ਵਰਲਡ ਸਿੱਖ ਕਨਵੈਂਸ਼ਨ ਮੇਰੀ ਜ਼ਿੰਦਗੀ ਦੀ ਸਰਬੋਤਮ ਕਨਵੈਂਸ਼ਨ ਸੀ…..ਅਵਤਾਰ ਸਿੰਘ ਪੂਨੀਆ

wsc-claug

ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਵਲੋਂ ਬੁਲਾਈ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਜੀ ਨੂੰ ਸਮੂਹ ਸਿੱਖ ਸੰਸਥਾਵਾਂ ਨੇ ਸਨਮਾਨਿਤ ਕੀਤਾ
ਕਨਵੈਂਸ਼ਨ ਵਿੱਚ #FreeKhalistan2017 ਦਾ ਮਤਾ ਪਾਸ ਕੀਤਾ ਗਿਆ
ਬਰੈਂਪਟਨ(ਟਰਾਂਟੋ-ਕੈਨੇਡਾ) ਫਰਵਰੀ 7-2016:-  ਰਾਜਨੀਤੀ ਦੇ ਪੱਛਮੀ ਸਭਿਆਵਾਨ ਵਰਤਾਰੇ ਅਧੀਨ ਕੌਮਾਂ ਦੇ ਭਵਿੱਖ ਦੀ ਰੂਪ ਰੇਖਾ ਮਿੱਥਣ ਲਈ ਕਾਨਫਰੰਸਾਂ ਜਾਂ ਕਨਵੈਂਸ਼ਨ ਢੁੱਕਵਾਂ ਅਤੇ ਸਾਰਥਿਕ ਢੰਗ ਮੰਨਿਆ ਜਾਂਦਾ ਹੈ। ਸਿੱਖ ਕੌਮ ਦੀ ਉਲਝੀ ਤਾਣੀ ਨੂੰ ਸੰਵਾਰਨ ਲਈ ਦੇਸ਼ ਵਿਦੇਸ਼ ਅੰਦਰ ਪੰਥਕ ਸੰਸਥਾਵਾਂ ਆਪਣੀ ਸਭਾਵਾਂ ਕਰਕੇ ਭਵਿੱਖ ਦੀ ਰਣਨੀਤੀ ਤਿਆਰ ਕਰਨ ਲਈ ਯਤਨਸ਼ੀਲ ਹਨ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਵਲੋਂ ਉਲੀਕੀ ਲਈ ਵਰਲਡ ਸਿੱਖ ਕਨਵੈਂਸ਼ਨ ਅਹਿਮ ਅਤੇ ਨਿੱਗਰ ਯੋਗਦਾਨ ਪਾ ਕੇ ਇਸ ਹਫਤੇ ਸਮਾਪਤ ਹੋਈ ਹੈ।
ਕਨਵੈਂਸ਼ਨ ਦੇ ਮੁੱਖ ਮਹਿਮਾਨ, ਸਰਬ ਪ੍ਰਵਾਨਿਤ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਪੂਜਨੀਕ ਮਾਤਾ ਜੀ, ਮਾਤਾ ਨਰਿੰਦਰ ਕੌਰ ਸਨ, ਜਿੰਨ੍ਹਾਂ ਨੂੰ ਪਹਿਲੀ ਵਾਰ ਕੈਨੇਡਾ ਦੀ ਧਰਤੀ ਤੇ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਵਲੋਂ ਬੁਲਾਇਆ ਗਿਆ ਜਿਸ ਸਦਕਾ ਕੈਨੇਡਾ ਦੀ ਸੰਗਤ ਨੂੰ ਉਨ੍ਹਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਇਸ ਤੋਂ ਇਲਾਵਾ ਵਰਲਡ ਸਿੱਖ ਕਨਵੈਂਸ਼ਨ ਵਿੱਚ ਲੰਡਨ ਤੋਂ ਸਿੱਖ ਇਤਹਾਸ ਦੇ ਮਾਹਰ ਡਾ. ਇਕਤਦਾਰ ਕਰਾਮਤ ਚੀਮਾ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਸਿੱਖ ਸਕਾਲਰ ਪ੍ਰਭਸ਼ਰਨਬੀਰ ਸਿੰਘ ਪਹੁੰਚੇ । ਇਸ ਕਨਵੈਂਸ਼ਨ ਵਿੱਚ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਵਲੋਂ ਰਿਟਾਇਰਡ ਜੱਜ ਜਸਟਿਸ ਮਾਰਕੰਡੇ ਕਾਟਜੂ ਨੂੰ ਵੀ ਬੁਲਾਇਆ ਗਿਆ ਸੀ। ਉਹ ਅਖੀਰ ਤੇ ਆ ਕੇ ਇਸ ਕਨਵੈਂਸ਼ਨ ਵਿੱਚ ਸ਼ਾਮਲ ਨਹੀਂ ਹੋਏ ਜਿਸਦਾ ਕਾਰਣ ਉਹ ਖੁਦ ਹੀ ਦੱਸ ਸਕਦੇ ਹਨ।
ਇਸ ਕਨਵੈਂਸ਼ਨ ਦੀ ਸ਼ੁਰੂਆਤ 6 ਫਰਵਰੀ ਦਿਨ ਸ਼ਨਿਚਰਵਾਰ ਨੂੰ ਮਾਂਟਰੀਅਲ ਤੋਂ ਹੋਈ ਜਿਥੇ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਦੇ ਯੂਥ ਦੇ ਪ੍ਰਧਾਨ ਪਰਮਿੰਦਰ ਸਿੰਘ, ਮਨਵੀਰ ਸਿੰਘ, ਸੁਰਜੀਤ ਸਿੰਘ ਅਤੇ ਰੁਪਿੰਦਰ ਸਿੰਘ ਹੋਰਾਂ ਦੀ ਕੋਸ਼ਿਸ਼ ਨਾਲ ਹਿਉਮਨ ਰਾਈਟਸ ਕਾਨਫਰੰਸ ਕਰਵਾਈ ਗਈ। ਇਥੇ ਡਾæ ਇਕਤਦਾਰ ਕਰਾਮਤ ਚੀਮਾ ਅਤੇ ਪ੍ਰਭਸ਼ਰਨਬੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਇਨ੍ਹਾਂ ਤੋਂ ਇਲਾਵਾ ਵਰਲਡਸਿੱਖ ਕਨਵੈਂਸ਼ਨ ਵਿੱਚ ਸ਼ਾਮਲ ਹੋਣ ਲਈ ਪਹੁੰਚ ਯੂ ਕੇ ਤੋਂ ਮਨਜੀਤ ਸਿੰਘ ਸਮਰਾ, ਕੈਲੀਫੋਰਨੀਆ ਤੋਂ ਪ੍ਰੀਤਮ ਸਿੰਘ ਜੋਗਾਨੰਗਲ, ਸੁਖਦੇਵ ਸਿੰਘ ਬੈਣੀਵਾਲ, ਭਾਈ ਤਰਸੇਮ ਸਿੰਘ ਤੋਂ ਇਲਾਵਾ ਟਰਾਂਟੋ ਤੋਂ ਸੁਖਮਿੰਦਰ ਸਿੰਘ ਹੰਸਰਾ, ਸੁਖਦੇਵ ਸਿੰਘ ਗਿੱਲ, ਰਣਜੀਤ ਸਿੰਘ ਮਾਨ ਅਤੇ ਗੋਗਾ ਗਹੂਨੀਆ ਸ਼ਾਮਲ ਹੋਏ। ਇਥੇ ਪ੍ਰਭਸ਼ਰਨਬੀਰ ਸਿੰਘ ਨੇ ਦੁਨੀਆ ਤੇ ਹਿਊਮਨ ਰਟਿਸ ਬਾਰੇ ਹੋ ਰਹੀਆਂ ਚਰਚਾਵਾਂ ਬਾਰੇ ਖੋਲ ਕੇ ਵਿਸਥਾਰ ਨਾਲ ਦੱਸਿਆ ਕਿ ਦਰਅਸਲ ਬਹੁਤੀਆਂ ਸਰਕਾਰਾਂ ਹਿਊਮਨ ਰਾਈਟਸ ਬਾਰੇ ਚਿੰਤਤ ਤਾਂ ਲੱਗਦੀਆਂ ਹਨ, ਪਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਸਰਕਾਰਾਂ ਹੀ ਕਰਦੀਆਂ ਹਨ।
