ਲਾਤੂਰ ਦੇ ਪਿਆਸਿਆਂ ਦੀ ਪਿਆਸ ਬੁਝਾ ਰਹੀ ਹੈ ”ਖਾਲਸਾ ਏਡ” ਸੰਸਥਾ

6

ਮਹਾਰਾਸ਼ਟਰ , 9 ਮਈ ( ਪੀਡੀ ਬੇਉਰੋ ) ਮਹਾਰਾਸ਼ਟਰ ਦਾ ਸ਼ਹਿਰ ਲਾਤੂਰ ਜੋ 1993 ‘ਚ ਭੂਚਾਲ ਦੀ ਮਾਰ ਹੇਠ ਆਉਣ ਕਾਰਨ ਚਰਚਾ ਦਾ ਵਿਸ਼ਾ ਬਣਿਆ ਸੀ, ਹੁਣ ਸੋਕੇ ਨੇ ਇਸ ਦੀ ਹਾਲਤ ਪਤਲੀ ਕਰ ਰੱਖੀ ਹੈ। ਆਲਮ ਇਹ ਹੈ ਕਿ ਪਿਛਲੇ ਕਰੀਬ 3 ਸਾਲਾਂ ਤੋਂ ਇਥੇ ਸੰਤੁਸ਼ਟੀਜਨਕ ਬਾਰਸ਼ ਨਹੀਂ ਹੋਈ, ਜਿਸ ਕਾਰਨ ਇਲਾਕੇ ‘ਚ ਬੁਰੀ ਤਰ੍ਹਾਂ ਸੋਕਾ ਫੈਲ ਗਿਆ ਹੈ। ਖੇਤੀ ਸਮੇਤ ਲਗਭਗ ਸਾਰੇ ਧੰਦੇ ਠੱਪ ਹੋ ਗਏ ਹਨ। ਇਥੇ ਪਾਣੀ ਦਾ ਮੁੱਖ ਸਰੋਤ ਧਨੇਗਾਂਵ ਡੈਮ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਸੁੱਕਾ ਪਿਆ ਹੈ। ਜ਼ਮੀਨ ਹੇਠਲਾ ਪਾਣੀ 700 ਫੁੱਟ ਤੱਕ ਡੂੰਘਾ ਚਲਾ ਗਿਆ ਹੈ, ਜਿਸ ਕਾਰਨ ਬੋਰਵੈੱਲ ਲਗਭਗ ਬੰਦ ਹੋ ਗਏ ਹਨ।
ਕੀ ਕਰ ਰਿਹਾ ਹੈ ਲਾਤੂਰ ਪ੍ਰਸ਼ਾਸਨ
ਲਾਤੂਰ ਮਿਊਂਸਪਲ ਕਾਰਪੋਰੇਸ਼ਨ ਵਲੋਂ ਵੱਡੀ ਗਿਣਤੀ ‘ਚ ਪਾਣੀ ਵਾਲੇ ਟੈਂਕਰ ਲਗਾਏ ਗਏ ਹਨ, ਜੋ ਸ਼ਹਿਰ ਅਤੇ ਆਸ-ਪਾਸੇ ਦੇ ਇਲਾਕਿਆਂ ਨੂੰ ਫ੍ਰੀ ਪਾਣੀ ਮੁਹੱਈਆ ਕਰਵਾ ਰਹੇ ਹਨ ਪਰ ਇਨ੍ਹਾਂ ਟੈਂਕਰਾਂ ਦੀ ਗਿਣਤੀ ਇੰਨੀ ਘੱਟ ਹੈ ਕਿ ਇਕ ਕਸਬੇ ਦੀ ਵਾਰੀ 10 ਦਿਨ ਬਾਅਦ ਆਉਂਦੀ ਹੈ। ਇਕ ਘਰ ਨੂੰ ਸਿਰਫ 200 ਲੀਟਰ ਪਾਣੀ ਦਿੱਤਾ ਜਾ ਰਿਹਾ ਹੈ, ਜਿਸ ਨਾਲ ਪੂਰੇ ਪਰਿਵਾਰ ਅਤੇ ਪਸ਼ੂਆਂ ਦੀ ਵੀ ਪਿਆਸ ਬੁਝਾਉਣੀ ਹੁੰਦੀ ਹੈ। ਸ਼ਹਿਰ ਤੋਂ ਕੁਝ ਦੂਰੀ ‘ਤੇ ਕੁਝ ਬੋਰਵੈੱਲ ਅਜਿਹੇ ਹਨ, ਜਿਨ੍ਹਾਂ ‘ਚ ਪਾਣੀ ਆ ਰਿਹਾ ਹੈ ਅਤੇ ਉਨ੍ਹਾਂ ਦੀ ਮਲਕੀਅਤ ਕੁਝ ਕਿਸਾਨਾਂ ਕੋਲ ਹੈ। ਪ੍ਰਸ਼ਾਸਨ ਕਿਸਾਨਾਂ ਤੋਂ ਮੁੱਲ ਪਾਣੀ ਲੈ ਕੇ ਲੋਕਾਂ ਨੂੰ ਮੁਹੱਈਆ ਕਰਵਾ ਰਿਹਾ ਹੈ।
ਪਾਣੀ ਦੇਣ ਆ ਰਹੀ ਸਪੈਸ਼ਲ ਟਰੇਨ
ਇਹ ਟਰੇਨ ਕ੍ਰਿਸ਼ਨਾ ਨਦੀ ‘ਚੋਂ ਪਾਣੀ ਨਾਲ ਭਰੀ ਜਾਂਦੀ ਹੈ ਅਤੇ ਮਿਰਜ ਤੋਂ 350 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 6 ਤੋਂ 7 ਵਜੇ ਦੇ ਦਰਮਿਆਨ ਲਾਤੂਰ ਪਹੁੰਚ ਜਾਦੀ ਹੈ। ਇਸ ਟ੍ਰੇਨ ਦੀਆਂ 50 ਬੋਗੀਆ ਹਨ ਜਿਸ ‘ਚ ਹਰ ਰੋਜ਼ 25 ਲੱਖ ਲਿਟਰ ਪਾਣੀ ਆਉਂਦਾ ਹੈ। ਹੁਣ ਤੱਕ ਇਥੇ 28 ਵਾਰ ਟਰੇਨ ਪਾਣੀ ਪਹੁੰਚਾ ਚੁੱਕੀ ਹੈ। ਪਹਿਲੀ ਵਾਰ ਇਹ ਟਰੇਨ 12 ਅਪ੍ਰੈਲ ਨੂੰ ਲਾਤੂਰ ਪਹੁੰਚੀ ਸੀ, ਜਿਵੇਂ ਹੀ ਇਹ ਟਰੇਨ ਲਾਤੂਰ ਪਹੁੰਚਦੀ ਹੈ ਤਾਂ ਸਟੇਸ਼ਨ ਤੋਂ ਥੋੜ੍ਹੀ ਪਿੱਛੇ ਪਟੜੀ ਤੋਂ 800-900 ਫੁੱਟ ਦੀ ਦੂਰੀ ‘ਤੇ ਇਕ ਡੂੰਘਾ ਖੂਹ ਹੈ, ਇਹ ਖੂਹ 87 ਫੁੱਟ ਡੂੰਘਾ ਅਤੇ ਇਸ ਦਾ ਘੇਰਾ 32 ਫੁੱਟ ਹੈ। ਇਸ ਖੂਹ ‘ਚ 12 ਪੰਪ ਲੱਗੇ ਹਨ। ਇਸ ਖੂਹ ‘ਚ 20 ਲੱਖ ਲਿਟਰ ਪਾਣੀ ਸਟੋਰ ਕੀਤਾ ਜਾ ਸਕਦਾ ਹੈ। ਇਸ ਪਾਣੀ ਨੂੰ ਸ਼ੁੱਧ ਕਰਨ ਲਈ 3 ਕਿਲੋਮੀਟਰ ਤੱਕ ਸਿੱਧੀਆਂ ਪਾਈਪ ਲਾਈਨਾਂ ਪਾਈਆ ਗਈਆਂ ਹਨ, ਜੋ ਪਾਣੀ ਨੂੰ ਜਲ ਸ਼ੁੱਧੀਕਰਨ ਕੇਂਦਰ ਤੱਕ ਲਿਜਾਂਦੀਆਂ ਹਨ। ਇਸ ਤੋਂ ਬਾਅਦ ਟੈਂਕਰਾਂ ਰਾਹੀਂ ਇਹ ਪਾਣੀ ਲੋਕਾਂ ਦੇ ਘਰ ਤੱਕ ਪਹੁੰਚਾਇਆ ਜਾਂਦਾ ਹੈ।
ਪਿਆਸਿਆਂ ਲਈ ਮਸੀਹਾ ਬਣੀ ‘ਖਾਲਸਾ ਏਡ’
ਸੋਕੇ ਦੀ ਹਾਲਤ ‘ਚ ਲਾਤੂਰ ਦੇ ਪਿਆਸੇ ਲੋਕਾਂ ਲਈ ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ‘ਖਾਲਸਾ ਏਡ’ ਮਸੀਹਾ ਬਣ ਕੇ ਸਾਹਮਣੇ ਆਈ ਹੈ, ਜਿਸ ਵਲੋਂ ਹਰ ਰੋਜ਼ ਇਕ ਲੱਖ ਲਿਟਰ ਪਾਣੀ ਮੁਫਤ ‘ਚ ਵੰਡਿਆ ਜਾ ਰਿਹਾ ਹੈ। ਪਿਛਲੇ 3 ਦਿਨਾਂ ਤੋਂ ਇਹ ਸੰਸਥਾ ਇਥੇ ਕੰਮ ਕਰ ਰਹੀ ਹੈ। ਇਸ ਸੰਸਥਾ ਦਾ ਟੀਚਾ ਲਾਤੂਰ ਨੂੰ ਇਕ ਮਹੀਨੇ ‘ਚ 30 ਲੱਖ ਲੀਟਰ ਪਾਣੀ ਮੁਹੱਈਆ ਕਰਾਉਣਾ ਹੈ।
