ਬਟਾਲਾ, 16 ਮਈ (ਪੀਡੀ ਬੇਉਰੋ ) ਖਾਕੀ ਹੋ ਗਈ ਲੋਕਾਂ ਦੇ ਗੁੱਸੇ ਦਾ ਸ਼ਿਕਾਰ। ਅੱਜ ਇੱਕ ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ ਤੋਂ ਭੜਕੇ ਲੋਕਾਂ ਨੇ ਮੌਕੇ ‘ਤੇ ਪਹੁੰਚੇ ਪੰਜਾਬ ਪੁਲਿਸ ਦੇ ਏਐਸਆਈ ਨੂੰ ਬੰਨ੍ਹ ਲਿਆ। ਇਲਜ਼ਾਮ ਲਗਾਏ ਗਏ ਕਿ ਉਸ ਨੇ ਹਾਦਸੇ ਦੇ ਮੁਲਜ਼ਮ ਨੂੰ ਭੱਜਣ ‘ਚ ਮਦਦ ਕੀਤੀ ਹੈ।ਜਾਣਕਾਰੀ ਮੁਤਾਬਕ ਡੇਰਾ ਬਾਬਾ ਨਾਨਕ ਰੋਡ ‘ਤੇ ਪਿੰਡ ਗੋਖੂਵਾਲ ਨੇੜੇ ਇੱਕ ਟ੍ਰੈਕਟਰ ਟਰਾਲੀ ਤੇ ਮੋਟਰਸਾਈਕਲ ‘ਚ ਟੱਕਰ ਹੋਈ ਸੀ। ਇਸ ਹਾਦਸੇ ‘ਚ ਮੋਟਰਸਾਈਕਲ ਸਵਾਰ ਇੱਕ 18 ਸਾਲਾ ਨੌਜਵਾਨ ਸਰਬਜੋਤ ਦੀ ਮੌਤ ਹੋ ਗਈ ਜਦਕਿ ਉਸਦਾ ਦੂਸਰਾ ਸਾਥੀ ਜਖਮੀ ਹੋ ਗਿਆ। ਹਾਦਸੇ ਤੋਂ ਥੋੜੀ ਦੇਰ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਇਸੇ ਦੌਰਾਨ ਟ੍ਰੈਕਟਰ ਚਾਲਕ ਫਰਾਰ ਹੋ ਗਿਆ।
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਵੱਡੀ ਗਿਣਤੀ ‘ਚ ਲੋਕ ਮੌਕੇ ‘ਤੇ ਪਹੁੰਚ ਗਏ। ਲੋਕਾਂ ਨੇ ਇਲਜ਼ਾਮ ਲਗਾਇਆ ਕਿ ਮੌਕੇ ‘ਤੇ ਪਹੁੰਚੇ ਏਐਸਆਈ ਨੇ ਮੁਲਜ਼ਮ ਟ੍ਰੈਕਟਰ ਚਾਲਕ ਦੀ ਫਰਾਰ ਹੋਣ ‘ਚ ਮਦਦ ਕੀਤੀ ਹੈ। ਭੜਕੇ ਲੋਕਾਂ ਨੇ ਪਹਿਲਾਂ ਉਸ ਨਾਲ ਧੱਕਾ ਮੁੱਕੀ ਕੀਤੀ ਤੇ ਫਿਰ ਇੱਕ ਖੰਬੇ ਨਾਲ ਬੰਨ੍ਹ ਲਿਆ। ਮਾਮਲਾ ਵਧਦਾ ਦੇਖ ਕੇ ਪੁਲਿਸ ਦੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਕਾਰਵਾਈ ਦਾ ਭਰੋਸਾ ਦੇ ਕੇ ਏਐਸਆਈ ਨੂੰ ਛੁਡਵਾਇਆ ਗਿਆ।