹਾ ਕਿ ਲੋਕਾਂ ਨੂੰ ਦਬਾਉਣ ਦੀ ਨੀਤੀ ਬਹੁਤਾ ਸਮਾਂ ਨਹੀਂ ਚੱਲੇਗੀ।

468 ad