ਰੋਟੋਰੂਆ ਰਹਿੰਦੇ ਸਿੱਖ ਭਾਈਚਾਰੇ/ਭਾਰਤੀ ਵਿਦਿਆਰਥੀਆਂ ਦਾ ਸਿੱਖੀ ਪ੍ਰਤੀ ਜ਼ਜਬਾ

ਫਰਵਰੀ 2013 ਤੋਂ ਹਰ ਹਫਤੇ ਰਲ ਮਿਲ ਕੇ ਲਗਾਤਾਰ ਕਰਦੇ ਹਨ ਸਮਾਗਮ-ਗੁਰਬਾਣੀ ਪਾਠ ਤੇ ਕੀਰਤਨ ਦਾ ਚਲਦਾ ਹੈ ਪ੍ਰਵਾਹ
ਰੋਟੋਰੂਆ ਵਿਚ ਗੁਰਦੁਆਰਾ ਸਾਹਿਬ ਦੀ ਹੋਂਦ ਦੀ ਘਾਟ ਰੜਕਦੀ ਹੈ ਵਿਦਿਆਰਥੀ ਵੀਰਾਂ ਨੂੰ
ਵਿਦਆਰਥੀ ਵੀਰ ਹੀ ਰਲ ਕੇ ਕਰਦੇ ਹਨ ਲੰਗਰ ਤਿਆਰ ਕਰਨ ਦੀ ਸੇਵਾ
ਵਿਦਿਆਰਥੀ ਵੀਰ ਹੋ ਰਹੇ ਸਨ ਸਿੱਖੀ ਤੋਂ ਦੂਰ ਪਰ ਹੁਣ ਕਈਆਂ ਨੇ ਕੇਸ ਰੱਖੇ ਤੇ ਅੰਮ੍ਰਿਤ ਛਕਣ ਦੀ ਤਿਆਰੀ
ਔਕਲੈਂਡ- 4 ਮਈ (ਹਰਜਿੰਦਰ ਸਿੰਘ ਬਸਿਆਲਾ)- ਕਹਿੰਦੇ ਨੇ ਆਪਣੇ ਧਰਮ ਪ੍ਰਤੀ ਜ਼ਜਬਾ ਅਤੇ ਪਕਿਆਈ ਹੋਵੇ ਤਾਂ ਵਿਅਕਤੀ ਭਾਵੇਂ ਜਿਹੋ-ਜਿਹੇ ਮਰਜ਼ੀ ਹਾਲਾਤਾਂ ਵਿਚ ਜਾਂ ਪ੍ਰਦੇਸੀ ਵਸ ਰਿਹਾ ਹੋਵੇ ਆਪਣੇ ਧਰਮ ਪ੍ਰਤੀ ਅਵੇਸਲਾਪਣ ਨਹੀਂ ਵਿਖਾਉਂਦਾ। ਉਹ ਜਿੱਥੇ ਖੁਦ ਆਪਣੇ ਧਰਮ ਪ੍ਰਤੀ ਵਫਾਦਾਰ ਰਹਿੰਦਾ ਹੈ ਉਥੇ ਉਹ ਆਪਣੇ ਸੰਗੀਆਂ ਨਾਲ ਰਲ ਕੇ ਸੰਗਤ ਰੂਪ ਵਿਚ ਉਸ ਪ੍ਰਮਾਤਮਾ ਦਾ ਚਿੰਤਨ ਵੀ ਕਰਦਾ ਹੈ। ਗੱਲ ਕਰਦੇ ਹਾਂ ਰੋਟੋਰੂਆ ਸ਼ਹਿਰ ਦੀ ਜਿੱਥੇ 500 ਦੇ  ਭਾਰਤੀ ਵਿਦਆਰਥੀ ਇਸ ਵੇਲੇ ਪੜ੍ਹ ਲਿਖ ਰਹੇ ਹਨ।