ਡਾæ ਚੀਮਾ ਨੇ ਬੜੀ ਸਰਲ ਭਾਸ਼ਾ ਵਿੱਚ ਮਾਂਟਰੀਅਲ ਦੀ ਸੰਗਤ ਨੁੰ ਸੰਬੋਧਨ ਹੁੰਦਿਆਂ ਕਿਹਾ ਕਿ ਖਾਲਸਾ ਦੀ ਸਿਰਜਣਾ ਗੁਲਾਮ ਰਹਿਣ ਲਈ ਨਹੀਂ ਬਲਕਿ ਆਜ਼ਾਦ ਹੋਣ ਲਈ ਕੀਤੀ ਗਈ ਸੀ।
ਜਿਉਂ ਹੀ 7 ਫਰਵਰੀ ਦਿਨ ਐਤਵਾਰ ਦੀ ਸਵੇਰ ਨੂੰ ਸੂਰਜ ਨੇ ਦਰਸ਼ਨ ਦਿੱਤੇ, ਤਿਉਂ ਹੀ ਬਰੈਂਪਟਨ ਸ਼ਹਿਰ ਦੀਆਂ ਹਵਾਵਾਂ ਵਿੱਚ ਇਨਕਲਾਬੀ ਸਾਜ਼ਾਂ ਦੀਆਂ ਧੁੰਨਾਂ ਵੱਜਣੀਆਂ ਸ਼ੁਰੂ ਹੋਈਆਂ। ਕਿਉਂਕਿ ਖਾਲਸਾ ਪੰਥ ਦੇ ਗਲੋਂ ਗੁਲਾਮੀ ਦੇ ਸੰਗਲ੍ਹ ਲਾਹੁਣ ਲਈ ਅਯੋਜਿਤ ਕੀਤੀ ਗਈ ਵਰਲਡ ਸਿੱਖ ਕਨਵੈਂਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਅਤੇ ਲੋਕ ਵਹੀਰਾਂ ਘੱਤ ਕੇ ਕਨੇਡੀਅਨ ਕਨਵੈਂਸ਼ਨ ਸੈਂਟਰ ਵੱਲ ਆਉਣੇ ਸ਼ੁਰੂ ਹੋ ਗਏ ਸੀ। 11 ਕੁ ਵਜੇ ਇਥੇ ਸੈਂਕੜੇ ਲੋਕ ਇਕੱਤਰ ਹੋ ਗਏ। ਜਿਉਂ ਹੀ 12:15 ਵਜੇ ਤਾਂ ਹਾਲ ਖਚਾ ਖੱਚ ਭਰ ਚੁੱਕਾ ਸੀ ਅਤੇ ਕੈਨੇਡਾ ਦੇ ਰਾਸ਼ਟਰੀ ਗੀਤ ਦੀਆਂ ਧੁੰਨਾਂ ਨੇ ਕੰਨਾਂ ਰਾਹੀਂ ਇਨਕਲਾਬੀ ਤਬੀਅਤ ਵਾਲੇ ਲੋਕਾਂ ਦੀਆਂ ਰੂਹਾਂ ਨੂੰ ਇਲਾਹੀ ਖੁਰਾਕ ਦੇਣੀ ਆਰੰਭ ਕਰ ਦਿੱਤੀ ਸੀ।
ਹਾਲਵੇਅ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਆਦਮ ਕੱਦ ਬੈਨਰ ਮਹਿਮਾਨਾਂ ਨੂੰ ਮੁਸਕਰਾਉਂਦੇ ਚਿਹਰੇ ਨਾਲ ਜੀ ਆਇਆਂ ਕਹਿ ਰਿਹਾ ਸੀ ਅਤੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਬੈਨਰ 12 ਫਰਵਰੀ ਵਾਲੇ ਜਨਮ ਦਿਹਾੜੇ ਦੀ ਯਾਦ ਦਿਵਾਉਂਦਾ ਸੀ ਜਿਸ ਦਿਨ ਕੌਮ ਨੇ ਫਤਹਿਗੜ੍ਹ ਸਾਹਿਬ ਇਕੱਠੇ ਹੋ ਕੇ ਭਾਰਤ ਦੇ ਹੁਕਮਰਾਨ ਦੀ ਨੀਂਦ ਹਰਾਮ ਕਰਨ ਦੀ ਹੈ।
ਕਨੇਡੀਅਨ ਕਨਵੈਂਸ਼ਨ ਸੈਂਟਰ ਅੰਦਰ ਸਜਾਈ ਗਈ ਇਨਕਲਾਬੀ ਸਟੇਜ ਮਹਿਮਾਨਾਂ ਨੂੰ ਇਹ ਸੰਦੇਸ਼ਾ ਦੇ ਰਹੇ ਸਨ ਕਿ ਕੌਮ ਹੁਣ ਅੰਗੜਾਈ ਲੈ ਰਹੀ ਹੈ। ਸਮ੍ਹਾਂ ਆ ਗਿਆ ਹੈ ਜਦੋਂ ਇਹ ਗੁਲਾਮੀ ਦੇ ਸੰਗਲਾਂ ਨੂੰ ਕੜੀ ਕੜੀ ਕਰਕੇ ਤੋੜਨ ਦੇ ਸਮਰੱਥ ਹੋ ਚੁੱਕੀ ਹੈ।
ਕਨਵੈਂਸ਼ਨ ਦਾ ਆਗਾਜ਼ ਹੋਇਆ ਅਤੇ ਦੂਰੋਂ ਨੇੜਿਉਂ ਆਏ ਵੱਖ ਵੱਖ ਬੁਲਾਰੇ, ਸੁਰਜੀਤ ਸਿੰਘ ਕੁਲਾਰ (ਪ੍ਰਧਾਰ ਅਕਾਲੀ ਦਲ (ਅ) ਯੂ ਐਸ ਏ, ਸੈਨ ਹੋਜ਼ੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸੁਖਦੇਵ ਸਿੰਘ ਬੈਣੀਵਾਲ, ਅਕਾਲੀ ਦਲ (ਅ) ਕੈਨੇਡਾ ਦੇ ਯੂਥ ਦੇ ਪ੍ਰਧਾਨ ਗੁਰਜੋਤ ਸਿੰਘ ਐਡਮੈਂਟਨ ਤੋਂ, ਅਕਾਲੀ ਦਲ (ਅ) ਡਰਬੀ ਯੂ ਕੇ ਦਾ ਚੀਫ ਆਰਗੇਨਾਈਜਰ ਮਨਜੀਤ ਸਿੰਘ ਸਮਰਾ, ਉਨਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਊਭੀ ਅਤੇ ਜੋਗਾ ਸਿੰਘ ਨਿਊਜਰਸੀ ਨੇ ਵਿਚਾਰ ਪੇਸ਼ ਕੀਤੇ।
ਕਨਵੈਂਸ਼ਨ ਦੇ ਦੋ ਪ੍ਰਮੁੱਖ ਬੁਲਾਰੇ ਪ੍ਰਭਸ਼ਰਨਬੀਰ ਸਿੰਘ ਅਤੇ ਡਾ. ਇਕਤਦਾਰ ਕਰਾਮਤ ਚੀਮਾ ਦੀ ਵਾਰੀ ਆਈ। ਸਿੱਖ ਸਕਾਲਰ ਪ੍ਰਭਸ਼ਰਨਬੀਰ ਸਿੰਘ ਨੇ ਦੱਸਿਆ ਕਿ ਇਤਹਾਸ ਦੋ ਤਰ੍ਹਾਂ ਦਾ ਹੋਇਆ ਕਰਦਾ ਹੈ। ਇੱਕ ਤਾਂ ਉਹ ਇਤਹਾਸ ਜਿਸ ਵਿੱਚ ਸਿਰਫ ਜਾਣਕਾਰੀ ਦਿੱਤੀ ਜਾਂਦੀ ਹੈ, ਪਰ ਦੂਸਰਾ ਉਹ ਇਤਹਾਸ ਜਿਸ ਨੂੰ ਡੂੰਘਾ ਇਤਹਾਸ ਕਿਹਾ ਜਾਦਾ ਹੈ। ਇਸ ਇਤਹਾਸ ਦੀ ਗਹਿਰਾਈ ਵਿੱਚ ਜਾ ਕੇ ਇਤਹਾਸ ਅਤੇ ਉਸਦੇ ਪੈਣ ਵਾਲੇ ਪ੍ਰਭਾਵ ਦਾ ਜ਼ਿਕਰ ਹੁੰਦਾ ਹੈ। ਸਕਾਲਰ ਨੇ ਸਰਬੱਤ ਖਾਲਸਾ ਨੂੰ ਡੂੰਘੇ ਇਤਹਾਸ ਦੀ ਨਿਆਈਂ ਕਰਾਰ ਦਿੱਤਾ।

IMG_3664
