ਯੂਨਿਵਰਸਿਟੀ ‘ਚ ਨੌਜਵਾਨ ਵਲੋਂ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼

ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ. ਐੱਨ. ਡੀ. ਯੂ.) ਦੇ ਗਰਲਜ਼ ਹੋਸਟਲ ਵਿਚ ਕਿਸੇ ਅਣਪਛਾਤੇ ਨੌਜਵਾਨ  ਵਲੋਂ  ਇਕ ਵਿਦਿਆਰਥਣ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ ਗਈ। ਵਿਦਿਆਰਥਣ ਵਲੋਂ ਵਿਰੋਧ ਕਰਨ ‘ਤੇ  ਉਕਤ ਨੌਜਵਾਨ ਨੇ ਉਸਦੀ ਕੁੱਟਮਾਰ ਵੀ ਕੀਤੀ। ਰੌਲਾ ਸੁਣਦਿਆਂ ਹੀ ਮੌਕੇ ‘ਤੇ ਹੋਰ ਵਿਦਿਆਰਥਣਾਂ ਇਕੱਠੀਆਂ  ਹੋ ਗਈਆਂ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਜੈਬ ਸਿੰਘ ਬਰਾੜ, ਡੀਨ ਸਟੂਡੈਂਟਸ ਵੈੱਲਫੇਅਰ ਅਤੇ ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਦੂਜੇ ਪਾਸੇ ਹੋਸਟਲ ਦੀਆਂ ਸਾਰੀਆਂ ਵਿਦਿਆਰਥਣਾਂ  ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਘਰ ਦੇ ਬਾਹਰ ਸੁਰੱਖਿਆ ਨੂੰ ਲੈ ਕੇ ਧਰਨਾ ਦਿੱਤਾ।  ਰਾਤ ਲਗਭਗ ਸਾਢੇ 11 ਵਜੇ ਵਾਈਸ ਚਾਂਸਲਰ ਵਿਦਿਆਰਥਣਾਂ ਦੇ ਹੋਸਟਲ ਵਿਚ ਪਹੁੰਚੇ ਅਤੇ ਉਨ੍ਹਾਂ  ਨੂੰ ਸੁਰੱਖਿਆ ਦਾ ਵਿਸ਼ਵਾਸ ਦਿਵਾਇਆ। ਕੋਈ ਵੀ ਵਿਦਿਆਰਥਣ 12 ਵਜੇ ਤੱਕ ਆਪਣੇ ਕਮਰੇ ਵਿਚ ਜਾਣ ਲਈ ਤਿਆਰ ਨਹੀਂ ਸੀ। ਵਿਦਿਆਰਥਣਾਂ ਦਾ ਦੋਸ਼ ਸੀ ਕਿ ਇਸ ਸੰਬੰਧ ਵਿਚ ਕਈ ਵਾਰੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਕੋਈ ਕਦਮ ਨਾ ਚੁੱਕੇ ਜਾਣ ਕਾਰਨ ਇਸ ਸਾਲ ਦੀ ਇਹ ਤੀਜੀ ਘਟਨਾ ਵਾਪਰ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਕਿਸੇ ਅਣਪਛਾਤੇ ਲੜਕੇ ਵਲੋਂ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਕੈਂਟ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਏ. ਸੀ.ਪੀ. ਮੌਕੇ ‘ਤੇ ਪਹੁੰਚੇ ਅਤੇ ਪੀੜਤ ਵਿਦਿਆਰਥਣ ਦੇ ਬਿਆਨਾਂ ‘ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।  ਖਬਰ ਲਿਖੇ ਜਾਣ ਤੱਕ ਹੋਸਟਲ ਦੀਆਂ ਸਾਰੀਆਂ ਵਿਦਿਆਰਥਣਾਂ ਵਾਈਸ ਚਾਂਸਲਰ ਦੇ ਘਰ ਦੇ ਬਾਹਰ ਧਰਨੇ ‘ਤੇ ਬੈਠੀਆਂ ਹੋਈਆਂ ਸਨ।

468 ad