ਔਕਲੈਂਡ ਤੋਂ 230 ਕਿਲੋਮੀਟਰ ਦੂਰ ਰੋਟੋਰੂਆ ਸ਼ਹਿਰ ਜਿੱਥੇ ਕਿ ਸੈਲਾਨੀਆ ਦਾ ਤਾਂਤਾ ਲੱਗਿਆ ਰਹਿੰਦਾ ਹੈ ਵਿਖੇ ਵਸਦੇ ਕੁਝ ਸਿੱਖ ਪਰਿਵਾਰਾਂ ਅਤੇ  ਭਾਰਤੀ ਵਿਦਿਆਰਥੀਆਂ ਨੇ ਪਿਛਲੇ ਸਾਲ ਫਰਵਰੀ ਤੋਂ ਹਰ ਹਫਤੇ ਇਕ ਘਰ ਵਿਚ ਇਕੱਤਰ ਹੋ ਕੇ ਗੁਰਬਾਣੀ ਪਾਠ ਅਤੇ ਕੀਰਤਨ ਦਾ ਪ੍ਰਵਾਹ ਚਲਾ ਰਹੇ ਹਨ। ਇਕ ਗੁਰਸਿੱਖ ਸਟੂਡੈਂਟ ਬੀਬੀ RSS ਰਮਨਦੀਪ ਕੌਰ ਜੋ ਕਰੀਤਨ ਕਰਦੇ ਸੀ ਅਤੇ ਉਨ੍ਹਾਂ ਦਾ ਪਤੀ ਹਰਵਿੰਦਰ ਸਿੰਘ ਸਿੱਖੀ ਪ੍ਰਤੀ ਬੜੀ ਸ਼ਿੱਦਤ ਰੱਕਦੇ ਸਨ, ਪਿਛਲੇ ਸਾਲ ਫਰਵਰੀ 2013 ਦੇ ਵਿਚ ਇਕ ਵਿਦਿਆਰਥੀ ਗੁਰਜੋਤ ਸਿੰਘ ਨੂੰ ਮਿਲੇ। ਉਨ੍ਹਾਂ ਆਪਸ ਵਿਚ ਵਿਚਾਰ ਕੀਤੀ ਕਿ ਸੰਗਤ ਰੂਪ ਵਿਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇ। ਰੋਟੋਰੂਆ ਰਹਿੰਦੇ ਪੰਜ ਕੁ ਪਰਿਵਾਰਾਂ ਨੇ ਇਹ ਸਮਾਗਮ ਕਰਵਾਉਣਾ ਸ਼ੁਰੂ ਕਰ ਦਿੱਤਾ ਪਰ ਥੋੜੇ ਸਮੇਂ ਬਾਅਦ ਵੀਕਐਂਡ ਵਿਹਲਾ ਨਾ ਮਿਲਣ ਕਰਕੇ ਇਨ੍ਹਾਂ ਵਿਚੋਂ ਦੋ ਪਰਿਵਾਰ (ਭਾਈ ਰਜਿੰਦਰ ਸਿੰਘ ਡੋਮੀਨੋਜ਼ ਪੀਜ਼ਾ ਵਾਲੇ) ਅਤੇ ਸ਼ ਕੁਲਵੰਤ ਸਿੰਘ ਹੀ ਰਹਿ ਗਏ। ਅੱਠ ਮਹੀਨੇ ਤੱਕ ਇਹ ਪਰਿਵਾਰ ਨਾਲ ਰਹਿ ਕੇ ਸਮਾਗਮ ਕਰਾਂਦੇ ਰਹੇ।
ਐਤਵਾਰ ਦਾ ਸਮਾਂ ਹੋਣ ਕਰਕੇ ਵਿਦਿਆਰਥੀਆਂ ਨੂੰ ਕੰਮ ਛੱਡਣਾ ਔਖਾ ਹੁੰਦਾ ਸੀ ਇਸ ਕਰਕੇ ਵਿਦਿਆਰਥੀ ਵੀਰਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਜਾਣਾ ਔਖਾ ਹੋ ਗਿਆ। ਕੀਰਤਨ ਕਰਨ ਵਾਲੇ ਬੀਬੀ ਜੀ ਵੀ ਹਮਿਲਟਨ ਚਲੇ ਗਏ। ਦਸੰਬਰ ਤੱਕ ਇਹ ਸਮਾਗਮ ਐਤਵਾਰ ਹੁੰਦਾ ਰਿਹਾ ਤੇ ਫਿਰ ਬੰਦ ਹੋ ਗਿਆ। ਮਾਰਚ ਮਹੀਨੇ ਇਸ ਬੀਬੀ ਦੀ ਨੌਕਰੀ ਦੁਬਾਰਾ ਰੋਟੋਰੂਆ ਲੱਗ ਗਈ ਅਤੇ ਇਸ ਬੀਬੀ ਦਾ ਮੇਲ ਦੁਬਾਰਾ ਗੁਰਜੋਤ ਸਿੰਘ ਨਾਲ ਹੋਇਆ। ਦੁਬਾਰਾ ਫਿਰ ਕੀਰਤਨ ਦੀ ਗੱਲ ਚੱਲੀ ਬੀਬੀ ਦੀ ਮੰਗਲਵਾਰ ਨੂੰ ਕੀਰਤਨ ਕਰਨ ਵਾਸਤੇ ਰਾਜ਼ੀ ਹੋ ਗਏ। ਪਹਿਲੇ ਦਿਨ ਜਿਸ ਘਰ ਵਿਚ ਕੀਰਤਨ ਕਰਨ ਵਾਲੇ ਬੀਬੀ ਜੀ ਰਹਿੰਦੇ ਸੀ ਉਥੇ ਸਮਾਗਮ ਹੋਇਆ। ਫਿਰ ਗੁਰਜੋਤ ਸਿੰਘ ਦੇ ਘਰ ਕੀਰਤਨ ਹੋਇਆ। ਪਹਿਲੇ ਦਨਿ ਜਦੋਂ ਸਾਰੇ ਦੋਸਤਾਂ ਨੂੰ ਸੰਦੇਸ਼ ਭੇਜੇ ਗਏ ਤਾਂ 30 ਦੇ ਕਰੀਬ ਸਰੀਰ ਇਕੱਤਰ ਹੋਏ। ਪਹਿਲੇ ਦਿਨ ਦੁੱਧ ਦਾ ਲੰਗਰ ਲਾਇਆ ਗਿਆ। ਅਗਲੇ ਮੰਗਲਵਾਰ ਕੀਰਤਨ ਕਰਨ ਵਾਲੇ ਬੀਬੀ ਜੀ ਸਾਉਂਡ ਸਿਸਟਮ ਵੀ ਲੈ ਆਏ। ਵਿਦਿਆਰਥੀ ਵੀਰਾਂ ਨੇ ਲੰਗਰ ਤਿਆਰ ਕਰ ਲਿਆ। ਲੰਗਰ ਵਾਸਤੇ ਬਰਤਨਾਂ ਦੀ ਘਾਟ ਸੀ, ਡਿਸਪੋਜੇਬਲ ਭਾਂਡੇ ਵਰਤੇ ਗਏ ਪਰ ਅੱਜ ਦੀ ਤਰੀਕ ਵਿਚ ਬਰਤਨ ਵੀ ਲੈ ਲਏ ਗਏ ਹਨ। ਪਹਿਲਾਂ ਤਿੰਨ ਵਿਦਿਆਰਥੀ ਵੀਰ ਹੀ ਸਾਰਾ ਖਰਚਾ ਕਰਦੇ ਰਹੇ ਪਰ ਹੁਣ ਸੰਗਤ ਦਾ ਸਾਥ ਵੀ ਜੁੜ ਗਿਆ ਹੈ। ਸਾਊਂਡ ਅਤੇ ਪ੍ਰੌਜੈਕਟਰ ਵੀ ਇਨ੍ਹਾਂ ਵਿਦਿਆਰਥੀਆਂ ਨੇ ਲੈ ਲਿਆ ਹੈ। ਜਿਹੜੇ ਵਿਦਿਆਰਥੀਆਂ ਕੋਲ ਆਪਣੀ ਕਾਰ ਆਦਿ ਨਹੀਂ ਹੈ ਉਹ ਇਕ ਦੂਜੇ ਨੂੰ ਲੈ ਕੇ ਆਉਂਦੇ ਹਨ। ਫੇਸ ਬੁੱਕ ਉਤੇ ਵੀ ਰੋਟੋਰੂਆ ਸਿੱਖ ਸੰਗਤ ਦਾ ਸਫਾ ਬਣਾਇਆ ਗਿਆ ਹੈ। ਵਿਦਿਆਰਥੀਆਂ ਦੀ ਸੋਚਣੀ ਹੈ ਕਿ ਇਥੇ ਆ ਕੇ ਕਈ ਵੀਰ ਕੇਸ ਆਦਿ ਕਟਵਾ ਰਹੇ ਹਨ ਪਰ ਹੁਣ ਹਰ ਹਫਤੇ ਗੁਰਬਾਣੀ ਸੁਨਣ ਬਾਅਦ ਕੁਝ ਵੀਰ ਦੁਬਾਰਾ ਕੇਸ ਰੱਖ ਰਹੇ ਹਨ ਅਤੇ ਅੰਮ੍ਰਿਤ ਵੀ ਛਕਣ ਦੀ ਤਿਆਰੀ ਵਿਚ ਹਨ। ਉਨ੍ਹਾਂ ਕਿਹਾ ਕਿ ਇਥੇ ਗੁਰਦੁਆਰਾ ਸਾਹਿਬ ਦੀ ਹੌਂਦ ਦੀ ਘਾਟ ਹੈ ਜੇਕਰ ਸਿੱਖ ਕਮਿਊਨਿਟੀ ਅਜਿਹੀ ਉਦਮ ਕਰੇ ਜਾਂ ਵੱਡਾ ਹਾਲ ਲੈ ਦਿੱਤਾ ਜਾਵੇ ਤਾਂ ਬਹੁਤ ਸਾਰੇ ਵਿਦਿਆਰਥੀ ਸੰਗਤ ਰੂਪ ਵਿਚ ਗੁਰਬਾਣੀ ਸਰਵਣ ਕਰ ਸਕਦੇ ਹਨ।
ਇਨ੍ਹਾਂ ਵਿਦਿਆਰਥੀ ਵੀਰਾਂ ਦੀ ਏਕਤਾ ਇਨ੍ਹਾਂ ਸਮਾਗਮਾਂ ਨੂੰ ਹਫਤਾਵਾਰੀ ਅਤੇ ਸਫਲਤਾ ਪੂਰਵਕ ਕਰਵਾਉਣ ਵਿਚ ਅਹਿਮ ਯੋਗਦਾਨ ਪਾ ਰਹੀ ਹੈ। ਆਉਣ ਵਾਲੇ ਸਮੇਂ ਵਿਚ ਇਹ ਵਿਦਿਆਰਥੀ ਵੀਰ ਆਸ ਰੱਖਦੇ ਹਨ ਕਿ ਇਥੇ ਵੀ ਗੁਰਦੁਆਰਾ ਸਾਹਿਬ ਸਥਾਪਿਤ ਹੋਵੇ। ਇਸ ਵੇਲੇ ਜਿਹੜੇ ਵੀਰ ਅਜਿਹਾ ਉਦਮ ਕਰ ਰਹੇ ਹਨ ਉਨ੍ਹਾਂ ਵਿਚ ਸ਼ਾਮਿਲ ਹਰਪ੍ਰੀਤ ਸਿੰਘ ਪਿੰਡ ਬਿਲਾਸਪੁਰ (ਹਰਿਆਣਾ), ਸਿਮਰਪ੍ਰੀਤ ਸਿੰਘ ਪਿੰਡ ਕੰਸਾਲਾ (ਮੋਹਾਲੀ), ਗੁਰਜੋਤ ਸਿੰਘ ਪਿੰਡ ਖੇੜੀ (ਸੰਗਰੂਰ), ਜਸਵੀਰ ਸਿੰਘ ਤਬਲਾ ਵਾਦਕ, ਮਨਜੋਤ ਸਿੰਘ, ਹਰਮਨਪ੍ਰੀਤ ਸਿੰਘ, ਗੁਰਜੀਤ ਸਿੰਘ, ਦਲਜੀਤ ਸਿੰਘ, ਮਨਪ੍ਰੀਤ ਸਿੰਘ, ਪਵਿੱਤਰ ਸਿੰਘ, ਅਰਸ਼ਅਵਤਾਰ ਸਿੰਘ। ਲੰਗਰ ਦੇ ਵਿਚ ਹਿੱਸਾ ਪਾ ਰਹੀਆਂ ਬੀਬੀਆਂ ਗਗਨਦੀਪ ਕੌਰ, ਮਨਪ੍ਰੀਤ ਕੌਰ ਅਤੇ  ਜਸਪ੍ਰੀਤ ਕੌਰ ਵੀ ਆਪਣਾ ਪੂਰਾ ਯੋਗਦਾਨ ਪਾ ਰਹੀਆਂ ਹਨ।

468 ad