ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਿਲੇ ”ਤੇ ਅੰਨ੍ਹੇਵਾਹ ਫਾਇਰਿੰਗ

2

• ਅੰਨ੍ਹੇਵਾਹ ਚਲਾਈਆਂ ਗੋਲੀਆਂ ‘ਚ ਬਾਬਾ ਭੁਪਿੰਦਰ ਸਿੰਘ ਖਾਸੀ ਕਲਾਂ ਦੀ ਮੌਤ • ਛਬੀਲ ਦੇ ਬਹਾਨੇ ਹਮਲੇ ਨੂੰ ਦਿੱਤਾ ਅੰਜ਼ਾਮ • ਚਾਰ ਕਿਲੋਮੀਟਰ ਤੱਕ ਪਿੱਛਾ ਕਰਦੇ ਸੰਤਾਂ ‘ਤੇ ਗੋਲੀਆਂ ਚਲਾਉਂਦੇ ਰਹੇ ਹਮਲਾਵਰ
ਲੁਧਿਆਣਾ/ਮੁੱਲਾਂਪੁਰ ਦਾਖਾ, 18 ਮਈ ( ਜਗਦੀਸ਼ ਬਾਮਬਾ ) ਸਥਾਨਕ ਬਾੜੇਵਾਲ ਰੋਡ ‘ਤੇ ਸੁਖਮਨੀ ਇਨਕਲੇਵ ਨੇੜੇ ਅੱਜ ਰਾਤ 2 ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਵੱਲੋਂ ਕੀਤੇ ਹਮਲੇ ਵਿਚ ਸਿੱਖ ਪ੍ਰਚਾਰਕ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਜ਼ਦੀਕੀ ਸਾਥੀ ਦੀ ਮੌਤ ਹੋ ਗਈ, ਜਦਕਿ ਸੰਤ ਢੱਡਰੀਆਂ ਵਾਲੇ ਵਾਲ-ਵਾਲ ਬਚ ਗਏ | ਘਟਨਾ ਅੱਜ ਰਾਤ 8 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਸੰਤ ਢੱਡਰੀਆਂ ਵਾਲਿਆਂ ਦੀਆਂ ਕਾਰਾਂ ਦਾ ਕਾਫ਼ਲਾ ਸੁਖਮਨੀ ਇਨਕਲੇਵ ਨੇੜੇ ਜਾ ਰਿਹਾ ਸੀ | ਸੰਤ ਢੱਡਰੀਆਂ ਵਾਲਿਆਂ ਨੇ ਪਿੰਡ ਈਸੇਵਾਲ ਵਿਖੇ ਅੱਜ ਹੋਣ ਵਾਲੇ ਧਾਰਮਿਕ ਦੀਵਾਨ ਵਿਚ ਸ਼ਮੂਲੀਅਤ ਕਰਨੀ ਸੀ, ਪਰ ਜਦੋਂ ਉਹ ਸੁਖਮਨੀ ਇਨਕਲੇਵ ਨੇੜੇ ਪਹੁੰਚੇ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ 2 ਦਰਜਨ ਦੇ ਕਰੀਬ ਵਿਅਕਤੀ ਟੈਂਟ ਲਗਾ ਕੇ ਛਬੀਲ ਵਰਤਾ ਰਹੇ ਸਨ | ਕਾਫਲੇ ਵਿਚ ਚਾਰ ਕਾਰਾਂ ਸਨ ਅਤੇ ਸੰਤ ਢੱਡਰੀਆਂ ਵਾਲਿਆਂ ਦੀ ਲੈਂਡ ਕਰੂਜ਼ਰ ਕਾਰ (ਪੀ. ਯੂ. ਟੀ. 0001) ਦੂਜੇ ਨੰਬਰ ‘ਤੇ ਸੀ | ਇਨ੍ਹਾਂ ਨੌਜਵਾਨਾਂ ਵੱਲੋਂ ਛਬੀਲ ਪਿਲਾਉਣ ਦੇ ਬਹਾਨੇ ਇਨ੍ਹਾਂ ਕਾਰਾਂ ਨੂੰ ਰੋਕਿਆ ਗਿਆ, ਇਨ੍ਹਾਂ ਵਿਚੋਂ 2 ਨੌਜਵਾਨ ਪਹਿਲੀ ਕਾਰ ਵਿਚ ਬੈਠੇ ਸੰਤਾਂ ਦੇ ਸਾਥੀਆਂ ਨੂੰ ਫਰੂਟੀਆਂ ਪਿਲਾਉਣ ਲੱਗ ਪਏ, ਇਨ੍ਹਾਂ ਨੌਜਵਾਨਾਂ ਵੱਲੋਂ ਸੰਤਾਂ ਬਾਰੇ ਜਦੋਂ ਪੁੱਛਿਆ ਗਿਆ ਤਾਂ ਸੰਤਾਂ ਦੇ ਸਾਥੀਆਂ ਨੇ ਉਨ੍ਹਾਂ ਦੇ ਦੂਜੀ ਕਾਰ ਵਿਚ ਬੈਠੇ ਹੋਣ ਬਾਰੇ ਦੱਸਿਆ | ਇਨ੍ਹਾਂ ਨੌਜਵਾਨਾਂ ਵੱਲੋਂ ਆਵਾਜ਼ਾਂ ਮਾਰ ਕੇ ਆਪਣੇ ਸਾਥੀ ਬੁਲਾ ਲਏ | ਇਹ ਸਾਰੇ ਨੌਜਵਾਨ ਹਥਿਆਰਾਂ ਨਾਲ ਲੈਸ ਸਨ | ਇਨ੍ਹਾਂ ਨੌਜਵਾਨਾਂ ਵੱਲੋਂ ਪਹਿਲਾਂ ਕਾਰਾਂ ‘ਤੇ ਸਪਰੇਅ ਕੀਤਾ ਗਿਆ ਤੇ ਉਸ ਤੋਂ ਬਾਅਦ ਕਾਰਾਂ ‘ਤੇ ਹਮਲਾ ਕਰ ਦਿੱਤਾ |ਇਨ੍ਹਾਂ ਹਮਲਾਵਰਾਂ ਵੱਲੋਂ ਸੰਤ ਢੱਡਰੀਆਂ ਵਾਲਿਆਂ ਦੀ ਕਾਰ ‘ਤੇ ਅੰਨ੍ਹੇਵਾਹਗੋਲੀਆਂ ਚਲਾਈਆਂ ਗਈਆਂ | ਸਿੱਟੇ ਵਜੋਂ ਡਰਾਈਵਰ ਦੀ ਨਾਲ ਦੀ ਸੀਟ ‘ਤੇਬੈਠੇ ਸੰਤਾਂ ਦੇ ਸਾਥੀ ਭੁਪਿੰਦਰ ਸਿੰਘ ਖਾਸੀ ਕਲਾਂ ਦੇ ਗਰਦਨ ਵਿਚ ਗੋਲੀਆਂਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਇਨ੍ਹਾਂ ਹਮਲਾਵਰਾਂ ਵੱਲੋਂ ਕਾਰਾਂ ਦੇ ਟਾਇਰਾਂ ‘ਤੇ ਗੋਲੀਆਂ ਚਲਾਈਆਂ ਗਈਆਂ, ਜਿਸਕਾਰਨ ਕਾਰਾਂ ਦੇ ਟਾਇਰ ਫਟ ਗਏ ਪਰ ਸੰਤਾਂ ਦੇ ਡਰਾਈਵਰ ਵੱਲੋਂ ਦਲੇਰੀ ਦਾ ਸਬੂਤ ਦਿੰਦਿਆਂ ਕਾਰ ਭਜਾ ਲਈ ਤਾਂ ਹਮਲਾਵਰਾਂ ਵੱਲੋਂ ਸੰਤ ਢੱਡਰੀਆਂ ਵਾਲਿਆਂ ਦੀ ਕਾਰ ਦਾ ਆਪਣੀ ਸਕਾਰਪੀਓ ਕਾਰ ‘ਤੇ ਪਿੱਛਾ ਕੀਤਾ ਗਿਆ ਅਤੇ ਪਿੱਛਾ ਕਰਦੇ-ਕਰਦੇ ਇਹ ਹਮਲਾਵਰ ਕਾਰ ‘ਤੇ ਗੋਲੀਆਂ ਚਲਾਉਂਦੇ ਰਹੇ | ਇਨ੍ਹਾਂ ਹਮਲਾਵਰਾਂ ਨੇ ਸੰਤਾਂ ਦੀ ਕਾਰ ਦਾ ਚਾਰ ਕਿਲੋਮੀਟਰ ਤੱਕ ਪਿੱਛਾ ਕੀਤਾ | ਚਾਰ ਕਿਲੋਮੀਟਰ ਦੂਰ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਜਾ ਕੇ ਸੰਤ ਢੱਡਰੀਆਂ ਵਾਲਿਆਂ ਦੀ ਕਾਰ ਦੇ ਟਾਇਰ ਵੱਖ ਹੋ ਗਏ ਅਤੇ ਸੰਤ ਢੱਡਰੀਆਂ ਵਾਲੇ, ਉਨ੍ਹਾਂ ਦਾ ਡਰਾਈਵਰ ਅਤੇ ਕਾਰ ਵਿਚ ਬੈਠੇ ਦੋ ਹੋਰ ਵਿਅਕਤੀ ਕਾਰ ਤੋਂ ਬਾਹਰ ਆ ਗਏ ਤੇ ਖੇਤਾਂ ਵੱਲ ਭੱਜ ਪਏ | ਖੇਤਾਂ ਵਿਚ ਕੁਝ ਮਜ਼ਦੂਰ ਕੰਮ ਕਰ ਰਹੇ ਸਨ | ਸੰਤ ਢੱਡਰੀਆਂ ਵਾਲਿਆਂ ਵੱਲੋਂ ਇਹ ਸਾਰੀ ਗੱਲ ਮਜ਼ਦੂਰਾਂ ਨੂੰ ਦੱਸ ਕੇ ਮਦਦ ਕਰਨ ਲਈ ਕਿਹਾ, ਜਿਸ ‘ਤੇ ਮਜ਼ਦੂਰ ਉਨ੍ਹਾਂ ਨੂੰ ਨੇੜੇ ਇਕ ਘਰ ਵਿਚ ਲੈ ਗਏ | ਇਸ ਸਮੇਂ ਵੀ ਇਹ ਹਮਲਾਵਰ ਟਾਰਚਾਂ ਮਾਰ ਕੇ ਸੰਤਾਂ ਦੀ ਭਾਲ ਕਰਦੇ ਰਹੇ, 10 ਮਿੰਟ ਦੇ ਕਰੀਬ ਸਮਾਂ ਭਾਲ ਕਰਨ ਉਪਰੰਤ ਇਹ ਹਮਲਾਵਰ ਉਥੋਂ ਚਲੇ ਗਏ | ਸੰਤ ਢੱਡਰੀਆਂ ਵਾਲਿਆਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ |ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਭਾਰੀ ਪੁਲਿਸ ਫੋਰਸ ਲੈ ਕੇ ਮੌਕੇ ‘ਤੇ ਪਹੁੰਚੇ | ਸ: ਔਲਖ ਉਸ ਥਾਂ ‘ਤੇ ਗਏ ਜਿਥੇ ਸੰਤ ਢੱਡਰੀਆਂ ਵਾਲਿਆਂ ਨੂੰ ਮਜ਼ਦੂਰਾਂ ਨੇ ਰੱਖਿਆ ਹੋਇਆ ਸੀ | ਸ: ਔਲਖ ਸੰਤ ਢੱਡਰੀਆਂ ਵਾਲਿਆਂ ਨੂੰ ਆਪਣੀ ਕਾਰ ਵਿਚ ਬਿਠਾ ਕੇ ਆਪਣੇ ਨਾਲ ਹੀ ਲੈ ਗਏ | ਜਦੋਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤਾਂ ਸੜਕ ‘ਤੇ ਕੱਚ ਹੀ ਕੱਚ ਖਿਲਰਿਆ ਪਿਆ ਸੀ | ਲੋਕਾਂ ਮੁੁਤਾਬਿਕ ਹਮਲਾਵਰਾਂ ਵੱਲੋਂ ਕਾਫਲੇ ਵਿਚ ਸ਼ਾਮਿਲ ਕਾਰਾਂ ‘ਤੇ ਹਾਕੀਆਂ, ਦਾਤ ਤੇ ਹੋਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ | ਘਟਨਾ ਵਾਲੀ ਥਾਂ ‘ਤੇ ਮੌਜੂਦ ਆਸ ਪਾਸ ਰਹਿੰਦੇ ਲੋਕਾਂ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਅੱਜ ਸ਼ਾਮ 5 ਵਜੇ ਦੇ ਕਰੀਬ ਹੀ ਇਥੇ ਟੈਂਟ ਲਗਾਇਆ ਸੀ,ਜਿਥੇ ਕਿ ਇਹ ਛਬੀਲ ਵੰਡ ਰਹੇ ਸਨ | ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿਇਨ੍ਹਾਂ ਹਮਲਾਵਰਾਂ ਨੂੰ ਸੰਤਾਂ ਦੇ ਰੂਟ ਬਾਰੇ ਪੂਰੀ ਜਾਣਕਾਰੀ ਸੀ ਅਤੇ ਜਦੋਂ ਰਾਤ 8 ਵਜੇ ਦੇ ਕਰੀਬ ਸੰਤਾਂ ਦੀਆਂ ਕਾਰਾਂ ਦਾ ਕਾਫ਼ਲਾ ਨਿਕਲਿਆ ਤਾਂ ਇਨ੍ਹਾਂ ਨੇ ਉਨ੍ਹਾਂ ਦੀਆਂ ਕਾਰਾਂ ਨੂੰ ਹੀ ਰੋਕਿਆ | ਹਮਲਾਵਰਾਂ ਪਾਸ 315 ਬੋਰ ਦੀਆਂ ਬੰਦੂਕਾਂ ਸਨ ਜਿਨ੍ਹਾਂ ਨਾਲ ਉਨ੍ਹਾਂ ਨੇ 50 ਦੇ ਕਰੀਬ ਗੋਲੀਆਂ ਚਲਾਈਆਂ |ਇਸ ਦੌਰਾਨ ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਪੀ. ਏ. ਯੂ. ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ | ਅੱਜ ਰਾਤ ਸੰਤ ਢੱਡਰੀਆਂ ਵਾਲਿਆਂ ‘ਤੇ ਹੋਏ ਹਮਲੇ ਦੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਸ਼ਹਿਰ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ | ਪੁਲਿਸ ਵੱਲੋਂ ਥਾਂ-ਥਾਂ ‘ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ | ਦੇਰ ਰਾਤ ਤੱਕ ਹਮਲਾਵਰਾਂ ਦਾ ਕੁਝ ਪਤਾ ਨਹੀਂ ਲੱਗਿਆ |ਹਮਲਾਵਰ ਕਾਲੇ ਰੰਗ ਦੀ ਸਕਾਰਪੀਓ ਕਾਰ ਵਿਚ ਆਏ ਅਤੇ ਉਸੇ ਵਿਚ ਹੀ ਫਰਾਰ ਹੋ ਗਏ | ਘਟਨਾ ਤੋਂ ਬਾਅਦ ਪੁਲਿਸ ਵੱਲੋਂ ਸੰਤ ਢੱਡਰੀਆਂ ਵਾਲਿਆਂ ਨੂੰਆਪਣੀ ਸੁਰੱਖਿਆ ਵਿਚ ਰੱਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ | ਉਨ੍ਹਾਂ ਦਾਅਵਾ ਕੀਤਾ ਕਿ ਹਮਲਾਵਰਾਂ ਨੂੰ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਲੁਧਿਆਣਾ ਅਤੇ ਕੁਝ ਹੋਰ ਸ਼ਹਿਰਾਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ | ਪੁਲਿਸ ਵੱਲੋਂ ਹਮਲਾਵਰਾਂ ਦਾ ਸੁਰਾਗ ਲਗਾਉਣ ਲਈ ਸੜਕ ‘ਤੇ ਲੱਗੇੇ ਸੀ ਸੀ ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਕਬਜ਼ੇ ਵਿਚ ਲੈ ਲਈ ਹੈ | ਪੁਲਿਸ ਵੱਲੋਂ ਆਸ ਪਾਸ ਰਹਿੰਦੇ ਲੋਕਾਂ ਕਲੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਿਉਂਕਿ ਹਮਲਾਵਰਾਂ ਵੱਲੋਂ ਨੇ ਹੀ ਇਕ ਦੁਕਾਨ ਤੋਂ ਛਬੀਲ ਦਾ ਸਾਮਾਨ ਵੀ ਖਰੀਦਿਆ ਗਿਆ ਸੀ | ਘਟਨਾ ਬਾਰੇ ਸੁਣਦਿਆਂ ਹੀ ਪਿੰਡ ਈਸੇਵਾਲ ‘ਚ ਧਾਰਮਿਕ ਦੀਵਾਨਾਂ ਦੇ ਮੁਖੀ ਬਲਜਿੰਦਰ ਸਿੰਘ ਸੇਖੋਂ, ਸਰਪੰਚ ਸੁਰਜੀਤ ਕੌਰ, ਕੁਲਦੀਪ ਸਿੰਘ ਰਾਜੂ ਜਿਊਲਰਜ਼,ਹਰਪ੍ਰੀਤ ਸਿੰਘ ਸੇਖੋਂ, ਸਾਥੀਆ ਸਮੇਂ ਘਟਨਾ ਸਥਾਨ ‘ਤੇ ਪਹੁੰਚੇ |

468 ad

Submit a Comment

Your email address will not be published. Required fields are marked *