ਮੌਕਾ ਅਜਿਹਾ ਕਿ ਨੂੰਹ-ਸੱਸ ਦੇ ਹੰਝੂਆਂ ਦੀ ਲੱਗ ਗਈ ਝੜੀ

ਫਗਵਾੜਾ-ਸਾਡੇ ਸਮਾਜ ‘ਚ ਸੱਸ ਬਾਰੇ ਆਮ ਇਹ ਧਾਰਨਾ ਪ੍ਰਸਿੱਧ ਹੈ ਕਿ ਸੱਸਾਂ ਚੰਗੀਆਂ ਨਹੀਂ ਹੁੰਦੀਆਂ ਅਤੇ ਨੂੰਹਾਂ ਨੂੰ ਤੰਗ-ਪਰੇਸ਼ਾਨ ਕਰਦੀਆਂ ਰਹਿੰਦੀਆਂ ਹਨ ਪਰ ਕਈ ਸੱਸਾਂ ਨੂੰਹਾਂ ਨੂੰ ਆਪਣੀ ਧੀ ਤੋਂ ਵਧ ਕੇ ਪਿਆਰ ਕਰਦੀਆਂ ਹਨ, ਜਿਸ ਦੀ ਉਦਾਹਰਨ ਫਗਵਾੜੇ ਦੀ ਨਛੱਤਰ ਕੌਰ ਨੇ ਦਿੱਤੀ ਹੈ।
Jharhiਜਾਣਕਾਰੀ ਮੁਤਾਬਕ 60 ਸਾਲਾ ਨਛੱਤਰ ਕੌਰ ਆਪਣੇ ਬੇਟੇ, ਨੂੰਹ ਅਤੇ ਦੋ ਪੋਤੀਆਂ ਨਾਲ ਚਾਚੋਕੀ ਮੁਹੱਲੇ ‘ਚ ਰਹਿੰਦੀ ਸੀ। ਉਸ ਦੇ ਬੇਟੇ ਸੁਖਵਿੰਦਰ ਨੂੰ ਸ਼ਰਾਬ ਪੀਣ ਦੀ ਆਦਤ ਸੀ, ਜਿਸ ਕਾਰਨ ਤਿੰਨ ਸਾਲ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਸੀ। ਹੁਣ ਨੂੰਹ ਪ੍ਰਿਤਪਾਲ ਅਤੇ ਪੋਤੀਆਂ ਦੀ ਜ਼ਿੰਮੇਵਾਰੀ ਨਛੱਤਰ ਕੌਰ ‘ਤੇ ਆ ਗਈ। ਉਸ ਨੇ ਘਰਾਂ ‘ਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਪੈਸੇ ਆਉਣ ਲੱਗੇ ਅਤੇ ਉਸ ਦੀਆਂ ਪੋਤੀਆਂ ਸਕੂਲ ਜਾਣ ਲੱਗੀਆਂ। ਜ਼ਿੰਦਗੀ ਨੇ ਫਿਰ ਇਕ ਰਫਤਾਰ ਫੜ੍ਹ ਲਈ ਪਰ ਇਕ ਦਿਨ ਨੱਛਤਰ ਕੌਰ ਦੇ ਮਨ ‘ਚ ਖਿਆਲ ਆਇਆ ਕਿ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਨੂੰਹ ਅਤੇ ਪੋਤੀਆਂ ਨੂੰ ਕੌਣ ਸੰਭਾਲੇਗਾ। ਇਸ ਲਈ ਉਸ ਨੇ ਆਪਣੀ ਨੂੰਹ ਨੂੰ ਧੀ ਬਣਾ ਕੇ ਉਸ ਨੂੰ ਵਿਦਾ ਕਰਨ ਦੀ ਸੋਚੀ ਅਤੇ ਲੋਕਾਂ ਨਾਲ ਸਲਾਹ ਕਰਕੇ ਰਿਸ਼ਤੇਦਾਰਾਂ ਨੂੰ ਮਨਾ ਲਿਆ।
ਨਛੱਤਰ ਕੌਰ ਦੀ ਨੂੰਹ ਦੇ ਮਾਪਿਆਂ ਦੀ ਹਾਲਤ ਠੀਕ ਨਹੀਂ ਸੀ, ਇਸ ਲਈ ਉਸ ਨੇ ਨੂੰਹ ਦੇ ਮਾਪਿਆਂ ਨੂੰ ਪਰੇਸ਼ਾਨ ਨਹੀਂ ਕੀਤਾ ਅਤੇ ਸਭ ਕੁਝ ਖੁਦ ਹੀ ਕਰ ਲਿਆ। 28 ਮਾਰਚ ਨੂੰ ਉਸ ਨੇ ਆਪਣੀ ਨੂੰਹ ਦਾ ਵਿਆਹ ਮਿਸਤਰੀ ਦਾ ਕੰਮ ਕਰਦੇ ਤਿਰਲੋਚਨ ਸਿੰਘ ਨਾਲ ਕਰ ਦਿੱਤਾ। ਉਸ ਨੇ ਪ੍ਰਿਤਪਾਲ ਦੀਆਂ ਦੋਵੇਂ ਬੇਟੀਆਂ ਨੂੰ ਬਿਨਾਂ ਕਿਸੇ ਸਵਾਲ-ਜਵਾਬ ਦੇ ਅਪਣਾ ਲਿਆ। ਨੂੰਹ ਨੂੰ ਵਿਦਾ ਕਰਨ ਮੌਕੇ ਨਛੱਤਰ ਕੌਰ ਦੀਆਂ ਅੱਖਾਂ ‘ਚ ਵਗ ਰਹੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ ਅਤੇ ਨੂੰਹ-ਸੱਸ ਦੇ ਹੰਝੂਆਂ ਨੇ ਝੜੀ ਲਾ ਦਿੱਤੀ ਪਰ ਵਿਆਹ ਤੋਂ ਬਾਅਦ ਨਛੱਤਰ ਕੌਰ ਕਾਫੀ ਖੁਸ਼ ਸੀ।

468 ad