ਮੋਹਨ ਭਾਗਵਤ ਨੇ ਫਿਰ ਅਲਾਪਿਆ ਹਿੰਦੂ ਦੇਸ਼ ਦਾ ਰਾਗ ਤੇ ਕਿਹਾ ਹਿੰਦੂ ਧਰਮ ਦੂਜੇ ਧਰਮਾਂ ਨੂੰ ਨਿਗਲਣ ਦੇ ਸਮਰੱਥ

mohan-bhagwat

ਮੋਦੀ ਸਰਕਾਰ ਦੇ ਗਠਨ ਤੋਂ ਬਾਅਦ ਭਗਵਾਂ ਬ੍ਰਿਗੇਡ ਵੱਲੋਂ ਦੇਸ਼ ਦੇ ਹਿੰਦੂਕਰਨ ਦੇ ਯਤਨ ਨਿਰੰਤਰ ਤੇਜ਼ ਹੋ ਰਹੇ ਹਨ। ਭਗਵਾਂ ਬ੍ਰਿਗੇਡ ਦੇ ਵੱਡੇ ਆਗੂ ਆਏ ਦਿਨ ਫਿਰਕੂ ਨਫ਼ਰਤ ਅਤੇ ਜ਼ਹਿਰ ਨਾਲ ਭਰੇ ਅਜਿਹੇ ਬਿਆਨ ਧੜਾ ਧੜ ਦਾਗ਼ ਰਹੇ ਹਨ, ਜਿੰਨ੍ਹਾਂ ਨਾਲ ਦੇਸ਼ ਦੀਆਂ ਘੱਟ ਗਿਣਤੀਆਂ ‘ਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ। ਸੰਘ ਮੁਖੀ ਮੋਹਨ ਭਾਗਵਤ ਨੇ ਅੱਜ ਫ਼ਿਰ ਬੜੇ ਤਿੱਖੇ ਸ਼ਬਦਾਂ ‘ਚ ਐਲਾਨ ਕੀਤਾ ਕਿ ਹਿੰਦੂ ਧਰਮ ਦੂਜੇ ਧਰਮਾਂ ਨੂੰ ਨਿਗਲਣ ਦੇ ਸਮਰੱਥ ਹੈ। ਨਾਲ ਦੀ ਨਾਲ ਉਸਨੇ ਇਹ ਵਿਆਖਿਆ ਵੀ ਕਰ ਦਿੱਤੀ ਕਿ ਪਹਿਲਾਂ ਸਾਡਾ (ਹਿੰਦੂ ਧਰਮ ਦਾ) ਹਾਜ਼ਮਾ ਖਰਾਬ ਸੀ, ਪ੍ਰੰਤੂ ਹੁਣ ਹਾਜ਼ਮਾ ਦਰੁਸਤ ਹੋ ਚੁੱਕਾ ਹੈ ਅਤੇ ਆਉਣ ਵਾਲੇ 10 ਸਾਲਾਂ ‘ਚ ਹਿੰਦੂ ਧਰਮ ਦੂਜੇ ਧਰਮਾਂ ਨੂੰ ਨਿਗਲਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ। ਬੀਤੇ ਦਿਨ ਹੀ ਤੇਜ਼ ਤਰਾਰ ਆਗੂ ਪ੍ਰਵੀਨ ਤੋਗੜੀਆ ਨੇ ਬਾਬਰੀ ਮਸਜਿਦ ਸੰਬੰਧੀ ਤਿੱਖਾ ਬਿਆਨ ਦੇ ਕੇ ਦੇਸ਼ ਦੀ ਰਾਜਨੀਤੀ ‘ਚ ਹਲਚਲ ਪੈਦਾ ਕਰ ਦਿੱਤੀ ਸੀ। ਮੁੰਬਈ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸਥਾਪਨਾ ਦੀ ਗ਼ੋਲਡਨ ਜੁਬਲੀ ਮੌਕੇ ਹੋਏ ਸਮਾਗਮਾਂ ‘ਚ ਭਗਵਾਂ ਬ੍ਰਿਗੇਡ ਨੇ ਦੇਸ਼ ਦੇ ਹਿੰਦੂਕਰਨ ਕਰਨ ਦੀ ਆਪਣੀ ਮਨਸ਼ਾ ਨੂੰ ਸ਼ਰੇਆਮ ਐਲਾਨ ਦਿੱਤਾ ਹੈ। ਭਾਗਵਤ ਨੇ ਇਸ ਸਮੇਂ ਆਖਿਆ ਕਿ ਹਿੰਦੁਸਤਾਨ ਇੱਕ ਹਿੰਦੂ ਦੇਸ਼ ਹੈ ਅਤੇ ਹਿੰਦੂਤਵ ਇਸਦੀ ਪਹਿਚਾਣ ਹੈ। ਉਨ੍ਹਾਂ ਆਖਿਆ ਕਿ ਹਿੰਦੂਤਵ ਦਾ ਦਾਇਰਾ (ਹਿੰਦੂ ਧਰਮ ਦਾ ਢਿੱਡ) ਇੰਨ੍ਹਾਂ ਵੱਡਾ ਹੈ ਕਿ ਉਹ ਦੂਜੇ ਧਰਮਾਂ ਨੂੰ ਆਪਣੇ ‘ਚ ਸਮੋ ਲੈਣ ਦੀ ਭਾਵ ਨਿਗਲ ਲੈਣ ਦੀ ਸਮਰੱਥਾ ਰੱਖਦਾ ਹੈ। ਸੰਘ ਮੁਖੀ ਨੇ ਇਸ ਸਮੇਂ ਆਖਿਆ ਕਿ ਆਉਣ ਵਾਲੇ ਵਰ੍ਹਿਆ ‘ਚ ਸੰਘ ਦਾ ਮੁੱਖ ਉਦੇਸ਼ ਦੇਸ਼ ‘ਚ ਜਾਤਪਾਤ ਦੇ ਭੇਦਭਾਵ ਨੂੰ ਖ਼ਤਮ ਕਰਕੇ ਹਿੰਦੂਆਂ ‘ਚ ਇੱਕਸੁਰਤਾ ਪੈਦਾ ਕਰਨਾ ਹੈ। ਆਉਣ ਵਾਲੇ 5 ਵਰ੍ਹਿਆਂ ‘ਚ ਸੰਘ ਆਪਣੀ ਪੂਰੀ ਤਾਕਤ ਨਾਲ ਕੰਮ ਕਰੇਗਾ ਅਤੇ ਇਸ ਗ਼ੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਹਿੰਦੂ ਇੱਕ ਥਾਂ ਪਾਣੀ ਪੀਣ, ਇੱਕ ਥਾਂ ਪੂਜਾ ਅਰਚਨਾ ਕਰਨ ਅਤੇ ਜੇ ਕੋਈ ਮਰ ਜਾਂਦਾ ਹੈ ਤਾਂ ਉਸਦਾ ਅੰਤਿਮ ਸੰਸਕਾਰ ਵੀ ਇੱਕ ਥਾਂ ‘ਤੇ ਹੀ ਕੀਤਾ ਜਾਵੇ। ਮੋਹਨ ਭਾਗਵਤ ਨੇ ਇਸ ਸਮੇਂ ਆਖਿਆ ਕਿ ਆਉਣ ਵਾਲੇ ਦੋ ਦਹਾਕਿਆਂ ‘ਚ ਹਿੰਦੂ ਸਮਾਜ ਦੁਨੀਆਂ ‘ਚ ਇੱਕ ਵੱਡੀ ਤਾਕਤ ਬਣ ਕੇ ਉਭਰੇਗਾ। ਇੱਥੇ ਵਰਣਨਯੋਗ ਹੈ ਕਿ ਪਿਛਲੇਂ ਹਫ਼ਤੇ ਹੀ ਮੋਹਨ ਭਾਗਵਤ ਨੇ ਕਟਕ ਵਿਖੇ ਆਖਿਆ ਸੀ ਕਿ ਹਿੰਦੂ ਦੇਸ਼ ‘ਚ ਵਸਣ ਵਾਲੇ ਸਾਰੇ ਲੋਕ ਹਿੰਦੂ ਹੀ ਹਨ। ਉਸਦੇ ਇਸ ਬਿਆਨ ‘ਤੇ ਘੱਟ ਗਿਣਤੀਆਂ ‘ਚ ਹੋ-ਹੱਲਾ ਮੱਚ ਗਿਆ ਸੀ, ਪ੍ਰੰਤੂ ਉਸ ਬਿਆਨ ‘ਤੇ ਉੱਠੇ ਵਿਵਾਦ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਅੱਜ ਸੰਘ ਮੁਖੀ ਨੇ ਹਿੰਦੂ ਧਰਮ ਵੱਲੋਂ ਦੂਜੇ ਸਾਰੇ ਧਰਮਾਂ ਨੂੰ ਨਿਗਲ ਲੈਣ ਦਾ ਐਲਾਨ ਗੱਜ-ਵੱਜ ਕੇ ਕਰ ਦਿੱਤਾ।

468 ad