ਵਧ ਰਹੀ ਤਪਸ਼ ਨੇ ਗਾਇਬ ਕੀਤੀ ਬਜ਼ਾਰਾਂ ਦੀ ਰੌਣਕ

ਫ਼ਰੀਦਕੋਟ-  ਗਰਮੀ ਸ਼ੁਰੂ ਹੁੰਦੇ ਹੀ ਮੌਸਮ ਨੇ ਆਪਣਾ ਮਿਜਾਜ਼ ਬਦਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਤਪਸ਼ ਦਾ ਕਹਿਰ ਵੀ ਵੱਧਣਾ ਸ਼ੁਰੂ ਹੋ ਗਿਆ ਹੈ। ਇਸ ਕਰਕੇ ਪਿਛਲੇ ਦੋ ਤਿੰਨ-ਦਿਨ ਤੋਂ ਗਰਮੀ ਦਾ ਪਾਰਾ ਲਗਾਤਾਰ ਵੱਧਦਾ ਹੀ ਜਾ Bazarਰਿਹਾ ਹੈ। ਦਿਨ ਤਾਪਮਾਨ ਇਕਦਮ ਵੱਧ ਜਾਣ ਕਾਰਨ ਜਿੱਥੇ ਸਕੂਲੀ ਬੱਚਿਆਂ ਨੂੰ ਆਉਣ ਜਾਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਪੈਦਲ ਚੱਲਣ ਵਾਲਿਆਂ ਔਰਤਾਂ ਅਤੇ ਬਜ਼ੁਰਗਾਂ ਨੂੰ ਗਰਮੀ ਕਾਰਨ ਰੁਕ-ਰੁਕ ਕੇ ਤੁਰਦੇ ਵੇਖਿਆ ਗਿਆ।
ਜ਼ਿਕਰਯੋਗ ਹੈ ਕਿ ਦੁਪਹਿਰ ਵੇਲੇ ਤਾਂ ਬਜ਼ਾਰਾਂ ਦੀ ਰੌਣਕ ਵੀ ਬਿਲਕੁਲ ਗਾਇਬ ਰਹੀ, ਜਿਸ ਕਾਰਨ ਗ੍ਰਾਹਕ ਦੀ ਉਡੀਕ ਕਰਦੇ ਦੁਕਾਨਦਾਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਿਛਲੇ ਦੋ ਦਿਨਾਂ ਤੋਂ ਵੱਧ ਰਹੀ ਗਰਮੀ ਦੇ ਕਹਿਰ ਨੇ ਜਨ ਜੀਵਨ ‘ਤੇ ਬੁਰਾ ਪ੍ਰਭਾਵ ਪਾਇਆ। ਇਸ ਵੱਧ ਰਹੀ ਗਰਮੀ ਕਾਰਨ ਆਉਣ ਵਾਲੇ ਦਿਨਾਂ ਵਿਚ ਗਰੀਬ ਅਤੇ ਬੇਸਹਾਰਾ ਲੋਕਾਂ ਲਈ ਹੋਰ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ। ਗਰਮੀ ਦੀ ਤਪਸ ਕਾਰਨ ਪਾਣੀ ਦੀ ਡਿਮਾਂਡ ਵੀ ਦਿਨੋਂ-ਦਿਨ ਵੱਧ ਰਹੀ ਹੈ, ਪ੍ਰੰਤੂ ਪਾਣੀ ਦੀ ਸਪਲਾਈ ਪੂਰੀ ਨਾ ਹੋਣ ਕਰਕੇ ਸ਼ਹਿਰ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਆਮ ਜਨ ਜੀਵਨ ਵੀ ਅਸਤ ਵਿਅਸਤ ਹੋ ਰਿਹਾ ਹੈ। ਸਭ ਤੋਂ ਵੱਧ ਗਰਮੀ ਦਾ ਅਸਰ ਵ੍ਹੀਕਲਾਂ ‘ਤੇ ਆਉਣ-ਜਾਣ ਵਾਲਿਆਂ ‘ਤੇ ਪੈ ਰਿਹਾ ਹੈ ਕਿਉਂਕਿ ਬਿਨ੍ਹਾਂ ਮੂੰਹ ਸਿਰ ਢੱਕ ਕੇ ਘਰੋਂ ਬਾਹਰ ਜਾਣ ਵਾਲਿਆਂ ਲਈ ਇਹ ਗਰਮੀ ਦੀ ਤਪਸ਼ ਬਹੁਤ ਹੀ ਘਾਤਕ ਸਾਬਤ ਹੋ ਸਕਦੀ ਹੈ।
ਦੂਜੇ ਪਾਸੇ ਸਮਾਜ ਸੇਵੀ ਸੰਸਥਾਵਾਂ ਵਲੋਂ ਗਰਮੀ ਤੋਂ ਲੋਕਾਂ ਨੂੰ ਨਿਜਾਤ ਦਵਾਉਣ ਲਈ ਛਬੀਲਾਂ ਲਗਾਉਣ ਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਇਸ ਸਬੰਧੀ ਸਮਾਜ ਸੇਵੀਆਂ ਨੇ ਕਿਹਾ ਕਿ ਮੌਸਮ ਤੋਂ ਗਰੀਬ ਅਤੇ ਬੇਸਹਾਰਾ ਲੋਕਾਂ ਨੂੰ ਬਚਾਉਣ ਲਈ ਖ਼ਾਸ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਦਿਨੋਂ- ਦਿਨ ਵੱਧ ਰਹੀ ਗਰਮੀ ਤੋਂ ਕੁਝ ਰਾਹਤ ਮਿਲ ਸਕੇ। ਇਸੇ ਤਰ੍ਹਾਂ ਹੀ ਵੱਖ-ਵੱਖ ਕਲੱਬਾਂ ਵਲੋਂ ਵੀ ਪਾਣੀ ਦੀਆਂ ਛਬੀਲਾਂ ਲਾ ਕੇ ਗਰਮੀ ਵਿਚ ਰਾਹਗੀਰਾਂ ਨੂੰ ਰਾਹਤ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਦੂਸਰੇ ਪਾਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਜੇ ਤਾਂ ਗਰਮੀ ਸ਼ੁਰੂ ਹੀ ਹੋਈ ਹੈ ਆਉਣ ਵਾਲੇ ਦਿਨਾਂ ਵਿਚ ਤਪਸ਼ ਹੋਰ ਵੱਧੇਗੀ।

468 ad