ਪ੍ਰਭਸ਼ਰਨਬੀਰ ਸਿੰਘ ਨੇ ਖਾਲਸਾ ਦੀ ਸਿਰਜਣਾ ਤੋਂ ਲੈ ਕੇ ਨਵੰਬਰ 2015 ਦੇ ਚੱਬਾ ਦੇ ਮੈਦਾਨ ਤੱਕ ਦਾ ਇਤਿਹਾਸ ਸਾਂਝਾ ਕੀਤਾ। ਪ੍ਰਭਸ਼ਰਨਬੀਰ ਸਿੰਘ ਨੇ ਕਿਹਾ ਕਿ ਸੰਨ 2015 ਸਾਲ ਬੜਾ ਸੰਕਟਮਈ ਸੀ। ਹਰ ਸੰਕਟ ਵਿੱਚ ਕੋਈ ਚੰਗਿਆਈ ਵੀ ਛੁਪੀ ਹੁੰਦੀ ਹੈ। ਜਿਸ ਤਰ੍ਹਾਂ ਸੰਨ 2015 ਵਿੱਚ ਪਹਿਲਾਂ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫ ਕੀਤਾ ਗਿਆ ਅਤੇ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ। ਇਹ ਅਤਿ ਸੰਕਟਮਈ ਘਟਨਾਵਾਂ ਸਨ ਜੋ ਸਿੱਖਾਂ ਨੂੰ ਦੁੱਖ ਦੇ ਰਹੀਆਂ ਸਨ, ਪਰ ਸ੍ਰ. ਸਿਮਰਨਜੀਤ ਸਿੰਘ ਮਾਨ ਦੀ ਦੂਰਅੰਦੇਸ਼ੀ ਨਾਲ ਸੰਨ 2015 ਵਿੱਚ ਸਰਬੱਤ ਖਾਲਸਾ ਵੀ ਹੋਇਆ।
ਪ੍ਰਭਸ਼ਰਨਬੀਰ ਸਿੰਘ ਨੇ ਕਿਹਾ ਕਿ ਸਰਬੱਤ ਖਾਲਸਾ ਦੋ ਗੱਲਾਂ ਦਾ ਪ੍ਰਤੀਕ ਹੁੰਦਾ ਹੈ। ਪੰਥਕ ਏਕਤਾ ਅਤੇ ਸੰਘਰਸ਼ ਨੂੰ ਅੱਗੇ ਤੋਰਨਾ, ਸਰਬੱਤ ਖਾਲਸਾ ਦੇ ਦੋ ਅਹਿਮ ਅੰਗ ਹੁੰਦੇ ਹਨ।
ਇਸ ਮੌਕੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ, ਬੀਬੀ ਪਰਮਿੰਦਰ ਕੌਰ ਖਾਲਸਾ ਦੀ ਅਗਵਾਹੀ ਹੇਠ ਸਿੰਘਣੀਆਂ ਦੇ ਜਥੇ ਦੀ ਅਗਵਾਹੀ ਵਿੱਚ ਹਾਲ ਵਿੱਚ ਦਾਖਲ ਹੋ ਗਈ। ਹਜ਼ਾਰਾਂ ਦੀ ਤਾਦਾਦ ਵਿੱਚ ਹਾਜ਼ਿਰ ਲੋਕਾਂ ਨੇ ਖੜੇ ਹੋ ਕੇ ਜੈਕਾਰਿਆਂ ਦੀ ਗੂੰਜ਼ ਵਿੱਚ ਮਾਤਾ ਜੀ ਨੂੰ ਜੀ ਆਇਆਂ ਕਿਹਾ। ਜੈਕਾਰਿਆਂ ਦੀ ਗੂੰਜ ਅਸਮਾਨ ਨੂੰ ਛੂਹ ਰਹੀ ਸੀ।
ਭੁਜੰਗੀ ਰਾਮ ਰੂਪ ਸਿੰਘ ਨੇ ਢੱਡ ਸਾਰੰਗੀ ਰਾਹੀਂ ਇੱਕ ਕਵਿਤਾ “ਕੱਢ ਕੇ ਜੇਲੋਂ ਬਾਹਰ ਹਵਾਰਾ ਤਖਤ ਬਿਠਾਉਣਾ” ਪੇਸ਼ ਕੀਤੀ ਜਿਸ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਰਵਣ ਕੀਤਾ।
