ਮੌਜੂਦਾ ਪ੍ਰਬੰਧ ਨੂੰ ਬਦਲਣ ਲਈ ਪੰਜਾਬੀ ਸਹਿਯੋਗ ਦੇਣ : ਕੇਜਰੀਵਾਲ

Arvind-Kejriwal-600x360

ਬਠਿੰਡਾ – ‘ਦੇਸ਼ ਵਿੱਚ ਹੋਈ ਹਰ ਹਾਂ-ਪੱਖੀ ਤਬਦੀਲੀ ‘ਚ ਪੰਜਾਬੀਆਂ ਦੀ ਭੂਮਿਕਾ ਹਮੇਸ਼ਾ ਹੀ ਫੈਸਲਾਕੁੰਨ ਰਹੀ ਹੈ, ਇਸ ਲਈ ਮੈਨੂੰ ਉਮੀਦ ਹੈ ਕਿ ਭ੍ਰਿਸ਼ਟ ਅਤੇ ਲੋਕ-ਦੋਖੀ ਪ੍ਰਬੰਧ ਨੂੰ ਬਦਲਣ ਵਿੱਚ ਇਸ ਸਰਹੱਦੀ ਰਾਜ ਦੇ ਵਸਨੀਕਾਂ ਦਾ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਹੁੰਗਾਰਾ ਮਿਲੇਗਾ।’ ਇਹ ਵਿਚਾਰ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਗਟ ਕੀਤੇ।ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਲਈ ਆਪਣੀ ਪਾਰਟੀ ਦੀ ਉਮੀਦਵਾਰ ਬੀਬੀ ਬਲਜਿੰਦਰ ਕੌਰ ਦੇ ਹੱਕ ਵਿੱਚ ਆਯੋਜਿਤ ਕੀਤੇ ਪ੍ਰਭਾਵਸ਼ਾਲੀ ਰੋਡ ਸੋਅ ਦੌਰਾਨ ਪਿੰਡ ਲਾਲੇਆਣਾ ਵਿਖੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਮੁਕਤ ਕਰਵਾਉਣ ਲਈ ਗਦਰ ਪਾਰਟੀ ਨਾਂਅ ਦੀ ਜਿਸ ਧਰਮ-ਨਿਰਪੱਖ ਤੇ ਇਨਕਲਾਬੀ ਜਥੇਬੰਦੀ ਦੀ ਬੁਨਿਆਦ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੇ ਰੱਖੀ ਸੀ, ਅਸਲ ਵਿੱਚ ਉਸ ਨੂੰ ਅਗਵਾਈ ਦੇਣ ਵਾਲੇ ਪੰਜਾਬ ਦੇ ਦੇਸ਼ ਭਗਤ ਹੀ ਸਨ।ਮਾਲਵਾ ਖੇਤਰ ਵਿੱਚ ਉੱਠੀ ਪਰਜਾ ਮੰਡਲ ਲਹਿਰ ਦਾ ਹਵਾਲਾ ਦਿੰਦਿਆਂ ਉਹਨਾ ਕਿਹਾ ਕਿ ਜਿਸ ਤਰ੍ਹਾਂ ਦੂਹਰੀ ਗੁਲਾਮੀ ਵਿਰੁੱਧ ਲੜਣ ਵਾਲੀ ਇਸ ਅਵਾਮੀ ਤਹਿਰੀਕ ਨੂੰ ਮਲਵਈਆਂ ਨੇ ਵਿਆਪਕ ਜਨ-ਸਮਰਥਕ ਦੇ ਕੇ ਆਪਣੀ ਕਿਸਮ ਦਾ ਇੱਕ ਨਿਵੇਕਲਾ ਇਤਿਹਾਸ ਰਚਿਆ ਸੀ, ਉਸ ਤੋਂ ਪ੍ਰਾਪਤ ਹੋਏ ਨਤੀਜਿਆਂ ਦੇ ਅਧਾਰ ਤੇ ਉਹਨਾਂ ਨੂੰ ਇਹ ਪੂਰਾ ਯਕੀਨ ਹੈ ਕਿ ਤਲਵੰਡੀ ਸਾਬੋ ਹਲਕੇ ਤੋਂ ਲੁਟੇਰੇ ਨਿਜਾਮ ਦੀਆਂ ਪ੍ਰਤੀਨਿਧ ਦੋਵਾਂ ਧਿਰਾਂ ਅਕਾਲੀ ਦਲ ਅਤੇ ਕਾਂਗਰਸ ਨੂੰ ਲੱਕ ਤੋੜਵੀਂ ਹਾਰ ਦੇ ਕੇ ਇੱਥੋਂ ਦੇ ਵੋਟਰ ਉਹਨਾਂ ਦੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਨੂੰ ਸਫ਼ਲ ਬਣਾਉਣਗੇ।ਜਿੱਥੋਂ ਤੱਕ ਅੱਜ ਵਾਲੇ ਰੋਡ ਸ਼ੋਅ ਦਾ ਸੁਆਲ ਹੈ, ਹਰ ਪਿੰਡ ਦੇ ਲੋਕਾਂ ਨੇ ਉਸ ਨੂੰ ਭਰਵਾਂ ਹੁੰਗਾਰਾ ਹੀ ਨਹੀਂ ਦਿੱਤਾ, ਬਲਕਿ ਕੇਜਰੀਵਾਲ ਦੇ ਭਾਸ਼ਣ ਨੂੰ ਪੂਰੀ ਦਿਲਚਸਪੀ ਤੇ ਇਕਾਗਰਤਾ ਨਾਲ ਸੁਣਿਆ। ਪੰਜਾਬੀਆਂ ਦੀ ਜ਼ਮੀਰ ਨੂੰ ਟੁੰਬਣ ਲਈ ਦਿੱਲੀ ਵਿਖੇ ਹੋਏ 1984 ਦੇ ਕਤਲੇਆਮ ਤੇ ਪਿਛਲੇ 30 ਸਾਲਾਂ ਤੋਂ ਹੋ ਰਹੀ ਰਾਜਨੀਤੀ ਦਾ ਜ਼ਿਕਰ ਕਰਦਿਆਂ ਜਦ ਉਹਨਾ ਇਹ ਕਿਹਾ ਕਿ ਆਪ ਦੀ ਸਰਕਾਰ ਬਣਨ ਉਪਰੰਤ ਸਭ ਤੋਂ ਪਹਿਲਾਂ ਉਹਨਾ ਨੇ ਨਸਲਕੁਸ਼ੀ ਵਾਲੇ ਇਸ ਕਾਰੇ ਦੀ ਪੜਤਾਲ ਕਰਾਉਣ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਨ ਕੀਤੀ ਸੀ, ਤਾਂ ਪੰਡਾਲ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਪੰਜਾਬ ਦੇ ਸ਼ਾਸਨ ਤੇ ਪ੍ਰਸ਼ਾਸਨ ‘ਚ ਫੈਲੇ ਵਿਆਪਕ ਭ੍ਰਿਸ਼ਟਾਚਾਰ ਦਾ ਜ਼ਿਕਰ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਜੋ ਉਮੀਦਵਾਰ ਚੋਣਾਂ ਦੌਰਾਨ ਦੋ-ਦੋ ਕਰੋੜ ਰੁਪਏ ਖਰਚਦੇ ਹਨ, ਜਦ ਉਹ ਉੱਚੀਆਂ ਕੁਰਸੀਆਂ ‘ਤੇ ਸੁਸ਼ੋਭਿਤ ਹੁੰਦੇ ਹਨ ਤਾਂ ਨਸ਼ੀਲੇ ਪਦਾਰਥਾਂ ਦੇ ਘਾਤਕ ਵਪਾਰ ਰਾਹੀਂ ਇੱਕੋ ਹੀ ਝਟਕੇ ਵਿੱਚ ਸੌ-ਸੌ ਕਰੋੜ ਰੁਪਏ ਕਮਾ ਲੈਂਦੇ ਹਨ। ਇਸ ਅਲਾਮਤ ਨੂੰ ਜਵਾਨੀ ਦਾ ਘਾਣ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਜਿਹੜਾ ਪੰਜਾਬ ਕਦੇ ਦੇਸ਼ ਦੀ ਖੜਗ ਭੁਜਾ ਹੋਇਆ ਕਰਦਾ ਸੀ, ਅੱਜ ਉਸ ਦੇ ਹਰ ਪਿੰਡ ਦੀਆਂ ਗਲੀਆਂ ‘ਚ ਸੱਥਰ ਵਿਛੇ ਪਏ ਹਨ।’