ਮੋਦੀ ਸਰਕਾਰ ਬਾਦਲ ਦੀ ਮਤਰੇਈ ਨਾਨੀ ਹੈ : ਭੱਠਲ

ਮੋਦੀ ਸਰਕਾਰ ਬਾਦਲ ਦੀ ਮਤਰੇਈ ਨਾਨੀ ਹੈ : ਭੱਠਲ

ਬਠਿੰਡਾ- ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸਨ ਕਿ ਯੂ.ਪੀ.ਏ. ਸਰਕਾਰ ਉਨ੍ਹਾਂ ਦੀ ਮਤਰੇਈ ਮਾਂ ਹੈ, ਜੋ ਸੂਬੇ ਲਈ ਫੰਡ ਨਹੀਂ ਦਿੰਦੀ। ਇਸ ਹਿਸਾਬ ਨਾਲ ਮੋਦੀ ਸਰਕਾਰ ਤਾਂ ਸ. ਬਾਦਲ ਦੀ ਮਤਰੇਈ ਨਾਨੀ ਹੈ, ਜਿਸਨੇ ਗੱਠਜੋੜ ਦੇ ਬਾਵਜੂਦ ਉਨ੍ਹਾਂ ਨੂੰ ਠੇਂਗਾ ਹੀ ਦਿਖਾਇਆ ਹੈ। ਉਹ ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ, ਜੋ ਤਲਵੰਡੀ ਸਾਬੋ ਚੋਣਾਂ ਦੇ ਪ੍ਰਚਾਰ ਲਈ ਆਏ ਹੋਏ ਸਨ।
ਬੀਬੀ ਭੱਠਲ ਨੇ ਕਿਹਾ ਕਿ ਬਾਦਲ ਯੂ.ਪੀ.ਏ. ਸਰਕਾਰ ਨੂੰ ਬਿਨਾਂ ਵਜ੍ਹਾ ਬਦਨਾਮ ਕਰਦੇ ਰਹੇ ਹਨ, ਜਦਕਿ ਇਹ ਬਿਲਕੁੱਲ ਬੇਬੁਨਿਆਦ ਹੈ। ਜਦੋਂ ਐੱਨ.ਡੀ.ਏ. ਸਰਕਾਰ ਸੀ ਤਾਂ ਉਸਨੇ ਪੰਜਾਬ ਨੂੰ 15 ਹਜ਼ਾਰ ਕਰੋੜ ਰੁਪਏ ਦਿੱਤੇ ਪਰ ਯੂ.ਪੀ.ਏ. ਸਰਕਾਰ ਨੇ ਪੰਜਾਬ ਨੂੰ ਸਿਰਫ਼ 15 ਹਜ਼ਾਰ ਕਰੋੜ ਰੁਪਏ ਦਿੱਤੇ। ਯੂ.ਪੀ.ਏ. ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਵਜੋਂ 36 ਹਜ਼ਾਰ ਕਰੋੜ ਰੁਪਏ ਭੇਜੇ ਪਰ ਬਾਦਲ ਸਰਕਾਰ ਲੋੜੀਂਦੀਆਂ ਸੂਚੀਆਂ ਹੀ ਉਪਲੱਬਧ ਨਹੀਂ ਕਰਵਾ ਸਕੀ, ਜਿਸ ਕਾਰਨ ਉਕਤ ਪੈਸਾ ਵਾਪਸ ਚਲਾ ਗਿਆ। ਬਾਦਲ ਸਰਕਾਰ ਖੁਦ ਨੂੰ ਕਿਸਾਨਾਂ ਦਾ ਹਮਦਰਦ ਕਹਿੰਦੀ ਸੀ, ਫਿਰ ਹੁਣ ਮੋਦੀ ਸਰਕਾਰ ਵਲੋਂ 420 ਰੁਪਏ ਸੋਕਾ ਰਾਹਤ ਵਜੋਂ ਦੇ ਕੇ ਕੀਤੇ ਕੋਝੇ ਮਜ਼ਾਕ ਦਾ ਕੋਈ ਜਵਾਬ ਕਿਉਂ ਨਹੀਂ ਦਿੱਤਾ ਗਿਆ। ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਦਾ ਕਰਜ਼ਾ ਮੁਆਫ ਕੀਤਾ ਹੈ, ਫਿਰ ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਆਫ ਕਰਨ ਦੀ ਮੰਗ ਕਿਉਂ ਨਹੀਂ ਮੰਨੀ ਜਾ ਸਕਦੀ। 
ਉਨ੍ਹਾਂ ਕਿਹਾ ਕਿ ਸ. ਬਾਦਲ ਖੁਦ ਨੂੰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦਾ ਮਿੱਤਰ ਦੱਸਦੇ ਸਨ, ਫਿਰ ਗੁਜਰਾਤ ਦੇ ਪੰਜਾਬੀਆਂ ਦੀ ਦੁਰਦਸ਼ਾ ਕਿਉਂ ਹੋ ਰਹੀ ਹੈ, ਉਨ੍ਹਾਂ ਨੂੰ ਹੱਕ ਕਿਉਂ ਨਹੀਂ ਮਿਲ ਰਹੇ। ਸ. ਬਾਦਲ ਨੇ ਪੰਜਾਬ ਹਿਤੈਸ਼ੀ ਪੈਕੇਜ ਜਾਂ ਸਹੂਲਤਾਂ ਮੰਗਣ ਦੀ ਬਜਾਏ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਵਾਇਆ, ਕੀ ਇਹ ਪੰਜਾਬੀਆਂ ਨਾਲ ਧੋਖਾ ਨਹੀਂ? ਸ. ਬਾਦਲ ਨੇ ਵਾਅਦੇ ਕੀਤੇ ਸਨ ਕਿ ਉਹ ਮੋਦੀ ਸਰਕਾਰ ਆਉਣ ‘ਤੇ ਪੰਜਾਬ ਲਈ ਖਜ਼ਾਨੇ ਦੇ ਮੂੰਹ ਖੁੱਲ੍ਹਵਾ ਦੇਣਗੇ ਪਰ ਅਜਿਹਾ ਕੁਝ ਨਹੀਂ ਹੋਇਆ ਇਸ ਲਈ ਸ. ਬਾਦਲ ਜਾਂ ਤਾਂ ਆਪਣੇ ਵਾਅਦੇ ਪੂਰੇ ਕਰਨ ਤੇ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਪੈਕੇਜ ਆਦਿ ਦਿਵਾਉਣ, ਨਹੀਂ ਤਾਂ ਤੁਰੰਤ ਅਸਤੀਫਾ ਦੇ ਦੇਣ। 
ਕਾਂਗਰਸ ‘ਚ ਫੁੱਟ ਅਤੇ ਸੁਖਬੀਰ ਸਿੰਘ ਬਾਦਲ ਦੇ ਬਿਆਨ ਕਿ ਕਾਂਗਰਸ ਦਾ ਮੰਦਾ ਹਾਲ ਬਾਰੇ ਬੀਬੀ ਭੱਠਲ ਨੇ ਕਿਹਾ ਕਿ ਰਾਸ਼ਟਰੀ ਪਾਰਟੀਆਂ ਅੰਦਰ ਲੀਡਰਾਂ ਵਿਚਕਾਰ ਮਾਮੂਲੀ ਮਤਭੇਦ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਪਰ ਸੁਖਬੀਰ ਬਾਦਲ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ, ਜਿਸਦੀ ਪਾਰਟੀ ਨੂੰ ਭਾਜਪਾ ਕਿਸੇ ਵੀ ਸਮੇਂ ਝਟਕਾ ਦੇ ਸਕਦੀ ਹੈ ਕਿਉਂਕਿ ਪਹਿਲਾਂ ਅਕਾਲੀ ਦਲ ਨੇ ਭਾਜਪਾ ਨੂੰ ਜ਼ਲੀਲ ਕੀਤਾ ਤੇ ਹੁਣ ਜਦੋਂ ਕੇਂਦਰ ਵਿਚ ਭਾਜਪਾ ਹੈ ਤਾਂ ਉਹ ਅਕਾਲੀ ਦਲ ਨਾਲ ਬਦਲੇ ਲੈ ਰਹੇ ਹਨ ਇਸ ਲਈ ਪੰਜਾਬ ਨੂੰ ਫੰਡ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਬਾਦਲ ਐਂਡ ਪਾਰਟੀ ਨੂੰ ਇਹ ਫਿਕਰ ਹੈ ਕਿ ਹਰਿਆਣਾ ‘ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਸਿੱਖਾਂ ਨੂੰ ਵੰਡਿਆ ਜਾ ਰਿਹਾ ਹੈ, ਬਿਨਾਂ ਵਜ੍ਹਾ ਦੀ ਡਰਾਮੇਬਾਜ਼ੀ ਹੈ, ਜਦਕਿ ਅਸਲੀਅਤ ਇਹ ਹੈ ਕਿ ਇਨ੍ਹਾਂ ਨੂੰ ਹਰਿਆਣਾ ਦੇ ਗੋਲਕਾਂ ‘ਚੋਂ ਕੀਤੀ ਜਾਂਦੀ ਲੁੱਟ ਦਾ ਫਿਕਰ ਪੈ ਗਿਆ ਹੈ, ਜੋ ਹੁਣ ਸੰਭਵ ਨਹੀਂ ਹੋਵੇਗੀ। ਜੇਕਰ ਸੱਚਮੁੱਚ ਇਹ ਪੰਜਾਬ ਜਾਂ ਸਿੱਖ ਧਰਮ ਦੇ ਹਿਤੈਸ਼ੀ ਹੁੰਦੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਾਲੀਕਰਨ ਨਾ ਕਰਦੇ। ਇਸ ਮੌਕੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ, ਪ੍ਰੈੱਸ ਸਕੱਤਰ ਰੁਪਿੰਦਰ ਬਿੰਦਰਾ ਤੇ ਹੋਰ ਆਗੂ ਮੌਜੂਦ ਸਨ।

468 ad