ਅਖੀਰ ਵਿੱਚ ਡਾ. ਇਕਤਦਾਰ ਕਰਾਮਤ ਚੀਮਾ ਨੇ ਭਾਵਨਾਤਮਿਕ ਮੌਕਾ ਸਿਰਜਦਿਆਂ ਕਿਹਾ ਕਿ ਮੈਂ ਉਸ ਵੇਲੇ ਬਹੁਤ ਭਾਵੁਕ ਹੋ ਜਾਦਾ ਹਾਂ ਜਦੋਂ ਮਾਂ ਸਾਹਮਣੇ ਬੈਠੀ ਹੋਵੇ, ਪਰ ਅੱਜ ਤਾਂ ਉਹ ਮਾਂ ਸਾਹਮਣੇ ਬੈਠੀ ਹੈ ਜਿਸ ਨੇ ਹਵਾਰਾ ਵਰਗੇ ਸੂਰਬੀਰ ਨੂੰ ਜਨਮ ਦਿੱਤਾ ਹੈ। ਡਾæ ਇਕਤਦਾਰ ਚੀਮਾ ਨੇ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੱਕ ਦਾ ਸਫਰ ਬੜੇ ਸਰਲ ਸ਼ਬਦਾਂ ਵਿੱਚ ਪੇਸ਼ ਕੀਤਾ। ਉਨ੍ਹਾਂ ਨੇ ਸਿੱਧ ਕੀਤਾ ਕਿ ਸਿੱਖ ਲਗਾਤਾਰ ਕੁਰਬਾਨੀਆਂ ਕਰਦਾ ਆ ਰਿਹਾ ਹੈ ਅਤੇ ਨਾਲ ਦੀ ਨਾਲ ਉਹ ਧੋਖੇ ਖਾ ਰਹੇ ਹਨ। ਡਾ. ਚੀਮਾ ਨੇ ਕਿਹਾ ਕਿ ਸੰਨ 47 ਵਿੱਚ ਤੁਹਾਨੂੰ ਇੱਕ ਵੱਖਰਾ ਖਿੱਤਾ ਦੇਣ ਦਾ ਝਾਂਸਾ ਦੇ ਕੇ ਚਿੱਟੀ ਟੋਪੀ ਵਾਲਿਆਂ ਨੇ ਤੁਹਾਨੂੰ ਗੁਲਾਮ ਬਣਾ ਲਿਆ। ਅਤੇ ਹੁਣ ਵੀ ਚਿੱਟੀ ਟੋਪੀ ਵਾਲੇ ਪੰਜਾਬ ਅੰਦਰ ਸਰਗਰਮ ਹਨ। ਜੋ ਤੁਹਾਨੂੰ ਪੰਜਾਬ ਵਿੱਚ ਸੁੱਖ ਆਰਾਮ ਦੇਣ ਦੀ ਗੱਲ ਕਹਿ ਕੇ ਫੁਸਲਾਉਣਾ ਚਾਹੁੰਦਾ ਹੈ।
ਸੰਗਤ ਨੇ ਡਾ. ਚੀਮਾ ਦੇ ਵਿਚਾਰਾਂ ਨੂੰ ਸਾਹ ਧੂਹ ਕੇ ਸੁਣਿਆ ਅਤੇ ਸੰਗਤ ਵਿੱਚ ਵਾਰ ਵਾਰ ਜੈਕਾਰੇ ਗੂੰਜਦੇ ਰਹੇ। ਅਖੀਰ ਵਿੱਚ ਡਾ. ਚੀਮਾ ਨੇ ਕਿਹਾ ਕਿ ਸਿੱਖ ਕੌਮ ਵਿੱਚ ਇਹ ਗੱਲ ਮੈਨੂੰ ਸੁਣਨ ਨੂੰ ਮਿਲਦੀ ਹੈ ਕਿ ਕੌਮ ਲੀਡਰ ਰਹਿਤ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਸਿੱਖ ਕੌਮ ਕੋਲ ਸ੍ਰ. ਸਿਮਰਨਜੀਤ ਸਿੰਘ ਮਾਨ ਆਗੂ ਹੈ ਜਿਸ ਕੋਲ ਅੰਤਰਰਾਸ਼ਟਰੀ ਰਾਜਨੀਤੀ ਦੀ ਸੂਝਬੂਝ ਹੈ ਅਤੇ ਉਸ ਕੋਲ ਉਹ ਦ੍ਰਿੜਤਾ ਹੈ ਜਿਸ ਦੀ ਕੌਮ ਨੂੰ ਲੋੜ ਹੈ।