ਸੰਸਥਾ ਨੂੰ ਪਾਣੀ ਵਾਲਾ ਇਕ ਟੈਂਕਰ ਕਰੀਬ 1600 ਰੁਪਏ ‘ਚ ਪੈ ਰਿਹਾ ਹੈ, ਜਿਸ ‘ਚ 6,000 ਲੀਟਰ ਪਾਣੀ ਹੁੰਦਾ ਹੈ। ਆਮ ਦਿਨਾਂ ‘ਚ ਇਹ ਟੈਂਕਰ 600 ਰੁਪਏ ‘ਚ ਮਿਲ ਜਾਂਦਾ ਸੀ। ਲਾਤੂਰ ਦੇ ਲੋਕ ਸੰਸਥਾ ਦਾ ਧੰਨਵਾਦ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਣੀ ਮੁੱਲ ਲੈਣਾ ਪੈਂਦਾ ਸੀ ਪਰ ਖਾਲਸਾ ਏਡ ਨੇ ਉਨ੍ਹਾਂ ਦੀ ਮੁਸ਼ਕਲ ਨੂੰ ਹੱਲ ਕਰ ਦਿੱਤਾ ਹੈ।
‘ਖਾਲਸਾ ਏਡ’ ਬਿਨਾਂ ਕਿਸੇ ਨਸਲੀ ਭੇਦਭਾਵ ਦੇ ਸਮਾਜ ਸੇਵਾ ਕਰਨ ਵਾਲੀ ਇਕ ਸੰਸਥਾ ਹੈ, ਜੋ ਕਿ ਇੰਗਲੈਂਡ ਨਾਲ ਸਬੰਧਿਤ ਹੈ। ਇਸ ਸੰਸਥਾ ਦੇ ਮੁਖੀ ਰਵੀ ਸਿੰਘ ਹਨ ਜੋ ਕੌਮਾਂਤਰੀ ਪੱਧਰ ‘ਤੇ ਇਸ ਸੰਸਥਾ ਦੇ ਨਾਲ ਵਾਲੰਟੀਅਰੀ ਜੁੜੇ ਹੋਏ ਹਨ। ਇਸ ਸੰਸਥਾ ਦੇ ਕੌਮੀ ਇੰਚਾਰਜ ਪੰਜਾਬ ਦੇ ਪਟਿਆਲਾ ਤੋਂ ਅਮਰਪੀ੍ਰਤ ਸਿੰਘ ਹਨ, ਜੋ ਆਪਣੇ ਸਾਥੀਆਂ ਸਮੇਤ ਮਹਾਰਾਸ਼ਟਰ ਪੁੱਜੇ ਹਨ। ਖਾਲਸਾ ਏਡ ਇਰਾਕ ਦੇ ਸੀਰੀਆ ਬਾਰਡਰ ‘ਤੇ ਯਹੂਦੀ ਸ਼ਰਨਾਰਥੀਆਂ ਲਈ ਖਾਣ-ਪੀਣ ਅਤੇ ਰਹਿਣ ਦਾ ਬੰਦੋਬਸਤ ਕਰ ਵੀ ਰਹੀ ਹੈ। ਇਸ ਤੋਂ ਇਲਾਵਾ ਸੰਸਥਾ ਨੇ ਨੇਪਾਲ ‘ਚ ਆਈ ਤਰਾਸਦੀ ਸਮੇਂ ਵੀ ਉੱਥੋਂ ਦੇ ਲੋਕਾਂ ਨੂੰ ਲੰਗਰ, ਕੱਪੜੇ ਅਤੇ ਘਰ ਬਣਾ ਕੇ ਦਿੱਤੇ ਸਨ।
ਪਾਣੀ ‘ਤੇ ਦਫਾ-144 ਲਾਗੂ
ਸ਼ਹਿਰ ‘ਚ ਪਾਣੀ ‘ਤੇ ਦਫਾ-144 ਲੱਗੀ ਹੋਈ ਹੈ, ਜਿਸ ਤਹਿਤ ਇਕ ਨਲਕੇ ‘ਤੇ 5 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਕਿਉਂਕਿ ਇਸ ਨਾਲ ਤਣਾਅ ਵਧਣ ਦਾ ਖਤਰਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਬਹੁਤ ਘੱਟ ਨਲਕੇ (ਟੂਟੀਆਂ) ਹਨ, ਜਿਨ੍ਹਾਂ ‘ਚ 20 ਦਿਨਾਂ ਬਾਅਦ ਪਾਣੀ ਆਉਂਦਾ ਹੈ ਅਤੇ ਬਾਕੀਆਂ ‘ਚ ਤਾਂ 6 ਮਹੀਨਿਆਂ ਤੋਂ ਪਾਣੀ ਆ ਹੀ ਨਹੀਂ ਰਿਹਾ। ਹਾਲਾਂਕਿ ਇਸ ਧਾਰਾ ਦਾ ਸ਼ਹਿਰ ‘ਚ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ।

468 ad

Submit a Comment

Your email address will not be published. Required fields are marked *