ਸਾਡਾ ਖੁਆਬ ਨਵਾਂ ਪੰਜਾਬ’ ਦਾ ਨਾਅਰਾ ਬੁਲੰਦ ਕਰਦਿਆਂ ਨਸ਼ਿਆਂ, ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ‘ਤੇ ਜ਼ਬਰਦਸਤ ਰੋਕ ਲਾਉਣ ਲਈ ਆਪਣੀ ਪਾਰਟੀ ਦੀ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਰਾਹੀਂ ਉਹਨਾ ਸੱਦਾ ਦਿੱਤਾ ਕਿ ਲਹੂ ਪੀਣੀਆਂ ਜੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਦੋਵਾਂ ਧਿਰਾਂ ਨੂੰ ਕਰਾਰੀ ਹਾਰ ਦਿੱਤੀ ਜਾਵੇ। ਜਦ ਸ੍ਰੀ ਕੇਜਰੀਵਾਲ ਦਾ ਕਾਫ਼ਲਾ ਚੱਲ ਰਿਹਾ ਸੀ ਤਾਂ ਆਪ ਦੇ ਵਲੰਟੀਅਰਾਂ ਵੱਲੋਂ ਇਹ ਨਾਅਰੇ ਬੁਲੰਦ ਕੀਤੇ ਜਾ ਰਹੇ ਸਨ, ‘ਨਿਕਲੋ ਬਾਹਰ ਮਕਾਨੋ ਸੇ, ਜੰਗ ਲੜੋ ਬੇਈਮਾਨੋ ਸੇ’, ‘ਨੋਟਾਂ ਤੇ ਨਾ ਦਾਰੂ ਸੇ, ਵੋਟ ਪਾਵਾਂਗੇ ਝਾੜੂ ‘ਤੇ।’ਕਿਸੇ ਕਿਸਮ ਦੀ ਸਰਕਾਰੀ ਸੁਰੱਖਿਆ ਦੀ ਬਜਾਏ ਕੇਜਰੀਵਾਲ ਦੀ ਗੱਡੀ ਦੀ ਰਾਖੀ ਮੋਗਾ ਦੇ ਪ੍ਰਸਿੱਧ ਫੌਜਦਾਰੀ ਵਕੀਲ ਨਰਿੰਦਰ ਚਹਿਲ ਵੱਲੋਂ ਤਿਆਰ ਕੀਤੇ ਬਸੰਤੀ ਪੱਗਾਂ ਵਾਲੇ ਫੁਰਤੀਲੇ ਨੌਜਵਾਨ ਕਰਦੇ ਦੇਖੇ ਗਏ। ਵਿਦਾਇਗੀ ਲੈਣ ਤੋਂ ਪਹਿਲਾਂ ਸ੍ਰੀ ਕੇਜਰੀਵਾਲ ਨੇ ਸੱਦਾ ਦਿੱਤਾ ਕਿ ਅਕਾਲੀ ਜਾਂ ਕਾਂਗਰਸੀ ਪ੍ਰਤੀ ਵੋਟ ਜੇਕਰ ਉਹਨਾਂ ਨੂੰ ਇੱਕ ਹਜ਼ਾਰ ਰੁਪਏ ਦੀ ਪੇਸ਼ਕਸ਼ ਕਰਨ ਤਾਂ ਉਹਨਾਂ ਤੋਂ ਪੰਜ-ਪੰਜ ਹਜ਼ਾਰ ਰੁਪਏ ਮੰਗੇ ਜਾਣ, ਕਿਉਂਕਿ ਇਹ ਪੈਸੇ ਆਮ ਲੋਕਾਂ ਦੀ ਲੁੱਟ ਰਾਹੀਂ ਹੀ ਇਕੱਤਰ ਕੀਤੇ ਹਨ। ਨਾਲ ਹੀ ਭੀੜ ਤੋਂ ਉਹ ਇਹ ਵੀ ਵਾਅਦਾ ਲੈਂਦੇ ਹਨ ਕਿ ਦੂਜੀਆਂ ਧਿਰਾਂ ਤੋਂ ਪੈਸੇ ਲੈਣ ਦੇ ਬਾਵਜੂਦ ਵੋਟਾਂ ਝਾੜੂ ਨੂੰ ਹੀ ਪਾਈਆਂ ਜਾਣ।

468 ad