ਡਾæ ਚੀਮਾ ਨੇ ਕਿਹਾ ਕਿ ਸਕਾਲਰ ਮੰਨਦੇ ਹਨ ਕਿ ਰਾਜ ਕਰਨ ਲਈ ਕੌਮ ਕੋਲ ਚਾਰ ਇੰਦਰੀਆਂ ਹੋਣੀਆਂ ਲਾਜ਼ਮੀ ਹੈ। ਕੌਮ ਕੋਲ ਇਲਾਕਾ ਹੋਣਾ ਲਾਜ਼ਮੀ ਹੈ, ਕੌਮ ਕੋਲ ਜਨਸੰਖਿਆ ਅਤੇ ਰਾਜ ਕਰਨ ਦਾ ਨਮੂਨਾ ਹੋਣਾ ਲਾਜ਼ਮੀ ਹੈ। ਚੌਥੀ ਇੰਦਰੀ ਖੁਦਮੁਖਤਿਆਰੀ ਹੈ ਜੋ ਕੌਮ ਕੋਲ ਨਹੀਂ ਹੈ। ਅਗਰ ਖੁਦਮੁਖਤਿਆਰੀ ਹਾਸਿਲ ਕਰ ਲਵੋ, ਤਾਂ ਖਾਲਸਾ ਦੇ ਰਾਜ ਹੋ ਸਕਦਾ ਹੈ।
ਡਾ. ਇਕਤਦਾਰ ਚੀਮਾ ਨੇ ਕਿਹਾ ਕਿ 1947 ਵਿੱਚ ਵੀ ਸਿੱਖਾਂ ਦਾ ਜੈਨੋਸਾਈਡ ਹੋਇਆ ਹੈ, ਕਿਉਂਕਿ ਉਸ ਵਕਤ ਵੀ ਯੋਜਨਾਵੱਧ ਢੰਗ ਨਾਲ ਸਿੱਖਾਂ ਨੂੰ ਮਰਵਾਇਆ ਗਿਆ ਸੀ।
ਅਖੀਰ ਵਿੱਚ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ, ਮਾਤਾ ਨਰਿੰਦਰ ਕੌਰ ਨੂੰ ਸਨਮਾਨਿਤ ਕਰਨ ਲਈ ਮੰਚ ਤੇ ਬੁਲਾਇਆ ਗਿਆ। ਹਜ਼ਾਰਾਂ ਸੰਗਤਾਂ ਇੱਕ ਦਮ ਜੋਸ਼ ਵਿੱਚ ਆ ਗਈਆਂ। ਜੈਕਾਰੇ ਗੂੰਜ ਉੱਠੇ।
ਅਕਾਲੀ ਦਲ (ਅ) ਕੈਨੇਡਾ ਈਸਟ ਦੇ ਪ੍ਰਧਾਨ ਸ੍ਰ. ਸੁਖਮਿੰਦਰ ਸਿੰਘ ਹੰਸਰਾ ਨੇ ਕਨੇਡੀਅਨ ਸਿੱਖਾਂ ਵਲੋਂ ਮਾਤਾ ਜੀ ਦੇ ਗਲ੍ਹ ਵਿੱਚ ਸੁੰਦਰ ਸਿਰਪਾਓ ਪਾਇਆ, ਉਪਰੰਤ ਭਾਈ ਮਨਜੀਤ ਸਿੰਘ ਨੇ ਮਾਤਾ ਜੀ ਨੂੰ ਅਤਿ ਸੁੰਦਰ ਕਿਰਪਾਨ ਭੇਂਟ ਕੀਤੀ। ਇਸ ਤੋਂ ਬਾਅਦ ਇਥੇ ਸੰਗਤ ਦਾ ਹੜ ਆ ਗਿਆ। ਸੰਗਤ ਉਮੜ ਕੇ ਸਟੇਜ ਤੇ ਆ ਚੜੀ ਅਤੇ ਸੰਗਤ ਨੇ ਮਾਤਾ ਜੀ ਨੂੰ ਮਿਲੇ।

IMG_3847

ਇਸ ਕਨਵੈਂਸ਼ਨ ਦੀ ਸਟੇਜ ਦੀ ਕਾਰਵਾਈ ਟੀ ਵੀ 84 ਦੀ ਨਿਊਜ਼ ਐਂਕਰ ਰੀਤ ਕੌਰ ਨੇ ਬੜੇ ਮਿਆਰੀ ਲਹਿਜ਼ੇ ਵਿੱਚ ਕੀਤੀ। ਰੀਤ ਕੌਰ, ਬੜੇ ਪਿਆਰੇ ਢੰਗ ਨਾਲ ਆਪਣੇ ਕੌਮੀ ਜਜ਼ਬਾਤਾਂ ਨੂੰ ਵਿਅਕਤ ਕਰਨ ਦੀ ਮਾਹਿਰ ਹੈ, ਜਿਸ ਨੇ ਇਸ ਮਿਆਰੀ ਕਨਵੈਂਸ਼ਨ ਨੂੰ ਸ਼ਿੰਗਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਸਟੇਜ ਦੀ ਕਾਰਵਾਈ ਵਿੱਚ ਦੋ ਅਹਿਮ ਵਿਅਕਤੀ ਜਗਦੇਵ ਸਿੰਘ ਤੂਰ ਅਤੇ ਗੁਰਮਿੰਦਰਪਾਲ ਸਿੰਘ ਆਹਲੂਵਾਲੀਆ ਯੋਗਦਾਨ ਪਾਇਆ। ਅੱਜ ਦੀ ਆਵਾਜ਼ ਦੇ ਸੰਚਾਲਕ ਸ੍ਰ. ਸੁਖਦੇਵ ਸਿੰਘ ਗਿੱਲ ਨੇ ਕਨਵੈਂਸ਼ਨ ਵਿੱਚ ਸ਼ਾਮਲ ਹਰ ਗੁਰਦੁਆਰਾ ਸਾਹਿਬ, ਸੰਸਥਾਵਾਂ, ਖੇਡ ਕਲੱਬਾਂ ਅਤੇ ਹੋਰਨਾਂ ਪਤਵੰਤੇ ਸੱਜਣਾ ਨੂੰ ਸਟੇਜ ਤੋਂ ਮਾਨਤਾ ਦਿੱਤੀ।
ਇਸ ਕਨਵੈਂਸ਼ਨ ਵਿੱਚ 11 ਮਤੇ ਪੜੇ ਗਏ ਜਿਸ ਵਿੱਚ ਸਭ ਤੋਂ ਅਹਿਮ ਮਤਾ #FreeKhalistan2017  ਹੈ। ਇਨ੍ਹਾਂ ਮਤਿਆਂ ਨੂੰ ਤੂਰ ਅਤੇ ਆਹਲੂਵਾਲੀਆ ਨੇ ਪੜ ਕੇ ਸੰਗਤ ਤੋਂ ਪ੍ਰਵਾਨਗੀ ਲਈ।
ਕੁਲ ਮਿਲਾ ਕੇ ਸਰਕਾਰੀ ਵਿਰੋਧ ਅਤੇ ਅਣਪਛਾਣੇ ਵਿਰੋਧ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ (ਅ) ਕੈਨੇਡਾ ਵਲੋਂ ਕਰਵਾਈ ਗਈ “ਵਰਲਡ ਸਿੱਖ ਕਨਵੈਂਸ਼ਨ” ਸਫਲਤਾ ਦੀਆਂ ਬਰੂਹਾਂ ਤੇ ਜਾ ਬਿਰਾਜੀ ਹੈ। ਇਸ ਕਨਵੈਂਸ਼ਨ ਵਿੱਚ ਲੋਕਾਂ ਨੇ ਆਪਣੇ ਸਾਹ ਵੀ ਰੋਕ ਰੱਖੇ ਕਿਉਂਕਿ ਲਗਾਤਾਰ ਸਾਢੇ ਤਿੰਨ ਘੰਟੇ ਲੋਕਾਂ ਨਾਲ ਭਵਿੱਖ ਦੀ ਗੱਲ ਕੀਤੀ ਗਈ।
ਸ੍ਰ. ਅਵਤਾਰ ਸਿੰਘ ਪੂਨੀਆ, ਜੋ ਦੋ ਦਹਾਕੇ ਵਰਲਡ ਸਿੱਖ ਆਰਗੇਨਾਈਜੇਸਨ ਦੇ ਸੀਨੀਅਰ ਆਗੂਆਂ ਵਿੱਚ ਰਹੇ ਹਨ ਅਤੇ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਹਿ ਚੁੱਕੇ ਹਨ, ਨੇ ਇੱਕ ਸਥਾਨਕ ਰੇਡੀਓ ਤੇ ਬੋਲਦਿਆਂ ਕਿਹਾ ਕਿ ਇਹ ਕਨਵੈਂਸ਼ਨ ਉਨ੍ਹਾਂ ਦੀ ਜ਼ਿੰਦਗੀ ਦੀ ਸਰਬੋਤਮ ਕਨਵੈਂਸਨ ਸੀ।

IMG_3849

Resolutions (“ਵਰਲਡ ਸਿੱਖ ਕੰਨਵੈਨਸ਼ਨ” ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ:)

468 ad

Submit a Comment

Your email address will not be published. Required fields are marked *