ਰਣਇੰਦਰ ਸਿੰਘ ਪਟਿਆਲਾ ਸੀਟ ਤੋਂ ਲੜ ਸਕਦੇ ਹਨ ਉਪ ਚੋਣ

ਜਲੰਧਰ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐੱਮ. ਪੀ. ਚੁਣੇ ਜਾਣ ਤੋਂ ਬਾਅਦ ਪਟਿਆਲਾ ਸ਼ਹਿਰੀ ਵਿਧਾਨ ਸਭਾ ਸੀਟ ਖਾਲੀ ਹੋ ਗਈ ਹੈ ਜਿਸ ਨੂੰ ਲੈ ਕੇ Votingਹੁਣ ਪਾਰਟੀ ਨੂੰ ਨਵੇਂ ਉਮੀਦਵਾਰ ਦੀ ਭਾਲ ਕਰਨੀ ਪਵੇਗੀ। ਕਾਂਗਰਸੀ ਹਲਕਿਆਂ ਤੋਂ ਪਤਾ ਚਲਦਾ ਹੈ ਕਿ ਅਮਰਿੰਦਰ ਪਰਿਵਾਰ ਪਟਿਆਲਾ ਸ਼ਹਿਰੀ ਸੀਟ ਆਪਣੇ ਕੋਲ ਰੱਖਣ ਦੀ ਇੱਛੁਕ ਹੈ ਅਤੇ ਹੋ ਸਕਦਾ ਹੈ ਕਿ ਇਸ ਸੀਟ ‘ਤੇ ਹੋਣ ਵਾਲੀ ਉਪ ਚੋਣ ‘ਚ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਕਾਂਗਰਸ ਹਾਈ ਕਮਾਨ ਤੋਂ ਪਾਰਟੀ ਦੀ ਟਿਕਟ ਦਿਵਾ ਦਿੱਤੀ ਜਾਵੇ। ਭਾਵੇਂ ਅਮਰਿੰਦਰ ਸਿੰਘ ਦੀ ਬੇਟੀ ਜਯਇੰਦਰ ਕੌਰ ਵੀ ਆਪਣੀ ਮਾਂ ਪ੍ਰਨੀਤ ਕੌਰ ਦੇ ਨਾਲ ਪਟਿਆਲਾ ‘ਚ ਪ੍ਰਚਾਰ ਕਰਦੀ ਰਹੀ ਹੈ ਪਰ ਉਹ ਸਿਆਸਤ ‘ਚ ਸਰਗਰਮ ਨਹੀਂ  ਹੈ। ਕੈਪਟਨ ਦਾ ਬੇਟਾ ਰਣਇੰਦਰ ਹੀ ਸਿਆਸਤ ‘ਚ ਸਰਗਰਮ  ਹੈ। ਕੈਪਟਨ ਅਤੇ ਮਹਾਰਾਣੀ ਪ੍ਰਨੀਤ ਕੌਰ ਦੋਵਾਂ ਵਲੋਂ ਆਪਣੇ ਬੇਟੇ ਨੂੰ ਟਿਕਟ ਦੇਣ ਦੀ ਹੀ ਹਾਈ ਕਮਾਨ ਨੂੰ ਗੁਹਾਰ ਲਗਾਈ ਜਾਵੇਗੀ। ਕੈਪਟਨ ਐੱਮ. ਪੀ. ਤਾਂ ਚੁਣੇ ਗਏ ਹਨ ਪਰ ਉਨ੍ਹਾਂ ਦੀ ਦਿਲਚਸਪੀ ਸੂਬੇ ਦੀ ਸਿਆਸਤ ‘ਚ ਹੀ ਬਣੀ ਹੋਈ ਹੈ, ਇਸ ਲਈ ਉਹ ਪਟਿਆਲਾ ਸੀਟ ਨੂੰ ਆਪਣੇ ਪਰਿਵਾਰ ਦੇ ਕੋਲ ਹੀ ਰੱਖ ਕੇ ਭਵਿੱਖ ‘ਚ ਖੁਦ ਵੀ ਵਿਧਾਨ ਸਭਾ ਦੀ ਚੋਣ ਲੜ ਸਕਦੇ ਹਨ।
ਲੋਕ ਸਭਾ ਚੋਣ ‘ਚ ਪਟਿਆਲਾ ਸੀਟ ‘ਤੇ ਭਾਵੇਂ ਪ੍ਰਨੀਤ ਕੌਰ ਹਾਰ ਗਈ ਹੈ ਪਰ ਕੈਪਟਨ ਦੇ ਵਿਧਾਨ ਸਭਾ ਖੇਤਰ ਪਟਿਆਲਾ ਸ਼ਹਿਰ ‘ਚ ਉਨ੍ਹਾਂ ਨੂੰ ਲੀਡ ਹਾਸਲ ਹੋਈ। ਅਗਲੇ ਕੁਝ ਦਿਨਾਂ ‘ਚ ਉਮੀਦਵਾਰ ਦੀ ਚੋਣ ਨੂੰ ਲੈ ਕੇ ਗਹਿਮਾ-ਗਹਿਮੀ ਸ਼ੁਰੂ ਹੋ ਜਾਵੇਗੀ। ਕੈਪਟਨ ਨਾਲ ਜਦੋਂ ਕਲ ਰਣਇੰਦਰ ਸਿੰਘ ਦੀ ਉਮੀਦਵਾਰੀ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਕੋਈ ਸਪੱਸ਼ਟ ਜਵਾਬ ਨਾ ਦੇ ਕੇ ਗੇਂਦ ਹਾਈ ਕਮਾਨ ਦੇ ਪਾਲੇ ‘ਚ ਪਾ ਦਿੱਤੀ ਸੀ।

468 ad