ਵਾਹਿਗੁਰੂ ਟਰੇਡਰਜ਼ ਇੰਦੋਰ ਸਮੁੱਚੀ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗੇ: ਪ੍ਰਧਾਨ ਸ਼੍ਰੋਮਣੀ ਕਮੇਟੀ

MAKAD

ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਹਿਗੁਰੂ ਟਰੇਡਰਜ਼ ਇੰਦੋਰ ਨੂੰ ਸਮੁੱਚੀ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗਣ ਲਈ ਕਿਹਾ ਹੈ। ਦਫ਼ਤਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਰੀ ਪ੍ਰੈਸ ਨੋਟ ਵਿਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ 5-ਜਵਾਹਰ ਨਗਰ, ਸਿਆਗੰਜ, ਇੰਦੋਰ ਦੀ ਇਕ ਫ਼ਰਮ ਵਲੋਂ ਆਪਣੀ ਦੁਕਾਨ ਤੇ ਵਾਹਿਗੁਰੂ ਟਰੇਡਰਜ਼ ਦਾ ਬੋਰਡ ਲਗਾ ਕੇ, ਉਸ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲਗਾਈ ਗਈ ਹੈ ਅਤੇ ਹੇਠਾਂ ਉਸ ਤੇ ਕਿ ਹਮਾਰੇ ਯਹਾਂ ਬੀੜੀ- ਸਿਗਰੇਟ, ਪਾਨ-ਮਸਾਲਾ, ਸਪਾਰੀ ਕੇ ਥੋਕ ਵ ਖੇਰਚੀ ਵਿਕਰੇਤਾ ਲਿਖਿਆ ਗਿਆ ਹੈ, ਜੋ ਬਹੁਤ ਹੀ ਘਿਨਾਉਣੀ ਅਤੇ ਅਤੀ ਨਿੰਦਣ ਯੋਗ ਘਟਨਾ ਹੈ।

ਉਨ੍ਹਾਂ ਕਿਹਾ ਕਿ ਵਾਹਿਗੁਰੂ ਟਰੇਡਰਜ਼ ਇੰਦੋਰ ਵਲੋਂ ਜਾਣ ਬੁਝ ਕੇ ਕੀਤੀ ਇਸ ਹਰਕਤ ਨਾਲ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚੀ ਹੈ ਅਤੇ ਇਸ ਫਰਮ ਦੇ ਬੋਰਡ ਦੀ ਤਸਵੀਰ ਵੱਟਸ ਐਪ ਤੇ ਵੀ ਦੇਖੀ ਗਈ ਹੈ। ਉਨ੍ਹਾਂ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਇਸ ਫਰਮ ਦੇ ਮਾਲਕ ਤੁਰੰਤ ਇਹ ਬੋਰਡ ਉੇਤਾਰ ਕੇ ਸਮੁੱਚੀ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਔਰ ਅਗਰ ਇਸ ਬ੍ਰਾਂਡ ਨੂੰ ਉਨ੍ਹਾਂ ਵੱਲੋਂ ਵੇਚੇ ਜਾ ਰਹੇ ਨਸ਼ਿਆਂ ਵਾਲੇ ਪ੍ਰੋਡਕਟਸ ਤੇ ਵੀ ਲਿਖਿਆ ਗਿਆ ਹੈ ਤਾਂ ਉਹ ਇਸ ਮਾਲ ਨੂੰ ਤੁਰੰਤ ਮਾਰਕੀਟ ਚੋਂ ਉਠਾ ਕੇ ਕੰਡਮ ਕਰਨ ਨਹੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਫਰਮ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ।

ਉਨ੍ਹਾਂ ਕਿਹਾ ਕਿ ਅੱਗੇ ਤੋਂ ਹਰ ਵਪਾਰੀ ਇਹ ਨੋਟ ਕਰੇ ਕਿ ਉਨ੍ਹਾਂ ਵੱਲੋਂ ਵੇਚੇ ਜਾਂਦੇ ਕਿਸੇ ਵੀ ਪ੍ਰੋਡਕਟਸ ਤੇ ਜਾਂ ਇਸ ਸਬੰਧੀ ਲਗਾਏ ਜਾ ਰਹੇ ਬੋਰਡਾਂ ਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਜਾਂ ਨਾਮ ਅਤੇ ਨਾ ਹੀ ਗੁਰਬਾਣੀ ਦੇ ਸ਼ਬਦ ਲਿਖੇ ਜਾਣ। ਉਨ੍ਹਾਂ ਕਿਹਾ ਕਿ ਅਗਰ ਕੋਈ ਫਰਮ ਐਸਾ ਕਰੇਗੀ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਕੋਈ ਵੀ ਵਿਅਕਤੀ ਸਿੱਖ ਧਰਮ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਨਾ ਕਰੇ।

468 ad