ਲਾਪਤਾ ਮੁਸਾਫਰਾਂ ਦੇ ਪਰਿਵਾਰਾਂ ‘ਤੇ ਟੁੱਟਿਆ ਇਕ ਹੋਰ ਦੁੱਖਾਂ ਦਾ ਪਹਾੜ

ਕੁਆਲਾਲੰਪੁਰ—ਮਲੇਸ਼ੀਆ ਏਅਰਲਾਈਨ ਦੇ ਲਾਪਤਾ ਜਹਾਜ਼ ਐੱਮ. ਐੱਚ. 370 ਦੇ ਲਾਪਤਾ ਹੋਏ ਨੂੰ ਪੰਜ ਮਹੀਨਿਆਂ ਤੋਂ ਜ਼ਿਆਦਾ ਸਮਾਂ ਬੀਤ ਗਿਆ ਹੈ ਅਤੇ ਹੁਣ ਉਨ੍ਹਾਂ ਦੇ ਪੀੜਤ ਪਰਿਵਾਰਾਂ ਦੇ ਲਈ ਇਕ ਹੋਰ ਦੁੱਖ ਦੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਲਾਪਤਾ ਯਾਤਰੀਆਂ ਦੇ ਬੈਂਕ ਅਕਾਊਂਟਾਂ ਤੋਂ ਉਨ੍ਹਾਂ ਦਾ ਸਾਰਾ ਪੈਸਾ ਰਹੱਸਮਈ ਢੰਗ ਨਾਲ ਕੱਢ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਬੈਂਕ ਦੇ ਅਧਿਕਾਰੀਆਂ ਨੇ ਕਿਹਾ ਕਿ ਚਾਰ ਯਾਤਰੀਆਂ ਦੇ ਖਾਤਿਆਂ ਤੋਂ ਕੁਆਲਾਲੰਪੁਰ ਦੇ ਇਕ ਏ. ਟੀ. ਐੱਮ. ਤੋਂ 18 ਜੁਲਾਈ ਨੂੰ ਕੁੱਲ 1 ਲੱਖ 11 ਹਜ਼ਾਰ ਮਲੇਸ਼ੀਆਈ ਰਿੰਗਿਤ ਕੱਢ ਲਏ ਗਏ। 
ਕੁਆਲਾਲੰਪੁਰ ਪੁਲਸ ਦੇ ਸਹਾਇਕ ਕਮਿਸ਼ਨਰ ਇਜਾਨੀ ਅਬਦੁਲ ਗਨੀ ਨੇ ਕਿਹਾ ਕਿ ਉਹ ਸਾਰੇ ਕੋਣਾਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਕੰਮ ਕਿਸੇ ਭੇਦੀਏ ਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਬੈਂਕ ਤੋਂ ਸੀ. ਸੀ. ਟੀ. ਵੀ. ਫੁਟੇਜ਼ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਇਸ ਵਿਚ ਸ਼ਾਮਲ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਜਾ ਸਕੇ। ਮਲੇਸ਼ੀਆ ਵਿਚ ਕਿਸੇ ਨਿੱਜੀ ਖਾਤੇ ਵਿਚ ਸੰਨ੍ਹ ਲਗਾਉਣਾ ਇਕ ਸਜ਼ਾ ਯੋਗ ਅਪਰਾਧ ਹੈ ਅਤੇ ਇਸ ਦੇ ਲਈ 10 ਸਾਲ ਤੱਕ ਦੀ ਸਜ਼ਾ ਵੀ ਵਿਵਸਥਾ ਹੈ।
ਜ਼ਿਕਰਯੋਗ ਹੈ ਕਿ 8 ਮਾਰਚ ਨੂੰ ਮਲੇਸ਼ੀਆ ਏਅਰਲਾਈਨ ਐੱਮ. ਐੱਚ. 370 ਰਹੱਸਮਈ ਢੰਗ ਨਾਲ ਲਾਪਤਾ ਹੋ ਗਿਆ ਸੀ। ਇਸ ਵਿਚ ਕੁੱਲ 239 ਲੋਕ ਸਵਾਰ ਸਨ। ਉਡਾਣ ਭਰਨ ਤੋਂ ਇਕ ਘੰਟੇ ਬਾਅਦ ਦੱਖਣੀ ਚੀਨ ਸਾਗਰ ਦੇ ਉਪਰੋਂ ਉਡਾਣ ਭਰਦੇ ਹੋਏ ਇਹ ਜਹਾਜ਼ ਅਚਾਨਕ ਗਾਇਬ ਹੋ ਗਿਆ ਸੀ। ਇਸ ਦੀ ਤਲਾਸ਼ ਲਈ ਕਈ ਦੇਸ਼ਾਂ ਨੇ ਸੰਯੁਕਤ ਰੂਪ ਨਾਲ ਕੋਸ਼ਿਸ਼ਾਂ ਕੀਤੀਆਂ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ।

468 ad