ਵਿਵਾਦਤ ‘ਹੁਕਮਨਾਮਿਆਂ’ ਕਾਰਨ ‘ਫ਼ੇਸਬੁਕ’ ਉਪਰ ਗਿਆਨੀ ਗੁਰਬਚਨ ਸਿੰਘ ਦੀ ਉਡਾਈ ਜਾ ਰਹੀ ਹੈ ਖਿੱਲੀ

Giani Gurbachan Singh

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਨਿਤ ਦਿਨ ਜਾਰੀ ਕੀਤੇ ਜਾ ਰਹੇ ਵਿਵਾਦਤ ਤੇ ਹਾਸੋਹੀਣੇ ‘ਹੁਕਮਨਾਮਿਆਂ’ ਕਾਰਨ ‘ਫ਼ੇਸਬੁਕ’ ਵਰਗੀ ਸੋਸ਼ਲ ਸਾਈਟ ‘ਤੇ ਜਥੇਦਾਰ ਦਾ ਖਾਸਾ ਮਖੌਲ ਉਡਾਇਆ ਜਾ ਰਿਹਾ ਹੈ। ‘ਫ਼ੇਸਬੁਕ’ ਉਪਰ ‘ਫ਼ੇਸਬੁਕ ਡਾਕੀਆ’ ਨਾਂ ਦੇ ਬਣੇ ਹੋਏ ਪੇਜ ਉਪਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਇਕ ਐਡਿਟ ਫ਼ੋਟੋ ਖਾਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿਚ ਗਿਆਨੀ ਗੁਰਬਚਨ ਸਿੰਘ ਦੇ ਹੱਥ ਡ੍ਰਿੱਲ ਮਸ਼ੀਨ ਦੇ ਕੇ, ਉਨ੍ਹਾਂ ਨੂੰ ਲੱਕੜ ਦਾ ਛੇਕ ਕਰਦੇ ਹੋਏ ਵਿਖਾਇਆ ਗਿਆ ਹੈ ਤੇ ਨਾਲ ਹੀ ਇਹ ਇਬਾਰਤ ਦਿਤੀ ਗਈ ਹੈ ਜਿਵੇਂ ਉਹ ਕਹਿ ਰਹੇ ਹਨ, ‘ਮੈਂ ਕਿਹਾ ਛੇਕ ਦਵਾਂ’। ਫ਼ੋਟੋ ‘ਤੇ ਅਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਇਕ ਵਿਅਕਤੀ ਨੇ ਟਿਪਣੀ ਵਿਚ ਜਥੇਦਾਰ ਨੂੰ ‘ਚਮਚਾ’ ਤਕ ਲਿੱਖ ਦਿਤਾ ਹੋਇਆ ਹੈ।
ਇਸੇ ਪੇਜ ‘ਤੇ ਹਰਿਆਣਾ ਕਮੇਟੀ ਵਿਰੁਧ ਹਾਲੀਆ ਜਾਰੀ ਹੋਏ ਹੁਕਮਨਾਮੇ ‘ਤੇ ਅਸਿੱਧੀ ਚੋਟ ਕਰਦਿਆਂ ‘ਹੁਕਮਨਾਮਿਆਂ’ ਦੇ ਹਸ਼ਰ ‘ਤੇ ਚਿੰਤਾ ਪ੍ਰਗਟਾਉਂਦੇ ਹੋਏ ਇਕ ਟਿਪਣੀ ਵਿਚ ਕਿਹਾ ਗਿਆ ਹੈ, ‘ਅਕਾਲ ਤਖ਼ਤ ਸਾਹਿਬ ਦਾ ਸੰਦੇਸ਼ ਨਾ ਹੋ ਕੇ, ਫ਼ੇਸਬੁਕ ਦਾ ਸਟੇਟਸ ਹੀ ਹੋ ਗਿਆ, ਜਿਹੜਾ ਜਥੇਦਾਰ ਰੋਜ਼ ਹੀ ਅਪਡੇਟ ਕਰਨ ਲੱਗ ਪਏ ਹਨ।’ ਚੇਤੇ ਰਹੇ ਕਿ ‘ਵੱਟਸਐਪ’ ਤੇ ਫ਼ੇਸਬੁਕ ‘ਤੇ ਚਲ ਰਹੀਆਂ ਅਜਿਹੀਆਂ ਟਿਪਣੀਆਂ ਤੇ ਮਜ਼ਾਕੀਆ ਫ਼ੋਟੋਆਂ ਨਾਲ ‘ਜਥੇਦਾਰਾਂ’ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਖੌਤੀ ਤੌਰ ‘ਤੇ ਅਕਾਲੀ ਦਲ ਬਾਦਲ ਦੇ ਇਸ਼ਾਰੇ ‘ਤੇ ਉਨ੍ਹਾਂ ਵਲੋਂ ਜਾਰੀ ਕੀਤੇ ਜਾ ਰਹੇ ‘ਹੁਕਮਨਾਮਿਆਂ’ ਦਾ ਸਿੱਖਾਂ ਵਿਚ ਕੀ ਹਸ਼ਰ ਹੋ ਰਿਹਾ ਅਤੇ ‘ਜਥੇਦਾਰਾਂ’ ਦਾ ਵਕਾਰ ਕਿਸ ਕਦਰ ਦਾਅ ‘ਤੇ ਲੱਗ ਰਿਹਾ ਹੈ ਕਿ ਆਮ ਸਿੱਖ ‘ਜਥੇਦਾਰਾਂ’ ਦੀ ਖਿੱਲੀ ਉਡਾ ਕੇ ਅਪਣੇ ਗੁੱਸੇ ਦਾ ਪ੍ਰਗਟਾਵਾ ਕਰ ਰਿਹਾ ਹੈ।

468 ad